ਚੜ੍ਹਾਈ ਦੇ ਆਰ ਪਾਰ (ਲੇਖ )

ਬਲਵਿੰਦਰ ਸਿੰਘ ਕਾਲੀਆ   

Email: balwinder.kalia@gmail.com
Cell: +91 99140 09160
Address:
ਲੁਧਿਆਣਾ India
ਬਲਵਿੰਦਰ ਸਿੰਘ ਕਾਲੀਆ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਜ਼ਿੰਦਗੀ ਇੱਕ ਸਫ਼ਰ ਹੈ। ਸਫ਼ਰ ਦੌਰਾਨ ਸਾਡੇ ਰਾਹਾਂ ਵਿਚ ਚੜ੍ਹਾਈਆਂ ਵੀ ਆਉਂਦੀਆਂ ਨੇ ਤੇ ਉਤਰਾਈਆਂ ਵੀ। ਮੰਜ਼ਿਲ ਦੀ ਪ੍ਰਾਪਤੀ ਲਈ ਧਰਾਤਲ ਤੋਂ ਚੜ੍ਹਾਈ ਵੱਲ ਨੂੰ ਜਾਣਾ ਪਵੇਗਾ ਤੇ ਜ਼ਿੰਦਗੀ ਮਾਣਨ ਲਈ ਸਿਖਰ ’ਤੇ ਜਾ ਕੇ ਮੁੜ ਆਪਣੇ ਘਰ ਵੱਲ ਹੀ ਆਉਣਾ ਪਵੇਗਾ, ਪਰ ਘਰ ਵੱਲ ਤਾਂ ਹੀ ਆ ਸਕੋਂਗੇ ਜੇਕਰ ਤੁਹਾਡੀ ਸੋਚ ਦੇ ਪਤੰਗ ਦੀ ਡੋਰ ਮਜ਼ਬੂਤ ਹੋਵੇਗੀ ਤੇ ਕਿਸੇ ਸਿਆਣੇ ਹੱਥ ਜਾਂ ਧਰਾਤਲ ’ਤੇ ਜੜ੍ਹਾਂ ਨਾਲ਼ ਬੱਧੀ ਹੋਵੇਗੀ ਤੇ ਤਾਂ ਤੁਸੀਂ ਉਸ ਡੋਰ ਦੇ ਸਹਾਰੇ ਮੁੜ ਆਪਣੇ ਘਰ ਆ ਸਕੋਗੇ, ਜੇ ਇਹ ਡੋਰ ਮਾੜੀ ਹੋਵੇਗੀ ਤਾਂ ਸਿਖਰ ’ਤੇ ਉਡਦੇ ਪਤੰਗ ਨੂੰ ਕੋਈ ਵੀ ਦੂਜਾ ਪੇਚਾ ਲਾ ਕੇ ਕੱਟ ਦੇਵੇਗਾ ਜਾਂ ਮਾੜੀ ਡੋਰ ਕਈ ਵਾਰ ਆਪ ਹੀ, ਸਿਖਰ ’ਤੇ ਪਹੁੰਚੇ ਪਤੰਗ ਦੀ ਖਿੱਚ ਦੀ ਤਾਬ ਨਾ ਝੱਲਦੇ ਹੋਏ ਟੁੱਟ ਜਾਵੇਗੀ ਜਾਂ ਸਿਖਰ ’ਤੇ ਉੱਡਦੇ ਪਤੰਗ/ਗੁੱਡੀ ਦਾ ਨਸ਼ਾ, ਸਾਨੂੰ ਬੇਧਿਆਨੀ ਦੀ ਲੋਰ ਚਾੜ੍ਹ ਕੇ, ਸਾਡੇ ਹੱਥਾਂ ਵਿਚ ਫੜੀ ਡੋਰ ਦੀ ਮਜ਼ਬੂਤ ਪਕੜ ਨੂੰ ਘਟਾ ਦੇਵੇਗਾ ਜਾਂ ਸਾਨੂੰ ਉਸ ਦੀ ਚੜ੍ਹਾਈ ਦਾ ਨਸ਼ਾ, ਉਸ ਆਪਣੇ ਪਤੰਗ ਦੇ ਬਰਾਬਰ ਜਾਂ ਨੇੜੇ ਤੇੜੇ ਉੱਡਦੇ ਹੋਰ ਪਤੰਗਾਂ ਨੂੰ ਆਪਣੇ ਤੋਂ ਅੱਗੇ ਵਧਣ ਤੋਂ ਰੋਕਣ ਜਾਂ ਹੇਠਾਂ ਸੁੱਟਣ ਦੇ ਈਰਖਾ ਭਾਵ ਨਾਲ਼ ਉਹਨਾਂ ਨਾਲ ਪੇਚਾ ਲਾਉਣ ਲਈ ਕਹੇਗਾ ਤੇ ਅਜਿਹਾ ਕਰਦਿਆਂ ਕਈ ਵਾਰ ਸਾਡੇ ਵਿਰੋਧੀਆਂ ਦੀ ਰਗੜੇ-ਕੱਚ ਨਾਲ ਸੂਤੀ ਡੋਰ ਦੀ ਮਾਮੂਲੀ ਜਿਹੀ ਘਿਸਰ ਹੀ ਸਾਡੇ ਪਤੰਗ ਨੂੰ ਸਾਡੀ ਡੋਰ ਨਾਲੋਂ ਕਲਮ ਕਰ ਦਿੰਦੀ ਹੈ ਤੇ ਅਜਿਹੀ ਹਾਲਤ ਵਿਚ ਕੱਟਿਆ ਪਤੰਗ ਉਸ ਸਿਖਰ ਤੋਂ ਮੁੜ ਕਦੇ ਆਪਣੇ ਘਰ ਵੱਲ ਦੀ ਨਿਮਾਣ ਵੱਲ ਨਹੀਂ ਆਉਂਦਾ ਸਗੋਂ ਸਿਖਰ ਦੇ ਪਾਰ, ਦੂਜੇ ਪਾਸੇ ਦੀ ਨਿਮਾਣ ਵੱਲ ਨੂੰ ਡਿੱਕ ਡੋਲੇ ਖਾਂਦਾ ਡਿੱਗਦਾ ਹੋਇਆ, ਦਰੱਖਤਾਂ, ਝਾੜੀਆਂ ਵਿਚ ਫਸਦਾ, ਲੁੱਟਣ ਵਾਲਿਆਂ ਦੀ ਝਪਟ-ਖੋਹ ਵਿਚ ਆਪਣੀ ਹੋਂਦ ਹੀ ਗਵਾ ਲੈਂਦਾ ਹੈ। ਦੋਸਤੋ ਸਿਖਰਾਂ ’ਤੇ ਗਏ ਪਤੰਗ ਨੇ ਆਖਰ ਸਿਖਰ/ਚੜ੍ਹਾਈ ਤੋਂ ਇੱਕ ਪਾਸੇ ਤਾਂ ਲਹਿਣਾ ਹੀ ਹੁੰਦਾ ਹੈ ਉਰਲੇ ਪਾਸੇ ਆਪਣੇ ਘਰ ਵੱਲ ਜਾਂ ਪਰਲੇੇ ਪਾਸੇ ਨਿਮਾਣ ਵੱਲ। ਹਫਤਿਆਂ, ਮਹੀਨਿਆਂ, ਸਾਲਾਂ ਤੱਕ ਕੋਈ ਪਤੰਗ ਆਪਣੀ ਸਿਖਰ ’ਤੇ ਟਿਕਿਆ ਨਹੀਂ ਰਿਹਾ। ਐਵਰੈਸਟ ’ਤੇ ਪਹੁੰਚੇ ਪਰਬਤ ਪ੍ਰੇਮੀ, ਉਤਸ਼ਾਹੀ ਲੋਕ ਵੀ ਕਦੇ ਉਥੇ ਟਿਕ ਨੇ ਨਹੀਂ ਬੈਠੇ, ਪਹੁੰਚੇ ਤੇ ਵਾਪਸੀ। ਅਸੀਂ  ਆਮ ਲੋਕ ਵੀ ਉੱਚੇ ਪਹਾੜਾਂ ਦੀ ਸੈਰ ਕਰਦਿਆਂ, ਧਰਮ ਅਸਥਾਨਾਂ ਦੇ ਦਰਸ਼ਨ ਕਰਦਿਆਂ, ਕਦੇ ਉਥੇ ਸਾਲੋ-ਸਾਲ ਨਹੀਂ ਰਹਿੰਦੇ, ਗਏ ਤੇ ਵਾਪਸੀ।ਪਾਣੀ ਵੀ ਹਮੇਸ਼ਾਂ ਸਿਖਰਾਂ ਤੋਂ ਨਿਮਾਣਾ ਵੱਲ ਹੀ ਆਉਣਾ ਹੁੰਦਾ ਹੈ, ਅੰਬਰ ’ਚੋਂ ਡਿਗਦੀਆਂ ਵਸਤਾਂ, ਮੀਂਹ, ਗੜ੍ਹੇ,, ਬਰਫ ਤੇ ਸਾਡੇ ਵਲੋਂ ਉੱਪਰ ਵੱਲ ਸੁੱਟੀ ਹਰ ਵਸਤ ਨੇ ਆਖਰ ਧਰਤੀ ਵੱਲ ਹੀ ਆਉਣਾ ਹੁੰਦੈੈ। ਇਹ ਕੁਦਰਤ ਦਾ ਨਿਯਮ ਹੈ, ਕੁਦਰਤ ਸਭ ਕੁਝ ਆਪਣੇ ਨਿਯਮ ਅਨੁਸਾਰ ਹੀ ਕਰਦੀ ਹੈ ਪਰ ਸਾਨੂੰ ਹੀ ਕੋਈ ਵਰਤਾਰਾ ਕਈ ਵਾਰ ਅਜੀਬ ਲੱਗਦਾ ਹੈ। ਅਜਿਹਾ ਇਸ ਲਈ ਵਾਪਰਦਾ, ਲੱਗਦਾ ਹੈ ਕਿਉਂਕਿ ਅਸੀਂ ‘ਜੀਓ ਤੇ ਜਿਓਣ ਦਿਓ’ ਦੇ ਸੰਕਲਪ ਨੂੰ ਆਪਣੀ ਸੋਚ ’ਚੋਂ ਮਨਫੀ ਕਰ ਬੈਠੇ ਹਾਂ।

ਅਜੋਕੀ ਤਕਨੀਕ ਤੇ ਮੀਡੀਏ ਦੇ ਜ਼ਮਾਨੇ ਨੇ ਸਾਡੀਆਂ ਸੋਚਾਂ ਨੂੰ ਵਿਰਾਟ ਪੱਧਰ ਤੱਕ ਬਦਲ ਦਿੱਤਾ ਹੈ। ਕੋਈ ਜ਼ਮਾਨਾ ਸੀ ਜਦੋਂ ਸਾਡੀ ਪਹੁੰਚ ਆਪਣੇ ਮੁਹੱਲੇ ਜਾਂ ਪਿੰਡ ਤੱਕ ਹੀ ਸੀਮਤ ਹੁੰਦੀ ਸੀ। ਸਾਡੇ ਆਲੇ ਦੁਆਲੇ ਸਾਡੇ ਆਪਣੇ ਵਰਗੇ ਲੋਕ, ਆਪਣੇ ਵਰਗੀਆਂ ਚੀਜ਼ਾਂ, ਸੀਮਤ ਸਾਧਨ, ਸਭ ਕੁਝ ਖੁੱਲ੍ਹਾ ਭਾਵ ਕੋਈ ਲੁਕ ਲਪੇਟ ਜਾਂ ਵਿਖਾਵਾ ਨਹੀਂ ਸੀ ਹੁੰਦਾ, ਹਰ ਬੰਦਾ ਆਪਣੇ ਕਾਰਜ ਨੂੰ ‘ਬਸ ਠੀਕ ਆ, ਵਧੀਆ’ ਕਹਿ ਕੇ ਜੀਵਨ ਜੀਅ ਜਾਂਦਾ ਸੀ ਜਾਂ ਬਦਲਾਅ/ਤਰੱਕੀ ਦੀ ਸੋਚ ਵੀ ਬਸ ਉਨੀ ਕੁ ਹੀ ਹੁੰਦੀ ਸੀ ਜਿੰਨੀ ਕੁ ਉਸ ਨੂੰ ਆਪਣੇ ਮੁਹੱਲੇ/ਪਿੰਡ ਦੇ ਕਿਸੇ ਦੂਜੇ ਸਫਲ/ਵੱਧ ਸੁਖੀ ਵਿਅਕਤੀ ਦੀ ਦਿਖਾਈ ਦਿੰਦੀ ਸੀ ਤੇ ਲੋਕ ਆਪਣੀ ਸਮਰੱਥਾ ਅਨੁਸਾਰ, ਸਖਤ ਤੇ ਸੱਚੀ ਮਿਹਨਤ ਨਾਲ ਆਪਣੇ ਬੱਚਿਆਂ ਨੂੰ ਉਥੇ ਤੱਕ ਪਹੁੰਚਣ ਦੀ ਨਸੀਅਤ/ਪ੍ਰੇਰਨਾ ਦਿੰਦੇ ਸਨ,  ਇਹ ਗੱਲ ਵੱਖਰੀ ਹੈ ਕਿ ਸਮਝਦਾਰ ਮਾਪੇ ਤਾਂ ਅੱਜ ਵੀ ਆਪਣੇ ਬੱਚਿਆਂ ਨੂੰ ਨੇਕ ਬਣਨ ਦੀ ਨਸੀਅਤ ਦਿੰਦੇ ਹਨ ਤੇ ਆਪਣੇ ਬੱਚੇ ਵਿਚੋਂ ਨੇਕ ਇਨਸਾਨ ਹੀ ਵੇਖਣਾ ਚਾਹੁੰਦੇ ਹਨ, ਪਰ ਅਫਸੋਸ ਕਿ ਅੱਜ ਦੇ ਕੁਝ ਭਟਕੇ ਨੌਜਵਾਨ ਆਪਣੇ ਮਾਪਿਆਂ ਦੀਆਂ ਤਰਜੀਹਾਂ ਨੂੰ ਟਿੱਚ ਸਮਝਦੇ ਹੋਏ, ਉਹਨਾਂ ਦੀ ਆਧੁਨਿਕਤਾ ਦੀ ਸਮਝ ਤੋਂ ਦੂਰੀ ਦਾ ਨਾਜ਼ਾਇਜ਼ ਫਾਇਦਾ ਉਠਾਉਂਦੇ ਹੋਏ ਗਲਤ ਰਾਹ ਚੁਣ, ਅਖੌਤੀ ਮੰਜ਼ਿਲਾਂ ਦੀ ਪ੍ਰਾਪਤੀ ਵਿਚ ਜੁਟੇ ਰਹਿੰਦੇ ਹਨ। ਅੱਜ ਸਾਰਾ ਕੁੱਝ ਪੁਰਾਣੇ ਜ਼ਮਾਨੇ ਤੋਂ ਉਲਟ ਹੋ ਗਿਆ ਹੈ, ਅਸੀਂ ਮੁਹੱਲੇ/ਪਿੰਡ ਦੇ ਦ੍ਰਿਸ਼ ਤੋਂ ਪੂਰੇ ਵਿਸ਼ਵ ਦੇ ਦ੍ਰਿਸ਼ ਨੂੰ ਵੇਖਣ ਦੇ ਸਮਰੱਥ ਹੋ ਗਏ ਹਾਂ, ਸਾਨੂੰ ਪੂਰੇ ਸੰਸਾਰ ਦੀਆਂ ਪ੍ਰਾਪਤੀਆਂ, ਢੰਗ ਤਰੀਕੇ, ਧਨ ਦੌਲਤ, ਐਸ਼ੋ-ਉਸ਼ਰਤ, ਰਹਿਣੀ ਬਹਿਣੀ ਆਪਣੀ ਮੁੱਠੀ ਵਿਚ ਵਿਖਾਈ ਦੇ ਰਹੀ ਹੈ। ਮੀਡੀਆ ਸਾਧਨਾਂ/ ਮੋਬਾਇਲਾਂ/ਕੰਪਿਊਟਰਾਂ ਰਾਹੀਂ ਅਸੀਂ ਦਿਨ ਰਾਤ ਜੋ ਕੁਝ ਵੇਖ, ਸੁਣ ਤੇ ਪੜ੍ਹ ਰਹੇ ਹਾਂ ਉਸੇ ਦਾ ਪ੍ਰਭਾਵ ਸਾਡੀਆਂ ਸੋਚਾਂ ’ਤੇ ਉਕਰਿਆ ਜਾ ਰਿਹਾ ਹੈ- ਅਸੀਂ ਇਸ ਸਚਾਈ ਤੋਂ ਮੁਨਕਰ ਨਹੀਂ ਹੋ ਸਕਦੇ ਕਿ ਸਾਡੀਆਂ ਗਿਆਨ ਇੰਦਰੀਆਂ ਜੋ ਕੁਝ ਗ੍ਰਹਿਣ ਕਰਦੀਆਂ ਹਨ ਉਸ ਦਾ ਪ੍ਰਭਾਵ ਸਾਡੀਆਂ ਸੋਚਾਂ ਨੂੰ ਪ੍ਰਭਾਵਿਤ ਨਹੀਂ ਕਰਦਾ ਜਾਂ ਉਹ ਪ੍ਰਭਾਵ ਸਾਡੀਆਂ ਸੋਚਾਂ, ਸਾਡੇ ਵਿਵਹਾਰ ਨੂੰ ਕੋਈ ਦਿਸ਼ਾ ਜਾਂ ਦਸ਼ਾ ਪ੍ਰਦਾਨ ਨਹੀਂ ਕਰਦਾ। ਸਾਡੇ ਮਹਾਨ ਗ੍ਰੰਥ, ਸਾਡੀਆਂ ਵਿਦਿਅਕ ਸੰਸਥਾਵਾਂ ਵਿਚ ਪੜ੍ਹਾਇਆ ਜਾ ਰਿਹਾ ਸਾਹਿਤ, ਇਤਿਹਾਸ ਸਭ ਕੁਝ ਸਾਡੀਆਂ ਸੋਚਾਂ ਨੂੰ ਸੇਧ ਦੇਣ ਦਾ ਉਪਰਾਲਾ ਹੀ ਤਾਂ ਹੁੰਦਾ ਹੈ। ਬਾਬਿਆਂ ਦੇ ਦੀਵਾਨ, ਪ੍ਰਵਚਨ, ਧਾਰਮਿਕ/ਇਤਿਹਾਸਕ/ਪ੍ਰੇਰਨਾਮਈ ਫਿਲਮਾਂ, ਲੇਖ, ਕਹਾਣੀਆਂ ਸਭ ਕੁਝ ਸਾਡੀਆਂ ਸੋਚਾਂ ਨੂੰ ਅਗਵਾਈ ਦੇਣ ਦਾ ਸਾਧਨ ਹੀ ਤਾਂ ਹਨ। ਕਿਤਾਬਾਂ ਵਿਚ ਸਾਂਭਿਆ ਸਾਡਾ ਵਿਰਸਾ, ਸਾਡੇ ਮਹਾਨ ਗੁਰੂਆਂ, ਪੀਰਾਂ, ਯੋਧਿਆਂ, ਸੂਰਬੀਰਾਂ, ਦੇਸ਼ ਭਗਤਾਂ ਦੇ ਜੀਵਨ ਬਿਰਤਾਂਤ ਸਭ ਕੁਝ ਸਾਡੀਆਂ ਸੋਚਾਂ/ਜ਼ਮੀਰਾਂ ਨੂੰ ਜਗਾਉਣ, ਵਿਗਸਾਉਣ, ਪ੍ਰਫੁੱਲਤ ਕਰਨ ਦੇ ਉਪਰਾਲੇ ਹੀ ਤਾਂ ਹਨ। ਪਰ ਇਸ ਦੇ ਨਾਲ ਹੀ ਜੇਕਰ ਅਸੀਂ ਉਪਰੋਕਤ ਤੱਥਾਂ ਨੂੰ ਮੰਨਣ ਲਈ ਤਿਆਰ ਹਾਂ ਤਾਂ ਸਾਨੂੰ ਇਹ ਵੀ ਜ਼ਰੂਰ ਮੰਨਣਾ ਹੀ ਪਵੇਗਾ ਕਿ ਅੱਜ ਦਾ ਭੜਕਾਊ ਸਾਹਿਤ, ਗੀਤ, ਫਿਲਮਾਂ ਜਾਂ ਮੌਜੂਦ ਕੋਈ ਵੀ ਅਜਹਿੀ ਸਮੱਗਰੀ ਸਾਡੀਆਂ ਸੋਚਾਂ ਨੂੰ ਪ੍ਰਭਾਵਿਤ ਕਰਨ ਦੇ ਤੱਤਾਂ ਵਿਚੋਂ ਮਨਫੀ ਨਹੀਂ ਕੀਤੀ ਜਾ ਸਕਦੀ ਸਗੋਂ ਇਹ ਕਹਿਣਾ ਹੀ ਪਵੇਗਾ ਕਿ ਅੱਜ ਦੀ ਫੁਕਰਪੰਥੀ, ਬਦਮਾਸ਼ੀ, ਚਕਾਚੌਂਧ ਤੇ ਵਿਖਾਵੇ ਵਾਲੀ ਵਿਚਾਰਧਾਰਾ ਜੋ ਜ਼ਿਆਦਾਤਰ ਦ੍ਰਿਸ਼ (ਵਿਯੂਅਲ) ਰੂਪ ਵਿਚ ਸਾਡੇ ਸਾਹਮਣੇ ਆਉਂਦੀ ਹੈ ਉਹ ਸਾਨੂੰ ਵੱਧ ਪ੍ਰਭਾਵਿਤ ਕਰਦੀ ਹੈ ਤੇ ਆਪਣੇ ਵੱਲ ਖਿੱਚਦੀ ਹੈ, ਖਾਸ ਕਰਕੇ ਛੋਟੀ ਉਮਰ ਵਰਗ ਦੇ ਅੱਲ੍ਹੜ ਨੌਜਵਾਨਾਂ ਨੂੰ।  ਸਾਡੀ ਆਦਰਸ਼ਵਾਦੀ ਵਿਚਾਰਧਾਰਾ ਦਾ ਉਪਲਬਧ ਲਿਖਤੀ ਸਰੋਤ ਤਾਂ ਬਹੁਤਾ ਕਰਕੇ ਸਾਡੀਆਂ ਵਿਦਿਅਕ ਸੰਸਥਾਵਾਂ ਦੇ ਸਲੇਬਸ ਵਿਚ ਪੜ੍ਹਾਉਣ ਤੇ ਵਿਦਿਆਰਥੀਆਂ ਵਲੋਂ ਰੱਟਾ ਲਗਾ ਕੇ ਪੇਪਰਾਂ ਵਿਚ ਨੰਬਰ ਪ੍ਰਾਪਤ ਕਰਨ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ, ਉਸ ਦਾ ਪ੍ਰਭਾਵ ਸਾਡੇ ਮਨਾਂ ’ਤੇ ਕਿੰਨਾ ਕੁ ਉਕਰਿਆ ਜਾ ਰਿਹਾ ਹੈ ਇਹ ਸਭ ਜ਼ਮਾਨੇ ਦੇ ਵਰਤਾਰੇ ਤੋਂ ਸਭ ਨੂੰ ਦਿਸ ਹੀ ਰਿਹਾ ਹੈ। ਹਾਂ ਕਿਸੇ ਵੀ ਕਿਸਮ ਦੇ ਲੋਕਾਂ/ਪ੍ਰਭਾਵਾਂ/ਸੋਚਾਂ ਦਾ ਕਿਸੇ ਵੀ ਜ਼ਮਾਨੇ ਵਿਚ ਬੀਜ ਨਾਸ ਨਹੀਂ ਹੋਇਆ ਕਰਦਾ। ਚੰਗੇ, ਮਾੜਿਆਂ ਦੀ ਹੋਂਦ ਹਰ ਜੁੱਗ ਵਿਚ ਰਹੀ ਹੈ ਤੇ ਰਵੇਗੀ ਬਸ ਇਹਨਾਂ ਦੀ ਹੋਂਦ ਦੇ  ਆਪਸੀ ਅਨੁਪਾਤ ਦਾ ਫਰਕ ਹੀ ਪੈਂਦਾ ਹੈ ਜੁੱਗਾਂ ਦੇ ਪਰਿਵਰਤਨਾਂ ਨਾਲ਼। ਖੈਰ। ਸਤਯੁੱਗ ਆਪਾਂ ਵੇਖਿਆ ਨਹੀਂ ਤੇ ਭਵਿੱਖ ਲਈ ਜੋਤਸ਼ੀ ਨਹੀਂ ਹਾਂ, ਬਸ ਮੌਜੂਦਾ ਦੌਰ ਤੇ ਆਪਣੀ ਸੀਮਾਗਤ ਸਮਝ ਤੱਕ ਹੀ ਸੋਚਾਂ ਨੂੰ ਵਿਸਥਾਰ ਦੇ ਸਕਦੇ ਹਾਂ। 
ਜਿਵੇਂਕਿ ਅਸੀਂ ਮੰਨਿਆ ਹੈ, ਜਾਂ ਕੋਈ ਗੱਲ ਨਹੀਂ ਜੇ ਤੁਸੀਂ ਨਹੀਂ ਵੀ ਮੰਨਦੇ, ਕਹਿ ਸਕਦੇ ਹਾਂ ਮੈਂ ਮੰਨਦਾ ਹਾਂ ਕਿ ਅਸੀਂ ਆਪਣੇ ਆਲੇ ਦੁਆਲੇ ਜੋ ਵੀ ਘਟਦਾ ਵਾਪਰਦਾ ਵੇਖਦੇ, ਸੁਣਦੇ ਹਾਂ ਉਸ ਦਾ ਪ੍ਰਭਾਵ ਕਿਵੇਂ ਨਾ ਕਿਵੇਂ, ਘੱਟ ਜਾਂ ਵੱਧ ਸਾਡੀਆਂ ਸੋਚਾਂ ਉਪਰ ਪੈਂਦਾ ਹੈ। ਜਦੋਂ ਬਚਪਨ ਤੋਂ ਉਪਰ ਉੱਠਦਾ ਅੱਲ੍ਹੜ ਵਰਗ ਬਹੁਤਾਤ ਵਿਚ ਧਨ-ਦੌਲਤ, ਮਹਿੰਗੀਆਂ ਚੀਜ਼ਾਂ, ਕਾਰਾਂ, ਪਹਿਰਾਵੇ, ਨਸ਼ੇ, ਹਥਿਆਰਾਂ ਬਾਰੇ ਵੇਖਦਾ ਸੁਣਦਾ ਹੈ ਤਾਂ ਉਸ ਦੇ ਮਨ ਵਿਚ ਇਹ ਸਭ ਸੁੱਖ ਸਹੂਲਤਾਂ ਮਾਣਨ ਜਾਂ ਆਪਣੇ ਆਦਰਸ਼ ਕਲਾਕਾਰਾਂ ਵਰਗਾ ਬਣਨ ਦੀ ਤਾਂਘ ਉਪਜਦੀ ਹੈ, ਵੱਡੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਤੱਕ ਪਹੁੰਚਦੇ ਪਹੁੰਚਦੇ ਇਹ ਤਾਂਘ ਵਧਦੀ ਹੀ ਹੈ ਘਟਦੀ ਨਹੀਂ। ਇਸ ਤਾਂਘ ਨੂੰ ਪੂਰਾ ਕਰਨ ਲਈ ਪੈਸੇ ਦੀ ਲੋੜ ਹੈ, ਮੰਜ਼ਿਲਾਂ ਤੱਕ ਅੱਪੜਨ ਲਈ ਰਾਹਾਂ ਦੀ ਲੋੜ ਹੈ, ਕੋਠਿਆਂ ’ਤੇ ਚੜ੍ਹਨ ਲਈ ਪੌੜੀਆਂ ਦੀ ਲੋੜ ਹੈ, ਸਿਖਰਾਂ ’ਤੇ ਝੂਲਣ ਲਈ ਉਡਾਣਾ ਦੀ ਲੋੜ ਹੈ ਤੇ ਇੱਛਕ ਵਿਅਕਤੀ ਨੂੰ ਇਹ ਸਭ ਕੁਝ ਜਾਂ ਤਾਂ ਰਾਤਾਂ ਝੋਕ ਕੇ, ਸਾਲਾਂ ਤੱਕ ਕੀਤੀ ਸਖਤ ਮਿਹਨਤ ਦੇ ਸਕਦੀ ਹੈ ਜਾਂ ਫਿਰ ਗੈਰਕਾਨੂੰਨੀ ਤਰੀਕੇ। ਸਬਰ ਸਤਯੁੱਗ ਵਿਚ ਹੁੰਦਾ ਹੋਵੇਗਾ, ਕਲਯੁੱਗ ਤੇ ਸਬਰ ਦਾ ਕੀ ਸਬੰਧ! ਅਸੀਂ ਤਾਂ ਰਾਤੋ ਰਾਤ ਸਟਾਰ ਬਣਨਾ ਚਾਹੁੰਦੇ ਹਾਂ, ਦੁਨੀਆਂ ਭਰ ਦੀ ਹਰ ਸੁੱਖ ਸਹੂਲਤ ਨਾਲ ਲੈਸ ਹੋ ਕੇ ਦਿਨ ਚੜ੍ਹਨ ਤੋਂ ਪਹਿਲਾਂ ਆਪਣੇ ਫੇਸਬੁੱੱਕ, ਟਵਿਟਰ ਅਕਾਉਂਟ ਰਾਹੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਵੇਖੋ ਤੁਹਾਡੇ ਬਾਈ ਦੀ ਕਿੰਨੀ ਚੜ੍ਹਾਈ ਏ। ਜਦੋਂ ਚਕਾਚੌਂਧ, ਅਮੀਰੀ, ਫੁਕਰਬਾਜ਼ੀ ਨੂੰ ਪ੍ਰਣਾਏ ਇਹਨਾਂ ਲੋਕਾਂ ਦੀ ਭੁੱਖ ਕੁਝ ਅਖੌਤੀ ਸਿਆਸੀ ਲੀਡਰਾਂ, ਜਾਂ ਬਦਮਾਸ਼ਾਂ ਦੇ ਬਾਦਸ਼ਾਹਾਂ ਦਾ ਸ਼ਿਕਾਰ ਹੁੰਦੀ ਹੈ ਤਾਂ ਇਹ ਨੌਜਵਾਨ ਨਿੱਕੀ ਨਿੱਕੀ ਲੀਡਰੀ, ਨਿੱਕੇ ਨਿੱਕੇ ਮਾੜੇ ਕੰਮਾਂ ਤੋਂ ਆਪਣਾ ਸਫ਼ਰ ਸ਼ੁਰੂ ਕਰਕੇ ਕਦ ਪੁਲਿਸ ਦੀਆਂ ਕਿਤਾਬਾਂ ਵਿਚ ਦਰਜ ਹੋ ਜਾਂਦੇ ਹਨ, ਕਦ ਆਪਣੇ ਆਕਾਵਾਂ ਦੁਆਰਾ ਵਰਤ ਲਏ ਜਾਂਦੇ ਹਨ ਤੇ ਕਦ ਵਰਤਣ ਬਾਅਦ ਦੁੱਧ ’ਚੋਂ ਵਾਲ ਵਾਂਗ ਕੱਢ ਕੇ ਬਾਹਰ ਸੁੱਟ ਦਿੱਤੇ ਜਾਂਦੇ ਹਨ ਇਹਨਾਂ ਨੂੰ ਖੁਦ ਵੀ ਪਤਾ ਨਹੀਂ ਲੱਗਦਾ ਜਾਂ ਕਹਿ ਲਈਏ ਜਦ ਤੱਕ ਪਤਾ ਲੱਗਦਾ ਹੈ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਅਪਰਾਧ ਜਾਂ ਮਾੜੇ ਕੰਮਾਂ ਦੇ ਰਸਤੇ ਅਕਸਰ ਵਨ-ਵੇਅ ਹੀ ਹੁੰਦੇ ਨੇ, ਇਹਨਾਂ ਰਸਤਿਆਂ ਤੋਂ ਪਿੱਛੇ ਮੁੜਨਾ ਲੱਗਭੱਗ ਅਸੰਭਵ ਹੀ ਹੁੰਦਾ ਹੈ, ਕੁਝ ਚੰਦ ਖੁਸ਼ਕਿਸਮਤ ਹੀ ਅਜਿਹੇ ਹੋਣਗੇ ਜੋ ਇਸ ਅਪਰਾਧ-ਨਗਰ ’ਚੋਂ ਨਿਕਲ ਕੇ ਆਪਣੇ ਘਰ ਮੁੜੇ ਹੋਣਗੇ ਤੇ ਬਹੁਤੇ ਅਜਿਹੇ ਵੀ ਹੋਣਗੇ ਜੋ ਆਪ ਜਾਂ ਉਹਨਾਂ ਦੇ ਮਾਪੇ ਉਹਨਾਂ ਦੀ ਸੁਰੱਖਿਅਤ ਘਰ ਵਾਪਸੀ ਚਾਹੁੰਦੇ ਹੋਏ ਵੀ ਸਫਲ ਨਹੀਂ ਹੋਏ ਹੋਣਗੇ। ਦੋਸਤੋੋ ਇਹ ਰਸਤੇ ਇੱਕ ਨਾ ਇੱਕ ਦਿਨ ਹਰ ਮਾੜੇ ਮੋਟੇ ਅਪਰਾਧੀ, ਨਸ਼ੇੜੀ, ਬਦਮਾਸ਼, ਫੁਕਰੇ ਨੂੰ ਗੈਂਗਸਟਰ ਦੇ ਡੇਰੇ ਪਹੁੰਚਾ ਮੁੰਦਰਾਂ ਪਵਾ ਹੀ ਦਿੰਦੇ ਹਨ, ਤੇ ਮੁੰਦਰਾ ਪਾ ਉਹ ਖੁਦ ਵੀ ਗੈਂਗਸਟਰ ਦਾ ਰੁਤਬਾ ਗ੍ਰਹਿਣ ਕਰ ਲੈਂਦੇ ਹਨ। ਗੈਂਗਸਟਰ ਦੀ ਜ਼ਿੰਦਗੀ ਕੀ ਹੈ! ਘਰ ਬਾਰ ਛੁੱਟ ਗਿਆ, ਪਰਿਵਾਰ ਸੁੱਟ ਗਿਆ, ਸਮਾਜਿਕ ਮਿਲਵਰਤਣ ਖਤਮ, ਲੁਕ-ਛਿਪ ਕੇ ਜਿਉਣਾ ਸ਼ੁਰੂ, ਜੇ ਫੜੇ ਗਏ ਤਾਂ ਵੀ ਜੇਲਾਂ ਦੀ ਹਵਾ ਛਕਣੀ ਬਸ ਇਹ ਕੁਝ ਪੈਂਦਾ ਹੈ ਪੱਲੇ ਤੇ ਇੰਨਾ ਕੁਝ ਹੋ ਜਾਣ ਦੇ ਬਾਵਜੂਦ ਜਿਸ ਤਾਂਘ ਨੇ ਇਕ ਅੱਲ੍ਹੜ ਮਨ ਨੂੰ ਇਸ ਰਸਤੇ ਤੋਰਿਆ ਸੀ ਉਹ ਤਾਂਘ ਹਾਲੇ ਵੀ ਮਰਦੀ ਨਹੀਂ। ਸਿਖਰਾਂ ’ਤੇ ਸਿਰਫ ਮੇਰਾ ਹੀ ਨਾਮ ਹੋਵੇ, ਮੈਂ ਹੀ, ਮੈਂ ਹੋਵਾਂ, ਮੇਰੇ ਵਿਰੁੱਧ ਕੋਈ ਬੋਲਣ ਦੀ ਗੁਸਤਾਖੀ ਕਰੇ, ਮਾਰ ਮੁਕਾਵਾਂ। ਪੈਸੇ ਵਾਲੇ ਲੋਕਾਂ ਤੋਂ ਫਿਰੌਤੀਆਂ ਲਵਾਂ, ਲੋਕਾਂ ਨੂੰ ਡਰਾਵਾਂ-ਧਮਕਾਵਾਂ, ਆਪਣੇ ਗਰੁੱਪ ਦਾ ਵਿਸਥਾਰ ਕਰਾਂ, ਆਪਣੇ ਵਿਰਸੇ ਵਿਚ ਲੰਮਾ ਚੌੜਾ ਲਾਣਾ ਛੱਡ ਕੇ ਜਾਵਾਂ, ਅਜਿਹੇ ਸਿਰੇ ਦੇ ਅਪਰਾਧ ਕਰਾਂ ਕਿ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਵਾਂ ਆਦਿ ਆਦਿ, ਅਜਿਹਾ ਕਰਨਾ ਹੁਣ ਉਹਨਾਂ ਲੋਕਾਂ ਦੀ ਮਜਬੂਰੀ ਵੀ ਹੋ ਸਕਦੀ ਹੈ ਤੇ ਪਹਿਲਾਂ ਪਣਪੀ ਤਾਂਘ ਵੀ। ਅਜਿਹੀ ਬਦਕਿਸਮਤ ਔਲਾਦ ਦੇ ਬਦਕਿਸਮਤ ਮਾਪਿਆਂ ਹੱਥ ਕੀ ਬਚਦਾ ਹੈ! ਪਛਤਾਵਾ, ਵਿਰਲਾਪ, ਲੋਕਾਂ ਦੇ ਤਾਹਨੇ ਮਿਹਨੇ, ਝੋਰੇ, ਹਉਕੇ, ਹੰਝੂੰ ਤੇ ਠੋਕਰਾਂ! 
ਅੱਜ ਦਾ ਦੁਨੀਆ ਦਾ ਵਰਤਾਰਾ ਸਾਨੂੰ ਇਹ ਸਭ ਕੁਝ ਲਾਈਵ ਵਿਖਾ ਰਿਹਾ ਹੈ। ਰਾਤੋ ਰਾਤ ਸਟਾਰ ਬਣਨ ਦੇ ਚੱਕਰ ਵਿਚ ਸਹਾਰਾ ਭਾਲਦੇ ਲੋਕ ਕਦੋਂ ਅਪਰਾਧ ਜਗਤ ਦੇ ਲੋਕਾਂ ਦੇ ਚੁੰਗਲ ਵਿਚ ਫਸ ਜਾਂਦੇ ਨੇ, ਸਾਡੇ ਕੁਝ ਅਖੌਤੀ ਸਿਆਸੀ ਆਕਾਵਾਂ ਦੇ ਪੈਦਾ ਕੀਤੇ ਗੈਂਗਸਟਰ ਕਿਵੇਂ ਆਪਣੇ ਵਿਰੋਧੀਆਂ ਨੂੰ ਸਬਕ ਸਿਖਾਉਣ ਲਈ ਲੋਕਾਂ ਦੇ ਨੌਜਵਾਨ ਪੁੱਤਾਂ ਦੀ ਬਲੀ ਲੈ ਰਹੇ ਨੇ, ਕਿਵੇਂ ਨਾਮਵਰ ਲੋਕ ਹੋਰ ਮਸ਼ਹੂਰ/ਅਮੀਰ/ਮਜ਼ਬੂਤ ਹੋਣ ਲਈ ਅੰਡਰਵਰਲਡ/ਗੁੰਡਿਆਂ/ਗੈਂਗਸਟਰਾਂ ਦੇ ਖੇਮਿਆਂ ਦਾ ਸਹਾਰਾ ਲੈ ਰਹੇ ਨੇ, ਕਿਵੇਂ ਸੌੜੀਆਂ ਸੋਚਾਂ ਦੇ ਲੋਕ ਆਪਣੇ ਹੀ ਵਰਗ/ਕਿੱਤੇ ਦੇ ਲੋਕਾਂ ਨੂੰ ਰਾਹਾਂ ’ਚੋਂ ਹਟਾਉਣ ਲਈ ਮਰਵਾ ਰਹੇ ਨੇ।  ਸ਼ਾਇਦ ਇਹ ਸਭ ਕਿਸੇ ਇੱਕ ਦਾ ਕੰਮ ਨਹੀਂ, ਕੁਝ ਲੋਕਾਂ ਦੀ ਖੇਡ ਨਹੀਂ, ਇਹ ਤਾਂ ਇਕ ਵਿਸ਼ਾਲ ਵਰਤਾਰਾ ਹੈ ਜੋ ਸਾਡੀਆਂ ਨਵੇਂ ਜ਼ਮਾਨੇ ਦੀਆਂ ਨਵੀਆਂ ਸੋਚਾਂ ਦੀ ਦੇਣ ਹੈ, ਸਾਡੀਆਂ ਲਾਲਸਾਵਾਂ ਦੀ ਉਪਜ ਹੈ। ਸਾਡੇ ਹਿਰਦਿਆਂ ਵਿਚੋਂ ਸਬਰ, ਸੰਤੋਖ, ਸਹਿਣਸ਼ੀਲਤਾ, ਨਿਮਰਤਾ, ਤਿਆਗ, ਮਿੱਠਤ, ਭਲਮਾਣਸੀ, ਸਰਬਤ ਦਾ ਭਲਾ, ਸਾਧ ਪ੍ਰਵਿਰਤੀ ਤੇ ਰਜ਼ਾ ਵਿਚ ਰਾਜ਼ੀ ਰਹਿਣ ਦੇ ਸੰਕਲਪ ਦੇ ਮਨਫੀ ਹੋ ਜਾਣ ਦਾ ਸਿੱਟਾ ਹੈ। 
                     ਗਲਤ ਤਰੀਕਿਆਂ ਨਾਲ ਪਾਈਆਂ ਮੰਜ਼ਿਲਾਂ ਕਿਧਰੇ ਵੀ ਸਲਾਹੀਆਂ ਨਹੀਂ ਜਾਂਦੀਆਂ। ਆਮ ਜ਼ਿੰਦਗੀ ਵਿਚ ਜੇ ਕੋਈ ਰਿਸ਼ਵਤ/ਸਿਫਾਰਸ਼/ਚਮਚਾਗਿਰੀ ਜਾਂ ਹੋਰ ਕੋਈ ਦਾਅ-ਪੇਚ ਵਰਤ ਕੇ ਕੋਈ ਨੌਕਰੀ, ਰੁਤਬਾ, ਪ੍ਰਧਾਨਗੀ, ਇਨਾਮ-ਕਲਾਮ ਲੈ ਵੀ ਲਵੇ ਤਾਂ ਅਜਿਹੇ ਵਿਅਕਤੀ ਦੀ ਆਪਣੇ ਜਾਣੂ ਵਰਗ ਦੇ ਦਿਲਾਂ ਵਿਚ ਬਹੁਤੀ ਇੱਜ਼ਤ ਨਹੀਂ ਰਹਿੰਦੀ ਤੇ ਗਲਤ ਤਰੀਕੇ ਪਾਏ ਮਾਣ, ਮੰਜ਼ਿਲਾਂ ਦੇ ਮੁੱਲ ਤਾਂ ਕਿਵੇਂ ਨਾ ਕਿਵੇਂ ਤਾਰਨੇ ਹੀ ਪੈਂਦੇ ਹਨ। ਸੁਫਨੇ ਵੇਖਣੇ ਮਾੜੀ ਗੱਲ ਨਹੀਂ ਪਰ ਕਾਸ਼, ਅਸੀਂ ਆਪਣੇ ਸੁਫਨਿਆਂ ਨੂੰ ਹੱਕ ਸੱਚ ਦੀ ਮਿਹਨਤ ਨਾਲ ਹਕੀਕਤ ਵਿਚ ਬਦਲਣ ਦਾ ਰਾਹ ਅਪਣਾਈਏ, ਮੰਜ਼ਿਲਾਂ ਦੇ ਰੁੱਖਾਂ ਦੇ ਮਿੱਠੇ ਫ਼ਲ ਖਾਣ ਲਈ ਉਹਨਾਂ ਨੂੰ ਲੋੜੀਂਦਾ ਖਾਧ-ਪਾਣੀ ਦੇਈਏ ਤੇ ਫ਼ਲਾਂ ਦੇ ਪੱਕਣ ਲਈ ਲੋੜੀਂਦਾ ਸਮਾਂ ਦੇ ਕੇ ਉਡੀਕ ਕਰਨ ਦਾ ਮਾਦਾ ਵੀ ਰੱਖੀਏ, ਆਪਣੇ ਬੁੱਢੇ ਮਾਪਿਆਂ ਦੀ ਡੰਗੋਰੀ ਬਣਨ ਲਈ ਉਹਨਾਂ ਦੇ ਕੋਲ਼ ਰਹਿ ਕੇ ਉਹਨਾਂ ਦਾ ਸਹਾਰਾ ਬਣੀਏ ਨਾ ਕਿ ਜੇਲਾਂ ਦੀਆਂ ਕਾਲ਼ ਕੋਠੜੀਆਂ ਵਿਚ ਪਹੁੰਚ ਕੇ ਮਾਪਿਆਂ ਦੀ ਪੀੜਾ ਨੂੰ ਹੋਰ ਵਧਾਈਏ। ਕਿੰਨਾ ਚੰਗਾ ਹੋਵੇ ਜੇ ਸਾਡੀ ਜ਼ਿੰਦਗੀ ਦੀ ਹੁੱਕ ਲਾਈਨ ਬਣ ਜਾਵੇ-
                                  ‘ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ।’