ਪੰਜਾਬ ਦੇ ਪਾਣੀਆਂ ਦੀ ਚਿੰਤਾ
(ਪੁਸਤਕ ਪੜਚੋਲ )
ਪੁਸਤਕ- ਪਹਿਲਾ ਪਾਣੀ ਜੀਉ ਹੈ
ਲੇਖਕ - ਡਾ ਬਰਜਿੰਦਰ ਸਿੰਘ ਹਮਦਰਦ
ਪ੍ਰਕਾਸ਼ਕ ---ਨਾਨਕ ਸਿੰਘ ਪੁਸਤਕਮਾਲਾ ਅੰਮ੍ਰਿਤਸਰ
ਪੰਨੇ ----176 ਮੁੱਲ -----350 ਰੁਪਏ
ਪੰਜਾਬੀਅਤ ਦੇ ਅਲੰਬਰਦਾਰ ਤੇ ਪੰਜਾਬ ਦੇ ਮਸਲਿਆਂ ਪ੍ਰਤੀ ਚਿੰਤਤ ਡਾ ਬਰਜਿੰਦਰ ਸਿੰਘ ਹਮਦਰਦ ਦੀ ਇਸ ਪੁਸਤਕ ਬਾਰੇ ਲੰਮੇ ਸਮੇਂ ਤੋਂ ਚਰਚਾ ਹੋ ਰਹੀ ਹੈ ।ਪੁਸਤਕ ਦੀ ਵਿਸ਼ੇਸ਼ ਤੌਰ ਤੇ ਚਰਚਾ ਹੋਣ ਦਾ ਕਾਰਨ ਹੈ ਕਿ ਜ਼ਿੰਦਗੀ ਦੇ ਜਿਉਣ ਦਾ ਮਸਲਾ ਭਵਿਖ ਵਿਚ ਮੂੰਹ ਅਡੀ ਖੜਾ ਹੈ ।ਚਿੰਤਕ ਤਾਂ ਹੁਣ ਤੋਂ ਕਹਿ ਰਹੇ ਹਨ ।ਕਿ ਆਉਣ ਵਾਲੇ ਸਤਾਰਾਂ ਅਠਾਰਾਂ ਵਰ੍ਹਿਆ ਜੋਗਾ ਪਾਣੀ ਧਰਤੀ ਹੇਠ ਹੈ । ਡਾ ਹਮਦਰਦ ਪਿਛਲੇ ਪੈਂਤੀ ਸਾਲਾਂ ਤੋਂ ਅਜੀਤ ਵਿਚ ਸੰਪਾਦਕੀ ਲੇਖ ਲਿਖ ਕੇ ਸਮਾਜ ਤੇ ਸਰਕਾਰਾਂ ਨੂੰ ਜਾਗਦੇ ਰਹੋ ਦਾ ਹੋਕਾ ਦੇ ਰਿਹਾ ਹੈ ਪਰ ਮਜਾਲ ਹੈ ਕਿ ਸਾਡੇ ਸਿਆਸਤਦਾਨਾਂ ਦੇ ਕੰਨਾਂ ਤੇ ਜੂੰਅ ਵੀ ਸਰਕ ਜਾਵੇ । ਉਸਦਾ ਵਡਾ ਕਾਰਨ ਹੈ ਕਿ ਸਾਡੇ ਸਿਆਸਤਦਾਨ ਹਰੇਕ ਮਸਲੇ ਨੂੰ ਸਿਆਸਤ ਦੀ ਐਨਕ ਵਿਚੋ ਵੇਖਦੇ ਹਨ ।ਪਰ ਨਿਡਰ ਪਤਰਕਾਰ ਡਾ ਹਮਦਰਦ ਅਜਿਹੇ ਲੋਕਾਂ ਦੀਆਂ ਚਾਲਾਂ ਨੂੰ ਨੰਗਾ ਕਰਦਾ ਆ ਰਿਹਾ ਹੈ ਕਿਉਂ ਕਿ ਉਸਦੇ ਦਿਲ ਵਿਚ ਪੰਜਾਬ ਦਾ ਦਰਦ ਹੈ । ਉਹ ਪੰਜਾਬ ਦੇ ਹਕਾਂ ਲਈ ਸ਼ਬਦਾਂ ਦੇ ਹਥਿਆਰਾਂ ਨਾਲ ਲੜਦਾ ਆ ਰਿਹਾ ਹੈ । ਪੁਸਤਕ ਵਿਚ ਸੰਨ 1986 ਤੋਂ ਲੈ ਕੇ 2021 ਤਕ ਦੇ ਲਿਖੇ ਪਾਣੀਆਂ ਬਾਰੇ ਲੇਖ ਹਨ ।ਜੋ ਸਮੇਂ ਸਮੇਂ ਤੇ ਅਜੀਤ ਦੇ ਲਖਾਂ ਪਾਠਕ ਪੜ੍ਹਦੇ ਆ ਰਹੇ ਹਨ । ਕਿਤਾਬ ਦਾ ਅਧਿਐਨ ਕਰਨ ਤੇ ਮੈਂ ਲੇਖਾਂ ਦੀ ਗਿਣਤੀ ਕੀਤੀ। ਇਹ 74 ਲੇਖ ਹਨ ।
ਜੇ ਸਾਲ ਵਾਰ ਤਰਤੀਬ ਕੀਤੇ ਜਾਣ ਤਾ 1986 ਵਿਚ (ਲੇਖ 1.2) 1992(3,4),1993(5) 1994(6), 1995(7- 10), 1996(11), 1997(12), 2000(13-15), 2001(16-18), 2002(19-21), 2003(22-24),2004(25-29),(30- 31)2007(32)2008(33-36)2009(37-38)2010(39-43)2011(44)2012(45-46)2014(47)2015(48-50), 2016(51-58), 2017(59-61), 2018(62-64), 2019(65-68), 2020(69-71), 2021 ਵਿਚ 72-74 ਲੇਖ ਛਪੇ ਹਨ ।
ਇਹ ਲੜੀ ਨੰਬਰ ਕਿਤਾਬ ਵਿਚ ਨਹੀਂ ਹੈ ਅਧਿਅਨ ਕਰਨ ਵੇਲੇ ਦਿਤਾ ਗਿਆ ਹੈ ।ਸਪਸ਼ਟ ਹੈ ਕਿ ਡਾ ਹਮਦਰਦ ਦੀ ਬੁਲੰਦ ਆਵਾਜ਼ ਪਾਣੀਆਂ ਬਾਰੇ ਪੈਂਤੀ ਸਾਲਾਂ ਤੋਂ ਲਗਤਾਰ ਉਠਦੀ ਰਹੀ ਹੈ ।ਹੁਣ ਜਦੋਂ ਕਿ ਇਸ ਵਡੀ ਸਮਸਿਆ ਦਾ ਅੰਤ ਨੇੜੇ ਹੈ ਤਾਂ ਲੋਕ ਚੇਤਨਾ ਵਿਚ ਵਖ ਵਖ ਮੰਚਾਂ ਤੋਂ ਉਭਾਰ ਵੇਖਣ ਨੂੰ ਮਿਲ ਰਿਹਾ ਹੈ ।ਪੰਜਾਬ ਸਰਕਾਰ ਨੇ ਵੀ ਕਿਸਾਨ ਵੀਰਾਂ ਨੂੰ ਝੋਨਾ ਲਾਉਣ ਲਈ ਕਈ ਹਿਦਾਇਤਾਂ ਦਿਤੀਆਂ ਹਨ ।ਜਿਸ ਵਿਚ ਵਖ ਵਖ ਜ਼ੋਨ ਬਣਾ ਦਿਤੇ ਗਏ ਹਨ । ਕੀ ਇਹ ਮਸਲਾ ਕੇਵਲ ਪੰਜਾਬ ਦਾ ਹੈ ? ਬਿਲਕੁਲ ਪੰਜਾਬ ਦਾ ਹੈ ਕਿਉਂ ਕਿ ਪੰਜਾਬ ਵਿਚ ਝੋਨਾ ਜ਼ਿਆਦਾ ਲਾਇਆ ਜਾਂਦਾ ਹੈ । ਇਕ ਲੇਖ ਵਿਚ ਜ਼ਮੀਨ ਹੇਠਲੇ ਪਾਣੀ ਦਾ ਪਧਰ ਨੀਵਾਂ ਜਾਣ ਦਾ ਵਡਾ ਕਾਰਨ ਵੀ ਡਾ ਹਮਦਰਦ ਨੇ ਲਿਖਿਆ ਹੈ ਕਿ ਪੰਜਾਬ ਵਿਚ ਟਿਊਬਵੈਲਾਂ ਦੀ ਗਿਣਤੀ ਵਿਚ ਵਡਾ ਵਾਧਾ ਹੋਇਆ ਹੈ ।ਪੰਜਾਬ ਵਿਚ ਇਕ ਕਿਲੋ ਚੌਲਾਂ ਲਈ 5337 ਲਿਟਰ ਪਾਣੀ ਵਰਤਿਆ ਜਾਂਦਾ ਹੈ (ਪੰਨਾ 150)ਜਿਹੜੇ ਟਿਊਬਵੈਲ 1977 ਵਿਚ 2 ਲਖ ਸੀ ।ਉਹ ਹੁਣ ਵਧ ਕੇ 12.80;ਲਖ ਹੋ ਗਏ ਹਨ । ਪਾਣੀ ਬਚਾਉਣ ਲਈ ਮਾਸਟਰ ਪਲਾਨ ਬਨਾਉਣ ਦੀ ਲੋੜ ਹੈ ਲੇਖਕ ਡਾ ਹਮਦਰਦ ਨੇ ਇਜ਼ਰਾਈਲ ਤੇ ਜਾਪਾਨ ਦੀ ਮਿਸਾਲ ਦਿਤੀ ਹੈ । ਇਹ ਦੇਸ਼ ਇਹੋ ਜਿਹੇ ਹਨ ।ਜਿਨ੍ਹਾ ਨੇ ਤੁਪਕਾ ਸੰਚਾਈ ਨਾਲ ਪਾਣੀ ਦੀ ਫਾਲਤੂ ਵਰਤੋਂ ਉਪਰ ਰੋਕ ਲਾ ਲਈ ਹੈ। ਅਸੀਂ ਮੀਂਹ ਦਾ ਪਾਣੀ ਅਜਾਈਂ ਗਵਾ ਰਹੇ ਹਾਂ ਇਹ ਪਾਣੀ ਧਰਤੀ ਹੇਠ ਸਾਂਭਣ ਦੀ ਯੋਜਨਾ ਵਡੇ ਪਧਰ ਤੇ ਅਪਨਾਉਣ ਦੀ ਲੋੜ ਹੈ । ਪੁਸਤਕ ਵਿਚਲੇ ਕਈ ਲੇਖ ਪੰਜਾਬ ਹਰਿਆਣਾ ਵਿਚ ਪਾਣੀ ਦੇ ਮਸਲੇ ਨੂੰ ਉਜਾਗਰ ਕਰਦੇ ਹਨ ।1966 ਵਿਚ ਹਰਿਆਣਾ ਸੂਬਾ ਵਖਰਾ ਹੋਣ ਨਾਲ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਮਸਲਾ ਬਣਾ ਕੇ ਰਖ ਦਿਤਾ।
ਨਾਲ ਹੀ ਹਰਿਆਣੇ ਨੂੰ ਪੰਜਾਬ ਦਾ ਪਾਣੀ ਦੇਣ ਲਈ ਸਤਿਲੁਜ ਯਮਨਾ ਲਿੰਕ ਨਹਿਰ ਕਢਣ ਦਾ ਟਕ ਕੇਂਦਰ ਵਲੋਂ ਲਾਇਆ ਗਿਆ । ਕੇਂਦਰ ਨੇ ਪੰਜਾਬ ਦੇ ਹਿਤਾਂ ਨੂੰ ਦਾਅ ਤੇ ਲਾਇਆ ।ਅਕਾਲੀ ਦਲ ਨੇ ਮੋਰਚਾ ਲਾਇਆ । ਕਪੂਰੀ ਮੋਰਚਾ ਇਤਿਹਾਸ ਦਾ ਉਹ ਪੰਨਾ ਹੈ ਜੋ ਪੰਜਾਬ ਵਿਚ ਪਾਣੀਆ ਦੀ ਧਕੇਸ਼ਾਂਹੀ ਦਾ ਸਬੂਤ ਹੈ ।ਪੁਸਤਕ ਦੇ ਲੇਖ ਸਮਕਾਲੀ ਸਿਆਸਤ ਦੀ ਤਸਵੀਰ ਪੇਸ਼ ਕਰਦੇ ਹਨ ।ਪਾਕਿਸਤਾਨ ਨਾਲ ਪਾਣੀ ਦਾ ਝਗੜਾ ।ਸਿੰਧ ਜਲ ਸਮਝੌਤੇ ਦਾ ਖਤਰੇ ਵਿਚ ਪੈਣਾ (ਪੰਨਾ 153) ।ਦਰਿਆਵਾਂ ਦੇ ਪਾਣੀਆ ਦਾ ਪਲੀਤ ਹੋਣਾ ਯੌਜਨਾ ਕਮਿਸਨ ਦੇ ਚੇਅਰਮੈਨ ਮੋਨਟੇਕ ਸਿੰਘ ਆਹਲੂਵਾਲੀਆ ਵਲੋਂ ਕੀਤੇ ਯਤਨਾਂ ਦੀ ਚਰਚਾ ਲੇਖਾਂ ਵਿਚ ਹੈ । ਦੇਰ ਆਇਦ ਦਰੁਸਤ ਆਇਦ ਲੇਖ ਵਿਚ ਲੇਖਕ ਦੀ ਚਿੰਤਾ ਹੈ ਕਿ ਭਵਿਖ ਵਿਚ ਪਾਣੀਆਂ ਪਿਛੇ ਦੁਨੀਆ ਦੀ ਜੰਗ ਹੋ ਸਕਦੀ ਹੈ । ਸਾਬਕਾ ਪ੍ਰਧਾਂਨ ਮੰਤਰੀ ਡਾ ਮਨਮੋਹਨ ਸਿੰਘ ਦੇ ਕਥਨ ਦਾ ਹਵਾਲਾ ਇਕ ਲੇਖ ਵਿਚ ਹੈ ਕਿ ਸਾਡੇ ਦੇਸ਼ ਵਿਚ ਧਰਤੀ ਹੇਠਲੇ ਪਾਣੀ ਦੀ ਵਡੀ ਮਾਤਰਾ ਵਿਚ ਦੁਰਵਰਤੋਂ ਹੋ ਰਹੀ ਹੈ । ਲੇਖਾਂ ਵਿਚ ਕਿਸਾਨਾ ਨੁੰ ਮੁਫਤ ਬਿਜਲੀ ਦੇ ਫੈਸਲੇ ਨੂੰ ਵੀ ਗਲਤ ਕਿਹਾ ਗਿਆ ਹੈ ਕਿਉਂ ਕਿ ਦਿਨ ਰਾਤ ਚਲਦੇ ਟਿਊਬਵੈਲ ਧਰਤੀ ਦੇ ਸੀਨੇ ਵਿਚ ਪਾਣੀ ਕਢਦੇ ਆ ਰਹੇ ਹਨ । ਵਧੀਆ ਦਿਖ ਵਾਲੀ ਪੁਸਤਕ ਦੀ ਭੂਮਿਕਾ ਸੰਸਾਰ ਪ੍ਰਸਿਧ ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਭਾਵਪੂਰਤ ਸ਼ਬਦਾ ਵਿਚ ਲਿਖੀ ਹੈ। ਪੰਜਾਬੀ ਨਾਵਲ ਦੇ ਪਿਤਾਮਾ ਪੰਜਾਬੀ ਦੇ ਹਰਮਨਪਿਆਰੇ ਨਾਵਲਕਾਰ ਸਰਦਾਰ ਨਾਨਕ ਸਿੰਘ ਜੀ ਨੂੰ ਸਮਰਪਿਤ ਇਤਿਹਾਸਕ ਪੁਸਤਕ ਪੰਜਾਬ ਦੇ ਪਾਣੀਆਂ ਦੀ ਲੰਮੀ ਦਾਸਤਾਨ ਹੈ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਮਾਰਗਦਰਸ਼ਕ ਬਣੇਗੀ । ਸਮੁਚੇ ਸਮਾਜ, ਵੇਲੇ ਦੀਆਂ ਸਰਕਾਰਾਂ ਤੇ ਸਮਾਜਿਕ ਸੰਸਥਾਂਵਾਂ ਨੂੰ ਹਲੂਣਾ ਦੇਣ ਵਾਲੀ ਪੁਸਤਕ ਦਾ ਸਵਾਗਤ ਹੈ ।