ਸੋਚ ਸਮਝ ਕੇ ਬੋਲਣ ਵਾਲੇ ਮਾਣ ਹਮੇਸ਼ਾ ਪਾਉਂਦੇ ਨੇ।
ਮਾੜਾ ਬੋਲਣ ਵਾਲੇ ਅਪਣੀ ਹੇਠੀ ਖੁਦ ਕਰਵਾਉਂਦੇ ਨੇ।
ਸਭਿਅਕ ਭਾਸ਼ਾ ਬੋਲਣ ਵਾਲੇ ਜੋ ਗੱਲ ਕਰਨ ਉਹ ਮਿਆਰੀ,
ਬੋਲੀ ਕਾਰਨ ਵੇਖੋ ਉਹ ਸਤਿਕਾਰ ਹਰ ਜਗਾ ਪਾਉਂਦੇ ਨੇ।
ਮਾਣ ਦੁਆਵੇ ਰਾਜ ਦੁਆਰੇ ਜੇਲ੍ਹੀਂ ਚੱਕੀ ਪਿਸਵਾਉਂਦੀ ਹੈ,
ਇਕ ਦੇ ਗਲ ਤੰਦੀ ਪੈਂਦੀ ਇਕ ਢੋਲੇ ਦੀਆਂ ਲਾਉਂਦੇ ਨੇ।
ਫਰਸ਼ੋ ਅਰਸ਼ ਜੁਬਾਨ ਚੜਾਵੇ ਤੇ ਅਰਸ਼ੋ ਖਾਈ ਵਿਚ ਸੁਟੇ,
ਬੋਲ ਇਹੀ ਸ਼ਾਬਾਸ਼ ਦੁਆਵਣ ਤੇ ਕੁੱਟ ਇਹ ਪਵਾਉਂਦੇ ਨੇ।
ਸਤਿਯੁਗ ਕਲਯੁਗ ਵਾਲੀ ਬੋਲੀ ਬੋਲਣ ਵਾਲੇ ਆਖਣ ਇਹੀ,
ਸਤਿਯੁਗ ਦੀ ਥਾਂ ਕਲਯੁਗ ਵੱਲੀ ਇਹ ਕਿਉਂ ਕਦਮ ਵਧਾਉਂਦੇ ਨੇ।
ਬੋਲੀ ਕਾਰਨ ਜੁੱਤੀ ਵਰ੍ਹਦੀ ਬੋਲੀ ਹਾਰ ਪਵਾਉਂਦੀ ਐ,
ਬੋਲੀ ਕਰਕੇ ਰੁਲਦੇ ਕੁਝ ਬੋਲੀ ਕਰਕੇ ਰੁਸ਼ਨਾਉੰਦੇ ਨੇ।
ਬੋਲੀ ਪੰਜਾਬੀ ਦੇਵਤਿਆਂ ਦੀ ਸਿੱਧੂ ਲੋਕੀ ਕਹਿੰਦੇ,
ਜੋ ਮਾਂ ਬੋਲੀ ਖਾਤਰ ਜੂਝਣ ਉਹ ਜੁੱਗਾਂ ਤੱਕ ਜਿਉਂਦੇ ਨੇ।