ਰਲ਼ਕੇ ਸੀਸ ਝੁਕਾਈਏ (ਗੀਤ )

ਓਮਕਾਰ ਸੂਦ ਬਹੋਨਾ   

Email: omkarsood4@gmail.com
Cell: +91 96540 36080
Address: 2467,ਐੱਸ.ਜੀ.ਐੱਮ.-ਨਗਰ
ਫ਼ਰੀਦਾਬਾਦ Haryana India 121001
ਓਮਕਾਰ ਸੂਦ ਬਹੋਨਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਕਰਦਾ ਸੀ ਜੋ ਮਾਨਵਤਾ ਲਈ,
ਹਰ ਦਮ ਗੱਲ ਪਿਆਰਾਂ ਦੀ।
ਲੈਂਦਾ ਸੀ ਜੋ ਸਾਰ ਹਮੇਸ਼ਾ,
ਦੁਖੀਆਂ ਅਤੇ ਬੀਮਾਰਾਂ ਦੀ।
ਧੰਨ-ਧੰਨ ਉਸ ਪੂਰਨ ਸਿੰਘ ਨੂੰ,
ਰਲ਼ਕੇ ਸੀਸ ਝੁਕਾਈਏ!
ਆਵੋ ਉਸ ਦੀ ਯਾਦ ਦੇ ਅੰਦਰ,
ਗੀਤ ਪਿਆਰ ਦੇ ਗਾਈਏ!
ਯਾਰੋ!............ਗੀਤ ਪਿਆਰ ਦੇ ਗਾਈਏ!

ਸਿੱਧਾ-ਸਾਦਾ ਬੰਦਾ ਹੋ ਕੇ,
ਕਰਦਾ ਸੀ ਜੋ ਗੱਲ ਸੁੱਖਾਂ ਦੀ।
ਜੇਕਰ ਸ਼ੁੱਧ ਹਵਾ ਹੈ ਲੈਣੀ,
ਰੱਖਿਆ ਕਰ ਲਓ ਰੁੱਖਾਂ ਦੀ।
ਵਣ-ਤ੍ਰਿਣ ਜੇਕਰ ਨਾ ਬਚਾਏ,
ਹੋ ਜਾਊ ਜੀਣਾ ਦੁੱਭਰ ਫਿਰ।
ਇੱਕ ਵਾਰ ਨੁਕਸਾਨ ਹੋ ਗਿਆ,
ਸਕਣਾ ਨਹੀਓਂ ਉਭਰ ਫਿਰ।
ਕਹਿੰਦਾ ਸੀ ਉਹ ਰਲਕੇ ਆਪਾਂ,
ਰੁੱਖਾਂ ਤਾਈਂ ਬਚਾਈਏ!
ਧੰਨ-ਧੰਨ ਉਸ ਪੂਰਨ ਸਿੰਘ ਨੂੰ,
ਰਲ਼ਕੇ ਸੀਸ ਝੁਕਾਈਏ .................!

ਸਾਦਾ ਖਾਵੋ-ਸਾਦਾ ਪਹਿਨੋ,
ਸਾਦਾ ਜੀਵਨ ਜੀਵੋ ਜੀ।
ਰੁੱਖੀ-ਸੁੱਖੀ ਖਾ ਕੇ ਲੋਕੋ,
ਠੰਡਾ ਪਾਣੀ ਪੀਵੋ ਜੀ।
ਖਾ ਕੇ ਵੱਧ ਬਨਾਉਟੀ ਚੀਜ਼ਾਂ,
ਆਪਣੀ ਸਿਹਤ ਵਿਗਾੜੋ ਨਾ।
ਜਾਨਵਰਾਂ ਤੇ ਰਹਿਮ ਕਰੋ,
ਇਹ ਖਾਣ ਦੀ ਖਾਤਰ ਮਾਰੋ ਨਾ।
ਕਰਕੇ ਕਿਰਪਾ ਸਭ ਜੀਵਾਂ ਤੇ-
ਦਇਆਵਾਨ ਬਣ ਜਾਈਏ!
ਧੰਨ-ਧੰਨ ਉਸ ਪੂਰਨ ਸਿੰਘ ਨੂੰ,
ਰਲ਼ਕੇ ਸੀਸ ਝੁਕਾਈਏ .................!

ਕੁੱਖਾਂ ਦੇ ਵਿੱਚ ਧੀਆਂ ਨੂੰ ਜੋ,
ਮਾਰਨ ਲੋਕੀਂ ਜ਼ਾਲਮ ਹੈ।
ਧੀਆਂ ਨੂੰ ਨਾ ਮਾਰੋ ਲੋਕੋ,
ਕਹਿੰਦਾ ਪੂਰਾ ਆਲਮ ਹੈ।
ਕੰਨਿਆਵਾਂ ਨੂੰ ਮਾਰ ਕੇ,ਰੱਬ ਨੂੰ
ਲੇਖਾ ਨਾ ਦੇ ਪਾਵੋਗੇ।
ਪੁੱਤਰ ਹੀ ਜੇ ਜੰਮੀ ਗਏ ਤਾਂ,
ਕੀਹਦੇ ਨਾਲ ਵਿਆਹੋਗੇ ?
ਜੋ ਭੁੱਲ ਹੋ ਗਈ ਉਸ ਨੂੰ ਭੁੱਲ ਕੇ,
ਕੰਨਾਂ ਨੂੰ ਹੱਥ ਲਾਈਏ।
ਧੰਨ-ਧੰਨ ਉਸ ਪੂਰਨ ਸਿੰਘ ਨੂੰ,
ਰਲ਼ਕੇ ਸੀਸ ਝੁਕਾਈਏ .................!

ਧਰਤੀ ਉੱਤੇ ਦਇਆ-ਧਰਮ ਦੀ,
ਬਣਿਆ ਇੱਕ ਮਿਸਾਲ ਸੀ।
ਦੁਖੀਆਂ ਅਤੇ ਬੀਮਾਰਾਂ ਦੀ,
ਉਹ ਕਰਦਾ ਹਰਦਮ ਭਾਲ ਸੀ।
ਗੂੰਗੇ-ਬੋਲ਼ੇ-ਬਿਰਧ ਤੇ ਜ਼ਖਮੀ,
ਅੰਨ੍ਹੇ ਜੋ ਵੀ ਮਿਲ ਜਾਂਦੇ।
ਸਭ ਉਹ ਦੁਖੀ ਲਚਾਰੀ ਬੰਦੇ,
ਪਿੰਗਲਵਾੜੇ ਮਿਲ ਬਹਿੰਦੇ।
ਸਭਨਾ ਨੂੰ ਉਹ ਹੱਲਾਸ਼ੇਰੀ,
ਦੇ ਕੇ ਕਹਿੰਦਾ-ਗਾਈਏ ?!
ਧੰਨ-ਧੰਨ ਉਸ ਪੂਰਨ ਸਿੰਘ ਨੂੰ,
ਰਲ਼ਕੇ ਸੀਸ ਝੁਕਾਈਏ .................!

ਕਿਰਤ ਕਰਨ ਤੇ ਵੰਡ ਛਕਣ ਦਾ,
ਸਾਰਾ ਹੀ ਕੰਮ ਆਉਂਦਾ ਸੀ।
ਜਦੋਂ ਵੀ ਕਿਧਰੇ ਫ਼ੁਰਸਤ ਮਿਲਦੀ,
ਰਿਕਸ਼ਾ ਆਪ ਚਲਾਉਂਦਾ ਸੀ।
ਕਰਕੇ ਮਿਹਨਤ ਜੋ ਵੀ ਮਿਲਦਾ,
ਦੁਖੀਆਂ ਤਾਈਂ ਖਵਾਂਦਾ ਸੀ।
ਬਚਿਆ-ਖੁਚਿਆ ਜੋ ਵੀ ਮਿਲਦਾ,
ਆਪ ਬਾਅਦ ਵਿੱਚ ਖਾਂਦਾ ਸੀ।
ਐਸੇ ਬੰਦੇ ਜੱਗ ਦੇ ਉੱਤੇ,
ਕਿੱਥੋਂ ਭਾਲ ਲਿਆਈਏ ?!
ਧੰਨ-ਧੰਨ ਉਸ ਪੂਰਨ ਸਿੰਘ ਨੂੰ,
ਰਲ਼ਕੇ ਸੀਸ ਝੁਕਾਈਏ .................!

ਸਭ ਸੁੱਖਾਂ ਨੂੰ ਭੁਲ-ਭੁਲਾ ਕੇ,
ਵਿਆਹ ਨਾ ਉਸ ਕਰਾਇਆ।
ਬਿਨਾਂ ਵਿਆਹ ਤੋਂ ਅੰਮ੍ਰਿਤਸਰ ਵਿੱਚ,
ਇੱਕ ਪਰਿਵਾਰ ਸਜਾਇਆ।
ਭਰੇ ਪੂਰੇ ਪਰਿਵਾਰ ਨੂੰ ਲੈ ਕੇ,
ਜੱਗ ਵਿੱਚ ਸ਼ੋਭਾ ਪਾਈ।
ਤਾਹੀਉਂ ਸਾਰੇ ਜੱਗ ਵਿੱਚ ਹੁਮਦਿ,
ਪੂਰਨ ਦੀ ਵਡਿਆਈ।
ਆਪਾਂ ਵੀ ਰਲ਼ਕੇ ਪਿੰਗਲਵਾੜੇ ਲਈ,
ਮਾਇਆ ਦਾ ਦਾਨ ਪੁਚਾਈਏ।
ਧੰਨ-ਧੰਨ ਉਸ ਪੂਰਨ ਸਿੰਘ ਨੂੰ,
ਰਲ਼ਕੇ ਸੀਸ ਝੁਕਾਈਏ .................!

ਨਵੇਂ ਤੋਂ ਨਵੇਂ ਵਿਚਾਰਾਂ ਦੇ ਵਿੱਚ,
ਪੁਸਤਕਾਂ ਰਚ ਵਿਖਾਈਆਂ।
ਬਿਨਾਂ ਮੁੱਲ ਤੋਂ ਮੁਫ਼ਤ ਛਾਪ ਕੇ,
ਪਾਠਕਾਂ ਤੱਕ ਪੁਚਾਈਆਂ।
ਇਨ੍ਹਾਂ ਛਪੇ ਕਿਤਾਬਚਿਆਂ ਨੂੰ,
ਆਪਣੇ ਘਰੀਂ ਲਿਆਇਏ।
ਅਣਮੁੱਲੀਆਂ ਇਨ੍ਹਾਂ ਲਿਖਤਾਂ ਨੂੰ,
ਪੜ੍ਹ ਕੇ ਲਾਭ ਉਠਾਈਏ।
ਤੇ ਇਸ ਨਿਰਾਲੇ ਕਲਮਕਾਰ ਤੋਂ,
ਵਾਰੀ ਸਦਕੇ ਜਾਈਏ।
ਧੰਨ-ਧੰਨ ਉਸ ਪੂਰਨ ਸਿੰਘ ਨੂੰ,
ਰਲ਼ਕੇ ਸੀਸ ਝੁਕਾਈਏ .................!

ਪੂਰਾ ਗੁਰਸਿੱਖ-ਸੱਚਾ ਸਾਧੂ,
ਭਾਰਤ ਦੇਸ਼ ਦਾ ਜਾਇਆ।
ਸ਼ਾਲ  1904 ਚ ਯਾਰੋ,
ਇਸ ਧਰਤੀ ਤੇ ਆਇਆ।
ਉਮਰ ਭੋਗ ਕੇ  88 ਸਾਲਾਂ ਦੀ,
1992 ਵਿੱਚ ਇੱਥੋਂ ਧਾਇਆ।
ਡਾ. ਇੰਦਰਜੀਤ ਕੌਰ ਨੂੰ ਉਸ ਨੇ,
ਆਪਣਾ ਸਭ ਕਾਰਜ ਸਮਜਾਇਆ।
ਇਸ ਯੋਧੇ ਸਤਿਕਾਰ ਯੋਗ ਤੋਂ,
ਕੁਝ ਤਾਂ ਸਿੱਖਿਆ ਪਾਈਏ।
ਧੰਨ-ਧੰਨ ਉਸ ਪੂਰਨ ਸਿੰਘ ਨੂੰ,
ਰਲ਼ਕੇ ਸੀਸ ਝੁਕਾਈਏ .................!