ਨਸ਼ੇੜੀ ਸੰਭਾਲ ਘਰ (ਮਿੰਨੀ ਕਹਾਣੀ)

ਸਾਧੂ ਰਾਮ ਲੰਗਿਆਣਾ (ਡਾ.)   

Email: dr.srlangiana@gmail.com
Address: ਪਿੰਡ ਲੰਗੇਆਣਾ
ਮੋਗਾ India
ਸਾਧੂ ਰਾਮ ਲੰਗਿਆਣਾ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਲਗਾਤਾਰ ਦੂਸਰੀ ਵਾਰ ਜਿੱਤ ਹਾਸਲ ਹੋਣ ਤੇ ਧੰਨਵਾਦੀ ਦੌਰੇ ਦੌਰਾਨ ਵਿਧਾਇਕ ਨੇ ਬਲਾਕ ਵਿੱਚ ਇਕੱਤਰ ਹੋਏ ਇਲਾਕੇ ਦੇ ਸਮੂਹ ਪਿੰਡਾਂ ਦੇ ਲੋਕਾਂ ਦੀ ਭਰਵੀਂ ਇਕੱਤਰਤਾ ਦਾ ਧੰਨਵਾਦ ਕਰਨ ਉਪਰੰਤ ਅੱਗੇ ਸੰਬੋਧਨ ਕਰਦਿਆਂ ਕਿਹਾ..ਕਿ ਭਾਈ ਪਿਛਲੇ ਕਾਰਜਕਾਲ ਦੌਰਾਨ ਸਾਡੀ ਪਾਰਟੀ ਦੀ ਸਰਕਾਰ ਵੱਲੋਂ  ਭਾਵੇਂ ਵਿਕਾਸੀ ਕੰਮਾਂ ਨੂੰ ਜ਼ਿਆਦਾ ਨੇਪਰੇ ਤਾਂ ਨਹੀਂ ਚਾੜ੍ਹਿਆ ਜਾ ਸਕਿਆ, ਪ੍ਰੰਤੂ ਇੱਕ ਗੱਲੋਂ ਮੈਂ ਖੁਸ਼ ਹਾਂ ਕਿ ਜੋ ਅਸੀਂ ਬਹੁਤ ਥਾਵਾਂ ਤੇ ਅਨੇਕਾਂ ਹੀ ਬਿਰਧ ਆਸ਼ਰਮ ਬਣਵਾਏ ਸਨ ਉੱਥੇ ਰਹਿਣ ਵਾਲੇ ਬਜ਼ੁਰਗਾਂ ਨੂੰ ਬੜਾ ਸਕੂਨ ਮਿਲ ਰਿਹਾ ਹੈ। ਮੇਰੇ ਸਰਵੇਖਣ ਅਨੁਸਾਰ ਉੱਥੇ ਸਭ ਤੋਂ ਜ਼ਿਆਦਾ ਉਹ ਬਜ਼ੁਰਗ ਜੋੜੇ ਮੈਂਨੂੰ ਵੱਧ ਖੁਸ਼ ਨਜ਼ਰ ਆਏ, ਜਿਨ੍ਹਾਂ ਦੇ ਮੁੰਡਿਆਂ ਨੇ ਨਸ਼ਿਆਂ ਵਿਚ ਗੁਲਤਾਨ ਹੋ ਕੇ ਆਪਣੇ ਮਾਪਿਆਂ ਦਾ ਸਭ ਕੁਝ ਵੇਚ ਵੱਟ ਕੇ ਉਨ੍ਹਾਂ ਨੂੰ ਘਰੋਂ ਕੱਢ ਦਿੱਤਾ ਸੀ।ਜੋ ਹੁਣ ਉਹ ਬਿਰਧ ਆਸ਼ਰਮਾਂ ਵਿੱਚ ਆਪਣੀ ਜ਼ਿੰਦਗੀ ਚੰਗੀ ਬਤੀਤ ਕਰ ਰਹੇ ਹਨ। ਹੁਣ ਮੇਰਾ ਤੁਹਾਡੇ ਅੱਗੇ ਸਵਾਲ ਹੈ ਕਿ ਤੁਸੀਂ ਦੱਸੋ ਹੁਣ ਇਸ ਵਾਰ ਪਬਲਿਕ ਦੀਆਂ ਖ਼ਾਸ ਮੰਗਾਂ ਕਿਹੜੀਆਂ - ਕਿਹੜੀਆਂ ਹਨ ਜਿਨ੍ਹਾਂ ਨੂੰ ਅਸੀਂ ਪਹਿਲ ਦੇ ਆਧਾਰ ਤੇ ਜਲਦੀ ਨੇਪਰੇ ਚਾੜ੍ਹ ਸਕੀਏ। ਸਾਰੇ ਜਾਣੇਂ ਆਪੋ ਆਪਣੇ ਸੁਝਾਅ ਜਾਰੀ ਕਰੋ।
                         ਅਜੇ ਬਾਕੀ ਪੰਚ- ਸਰਪੰਚ ਤਾਂ ਕੁਝ ਕਹਿਣ ਲਈ ਸੋਚ ਹੀ ਰਹੇ ਸਨ ਕਿ ' ਜਾਗਰ' ਅਮਲੀਂ ਸਭ ਤੋਂ ਪਹਿਲਾਂ ਕੋਬਰੇ ਸੱਪ ਦੇ ਫੰਨ ਵਾਂਗੂੰ ਇਕਦਮ ਖੜ੍ਹਾ ਹੋ ਕੇ ਆਪਣਾ ਸਲਾਹ - ਮਸ਼ਵਰਾ ਜਾਰੀ ਕਰਦਿਆਂ ਕਹਿਣ ਲੱਗਾ.. ਕਿ ਨੇਤਾ ਜੀ ਤੁਹਾਡੇ ਸੰਬੋਧਨ ਮੁਤਾਬਿਕ ਜ਼ਿਆਦਾਤਰ ਨਸ਼ਿਆਂ ਵਿਚ ਗ਼ਲਤਾਨ ਹੋਏ ਨੌਜਵਾਨਾਂ ਦੇ ਦੁਖੀ ਮਾਪੇ ਤਾਂ ਆਪਣੇ ਘਰ ਬਾਰ ਛੱਡ ਕੇ ਬਿਰਧ ਆਸ਼ਰਮਾਂ ਵਿਚ ਪਹੁੰਚ ਗਏ, ਅਜੇ ਵੀ ਕੁਝ ਜਾਣ ਲਈ ਤਿਆਰ ਵੀ ਬੈਠੇ ਹੋਣਗੇ। ਮੇਰਾ ਖ਼ਿਆਲ ਹੈ  ਕਿ ਨਸ਼ੇੜੀ ਨੌਜਵਾਨ ਪੀੜ੍ਹੀ ਵਿਚ ਦਿਨੋਂ- ਦਿਨ ਵੱਡੀ ਪੱਧਰ ਤੇ ਵਾਧਾ ਹੁੰਦਾ ਜਾ ਰਿਹਾ ਹੈ ਨਸ਼ਾ ਛੱਡਣ ਲਈ ਸਰਕਾਰੀ ਹਸਪਤਾਲਾਂ ਵਾਲੇ ਕੇਂਦਰਾਂ ਵਿਚ ਦਿਨ ਚੜ੍ਹਦੇ ਸਾਰ ਹੀ ਲੰਬੀਆਂ- ਲੰਬੀਆਂ ਲਾਈਨਾਂ ਲੱਗ ਜਾਂਦੀਆਂ ਹਨ। ਫੇਰ ਵੀ ਕੋਈ ਹੱਲ ਨਹੀਂ ਨਿਕਲ ਰਿਹਾ।  ਹੁਣ ਤੁਸੀਂ ਐਂ ਕਰੋ.., ਕਿ ਸਮੇਂ ਦੀ ਲੋੜ ਮੁਤਾਬਕ ਨਸ਼ਿਆਂ ਦੀ ਦਲਦਲ ਵਿਚ ਜਕੜ ਚੁੱਕੀ ਸਾਡੀ ਜਵਾਨੀ ਵਾਸਤੇ ਵੱਧ ਤੋਂ ਵੱਧ 'ਨਸ਼ੇੜੀ ਸੰਭਾਲ ਘਰ' ਖੁਲਵਾ  ਦਿਓ ਜੀ... ਜਿੱਥੇ ਸਾਡੇ ਪੀੜ੍ਹਤ ਨਸ਼ੇੜੀ ਨੌਜਵਾਨ ਵਰਗ ਅਤੇ ਸਾਡੇ ਵਰਗੇ ਪੁਰਾਣਿਆਂ ਨੂੰ ਵੀ ਸਾਂਭਿਆ ਜਾਵੇ...! ਨਾਲੇ ਫ਼ੇਰ ਤੁਸੀਂ ਅਗਲਾ ਦੌਰਾ ਕਰਕੇ ਦੱਸਿਓ, ਕਿ ਤੁਹਾਡਾ ਸਰਵੇਖਣ ਕਿਵੇਂ ਰਿਹਾ...?
         ਅੱਗੋਂ ਹੱਕੇ ਬੱਕੇ ਹੋਏ ਨੇਤਾ ਜੀ ਤਾਂ ਅਜੇ ਜਵਾਬ ਦੇਣ ਲਈ ਕੁਝ ਸੋਚ ਹੀ ਰਹੇ ਸਨ। ਕਿ ਹਜ਼ੂਮ ਚੋਂ ਵੱਡੀ ਪੱਧਰ ਤੇ ਅੰਬਰਾਂ ਨੂੰ ਛੂੰਹਦੀਆਂ ਹੋਈਆਂ ਆਵਾਜ਼ਾਂ ਜਾਗਰ ਅਮਲੀ ਦੇ ਬੋਲਾਂ ਉਪਰ ਨਾਅਰੇਬਾਜ਼ੀ ਰਾਹੀਂ ਮੋਹਰਾਂ ਲਗਾਉਂਦੀਆਂ ਹੋਈਆਂ ਤਾੜ - ਤਾੜ ਕਰਕੇ ਕਹਿ ਰਹੀਆਂ ਸਨ.
          ' ਜਾਗਰ' ਅਮਲੀਂ ਦੀ ਸੋਚ 'ਤੇ .. ਨੇਤਾ ਜੀ ਪਹਿਰਾ ਦੇਵੋ ਠੋਕ ਕੇ...।
        ਜਾਗਰ ਅਮਲੀ ਜ਼ਿੰਦਾਬਾਦ...! ਜਾਗਰ ਅਮਲੀ ਜ਼ਿੰਦਾਬਾਦ...!