ਦਵਿੰਦਰ ਗੌਤਮ ਦਾ ਗ਼ਜ਼ਲ ਸੰਗ੍ਰਹਿ ‘ਸੁਪਨੇ ਸੌਣ ਨਾ ਦਿੰਦੇ’ ਰਿਲੀਜ਼
(ਖ਼ਬਰਸਾਰ)
ਸਰੀ -- ਗ਼ਜ਼ਲ ਮੰਚ ਸਰੀ ਵੱਲੋਂ ਮੰਚ ਦੇ ਰੂਹੇ-ਰਵਾਂ ਅਤੇ ਬਹੁਤ ਹੀ ਜ਼ਹੀਨ ਸ਼ਾਇਰ ਦਵਿੰਦਰ ਗੌਤਮ ਦੇ ਪਲੇਠੇ ਗ਼ਜ਼ਲ ਸੰਗ੍ਰਹਿ ‘ਸੁਪਨੇ ਸੌਣ ਨਾ ਦਿੰਦੇ’ ਰਿਲੀਜ਼ ਕਰਨ ਲਈ ਵਿਸ਼ੇਸ਼ ਸਮਾਗਮ ਫਲੀਟਵੁਡ ਲਾਇਬਰੇਰੀ ਵਿਚ ਕਰਵਾਇਆ ਗਿਆ। ਇਸ ਸਮਾਰੋਹ ਦੀ ਪ੍ਰਧਾਨਗੀ ਪ੍ਰਸਿੱਧ ਸ਼ਾਇਰ ਨਦੀਮ ਪਰਮਾਰ, ਉੱਘੇ ਨਾਵਲਕਾਰ ਜਰਨੈਲ ਸਿੰਘ ਸੇਖਾ, ਉਸਤਾਦ ਗ਼ਜ਼ਲਗੋ ਕ੍ਰਿਸ਼ਨ ਭਨੋਟ, ਡਾ. ਪ੍ਰਿਥੀਪਾਲ ਸਿੰਘ ਸੋਹੀ ਅਤੇ ਸ਼ਾਇਰ ਦਵਿੰਦਰ ਗੌਤਮ ਨੇ ਕੀਤੀ।
ਮੰਚ ਸੰਚਾਲਕ ਪ੍ਰੀਤ ਮਨਪ੍ਰੀਤ ਨੇ ਸਮਾਗਮ ਵਿਚ ਪਹੁੰਚੇ ਸਭਨਾਂ ਮਹਿਮਾਨਾਂ, ਵਿਦਵਾਨਾਂ, ਲੇਖਕਾਂ ਅਤੇ ਸਾਹਿਤ ਪ੍ਰੇਮੀਆਂ ਨੂੰ ਜੀ ਆਇਆਂ ਕਿਹਾ। ਉਪਰੰਤ ਬਲਰਾਜ ਬਾਸੀ ਅਤੇ ਮੀਨੂੰ ਬਾਵਾ ਨੇ ਦਵਿੰਦਰ ਦੀਆਂ ਦੋ ਗ਼ਜ਼ਲਾਂ ਨੂੰ ਆਪਣੇ ਸੁਰੀਲੇ ਸੁਰਾਂ ਰਾਹੀਂ ਪੇਸ਼ ਕੀਤਾ। ਦਵਿੰਦਰ ਗੌਤਮ ਨੇ ਆਪਣੇ ਵਿਦਿਅਕ ਅਤੇ ਸਾਹਿਤਕ ਸਫਰ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ। ਗ਼ਜ਼ਲ ਦੀ ਰਚਨਾ ਬਾਰੇ ਉਸ ਨੇ ਕਿਹਾ ਕਿ ਉਸਤਾਦ ਕ੍ਰਿਸ਼ਨ ਭਨੋਟ ਨੇ ਉਸ ਦਾ ਮਾਰਗ ਦਰਸ਼ਨ ਕੀਤਾ ਅਤੇ ਗ਼ਜ਼ਲ ਦੀਆਂ ਬਾਰੀਕੀਆਂ ਬਾਰੇ ਉਨ੍ਹਾਂ ਪਾਸੋਂ ਸਿੱਖਿਆ ਹਾਸਲ ਕੀਤੀ। ਸਰੀ ਦੇ ਹਰਮਨ ਪਿਆਰੇ ਸ਼ਾਇਰ ਰਾਜਵੰਤ ਰਾਜ ਨਾਲ ਮੇਲ ਹੋਣ ਅਤੇ ਫਿਰ ਪੰਜਾਬੀ ਗ਼ਜ਼ਲ ਦੇ ਨਾਮਵਰ ਹਸਤਾਖਰ ਜਸਵਿੰਦਰ ਦੀ ਸੰਗਤ ਮਿਲਣ ਸਦਕਾ ਉਸ ਦੀ ਗ਼ਜ਼ਲ ਵਿਚ ਬੇਹੱਦ ਨਿਖਾਰ ਆਇਆ। ਉਸ ਨੇ ਆਪਣੀਆਂ ਦੋ ਗ਼ਜ਼ਲਾਂ ਵੀ ਤਰੰਨਮ ਵਿਚ ਪੇਸ਼ ਕੀਤੀਆਂ। ਉਪਰੰਤ ‘ਸੁਪਨੇ ਸੌਣ ਨਾ ਦਿੰਦੇ’ ਪੁਸਤਕ ਲੋਕ ਅਰਪਣ ਕੀਤੀ ਗਈ।
ਇਸ ਪੁਸਤਕ ਉਪਰ ਪਹਿਲਾ ਪਰਚਾ ਪੜ੍ਹਦਿਆਂ ਰਾਜਵੰਤ ਰਾਜ ਨੇ ਕਿਹਾ ਕਿ ਪੁਸਤਕ 'ਸੁਪਨੇ ਸੌਣ ਨਾ ਦਿੰਦੇ', ਨੀਂਦ ਵਿਚਲੀਆਂ ਉਨ੍ਹਾਂ ਗਰਦਸ਼ਾਂ ਦੀ ਦਾਸਤਾਨ ਹੈ ਜਿਨ੍ਹਾਂ ਉੱਤੋਂ ਨੀਂਦ ਹੱਸ ਕੇ ਕੁਰਬਾਨ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਦੂਰ-ਦਰਸ਼ੀ ਹੋਣ ਦੇ ਨਾਲ-ਨਾਲ ਗੌਤਮ ਬਹੁਤ ਜਜ਼ਬਾਤੀ ਇਨਸਾਨ ਹੈ। ਉਹ ਹਰ ਵਰਤਾਰੇ ਨੂੰ ਬਹੁਤ ਸੂਖਮ ਦ੍ਰਿਸ਼ਟੀ ਨਾਲ ਦੇਖਦਾ ਹੈ ਅਤੇ ਗਹਿਰਾ ਮਹਿਸੂਸਦਾ ਹੈ। ਗੌਤਮ ਦਿਆਂ ਸ਼ਿਅਰਾਂ ਵਿਚ ਇਨਸਾਨੀ ਬੇਬਸੀਆਂ, ਲਾਚਾਰੀਆਂ ਵਾਰ-ਵਾਰ ਉਜਾਗਰ ਹੁੰਦੀਆਂ ਹਨ। ਗੌਤਮ, ਅੰਦਰੋਂ ਨਾਸਤਿਕ ਨਹੀਂ, ਪਰ ਧਾਰਮਿਕ ਪਾਖੰਡਵਾਦ ਨੂੰ ਕਰੜੇ ਹੱਥੀਂ ਲੈਂਦਾ ਹੈ। ਉਸ ਨੇ ਆਮ ਸ਼ਾਇਰਾਂ ਵਾਂਗ ਮਹਿਬੂਬ ਦੇ ਕਸੀਦੇ ਨਹੀਂ ਲਿਖੇ। ਉਸ ਦਿਆਂ ਬੋਲਾਂ ਵਿਚ ਅਦਬ ਹੈ, ਸਤਿਕਾਰ ਹੈ, ਸੁਹਜ ਹੈ। ਉਸ ਦੇ ਸ਼ਿਅਰਾਂ ਦੀਆਂ ਕਈ ਪਰਤਾਂ ਹੁੰਦੀਆਂ ਹਨ ਅਤੇ ਇਹ ਸ਼ਿਅਰ ਸਦੀਵੀ ਹੋਣ ਦਾ ਗੁਣ ਰੱਖਦੇ ਹਨ।
ਪੁਸਤਕ ਉਪਰ ਦੂਜਾ ਪਰਚਾ ਪੇਸ਼ ਕਰਦਿਆਂ ਪ੍ਰੋ. ਹਰਿੰਦਰ ਕੌਰ ਸੋਹੀ ਨੇ ਕਿਹਾ ਕਿ ਦਵਿੰਦਰ ਗੌਤਮ ਬਹੁਤ ਹੀ ਸੰਜੀਦਾ ਸ਼ਾਇਰ ਹੈ। ਉਸ ਦੇ ਪਲੇਠ ਗ਼ਜ਼ਲ ਸੰਗ੍ਰਹਿ ਵਿਚ ਹੀ ਬੜੀ ਪਰਪੱਕ ਸ਼ਾਇਰੀ ਦੇ ਸਬੂਤ ਮਿਲਦੇ ਹਨ। ਉਨ੍ਹਾਂ ਪੁਸਤਕ ਵਿਚਲੇ ਕੁਝ ਸ਼ਿਅਰ ਸਾਂਝੇ ਕੀਤੇ ਅਤੇ ਵਿਸ਼ੇਸ਼ ਤੌਰ ਤੇ ਪੁਸਤਕ ਦੇ ਦਿਲਕਸ਼ ਅਤੇ ਬੇਹੱਦ ਢੁੱਕਵੇਂ ਟਾਈਟਲ ਦੀ ਗੱਲ ਕੀਤੀ। ਪੰਜਾਬ ਤੋਂ ਆਏ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਅਤੇ ਨਾਮਵਰ ਵਿਦਵਾਨ ਡਾ. ਸੁਖਦੇਵ ਸਿੰਘ ਸਿਰਸਾ ਨੇ ਵੀ ਦਵਿੰਦਰ ਗੌਤਮ ਦੀ ਸ਼ਾਇਰੀ ਨੂੰ ਪੰਜਾਬੀ ਗ਼ਜ਼ਲ ਦੀ ਪ੍ਰਾਪਤੀ ਦੱਸਿਆ। ਨਦੀਮ ਪਰਮਾਰ, ਜਰਨੈਲ ਸਿੰਘ ਸੇਖਾ, ਕ੍ਰਿਸ਼ਨ ਭਨੋਟ, ਡਾ. ਪ੍ਰਿਥੀਪਾਲ ਸਿੰਘ ਸੋਹੀ, ਬਲਦੇਵ ਸਿੰਘ ਬਾਠ, ਇੰਦਰਜੀਤ ਧਾਮੀ, ਕਵਿੰਦਰ ਚਾਂਦ, ਹਰਦਮ ਸਿੰਘ ਮਾਨ, ਮੋਹਨ ਗਿੱਲ ਨੇ ਦਵਿੰਦਰ ਗੌਤਮ ਨੂੰ ਮੁਬਾਰਕਬਾਦ ਦਿੰਦਿਆਂ ਇਸ ਪੁਸਤਕ ਨੂੰ ਪੰਜਾਬੀ ਸ਼ਾਇਰੀ ਵਿਚ ਨਿੱਗਰ ਵਾਧਾ ਦੱਸਿਆ।
ਗ਼ਜ਼ਲ ਮੰਚ ਸਰੀ ਦੇ ਪ੍ਰਧਾਨ ਅਤੇ ਨਾਮਵਰ ਗ਼ਜ਼ਲਗੋ ਜਸਵਿੰਦਰ ਨੇ ਸਮਾਗਮ ਵਿਚ ਸ਼ਾਮਲ ਹੋਏ ਸਭਨਾਂ ਵਿਦਵਾਨਾਂ, ਲੇਖਕਾਂ, ਮਹਿਮਾਨਾਂ, ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਦਵਿੰਦਰ ਗੌਤਮ ਸ਼ਾਇਰ ਦੇ ਨਾਲ ਨਾਲ ਬਹੁਤ ਹੀ ਸੁਹਿਰਦ ਅਤੇ ਜ਼ਹੀਨ ਇਨਸਾਨ ਹੈ। ਉਸ ਕੋਲ ਵਿਸ਼ਾਲ ਅਨੁਭਵ ਹੈ। ਉਸ ਦੀ ਗ਼ਜ਼ਲ ਚਿੰਤਨੀ ਸੁਰ ਵਿੱਚੋਂ ਉਪਜਦੀ ਹੈ। ਉਸ ਦੇ ਸੁਪਨਿਆਂ, ਸੰਸਿਆਂ ਦਾ ਦਾਇਰਾ ਵਸੀਹ ਹੈ। ਉਹ ਅਹਿਸਾਸ ਦੀ ਬੁਲੰਦੀ ਤੇ ਜ਼ਿੰਦਗੀ ਨੂੰ ਲੰਮੀ ਨਜ਼ਰ ਨਾਲ ਨਿਹਾਰਦਾ ਹੈ। ਉਸ ਦੀ ਸਮੁੱਚੀ ਸ਼ਾਇਰੀ ਊਰਜਾ ਭਰਪੂਰ ਹੈ ਅਤੇ ਅਜਿਹੀ ਸ਼ਾਇਰੀ ਦਾ ਪੰਜਾਬੀ ਸਾਹਿਤ ਵਿਚ ਭਰਵਾਂ ਸੁਆਗਤ ਹੈ। ਇਸ ਮੌਕੇ ਰਾਜਵੰਤ ਰਾਜ ਦਾ ਗ਼ਜ਼ਲ ਸੰਗ੍ਰਹਿ ‘ਟੁੱਟੇ ਸਿਤਾਰੇ ਚੁਗਦਿਆਂ’ ਵੀ ਰਿਲੀਜ਼ ਕੀਤਾ ਗਿਆ ਅਤੇ ਇਸ ਪੁਸਤਕ ਬਾਰੇ ਪ੍ਰੀਤ ਮਨਪ੍ਰੀਤ ਨੇ ਸੰਖੇਪ ਜਾਣਕਾਰੀ ਸਾਂਝੀ ਕੀਤੀ। ਇਸ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਜਰਨੈਲ ਸਿੰਘ ਆਰਟਿਸਟ, ਡਾ. ਅਮਰਜੀਤ ਭੁੱਲਰ, ਕਾਮਰੇਡ ਨਵਰੂਪ ਸਿੰਘ, ਬਿੰਦੂ ਮਠਾੜੂ, ਕੰਵਲਜੀਤ ਕੌਰ, ਮੀਰਾ ਗਿੱਲ, ਨਵਜੋਤ ਢਿੱਲੋਂ, ਨਿਰਮਲ ਗਿੱਲ, ਹਰਸ਼ਰਨ ਕੌਰ, ਮਨਜੀਤ ਕੰਗ, ਡਾ. ਰਿਸ਼ੀ ਸਿੰਘ, ਐਡਵੋਕੇਟ ਅਮਨਦੀਪ ਸਿੰਘ ਚੀਮਾ, ਹੇਮਨ ਕਪੂਰ, ਇੰਦਰਪ੍ਰੀਤ ਅਰੋੜਾ, ਜਸਵਿੰਦਰ ਦਿਓਲ, ਸੁੱਖੀ ਢਿੱਲੋਂ, ਸੁਖਵਿੰਦਰ ਸਿੰਘ ਚੋਹਲਾ, ਬਲਦੇਵ ਸੀਹਰਾ, ਦਸ਼ਮੇਸ਼ ਗਿੱਲ ਫਿਰੋਜ਼ ਅਤੇ ਦਵਿੰਦਰ ਗੌਤਮ ਦੇ ਪਿਤਾ ਚੰਦਰ ਭਾਨ, ਮਾਤਾ ਸੱਤਿਆ ਵਤੀ, ਭਰਾ ਨਰਿੰਦਰ ਗੌਤਮ, ਪਤਨੀ ਲਲਿਤਾ ਗੌਤਮ, ਬੇਟੀ ਚਾਹਤ ਗੌਤਮ, ਬੇਟੇ ਅਰਨਵ ਅਤੇ ਆਰਵ ਗੌਤਮ ਸ਼ਾਮਲ ਹੋਏ।
ਹਰਦਮ ਮਾਨ