ਨਿਵੇਕਲੇ ਰੰਗਾਂ ਨਾਲ ਲਬਰੇਜ਼ ਕਹਾਣੀਆਂ: ਮ੍ਰਿਗ ਤ੍ਰਿਸ਼ਨਾ (ਪੁਸਤਕ ਪੜਚੋਲ )

ਹਰਵਿੰਦਰ ਸਿੰਘ ਰੋਡੇ   

Email: harvinderbrar793@gmail.com
Address: ਪਿੰਡ ਤੇ ਡਾਕ:- ਰੋਡੇ
ਮੋਗਾ India
ਹਰਵਿੰਦਰ ਸਿੰਘ ਰੋਡੇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪੁਸਤਕ ਦਾ ਨਾਂ - ਮ੍ਰਿਗ ਤ੍ਰਿਸ਼ਨਾ

ਲੇਖਕ - ਜੇ. ਬੀ. ਸਿੰਘ

ਪ੍ਰਕਾਸ਼ਕ - ਰਵੀ ਸਾਹਿਤ ਪ੍ਰਕਾਸ਼ਨ

ਮੁੱਲ - 275/-, ਪੰਨੇ - 127

   

     ਪੰਜਾਬੀ ਕਹਾਣੀ ਨੇ ਹੁਣ ਤੱਕ ਕਈ ਕਰਵਟਾਂ ਲਈਆਂ ਹਨ। ਹਰੇਕ ਪੀੜ੍ਹੀ ਦੇ ਕਥਾਕਾਰਾਂ ਨੇ ਇਸ ਨੂੰ ਨਵਾਂ ਮੁਹਾਂਦਰਾਂ ਦੇਣ ਦੀ ਕੋਸ਼ਿਸ਼ ਕੀਤੀ ਹੈ। ਅਜੋਕੇ ਦੌਰ ਵਿੱਚ ਪੰਜਾਬੀ ਕਹਾਣੀ ਦੀ ਆਪਣੀ ਇੱਕ ਵੱਖਰੀ ਪਛਾਣ ਹੈ। ਏਸੇ ਦੌਰ ਵਿੱਚ ਲੁਧਿਆਣੇ ਦੇ ਜੰਮਪਲ ਤੇ ਅਮਰੀਕਾ ਦੇ ਨਿਵਾਸੀ ਕਹਾਣੀਕਾਰ ਜੇ.ਬੀ. ਸਿੰਘ ਦੀ ਕਹਾਣੀਆਂ ਦੀ ਪਲੇਠੀ ਪੁਸਤਕ ‘ਮ੍ਰਿਗ ਤ੍ਰਿਸ਼ਨਾ’ ਪ੍ਰਕਾਸ਼ਿਤ ਹੋਈ ਹੈ। ਇਸ ਪੁਸਤਕ ਵਿਚ ਕੁੱਲ 19 ਕਹਾਣੀਆਂ ਹਨ।

     ਜੇ.ਬੀ. ਸਿੰਘ ਨੇ ਆਪਣੀਆਂ ਕਹਾਣੀਆਂ ਵਿੱਚ ਉਨ੍ਹਾਂ ਨਿੱਕੀਆਂ-ਨਿੱਕੀਆਂ ਗੱਲਾਂ ਨੂੰ ਫੜ੍ਹਨ ਦੀ ਕੋਸ਼ਿਸ਼ ਕੀਤੀ ਹੈ; ਜਿਨ੍ਹਾਂ ਤੋਂ ਕਈ ਵਾਰ ਵੱਡੇ-ਵੱਡੇ ਤਕਰਾਰ ਪੈਦਾ ਹੋ ਜਾਂਦੇ ਹਨ। ਉਹਦੇ ਵਿਸ਼ੇ ਆਮ ਪੰਜਾਬੀ ਕਹਾਣੀ ਤੋਂ ਹਟ ਕੇ ਹਨ। ਕਹਾਣੀ ਸ਼ੁਰੂ ਹੁੰਦਿਆਂ ਹੀ ਉਹ ਪਾਠਕ ਨੂੰ ਉਂਗਲ ਫੜ੍ਹ ਆਪਣੇ ਨਾਲ ਤੋਰ ਲੈਂਦਾ ਹੈ। ਹਰੇਕ ਕਹਾਣੀ ਦੇ ਮੁੱਢਲੇ ਵਾਕ ਹੀ ਪਾਠਕ ਮਨ ਅੰਦਰ ਮਣਾਂ-ਮੂੰਹੀਂ ਜਗਿਆਸਾ ਪੈਦਾ ਕਰ ਦਿੰਦੇ ਹਨ। ਕਹਾਣੀ ਦੇ ਅਖੀਰ ਤੱਕ ਪਾਠਕ ਜਗਿਆਸਾ ਦੇ ਗਲਿਆਰਿਆਂ ਵਿੱਚ ਗੋਤੇ ਖਾਂਦਾ ਹੋਇਆ ਸੁਆਦਲੇ ਤੇ ਸੁਖ਼ਦ ਅੰਤ ਨੂੰ ਪ੍ਰਾਪਤ ਕਰ ਲੈਂਦਾ ਹੈ। ਉਹਦੀਆਂ ਤਕਰੀਬਨ ਸਾਰੀਆਂ ਕਹਾਣੀਆਂ ਦੇ ਅੰਤ ਸੁਖਦ ਅਹਿਸਾਸ ਕਰਵਾਉਂਦੇ ਹਨ।

     ਆਮ ਕਹਾਣੀਆਂ ਨਾਲੋਂ ਇਨ੍ਹਾਂ ਕਹਾਣੀਆਂ ਦਾ ਮੂਲ ਵਖਰੇਵਾਂ ਇਹ ਲੱਗਦਾ ਹੈ ਕਿ ਇਹ ਮਨੁੱਖ ਨੂੰ ਨਾ ਕੇਵਲ ਆਪਣੇ ਅੰਦਰਲੇ ਸ਼ੈਤਾਨਾਂ ਦੀ ਪਹਿਚਾਣ ਹੀ ਕਰਵਾਉਂਦੀਆਂ ਹਨ; ਸਗੋਂ ਉਨ੍ਹਾਂ ਨੂੰ ਫੜ੍ਹ ਕੇ ਉਨ੍ਹਾਂ ’ਤੇ ਕਾਬੂ ਪਾਉਣ ਦੀ ਪ੍ਰੇਰਨਾ ਵੀ ਦਿੰਦੀਆਂ ਹਨ। ਕਦੇ-ਕਦੇ ਕਹਾਣੀਆਂ ਦੀ ਜੁਗਤ ਉਪਦੇਸ਼ਾਤਮਿਕ ਜਾਪਣ ਲੱਗਦੀ ਹੈ; ਐਪਰ ਫਿਰ ਵੀ ਇਨ੍ਹਾਂ ਨੂੰ ਯਥਾਰਥ ਤੋਂ ਪਾਸੇ ਨਹੀਂ ਰੱਖਿਆ ਜਾ ਸਕਦਾ। ਵੇਖਿਆ ਜਾਵੇ ਤਾਂ ਸਾਹਿਤ ਦਾ ਮੂਲ ਕੰਮ ਮਨੁੱਖ ਦਾ ਮੰਨੋਰੰਜਨ ਕਰਨਾ ਨਹੀਂ ਸਗੋਂ ਉਸ ਨੂੰ ਸਿੱਧੀ ਲੀਹ ’ਤੇ ਪਾਉਣਾ ਹੀ ਹੈ। ਇਉਂ ਇਹ ਕਹਾਣੀਆਂ ਆਪਣਾ ਕਾਰਜ ਬਾਖੂਬੀ ਢੰਗ ਨਾਲ ਨਿਭਾਉਂਦੀਆਂ ਹਨ।

     ਜੇ.ਬੀ. ਸਿੰਘ ਕੋਲ ਵਿਸ਼ੇ ਅਨੁਸਾਰ ਗੱਲ ਕਰਨ ਦੀ ਢੁੱਕਵੀਂ ਸ਼ੈਲੀ ਹੈ। ਉਸਨੂੰ ਜਿੰਦਗੀ ਵਿਚਲੀ ਖੜੋਤ ਚੰਗੀ ਨਹੀਂ ਲੱਗਦੀ; ਉਹ ਮਨੁੱਖੀ ਸੋਚ ਵਿੱਚ ਵੱਡੇ ਬਦਲਾਅ ਨੂੰ ਵੇਖਣ ਦਾ ਇੱਛੁਕ ਹੈ। ਰਿਸ਼ਤਿਆਂ ਵਿੱਚ ਆ ਰਹੀਆਂ ਤ੍ਰੇੜਾਂ ਉਸਦੇ ਕੋਮਲ ਮਨ ਨੂੰ ਅਤਿਅੰਤ ਦੁਖੀ ਕਰਦੀਆਂ ਹਨ। ਇਨ੍ਹਾਂ ਤ੍ਰੇੜਾਂ ਨੂੰ ਭਰਨ ਦਾ ਯਤਨ ਜੁਟਾਉਂਦਿਆਂ ਉਹਨੇ ਨਿੱਕੇ-ਨਿੱਕੇ ਵਾਕਾਂ ਦੀਆਂ ਨਿੱਕੀਆਂ-ਨਿੱਕੀਆਂ ਕਹਾਣੀਆਂ ਬੁਣੀਆਂ ਹਨ। ਉਹ ‘ਕਰ ਭਲਾ ਹੋ ਭਲਾ’ ਦੀ ਹਾਮੀ ਭਰਦਾ ਹੋਇਆ ਪਾਠਕ ਨੂੰ ਤਾਕੀਦ ਕਰਦਾ ਹੈ ਕਿ ਦੂਜਿਆਂ ਨੂੰ ਖੁਸ਼ੀਆਂ ਦੇ ਕੇ ਹੀ ਅਸੀਂ ਖੁਸ਼ ਰਹਿ ਸਕਦੇ ਹਾਂ। ਇਕੱਲੀ-ਇਕੱਲੀ ਕਹਾਣੀ ਪਾਠਕ ਮਨ ਦੇ ਕਈ ਸੰਸਿਆਂ ਦਾ ਹੱਲ ਸਮੋਈ ਬੈਠੀ ਹੈ। ਜੇ.ਬੀ. ਸਿੰਘ ਦੀ ਇਹ ਕਥਾ ਪੁਸਤਕ ਪੰਜਾਬੀ ਪਾਠਕਾਂ ਦੇ ਪੜ੍ਹਨਯੋਗ ਪੁਸਤਕ ਹੈ। ਮੈਨੂੰ ਲੱਗਦਾ ਹੈ ਕਿ ਇਨ੍ਹਾਂ ਕਹਾਣੀਆਂ ਦੇ ਪਾਠ ਤੋਂ ਬਾਅਦ ਅਸੀਂ ਆਪਣੀ ਜ਼ਿੰਦਗੀ ਦੀਆਂ ਕਈ ਫਜੂਲ ਜਿਹੀਆਂ ਚਿੰਤਾਵਾਂ ਤੋਂ ਨਿਜਾਤ ਪਾਉਣ ਦੇ ਕਾਬਿਲ ਹੋ ਸਕਦੇ ਹਾਂ।