ਹਰ ਸਵੇਰੇ ਪੰਜ ਕੁ ਵਜੇ ਹੀ ਮੇਰਾ ਪਾਲਤੂ ਕੁੱਤਾ ਜਿਸ ਨੂੰ ਪਿਆਰ ਨਾਲ ਮੈਂ ਟਿੱਡੀ ਕਹਿੰਦਾ ਹਾਂ ਅਤੇ ਅਸਲ ਨਾਮ ਉਸਦਾ ਜੈਕਸਨ ਏ, ਮੇਰੇ ਕਮਰੇ ਦੇ ਦਰਵਾਜੇ ਉੱਪਰ ਪੰਜੇ ਮਾਰਨ ਲੱਗ ਜਾਂਦਾ ਏ ਤਾਂ ਜੋ ਮੈਂ ਉਸਨੂੰ ਬਾਹਰ ਲੈ ਜਾਂਵਾ ਤੇ ਉਸਦੀ ਸੈਰ ਦੇ ਨਾਲ ਨਾਲ ਜੰਗਲ-ਪਾਣੀ ਵੀ ਕਰਵਾ ਦੇਵਾਂ। ਅੱਜ ਥੋੜਾ ਸੁਅਖਤੇ ਹੀ ਉੱਠ ਗਿਆ ਸੀ ਮੈਂ ਲਗਭਗ ਚਾਰ ਕੁ ਵਜੇ। ਦੋ ਦਿਨ ਪਹਿਲਾਂ ਫਰਜੰਦ ਅਲੀ ਦੁਆਰਾ ਲਿਖਿਆ ਹੱਡਬੀਤੀ ਨਾਵਲ 'ਭੁੱਬਲ' ਪੜ ਰਿਹਾ ਸੀ। ਜਦੋਂ ਸਮਾਂ ਮਿਲਦਾ ਕੁਝ ਕੁ ਸਫੇ ਪੜ ਲੈਂਦਾ। ਕੱਲ ਰਾਤੀ ਮੇਰੇ ਕੋਲ ਕਾਫੀ ਸਮਾਂ ਸੀ। ਮੈਂ ਸੌ-ਸਵਾ ਸੌ ਪੇਜ ਪੜੇ ਤੇ ਪੜਦਾ ਪੜਦਾ ਸੌਂ ਗਿਆ। ਨੀਂਦ ਵੀ ਕਾਹਦੀ ਆਈ ਸਾਰੀ ਰਾਤ ਦਿਮਾਗ ਵਿੱਚ ਭੁੱਬਲ ਦੇ ਕਿਰਦਾਰ ਬਣ-ਬਣ ਸਾਹਮਣੇ ਆਈ ਗਏ, ਜਿਵੇਂ-ਜਿਵੇਂ ਅਤੇ ਜਿਸ ਨਾਲ ਕੋਈ ਕਿਰਦਾਰ ਕਿਤਾਬ ਵਿੱਚ ਗੱਲ ਕਰਦਾ ਉਹ ਅਸਲੀ ਦੇ ਬਣ ਮੇਰੇ ਸਾਹਮਣੇ ਆਂਦੇ ਰਹੇ। ਬੜੀ ਬੇਚੈਨ ਸੀ ਇਹ ਰਾਤ। ਸਵੇਰੇ ਚਾਰ ਕੁ ਵਜੇ ਉੱਠਿਆ, ਬੱਲਬ ਜਗਾਇਆ, ਕਿਤਾਬ ਚੁੱਕੀ ਅਤੇ ਫਿਰ ਪੜਨ ਲੱਗ ਪਿਆ। ਟਿੱਡੀ ਨੂੰ ਪਤਾ ਲੱਗ ਗਿਆ ਕਿ ਮੈਂ ਉੱਠਿਆ ਹੋਇਆ ਹਾਂ ਪਰ ਉਹ ਵੀ ਸਮੇਂ ਦਾ ਪਾਬੰਦ ਸੀ। ਤਕਰੀਬਨ ਪੰਜ ਕੁ ਵਜੇ ਦਰਵਾਜੇ ਨੂੰ ਢੁੱਡਾਂ ਜਿਹੀਆਂ ਮਾਰ ਕੇ ਥੋੜਾ ਜਿਹਾ ਖੋਲ ਅੰਦਰ ਆ ਗਿਆ ਅਤੇ ਮੇਰੇ ਨਾਲ ਲਾਡ ਕਰਨ ਲੱਗ ਪਿਆ। ਫਿਰ ਮਾੜਾ ਜਿਹਾ ਤੇਜੀ ਨਾਲ ਬਾਹਰ ਨੂੰ ਭੱਜਿਆ ਕਰੇ ਤੇ ਜਦੋਂ ਮੈਂ ਕੋਈ ਪ੍ਰਤੀਕਿਰਿਆ ਨਾ ਕੀਤੀ ਤਾਂ ਉਹ ਮੇਰੇ ਵੱਲ ਉਦਾਸੀ ਜਿਹਾ ਨਿਗਾਹ ਨਾਲ ਦੇਖਦਾ ਫੇਰ ਬਾਹਰ ਵੱਲ ਦੇਖਦਾ । ਸਮਝ ਤਾਂ ਮੈਂ ਗਿਆ ਸੀ ਪਰ ਕਿਤਾਬ ਨੇ ਖਿੱਚ ਜਿਹੀ ਪੈਦਾ ਕੀਤੀ ਹੋਈ ਸੀ ਜੋ ਮੈਨੂੰ ਉੱਠਣ ਨਹੀਂ ਦੇ ਰਹੀ ਸੀ। ਜਦੋਂ ਟਿੱਡੀ ਨੇ ਨਾਰਾਜਗੀ ਵਿੱਚ ਨੀਵੀਂ ਪਾਈ ਤੇ ਬਾਹਰ ਕਮਰੇ ਬਾਹਰ ਨਿਕਲਣ ਲੱਗਾ ਤਾਂ ਮੈਨੂੰ ਆਪਣੇ ਆਪ ਉੱਪਰ ਗੁੱਸਾ ਵੀ ਆਇਆ ਤੇ ਉਸ ਬੇਜਬਾਨੇ ਉੱਪਰ ਤਰਸ। ਮੈਂ ਜਦੋਂ ਉੱਠ ਖਲੋਤਾ ਹੋਇਆ ਤਾਂ ਉਸਨੂੰ ਚਾਅ ਚੜ ਗਿਆ, ਪੂਛ ਉਤਸੁਕਤਾ ਵਿੱਚ ਹਿੱਲਦੀ-ਹਿੱਲਦੀ ਚਕਰੀ ਬਣਨ ਲੱਗ ਪਈ। ਅਸੀਂ ਕੋਠੇ ਤੋਂ ਉੱਤਰੇ ਤੇ ਮੁੱਖ ਦਰਵਾਜੇ ਵੱਲ ਵਧਣ ਲੱਗੇ। ਉਹ ਇੰਨਾ ਖੁਸ਼ ਹੋਇਆ ਕਿ ਕਦੇ ਦਰਵਾਜੇ ਨਾਲ ਪੌਡੇ ਲਗਾ ਕੇ ਛਾਲਾਂ ਮਾਰੇ ਕਦੇ ਮੇਰੇ ਸੀਨੇ ਤੇ ਪੰਜੇ ਰੱਖ ਪਿਛਲੀਆਂ ਦੋ ਲੱਤਾਂ ਸਹਾਰੇ ਖੜ ਕੇ ਮੇਰੇ ਮੂੰਹ ਨੂੰ ਚੱਟਣ ਦੀ ਕੋਸ਼ਿਸ ਕਰੇ। ਦਰਵਾਜਾ ਖੁੱਲਿਆ ਹਰ ਵਾਰ ਦੀ ਤਰਾਂ ਉਹ ਮੇਰੇ ਅੱਗੇ-ਅੱਗੇ ਭੱਜਦਾ, ਫਿਰ ਖੰਭੇ ਦੇ ਨਾਲ ਮੂਤਦਾ। ਫਿਰ ਇਧਰ-ਓਧਰ ਗਲੀ ਦੇ ਗੇੜੇ ਕੱਢਦਾ, ਨਾਲ ਨਾਲ ਕੁਝ ਸੁੰਘਦਾ ਸ਼ਾਇਦ ਜਾਣੀ ਪਹਿਚਾਣੀ ਸਮਿੱਲ ਨੂੰ ਲੱਭਣ ਦੀ ਕੋਸ਼ਿਸ ਕਰਦਾ। ਵੀਹ-ਪੱਚੀ ਮਿੰਟ ਅਸੀਂ ਇੱਦਾਂ ਹੀ ਟਹਿਲਦੇ, ਉਸਦੇ ਦੋਸਤ ਵੀ ਉਸਨੂੰ ਦੂਰੋਂ ਦੇਖ ਭੌਂਕਦੇ ਆਉਂਦੇ ਤੇ ਉਹ ਵੀ ਜਵਾਬ ਵਿੱਚ ਭੌਂਕ ਕੇ ਬੜਕ ਮਾਰਦਾ।ਘਰ ਵਾਪਿਸ ਆ ਕੇ ਉਹ ਆਪ ਹੀ ਆਪਣੇ ਪਿੰਜਰੇ ਰੂਪੀ ਘਰ ਵਿੱਚ ਚਲਾ ਗਿਆ।
ਮੈਂ ਕੋਠੇ ਦੀਆਂ ਪੌੜੀਆਂ ਚੜ ਰਿਹਾ ਸੀ ਮੇਰੀ ਨਿਗਾਹ ਰੰਗ ਬਿਰੰਗੀਆਂ ਚਿੜੀਆਂ ਉੱਤੇ ਪਈ। ਚੀਂ-ਚੀਂ ਕਰਦੀਆਂ ਕਦੇ ਉੱਡਦੀਆਂ ਕਦੇ ਬੈਠ ਜਾਂਦੀਆਂ, ਕਦੇ ਕੱਪੜੇ ਸਕਾਉਣ ਵਾਰੀ ਤਾਰ ਉੱਪਰ ਕਦੀ ਬਨੇਰੇ ਉੱਪਰ ਤੇ ਕਦੀ ਭੁੰਜੇ। ਠੂੰਗੇ ਮਾਰਦੀਆਂ,ਸ਼ਰਾਰਤਾਂ ਕਰਦੀਆਂ, ਚੋਗਾ ਚੁਗਦੀਆਂ ਬੜੀਆਂ ਹੀ ਦਿਲਚਸਪ ਲੱਗਦੀਆਂ। ਅੱਜ ਹਵਾ ਵੀ ਚੱਲ ਰਹੀ ਸੀ, ਮੌਸਮ ਥੰਡਾ ਜਿਹਾ ਜਾਪ ਰਿਹਾ ਸੀ ਨਹੀਂ ਤਾਂ ਕੱਲ ਦੀ ਗਰਮੀ ਨੇ ਵੱਟ ਕੱਢੇ ਪਏ ਸੀ। ਇੰਨੇ ਨੂੰ ਘੁੱਗੀਆਂ ਆ ਗਈਆਂ, ਤਾਰ ਉੱਪਰ ਬੈਠ ਗਈਆਂ। ਇਧਰ-ਓਧਰ ਪਤਲੀਆਂ ਲੰਮੀਆਂ ਧੌਣਾਂ ਘੁਮਾਉਂਦੀਆ। ਮੇਰੇ ਮਨ ਵਿੱਚ ਪਤਾ ਨਹੀਂ ਕੀ ਆਇਆ ਮੈਂ ਹਲਕੀ ਜਿਹੀ ਸੀਟੀ ਮਾਰੀ। ਇੱਕ ਘੁੱਗੀ ਤਾਂ ਉੱਡ ਗਈ ਦੂਸਰੀ ਬੈਠੀ ਰਹੀ। ਮੈਂ ਫਿਰ ਸੀਟੀ ਮਾਰੀ ਉਸਨੇ ਪਤਲੀ ਲੰਮੀ ਧੌਣ ਘੁਮਾਈ, ਮੈਂ ਇੱਕ ਵਾਰ ਫਿਰ ਸੀਟੀ ਮਾਰੀ ਉਹ ਕਿਸੇ ਹੋਰ ਪਾਸੇ ਦੇਖਣ ਲੱਗ ਪਈ। ਮੈਂ ਪੁਚਕਾਰਦਾ ਰਿਹਾ ਉਹ ਕੋਈ ਨਾ ਕੋਈ ਹਰਕਤ ਕਰਦੀ ਰਹੀ। ਕਦੇ ਅੱਖਾਂ ਘੁਮਾਵੇ ਕਦੇ ਸਾਰੀ ਘੁੰਮ ਜਾਂਦੀ ਅਤੇ ਪੂਰਾ ਯਤਨ ਕਰਦੀ ਆਵਾਜ ਪਛਾਣਨ ਦੀ ਅਤੇ ਇਹ ਵੀ ਯਤਨ ਕਰਦੀ ਕਿ ਕੌਣ ਏ ਜੋ ਸਵੇਰੇ-ਸਵੇਰੇ ਮੇਰੇ ਨਾਲ ਪੰਗੇ ਲਈ ਜਾਂਦਾ। ਗੁਲਾਬੀ ਪੰਜੇ, ਪਤਲੀ ਗਰਦਨ, ਤਿੱਖੀ ਚੁੰਝ ਅਤੇ ਛੋਟੀਆਂ-ਛੋਟੀਆਂ ਗੋਲ ਸੁਰਮਈ ਅੱਖੀਆਂ ਵੱਲੋਂ ਕੋਈ ਵੀ ਹਰਕਤ ਹੁੰਦੀ ਤਾਂ ਮੈਨੂੰ ਬੜਾ ਆਨੰਦ ਆਉਂਦਾ। ਇਹ ਸਿਲਸਿਲਾ ਲਗਭਗ ਦਸ ਕੁ ਮਿੰਟ ਚੱਲਿਆ ਫਿਰੀ ਉਸਦੀ ਸਾਥਣ ਨੇ ਆਵਾਜ ਜਿਹੀ ਮਾਰੀ ਤੇ ਉਸਦੇ ਕੋਲ ਦੀ ਛੋਟੀ ਜਿਹੀ ਉਡਾਰੀ ਭਰੀ ਤੇ ਨਾਲ ਹੀ ਇਸ ਘੁੱਗੀ ਨੇ ਵੀ ਆਵਦੇ ਪੂੰਜੇ ਕਸ ਲਏ ਤੇ ਤੇਜੀ ਨਾਲ ਖੰਭ ਖਿਲਾਰੇ ਤੇ ਕਦੋਂ ਅਸਮਾਨੀ ਪਹੁੰਚੀ ਅਤੇ ਕਦੋਂ ਅੱਖੋਂ ਉਹਲੇ ਹੋਈ ਪਤਾ ਹੀ ਨਹੀਂ ਚੱਲਿਆ।
ਆਪਣੇ ਕਮਰੇ ਵਿੱਚ ਆਇਆ, ਜੇਬ ਵਿੱਚੋਂ ਮੋਬਾਇਲ ਕੱਢਿਆ ਤਾਂ ਸਭਤੋਂ ਪਹਿਲਾਂ ਸਾਹਿਤ ਸਭਾ ਵਾਲੇ ਗਰੁੱਪ ਵਿੱਚ ਜਗਜੀਤ ਸਿੰਘ ਬਾਵਰਾ ਜੀ ਵੱਲੋਂ ਮੇਰੀ ਰਾਤ ਦੇ ਕੀਤੇ ਮੈਸਜ ਦਾ ਜਵਾਬ ਪੜਿਆ ਅਤੇ ਮੈਂ ਵੀ ਜਵਾਬ ਸੋਚਣ ਲੱਗ ਪਿਆ ਅਤੇ ਜਵਾਬ ਦੇ ਕੇ ਮੁਸਕਰਾਉਂਦਾ ਹੋਇਆ ਹੋਰ ਸਾਥੀਆਂ ਵੱਲੋਂ ਮੇਰੀ ਰਾਤ ਦੀ ਪਾਈ ਵਟਸਐਪ ਸਟੋਰੀ ਉੱਪਰ ਉਹਨਾਂ ਦੀ ਪ੍ਰਤੀਕਿਰਿਆ ਵਜੋਂ ਆਏ ਮੈਸਜ ਪੜਦਾ ਗਿਆ ਤੇ ਹੱਸਦਾ ਰਿਹਾ। ਫਿਰ ਭੁੱਬਲ ਨੂੰ ਚੁੱਕ ਲਿਆ। ਪੜਨ ਲੱਗ ਪਿਆ।
ਛੇ ਪੰਦਰਾਂ ਦਾ ਸਮਾਂ ਸੀ ਫੇਰ ਹੇਠਾਂ ਆਇਆ ਕੋਸਾ ਪਾਣੀ ਪੀਤਾ, ਗਲਾਸ ਵਿੱਚ ਚਾਹ ਪਾਈ ਤੇ ਚਾਹ ਅਤੇ ਕਿਤਾਬ ਚੁੱਕ ਆਪਣੇ ਬਾਗ ਵਿੱਚ ਪਈ ਕੁਰਸੀ ਤੇ ਬੈਠ ਗਿਆ। ਚਿੜੀਆਂ- ਕੋਇਲਾਂ ਦੀਆਂ ਮਧੁਰ ਆਵਾਜਾਂ ਮਹੌਲ ਬਣਾ ਰਹੀਆਂ ਸਨ। ਜਿਵੇਂ ਮੈਂ ਸੰਗੀਤ ਦੇ ਬਿਨਾਂ ਨਾ ਤਾਂ ਕੋਈ ਚਿਤਰਕਾਰੀ ਕਰ ਸਕਦਾਂ ਨਾ ਹੀ ਕਿਸੇ ਦੇ ਟੈਟੂ ਬਣਾ ਸਕਦਾਂ ਓਵੇਂ ਹੀ ਮੈਨੂੰ ਹੁਣ ਜਾਪਣ ਲੱਗ ਗਿਆ ਹੈ ਕਿ ਚਿੜੀਆ-ਕੋਇਲਾਂ ਦੀ ਮੌਜ਼ੂਦਗੀ ਅਤੇ ਉਹਨਾਂ ਦੀ ਮਧੁਰ ਆਵਾਜ ਬਿਨਾਂ ਸ਼ਾਇਦ ਜਿਆਦਾ ਦੇਰ ਮੈਂ ਕਿਤਾਬ ਨਹੀਂ ਪੜ ਸਕਦਾ। ਸੰਗੀਤ ਦੀ ਵਜਾ ਨਾਲ ਹੀ ਮੈਂ ਆਪਣੇ ਆਪ ਨੂੰ ਖਾਲੀ ਕਰਕੇ ਕਿਸੇ ਵੀ ਕੰਮ ਵਿੱਚ ਰੁੱਝ ਜਾਂਦਾਂ ਹਾਂ ਭਾਵੇਂ ਓਹ ਗੱਡੀ ਚਲਾਉਣਾ ਹੋਵੇ, ਭਾਂਵੇ ਘਾਹ ਖੋਤ ਕੇ ਥਾਂ ਬਣਾਉਣਾ ਹੋਵੇ ਅਤੇ ਭਾਵੇਂ ਕੋਈ ਵੀ ਛੋਟੇ ਤੋਂ-ਛੋਟਾ ਅਤੇ ਵੱਡੇ ਤੋਂ ਵੱਡਾ ਕੰਮ ਹੋਵੇ ਮੈਂ ਬਿਨਾ ਸੰਗੀਤ ਦੇ ਜਿਆਦਾ ਚਿਰ ਨਹੀਂ ਟਿਕ ਸਕਦਾ । ਸੰਗੀਤ ਮੈਨੂੰ ਲੈਅ ਵਿੱਚ ਲਿਆਉਂਦਾ ਹੈ ਅਤੇ ਮੈਨੂੰ ਭਟਕਣ ਨਹੀਂ ਦਿੰਦਾ ਬਸ ਕੰਮ ਵਿੱਚ ਰੁਝਾਈ ਰੱਖਦਾ ਹੈ। ਮੈਨੂੰ ਹੁਣ ਇਹ ਵੀ ਮਹਿਸੂਸ ਜਿਹਾ ਹੋ ਰਿਹਾ ਏ ਕਿ ਮੈਂ ਪੰਛੀਆਂ ਦੀ ਆਵਾਜ ਵਿੱਚ ਕਿਤਾਬ ਪੜੵਨ ਦੀ ਆਦਤ ਅਪਣਾ ਲਈ ਹੈ।
ਮੈਂ ਚਾਹ ਦਾ ਘੁੱਟ ਪੀਂਦਾ ਤੇ ਕਿਤਾਬ ਦਾ ਵਰਕਾ ਪਲਟਦਾ। ਚਾਹ ਖਤਮ ਹੋ ਗਈ ਪਰ ਪੜਨ ਦੀ ਰੀਝ ਅਜੇ ਬਚੀ ਹੋਈ ਸੀ। ਇੰਨੇ ਨੂੰ ਬਾਗ ਦੇ ਅੰਤ ਤੇ ਬਣਿਆ ਸੜਕ ਨਾਲ ਲੱਗਦਾ ਦਰਵਾਜਾ ਖੜਕਿਆ ਅਤੇ ਫੇਰ ਖੁੱਲਿਆ ਤੇ ਮੈਂ ਸਮਝ ਗਿਆ ਕਿ ਮੰਮੀ ਗੁਰਦੁਆਰਿਓਂ ਮੱਥਾ ਟੇਕ ਕੇ ਵਾਪਿਸ ਆ ਗਈ ਏ। ਜਦੋਂ ਮੰਮੀ ਮੇਰੀ ਕੋਲ ਦੀ ਲੰਘਣ ਲੱਗੀ ਮੈਂ ਮੰਮੀ ਨੂੰ ਕਿਹਾ 'ਮੱਟੋ ਅੱਜ ਮੈਨੂੰ ਚਾਹ ਹੀ ਨੀ ਦਿੱਤੀ'। ਜਵਾਂ ਜਵਾਕਾਂ ਵਾਂਗ ਚੋਜ ਜਿਹਾ ਕੀਤਾ। ਮੰਮੀ ਨੇ ਖਾਲੀ ਗਲਾਸ ਪਿਆ ਦੇਖ ਕਿਹਾ ਕਿ ਚਾਹ ਪੀ ਤਾਂ ਲਈ ਏ ਤੂੰ, ਇੰਨਾ ਕੀ ਅਮਲ ਛੁੱਟਦੈ ਤੈਨੂੰ ਜੋ ਚਾਹ ਪੀ ਕੇ ਵੀ ਚਾਹ ਹੀ ਮੰਗੀ ਜਾਂਦੈ।
ਚਾਹ ਤਾਂ ਚਾਹ ਹੀ ਏ ਪਰ ਜਿੰਨਾ ਚਿਰ ਚਾਹ ਮੰਮੀ ਦੇ ਹੱਥੋਂ ਨਾ ਫੜਕੇ ਪੀਤੀ ਜਾਵੇ ਤਾਂ ਓਨਾ ਚਿਰ ਸਵਾਦ ਹੀ ਨਹੀਂ ਆਉਂਦਾ। ਚਾਹ ਓਹੀਔ ਰਹਿੰਦੀ ਏ, ਓਸੇ ਭਾਂਡੇ ਵਿੱਚ ਹੀ ਬਣਦੀ ਏ, ਓਹੀ ਸਮਾਨ ਚਾਹਪੱਤੀ, ਸ਼ੱਕਰ,ਸੌਂਫ - ਅਜਵਾਇਨ ਵਗੈਰਾ ਪਾਈਦਾ ਏ ਪਰ ਸਵਾਦ ਓਦੋਂ ਆਉਂਦਾ ਜਦੋਂ ਮੰਮੀ ਨੂੰ ਥੋੜਾ ਜਿਹਾ ਤੰਗ ਕਰਕੇ ਉਸਦੇ ਹੱਥੋਂ ਗਲਾਸ ਫੜ ਪੀਵਾਂ। ਇਹ ਅਹਿਸਾਸ ਬੜਾ ਰਸ ਭਰਿਆ ਏ। ਸ਼ਾਇਦ ਕੋਈ ਹੋਰ ਵੀ ਐਦਾਂ ਕਰਦਾ ਹੋਵੇ ਮੇਰੇ ਵਾਂਗ। ਇਸਨੂੰ ਬੋਲ ਕੇ ਜਾਂ ਲਿਖ ਕੇ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ ਪਰ ਬੜਾ ਆਨੰਦਮਈ ਅਹਿਸਾਸ ਹੁੰਦਾ ਨਿੱਕਾ ਜਵਾਕ ਬਣ ਜਾਣਾ ਤੇ ਖੇਖਣ ਕਰਨੇ।
ਸ਼ੁੱਭ ਭਾਬੀ (ਮੇਰੇ ਜਿਗਰੀ ਦੋਸਤ ਮਨਦੀਪ ਦੀ ਜੀਵਣ ਸਾਥਣ) ਦਾ ਵਟਸਐਪ ਉਪਰ ਮੈਸਜ ਆਇਆ। ਦੋ ਫੋਟੋਆਂ ਭੇਜੀਆਂ। ਇੱਕ ਫੋਟੋ ਵਿੱਚ ਬੂਟੇ ਨੂੰ ਬਾਦਾਮ ਲੱਗੇ ਹੋਏ ਅਤੇ ਦੂਜੀ ਫੋਟੋ ਵਿੱਚ ਹੱਥ ਉੱਪਰ ਬਾਦਾਮ ਭੰਨ ਕੇ ਬਾਦਾਮ ਗਿਰੀ ਰੱਖੀ ਹੋਈ ਤੇ ਨਾਲ ਉਸਦਾ ਭੰਨਿਆ ਹੋਇਆ ਟੁਕੜਾ।
ਮੈਂ ਕਿਤਾਬ ਬੰਦ ਕਰ ਦਿੱਤੀ ਤੇ ਚਾਅ ਚੜ ਗਿਆ। ਦਿਮਾਗ ਚ ਬਾਦਾਮ-ਬਾਦਾਮ...ਬਾਦਾਮ ਇਹ ਸ਼ਬਦ ਲਗਾਤਾਰ ਆਏ। ਭਾਂਵੇ ਮੈਂ ਬੈਠਾ ਕੁਰਸੀ ਤੇ ਸੀ ਪਰ ਖਿਆਲਾਂ ਵਿੱਚ ਲੁੱਡੀਆਂ ਪਾਈ ਜਾ ਰਿਹਾ ਸੀ, ਖੁਸ਼ੀ ਦਾ ਕੋਈ ਠਿਕਾਣਾ ਨਹੀਂ, ਆਪਣੇ ਘਰੇ ਬਾਦਾਮ ਲੱਗ ਗਏ। ਆਹ ਜਿਉਂਦਾ ਜਾਗਦਾ ਸਬੂਤ। ਬਾਦਾਮ ਪੱਕ ਗਏ, ਬਾਦਾਮ ਲੱਗ ਗਏ ਇਹੀ ਘੁੰਮੀ ਜਾ ਰਿਹਾ ਸੀ ਦਿਮਾਗ ਵਿੱਚ। ਮੈਨੂੰ ਯਾਦ ਆਇਆ ਕਿ ਦੋ ਕੁ ਸਾਲ ਪਹਿਲਾਂ ਜਦੋਂ ਮੈਂ ਮਲੇਰਕੋਟਲੇ ਦੀ ਗੁਲੇਸਤਾਂ ਨਰਸਰੀ ਵਿੱਚੋਂ ਅੱਠ ਬੂਟੇ ਬਾਦਾਮਾਂ ਦੇ, ਦੋ ਆੜੂਆਂ, ਇੱਕ ਚੈਰੀ, ਦੋ ਅੰਬ ਅਤੇ ਕਈ ਰੰਗ ਬਿਰੰਗੇ ਫੁੱਲਾਂ ਦੇ ਬੂਟੇ ਲਿਆਇਆ ਸੀ ਤਾਂ ਕਾਫੀ ਸਾਰੇ ਲੋਕ ਘਰੇ ਆਉਂਦੇ ਤੇ ਪੁੱਛਦੇ ਆਹ ਕਾਹਦੇ ਬੂਟੇ ਆ ਇੱਕੋ ਤਰਾਂ ਦੇ। ਮੈਂ ਹੁੱਬ ਕੇ ਆਖਦਾ ਕਿ ਬਾਦਾਮਾਂ-ਆੜੂਆਂ ਦੇ। ਉਹ ਮਸ਼ਕਰੀ ਜਿਹੇ ਹਾਸੇ ਵਿੱਚ ਚੱਬ ਕੇ ਜਵਾਬ ਦਿੰਦੇ ਕਿ ਲੱਗਦਾ ਹੁਣ ਬਾਦਾਮ ਤੁਹਾਡੇ ਤੋਂ ਹੀ ਖਰੀਦਣੇ ਪਿਆ ਕਰਨੇਗਾ ਮਹਾਜਨ- ਲਾਲਿਆਂ ਨੂੰ। ਮੈਂ ਹੱਸ ਕੇ ਆਖ ਦਿੰਦਾ ਕੋਈ ਨਹੀਂ ਤੁਹਾਡੀ ਇੱਛਾ ਜਰੂਰ ਪੂਰੀ ਕੀਤੀ ਜਾਵੇਗੀ।
ਦੋ ਬੂਟੇ ਮੈਂ ਆਪਣੇ ਜਿਗਰੀ ਯਾਰ ਮਨਦੀਪੇ ਨੂੰ ਦਿੱਤੇ ।
ਜਿੰਨੇ ਮਨੋਂ ਮੈਂ ਉਸਨੂੰ ਬੂਟੇ ਦਿੱਤੇ ਉਸਤੋਂ ਵੱਧ ਦਿਲੋਂ ਉਹਨਾਂ ਨੇ ਵਿਹੜੇ ਵਿੱਚ ਲਾਏ ਤੇ ਪਾਲੇ- ਪੋਸੇ।
ਲੰਘਦੇ ਟੱਪਦੇ ਨੂੰ ਟਿੱਚਰਾਂ ਕਰਦੇ ਕਿ ਸਰਪੰਚ (ਮੇਰੇ ਬਾਪੂ ਜੀ ਜੋ ਹੁਣ ਸਾਬਕਾ ਸਰਪੰਚ ਨੇ) ਜੋਗੇ ਬਾਦਾਮ ਲੱਗ ਗਏ ਕਿ ਨਹੀਂ। ਮੈਂ ਹੱਸ ਕੇ ਬਿਨਾਂ ਕੋਈ ਜਵਾਬ ਦਿੱਤੇ ਅਗਾਂਹ ਵਧਦਾ।
ਮੈਂ ਭਾਬੀ ਨੂੰ ਕਿਹਾ ਕਿ ਭਾਬੀ ਜੀ ਮੈਂ ਹੁਣ ਮਹਾਜਨ ਨਾਲ ਗੱਲ ਕਰ ਹੀ ਆਂਵਾ ਕਿ ਬਦਾਮ ਹੁਣ ਸਾਡੇ ਤੋਂ ਖਰੀਦ ਲਿਓ ਸਸਤੇ ਅਤੇ ਅਸਲੀ?
ਭਾਬੀ ਨੇ ਜਵਾਬ ਵਿੱਚ 'ਜੀ' ਕਿਹਾ।
ਫਿਰ ਮੈਂ ਸਵਾਲ ਕੀਤਾ ਕਿ ਕਿੰਨੇ ਕੁ ਲੱਗੇ ਨੇ ਬਾਦਾਮ?
20 ਕੁ ਲੱਗੇ ਨੇ ਭਾਬੀ ਦਾ ਜਵਾਬ ਸੀ।
ਮੈਂ ਇੱਕ ਹੋਰ ਸਵਾਲ ਕੀਤਾ ਕਿ ਬਾਦਾਮ ਕਿਵੇਂ ਆ ਕੌੜਾ ਤੇ ਨਹੀਂ ?
ਬਹੁਤ ਵਧੀਆ ਅਤੇ ਕੌੜਾ ਨਹੀਂ । ਭਾਬੀ ਨੇ ਜਵਾਬ ਦਿੱਤਾ।
ਦੋ ਢਾਈ ਘੰਟਿਆਂ ਦੇ ਸਮੇਂ ਵਿੱਚ ਇਹੋ ਜਿਹੀਆਂ ਸੁਆਦਲੀਆਂ ਘਟਨਾਵਾਂ ਵਾਪਰੀਆਂ ਕਿ ਅੱਜ ਦੀ ਸਵੇਰ ਵੱਖਰੀ ਜਾਪਣ ਲੱਗ ਪਈ।
ਇੱਕ ਚਾਅ, ਰੂਹ ਨੂੰ ਆਨੰਦ , ਪੰਛੀਆਂ ਜਨੌਰਾਂ ਦੀਆਂ ਅਵੱਲੀਆਂ ਤੇ ਦਿਲ ਖਿੱਚਵਿਆਂ ਹਰਕਤਾਂ ਨੇ ਮੇਰੀ ਸਵੇਰ ਨੂੰ ਖਾਸ ਬਣਾ ਦਿੱਤਾ ।