ਬਾਪੂ ਜਿੰਨ੍ਹਾਂ ਦੇ ਲੱਗਿਆ ਸੀਰੀ, ਖੇਤ ਉਹਨਾਂ ਦੇ ਲੱਗਦੀ ਸੀ ਜੀਰੀ
ਮੈਂ ਵੀ ਜਾ ਪੁਟਾਈ ਪਨੀਰੀ, ਕੰਮ ‘ਚ ਹੱਥ ਵਟਾ ਆਇਆ ਹਾਂ
ਉਂਝ ਤਾਂ ਮੈਂ ਵੀ ਯਾਰੋ ਛੁੱਟੀਆਂ ਪੂਰੀਆਂ ਬਿਤਾ ਆਇਆ ਹਾਂ..!
ਕਿੱਥੇ ਨਾਨਕੇ, ਭੂਆ- ਮਾਸੀ, ਮਹੀਨਾ ਚੱਲਿਆ ਕਹੀ, ਰੰਬਾ ਤੇ ਦਾਤੀ
ਹੋਸ਼ ਟਿਕਾਣਿਓਂ ਰਹੀ ਭੁੱਲੀ, ਪਰ ਸਕੂਲ ਦਾ ਕੰਮ ਮੁਕਾਅ ਆਇਆ ਹਾਂ
ਉਂਝ ਤਾਂ ਮੈਂ ਵੀ ਯਾਰੋ, ਛੁੱਟੀਆਂ ਪੂਰੀਆਂ ਬਿਤਾ ਆਇਆ ਹਾਂ..!
ਮਾਂ ਕਿਸੇ ਦਾ ਗੋਹਾ ਕੂੜਾ ਸਿੱਟੇ, ਲੂਣ- ਤੇਲ ਨਾਂ ਪੂਰਾ ਕਰਮਾਂ ਨੂੰ ਪਿੱਟੇ
ਹੇਠੋਂ ਭਾਂਵੇਂ ਘਸੀਆਂ ਚੱਪਲਾਂ, ਵੱਦਰੀਆਂ ਨਵੀਆਂ ਪਵਾ ਆਇਆ ਹਾਂ
ਉਂਝ ਤਾਂ ਮੈਂ ਵੀ ਯਾਰੋ, ਛੁੱਟੀਆਂ ਪੂਰੀਆਂ ਬਿਤਾ ਆਇਆ ਹਾਂ..!
ਸਰਕਾਰ ਨਰੇਗਾ ਸਕੀਮ ਚਲਾਈ, ਦਾਦੀ ਨੇ ਉੱਥੇ ਹਾਜ਼ਰੀ ਲਵਾਈ
ਦੇਖ ਦ੍ਰਿਸ਼ ਉੱਚ ਪੜ੍ਹਨੇ ਲਈ, ਪੱਕਾ ਮਤਾ ਪਕਾ ਆਇਆ ਹਾਂ
ਉਂਝ ਤਾਂ ਮੈਂ ਵੀ ਯਾਰੋ, ਛੁੱਟੀਆਂ ਪੂਰੀਆਂ ਬਿਤਾ ਆਇਆ ਹਾਂ..!
ਹੈ ਮਜ਼ਬੂਰੀ ਛਾਂਵੇਂ ਕਦੇ ਧੁੱਪੇ, ਕਦੇ-ਕਦੇ ਰਹੀਏ ਰੋਟੀ ਖੁਣੋਂ ਸੁੱਤੇ
ਬੂਹੇ ਲਾਗੇ ਲੱਗੀ ਰੂੜੀ ਦੁਆਲੇ, ਮੱਛਰ ਤੋਂ ਕਲੀ ਖਿੰਡਾਂ ਆਇਆ ਹਾਂ
ਉਂਝ ਤਾਂ ਮੈਂ ਵੀ ਯਾਰੋ, ਛੁੱਟੀਆਂ ਪੂਰੀਆਂ ਬਿਤਾ ਆਇਆ ਹਾਂ..!
ਛੋਟੀ ਭੈਣ ਆਸਾਂ ਅਧੂਰੀਆਂ, ਨਸੀਬ ਨਾ ਹੋਈਆਂ ਉਸਨੂੰ ਚੂੜੀਆਂ
ਗੈਸ ਸਿਲੰਡਰ ਕੀਮਤ ਬੰਬ, ਖਤਾਨੋਂ ਤੀਲ਼ੇ ‘ਕੱਠੇ ਕਰਵਾ ਆਇਆ ਹਾਂ
ਉਂਝ ਤਾਂ ਮੈਂ ਵੀ ਯਾਰੋ, ਛੁੱਟੀਆਂ ਪੂਰੀਆਂ ਬਿਤਾ ਆਇਆ ਹਾਂ..!
ਘਰ ਸਾਡੇ ਦੀ ਜੋ ਪਿਛਲੀ ਬਾਰੀ, ਏ.ਸੀ., ਕੂਲਰ ਬਣੇਂ ਵਿਚਾਰੀ
ਛੱਤ ਕੋਠੜੇ ਦੀ ਵੀ ਚੋਂਵੇਂ,ਕੁਝ ਮਿੱਟੀ ਉੱਤੇ ਪਵਾ ਆਇਆ ਹਾਂ
ਉਂਝ ਤਾਂ ਮੈਂ ਵੀ ਯਾਰੋ, ਛੁੱਟੀਆਂ ਪੂਰੀਆਂ ਬਿਤਾ ਆਇਆ ਹਾਂ..!
ਆਟੇ ਵਾਲਾ ਜੋ ਸਾਡਾ ਡਰੰਮ, ਚੂਹੇ ਡਿੱਗਣ ਵਿੱਚ ਧੜੰਮ-ਧੜੰਮ
ਅੱਕਿਆ ਹੋਇਆ ਉਨ੍ਹਾਂ ਲਈ ਵੀ, ਜਾਨ ਕੁੜੱਕੀ ਲਾ ਆਇਆ ਹਾਂ
ਉਂਝ ਤਾਂ ਮੈਂ ਵੀ ਯਾਰੋ, ਛੁੱਟੀਆਂ ਪੂਰੀਆਂ ਬਿਤਾ ਆਇਆ ਹਾਂ..!
ਇਨ੍ਹਾਂ ਗੱਲਾਂ ‘ਚ ਨਾ ਭੋਰਾ ਗੱਪ, ਦੇਖੇ ਖੇਤਾਂ-ਛੱਪੜਾਂ ‘ਚ ਜੋਕਾਂ,ਡੱਡੂ-ਸੱਪ
ਇਹੀ ਵੰਡਰਲੈਂਡ , ਝੀਲ਼ਾਂ ਸਮਝ ਕੇ, ਸੁਫਨੇ ਆਪਣੇ ਸਜਾ ਆਇਆ ਹਾਂ
ਉਂਝ ਤਾਂ ਮੈਂ ਵੀ ਯਾਰੋ, ਛੁੱਟੀਆਂ ਪੂਰੀਆਂ ਬਿਤਾ ਆਇਆ ਹਾਂ...!
ਉਂਝ ਤਾਂ ਮੈਂ ਵੀ ਯਾਰੋ, ਛੁੱਟੀਆਂ ਪੂਰੀਆਂ ਬਿਤਾ ਆਇਆ ਹਾਂ...!