ਕੁੱਝ ਮਾਵਾਂ ਦੇ ਹਿੱਸੇ ਆਈਆਂ
ਮਾਰੂਥਲ ਦੀਆਂ ਰਾਹਾਂ....
ਕੁੱਝ ਮਾਵਾਂ ਨੇ ਹਾਉਂਕੇ ਸਿੰਜੇ
ਭਰੀਆਂ ਦਰਦ ਦੀਆਂ ਆਹਾਂ....
ਕੁੱਝ ਮਾਵਾਂ ਦੇ ਹਿੱਸੇ ਆਈ
ਚੂਰੀ, ਅਤੇ ਪੰਜੀਰੀ....
ਕੁੱਝ ਮਾਵਾਂ ਦੀਆਂ ਅੱਖਾਂ ਵਿੱਚੋਂ
ਡੁੱਲਿਆ ਰੱਤ ਤਤੀਰੀ....
ਕੁੱਝ ਮਾਵਾਂ ਨੇ ਰਾਜੇ ਜੰਮੇ
ਕੁੱਝ ਮਾਵਾਂ ਨੇ ਸੀਰੀ....
ਕੁੱਝ ਮਾਵਾਂ ਨੇ ਹੁਕਮ ਚਲਾਏ
ਕੁੱਝ ਨਿਭੀਆਂ ਵਾਂਗ ਫਕੀਰੀ....
ਕੁੱਝ ਮਾਵਾਂ ਦੇ ਮਹਿਲ ਨਸੀਬੀਂ
ਕੁੱਝ ਟੁੱਟੀਆਂ ਵਾਂਗ ਸ਼ਤੀਰੀ....
ਕੁੱਝ ਮਾਵਾਂ ਦਾ ਜੋਬਨ ਖਿਲਿਆ
ਕੁੱਝ ਹੰਢੀਆਂ ਵਾਂਗ ਜ਼ੰਜੀਰੀ....
ਕੁੱਝ ਮਾਵਾਂ ਨੇ ਸੁਪਨੇ ਕੱਤੇ
ਤੇ ਕੱਤ ਕੱਤ ਪਹਿਨੇ ਰੱਤੇ....
ਕੁੱਝ ਮਾਵਾਂ ਨੇ ਰਾਹਾਂ ਮਿਣੀਆਂ
ਸਿਰ 'ਤੇ ਚੁੱਕ ਕੇ ਭੱਤੇ.....
ਕੁੱਝ ਮਾਵਾਂ ਨੂੰ ਸਰਵਣ ਪੁੱਤਰ
ਕੁੱਝ ਮਾਵਾਂ ਨੂੰ ਜੁੜੇ ਨਾ ਟੁੱਕਰ.....
ਕੁੱਝ ਮਾਵਾਂ ਦੇ ਹਾਸੇ ਛਣਕੇ
ਹੋ ਕੇ ਟੱਲੀ ਟੱਲੀ.....
ਕੁੱਝ ਮਾਵਾਂ ਦੇ ਅੱਥਰੂ ਸੁੱਕੇ
ਦੁਨੀਆਂ ਸਮਝੇ ਝੱਲੀ....
ਕੁੱਝ ਮਾਵਾਂ ਨੇ ਵਰੀ ਹੰਢਾਈ
ਰਾਣੀ ਹਾਰ ਗਲ ਲਟਕੇ....
ਕੁੱਝ ਮਾਵਾਂ ਨੇ ਦਾਜ ਬਣਾਏ
ਲੰਬੇ ਤਾਣੇ ਤਣਕੇ......
ਕੁੱਝ ਮਾਵਾਂ ਨੇ ਝੂਟੇ ਝੂਟੇ
ਪਿੱਪਲ ਪੀਂਘ ਬਰੋਟੇ....
ਕੁੱਝ ਮਾਵਾਂ ਦੇ ਹੱਥੋਂ ਛੁੱਟ ਗਏ
ਛਿੱਕੂ ਭਰੇ ਗਲੋਟੇ.....
ਕੁੱਝ ਮਾਵਾਂ ਦੇ ਚਿੱਟੀਆਂ ਚੁੰਨੀਆਂ
ਲੲੀਆਂ ਵਿੱਚ ਜਵਾਨੀ....
ਕੁੱਝ ਮਾਵਾਂ ਨੇ ਰੰਗ ਹੰਢਾਏ
ਨਿਭਿਆ ਦਿਲ ਦਾ ਜਾਨੀ....
ਕੁੱਝ ਮਾਵਾਂ ਦੇ ਬੋਲ ਫਕੀਰੀ
ਸੁੱਕੀਆਂ ਫਸਲਾਂ ਹਰੀਆਂ.....
ਕੁੱਝ ਮਾਵਾਂ ਦੇ ਹਾਉਂਕੇ ਸੁਣਕੇ
ਖ਼ਾਲੀ ਹੋਈਆਂ ਭਰੀਆਂ....
ਕੁੱਝ ਮਾਵਾਂ ਨੂੰ ਫੁੱਲ ਗੁਬਾਰੇ
ਕੁੱਝ ਮਾਵਾਂ ਨੂੰ ਜੁੜੇ ਨਾ ਕੱਫ਼ਣ ....
ਕੁੱਝ ਮਾਵਾਂ ਨੂੰ ਸਿਜਦੇ ਹੁੰਦੇ
ਕੁੱਝ ਨੂੰ ਧੱਫਾ ਧੋਈ.....
ਜੰਮਣ ਪੀੜਾ ਇੱਕੋ ਜੇਹੀ
"ਗਿੱਲ" ਸੋਚ ਕੇ ਹੁਬਕੀ ਰੋਈ....
"ਗਿੱਲ" ਸੋਚ ਕੇ ਹੁਬਕੀ ਰੋਈ...