ਸੁਰਿੰਦਰ ਸਿੰਘ ਸੀਰਤ ਦਾ ਕਹਾਣੀ ਸੰਗ੍ਰਹਿ ‘ਪੂਰਬ ਪੱਛਮ ਤੇ ਪਰਵਾਸ’ ਅਤੇ ਹਰਿੰਦਰ ਸਿੰਘ ਤੁੜ ਦਾ ਰੂਬਰੂ (ਖ਼ਬਰਸਾਰ)


ਹੇਵਰਡ --  ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਦੀ ਮਾਸਿਕ ਮਿਲਣੀ ਮਹਿਰਾਨ ਰੈਸਟੋਰੈਂਟ ਨਿਊਵਾਰਕ ਵਿਖੇ  ਡਾ. ਸੁਖਵਿੰਦਰ ਕੰਬੋਜ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਅਕੈਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਸੁਰਿੰਦਰ ਸੀਰਤ ਦਾ ਕਹਾਣੀ ਸੰਗ੍ਰਹਿ ਲੋਕ ਅਰਪਣ ਕੀਤਾ ਗਿਆ। ਮਿਲਣੀ ਦੇ ਅਰੰਭ ਵਿਚ ਜਨਰਲ ਸਕੱਤਰ ਕੁਲਵਿੰਦਰ ਨੇ ਸਭ ਨੂੰ ਜੀਅ ਆਇਆਂ ਕਹਿੰਦੇ ਹੋਏ ਪੰਜਾਬੀ ਯੂਨੀਵਰਸਿਟੀ ਦੇ ਅੰਗ਼ਰੇਜ਼ੀ ਵਿਭਾਗ ਦੇ ਮੁਖੀ ਡਾ. ਰਜੇਸ਼ ਸ਼ਰਮਾ, ਡਾ. ਸੁਖਵਿੰਦਰ ਕੰਬੋਜ ਅਤੇ ਪ੍ਰੋ. ਸੁਰਿੰਦਰ ਸਿੰਘ ਸੀਰਤ ਨੂੰ ਪ੍ਰਧਾਨਗੀ ਮੰਡਲ ਵਿਚ ਸੁਸ਼ੋਭਿਤ ਕੀਤਾ।


ਇਸ ਉਪਰੰਤ ਸੁਰਜੀਤ ਸਖੀ ਨੇ ਡਾ. ਪੁਸ਼ਪਿੰਦਰ ਕੌਰ ਖਾਲਸਾ ਕਾਲਜ ਪਟਿਆਲਾ ਦਾ ਲਿਖਿਆ ਪਰਚਾ ਭਾਵ ਪੂਰਤ ਢੰਗ ਨਾਲ਼ ਪੜ੍ਹਿਆ। ਡਾ. ਪੁਸ਼ਪਿੰਦਰ ਕੌਰ ਦੇ ਪਰਚੇ ਅਨੁਸਾਰ ਪ੍ਰੋ. ਸੁਰਿੰਦਰ ਸਿੰਘ ਸੀਰਤ ਇਕ ਚਰਚਿਤ ਗ਼ਜ਼ਲਕਾਰ ਹੈ। ਪੰਜਾਬੀ ਸਾਹਿਤ ਵਿੱਚ ਉਸਦਾ ਨਾਵਲ ‘ਭਰਮ ਭੁੱਲਈਆਂ’ ਵਿਲੱਖਣ ਸਥਾਨ ਰੱਖਦਾ ਹੈ। ‘ਪੂਰਬ, ਪੱਛਮ ਤੇ ਪਰਵਾਸ’ ਉਸ ਦਾ ਨਵ ਪ੍ਰਕਾਸ਼ਿਤ ਕਹਾਣੀ ਸੰਗ੍ਰਹਿ ਹੈ। ਇਸ ਵਿਚ ਦਰਜ 11 ਕਹਾਣੀਆਂ ਅਤੇ 9 ਮਿੰਨੀ ਕਹਾਣੀਆਂ ਦੇ ਸ਼ੇਡਜ਼ ਬਿਲਕੁਲ ਵੱਖਰੇ ਹਨ। ਇਹ ਕਹਾਣੀਆਂ ਪੂਰਬ ਤੋਂ ਪੱਛਮ ਅਤੇ ਪੱਛਮ ਤੋਂ ਪੂਰਬ ਤੱਕ ਦਾ ਸਫ਼ਰ ਤਹਿ ਕਰਦੇ ਪੰਜਾਬੀਆਂ ਦੇ ਦੂਰਗਾਮੀ ਪ੍ਰਭਾਵਾਂ ਦੀ ਪੇਸ਼ਕਾਰੀ ਹਨ। ਡਾ. ਪੁਸ਼ਪਿੰਦਰ ਇਸ ਮੌਕੇ ਫੇਸ ਟਾਈਮ ਰਾਹੀਂ ਹਾਜ਼ਰ ਹੋਏ। ਦੂਜਾ ਪਰਚਾ ਜੰਮੂ ਕਸ਼ਮੀਰ ਤੋਂ ਰਤਨ ਸਿੰਘ ਕੰਵਲ (ਨਾਵਲਿਸਟ) ਦਾ ਲਿਖਿਆ ਹੋਇਆ ਸੀ। ਇਸ ਪਰਚੇ ਨੂੰ ਸੀਨੀਅਰ ਲੇਖਕ ਚਰਨਜੀਤ ਸਿੰਘ ਪੰਨੂੰ ਨੇ ਪ੍ਰਭਾਵਸ਼ਾਲੀ ਢੰਗ ਨਾਲ਼ ਪੜ੍ਹਿਆ। ਇਸ ਪਰਚੇ ਮੁਤਾਬਿਕ ਸਾਰੀਆਂ ਕਹਾਣੀਆਂ ਪਾਠਕ ਨੂੰ ਕਿਸੇ ਨਾ ਕਿਸੇ ਦ੍ਰਿਸ਼ਟੀਕੋਣ ਤੋਂ ਪ੍ਰਭਾਵਿਤ ਕਰਦੀਆਂ ਹਨ। ਕਹਾਣੀਕਾਰ ਦੀ ਸ਼ੈਲੀ ਨਿਵੇਕਲੀ ਹੈ। ਇਨ੍ਹਾਂ ਕਹਾਣੀਆਂ ਵਿੱਚ ਪਰਵਾਸੀ ਜੀਵਨ ਦੀਆਂ ਸੰਗਤੀਆਂ ਵਿਸੰਗਤੀਆਂ, ਬੇਗਾਨਗੀ, ਜਿਨਸੀ ਤੇ ਨਸਲੀ ਵਿਤਕਰੇ, ਵਿਗੋਚਾ, ਸੱਭਿਆਚਾਰ ਟਕਰਾਓ, ਪੀੜ੍ਹੀ ਪਾੜਾ, ਪਛਾਣ ਪਰਵਾਹ ਅਤੇ ਹੋਰ ਨਵੀਨ ਵਿਸ਼ੇ ਸ਼ਾਮਿਲ ਹਨ। ਕਹਾਣੀ ਸੰਗ੍ਰਹਿ ਦਾ ਨਾਂ ਹੀ ਕਹਾਣੀ ਵਸਤੂ ਵੱਲ ਇਸ਼ਾਰਾ ਕਰਦਾ ਹੈ ਅਤੇ ਪੜ੍ਹਨ, ਜਾਣਨ ਲਈ ਉਤਸੁਕਤ ਕਰ ਦਿੰਦਾ ਹੈ। ਚਰਨਜੀਤ ਸਿੰਘ ਪੰਨੂੰ ਨੇ ਆਪਣੇ ਵਿਚਾਰ ਪ੍ਰਗਟਾਉਂਦੇ ਹੋਏ ਕਿਹਾ ਕਿ ਇਨ੍ਹਾਂ ਕਹਾਣੀਆਂ ਦੇੇ ਪਤਾਰ ਪੂਰਬ ਪੱਛਮ ਤੇ ਪਰਵਾਸ ਰਾਹੀਂ ਪਾਕਿਸਤਾਨੀ ਵਿਰਸੇ  ਨਾਲ਼ ਲਗਾਓ ਰੱਖਦੇ ਪ੍ਰਤੀਤ ਹੁੰਦੇ ਹਨ। ਡਾ. ਸੁਖਵਿੰਦਰ ਕੰਬੋਜ ਨੇ ਕਿਹਾ ਕਿ ਪ੍ਰੋ. ਸੁਰਿੰਦਰ ਸਿੰਘ ਸੀਰਤ ਇਕ ਸਰਬਾਂਗੀ ਲੇਖਕ ਹੈ, ਇਸਨੇ ਗ਼ਜਲ, ਕਵਿਤਾ ਅਤੇ ਨਾਵਲ ਤੋਂ ਬਾਅਦ ਇਸ ਕਹਾਣੀ ਸੰਗ੍ਰਹਿ ਨਾਲ਼ ਪੰਜਾਬੀ ਸਾਹਿਤ ਦੇ ਬੂਹੇ ਦਸਤਕ ਦਿੱਤੀ ਹੈ। ਇਸ ਸੰਗ੍ਰਹਿ ਦੀਆਂ ਕਹਾਣੀਆਂ ਮਨੁੱਖੀ ਮਨ ਦੀਆਂ ਕਹਾਣੀਆਂ ਹਨ। ਇਨ੍ਹਾਂ ਵਿੱਚ ਸਮਾਜਿਕ ਰਿਸ਼ਤਿਆਂ ਦੀ ਮੁੱਲਵਾਨ ਦ੍ਰਿਸ਼ਟੀ ਹਮੇਸ਼ਾਂ ਕਾਇਮ ਰਹਿੰਦੀ ਹੈ। ਜੀਵਨ ਮੁੱਲਾਂ ਤੇ ਭੇੜ ਦਾ ਦਵੰਦ ਵਾਰ-ਵਾਰ ਪ੍ਰਗਟ ਹੁੰਦਾ ਹੈ। ‘ਅਪਾਹਜ ਕੌਣ’ ਇਕ ਵਿਅੰਗਮਈ ਕਹਾਣੀ ਹੈ। ਇਸੇ ਤਰ੍ਹਾਂ ‘ਮਰੇ ਬੰਦੇ ਦੀ ਕਹਾਣੀ’ ਸਥਿਤੀ ਉੱਪਰ ਵਿਅੰਗ ਹੈ। ‘ਚੈਸ ਦੀ ਖੇਡ’ ਮਨੁੱਖੀ ਮਨ ਦੇ ਮੂਲ ਪ੍ਰਸ਼ਨਾਂ ਨੂੰ ਮੁਖਾਤਿਬ ਹੈ।  ਅਮਰਜੀਤ ਪੰਨੂ ਨੇ ‘ਮਖੌਟੇ’ ਕਹਾਣੀ ਦੀ ਭਰਵੀਂ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਬਹੁਤ ਦਿਲਚਸਪ ਕਹਾਣੀ ਹੈ ਅਤੇ ਬਨਾਵਟੀ ਚਿਹਰਿਆਂ ਨੂੰ ਪ੍ਰਗਟਾਉਂਦੀ ਹੈ। ‘ਪੱਗ’ ਕਹਾਣੀ 1984 ਦੇ ਘੱਲੂਕਾਰੇ ਤੇ ਦਿੱਲੀ ਦੇ ਕਤਲੇਆਮ ਦੀ ਗੱਲ ਹੈ। ਬੀਬੀ ਸੁਰਜੀਤ ਕੌਰ ਸੈਕਰਾਮੈਂਟੋ ਨੇ ਪ੍ਰੋ. ਸੀਰਤ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅੱਜ ਦੇ ਪ੍ਰੋਗਰਾਮ ਵਿਚ ਕਹਾਣੀਆਂ ’ਤੇ ਖੁੱਲ ਕੇ ਹੋਈ ਵਿਚਾਰ ਚਰਚਾ ਤੋਂ ਉਹ ਪ੍ਰਭਾਵਿਤ ਹੋਏ ਹਨ। ਅੰਤ ਵਿਚ ਡਾ. ਰਜੇਸ਼ ਸ਼ਰਮਾ ਨੇ ਪ੍ਰੋਗਰਾਮ ਦੀ ਸਮੀਖਿਆ ਕਰਦੇ ਹੋਏ ਕਿਹਾ ਕਿ ਇਨ੍ਹਾਂ ਕਹਾਣੀਆਂ ਵਿੱਚ ਪ੍ਰੋ. ਸੁਰਿੰਦਰ ਸਿੰਘ ਸੀਰਤ ਨੇ ਤਜ਼ਰਬੇ ਕੀਤੇ ਹਨ ਅਤੇ ਉਸਦੇ ਤਜ਼ਰਬੇ ਸਫ਼ਲ ਹੋਏ ਹਨ।‘ਮਰੇ ਬੰਦੇ ਦੀ ਕਹਾਣੀ’  ਇਸ ਸੰਦਰਭ ਵਿੱਚ ਵਿਚਾਰਯੋਗ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰੋ. ਸੀਰਤ ਦੀਆਂ ਕਹਾਣੀਆਂ ਵਿੱਜ਼ ਜਜ਼ਬੇ ਦੇ ਸਿਖਰ ਦਾ ਅੰਤ ਹੈ। ਅਕੈਡਮੀ ਵਲੋਂ ਡਾ. ਰਜੇਸ਼ ਸ਼ਰਮਾ ਦਾ ਸਨਮਾਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਮੰਚ ਸੰਚਾਲਨ ਕੁਲਵਿੰਦਰ ਬਾਖੂਬੀ ਕੀਤਾ।

ਲਾਜ ਨੀਲਮ ਸੈਣੀ

---------------------------------------------------------------------

ਪਰਤ ਦਰ ਪਰਤ ਹਕੀਕਤਾਂ ਦੀ ਗਾਥਾ-ਡਾ. ਹਰਿੰਦਰ ਸਿੰਘ ਤੁੜ

ਬੀਤੇ ਦਿਨੀਂ ਵਿਪਸਾ ਵਲੋਂ ਮਹਿਰਾਨ ਰੈਸਟੋਰੈਂਟ ਨਿਊਵਾਰਕ ਵਿਖੇ ਮੀਤ ਪ੍ਰਧਾਨ ਅਮਰਜੀਤ ਕੌਰ ਪੰਨੂੰ ਦੀ ਅਗਵਾਈ ਵਿੱਚ ਇਕ ਸਾਹਿਤਕ ਮਿਲਣੀ ਕਰਵਾਈ ਗਈ। ਉਨ੍ਹਾਂ ਆਏ ਮਹਿਮਾਨਾਂ ਨੂੰ ਜੀਅ ਆਇਆਂ ਆਖਿਆ। ਜਨਰਲ ਸਕੱਤਰ ਕੁਲਵਿੰਦਰ ਨੇ ਪ੍ਰਸਿੱਧ ਸੂਫ਼ੀ ਗਾਇਕ ਸੁਖਦੇਵ ਸਾਹਿਲ ਨੂੰ ਸ਼ਬਦ ਗਾਇਨ ਲਈ ਸੱਦਾ ਦਿੱਤਾ। ਸਾਹਿਲ ਨੇ ‘ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ’ ਸ਼ਬਦ ਗਾਇਨ ਕਰਕੇ ਸਰੋਤਿਆਂ ਨੂੰ ਵਿਸਮਾਦਤ ਕਰ ਦਿੱਤਾ। ਇਸ ਉਪਰੰਤ ਸ਼ਾਇਰ ਹਰਜਿੰਦਰ ਕੰਗ, ਐਸ ਅਸ਼ੋਕ ਭੌਰਾ, ਡਾ. ਗੁਰਪ੍ਰੀਤ ਸਿੰਘ ਧੁੱਗਾ ਅਤੇ ਅਮਰਜੀਤ ਕੌਰ ਪੰਨੂੰ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਹੋਏ। ਗੁਰੁ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਡਾ. ਹਰਿੰਦਰ ਸਿੰਘ ਤੁੜ ਦਾ ਲਿਖਿਆ ਪਰਚਾ ਲਟ ਲਟ ਬਲ਼ਦਾ ਦੀਵਾ: ਪਰਤ ਦਰ ਪਰਤ ਹਕੀਕਤਾਂ ਦੀ ਗਾਥਾ ਅਵਤਾਰ ਸਿੰਘ ਗੋਂਦਾਰਾ ਨੇ ਭਾਵ ਪੂਰਤ ਢੰਗ ਨਾਲ਼ ਪੜ੍ਹਿਆ। ਇਸ ਪਰਚੇ ਅਨੁਸਾਰ ਲਾਜ ਨੀਲਮ ਸੈਣੀ ਨੇ ਵੱਖ-ਵੱਖ ਵਿਧਾਵਾਂ ਵਿਚ ਦਰਜਨ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਹਨ। ਇਸ ਪਲੇਠੇ ਕਹਾਣੀ ਸੰਗ੍ਰਹਿ  ਦੀਆਂ ਕਹਾਣੀਆਂ ਵਿੱਚ ਮਨੁੱਖਤਾ ਦੇ ਮਾਰਗ ਦਰਸ਼ਨ ਦੀ ਤਸਵੀਰ ਉੱਭਰ ਕੇ ਸਾਹਮਣੇ ਆਉਂਦੀ ਹੈ। ਤਣਾਓ ਭਰੇ ਮਹੌਲ ਵਿੱਚ ਰਾਹਤ, ਸ਼ਾਂਤੀ, ਦਿਲ ਨੂੰ ਧਰਵਾਸ, ਚੇਤੰਨਤਾ, ਜੀਵਨ ਜਾਚ, ਉਮੰਗ-ਤਰੰਗ, ਹੌਸਲਾ, ਪਿਆਰ, ਰਿਸ਼ਤਿਆਂ ਦੀ ਪਰਪੱਕਤਾ ਤੇ ਮਨੁੱਖ ਨਾਲ਼ ਮਨੁੱਖ ਦਾ ਮੇਲ ਦੀਆਂ ਜੁਗਤਾਂ ਦ੍ਰਿਸ਼ਟੀਗੋਚਰ ਹੁੰਦੀਆਂ ਹਨ। ਸੰਗ੍ਰਹਿ ਵਿਚ ਦਰਜ ਗਿਆਰਾਂ ਕਹਾਣੀਆਂ ਵਿੱਚੋਂ ‘ਚਿਹਰੇ’ ਕਹਾਣੀ ਚਰਚਿਤ  ਕਹਾਣੀਆਂ ਵਿੱਚ ਸ਼ਾਮਲ ਹੋਣੀ ਚਾਹੀਦੀ ਹੈ। ਕਹਾਣੀਆਂ ਪੜ੍ਹਦੇ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਕੋਈ ਕੋਲ਼ ਬੈਠ ਕੇ ਬਿਰਤਾਂਤ ਸੁਣ ਰਿਹਾ ਹੋਵੇ। ਨੀਲਮ ਸੈਣੀ ਨੇ ਮਨੁੱਖਤਾ ਨੂੰ ਨਵੀਆਂ ਉਡਾਰੀਆਂ ਦਿੱਤੀਆਂ ਹਨ ਪਰ ਪੰਜਾਬੀ ਧਰੋਹਰ ਨੂੰ ਕਾਇਮ ਰੱਖਿਆ ਹੈ। ਡਾ. ਤੁੜ ਦੇ ਸਰਲ, ਸਪਸ਼ਟ ਅਤੇ ਭਾਵਪੂਰਤ ਪਰਚੇ ਦੀ ਹਾਜ਼ਰ ਸਰੋਤਿਆਂ ਵਲੋਂ ਭਰਵੀਂ ਪ੍ਰਸ਼ੰਸਾ ਕੀਤੀ ਗਈ। ਆਧੁਨਿਕ ਪੰਜਾਬੀ ਦੇ ਸਿਰਮੌਰ ਕਹਾਣੀਕਾਰ ਅਜਮੇਰ ਸਿੱਧੂ ਦਾ ਰਿਕਾਰਡ ਕੀਤਾ ਸੁਨੇਹਾ ਸੁਣਾਇਆ ਗਿਆ।ਉਨ੍ਹਾਂ ਆਪਣੇ ਸੁਨੇਹੇ ਵਿੱਚ ਕਿਹਾ ਕਿ ਨੀਲਮ ਸੈਣੀ ਦੀਆਂ ਪਹਿਲੀਆਂ ਦੋ ਕਹਾਣੀਆਂ ‘ਸਿਟੀਜਨਸ਼ਿਪ’ ਅਤੇ ‘ਡਾਰੋਂ ਵਿਛੜੀ ਕੂੰਜ’ ਦੀ 2006 ਵਿੱਚ ਬਹੁਤ ਚਰਚਾ ਹੋਈ ਸੀ। ਇਨ੍ਹਾਂ ਕਹਾਣੀਆਂ ਵਿਚ ਭੂ ਹੇਰਵਾ ਸੀ। ਉਸ ਤੋਂ ਬਾਆ ਇਸ ਸੰਗ੍ਰਹਿ ਦੀਆਂ ਕਹਾਣੀਆਂ ਵਿੱਚ ਉਸਨੇ ਪਰਵਾਸੀਆਂ ਦੀ ਜ਼ਿੰਦਗੀ ਨਾਲ਼ ਜੁੜੇ ਵੱਖ-ਵੱਖ ਮਸਲਿਆਂ ਅਤੇ ਅੰਤਰ ਰਾਸ਼ਟਰੀ ਮਸਲਿਆਂ ਨੂੰ ਵਿਸ਼ੇ ਬਣਾਇਆ ਹੈ।ਬਲਵਿੰਦਰ ਕੌਰ ਮੰਡ ਨੇ ਕਿਹਾ ਕਿ ਉਸਨੇ ਸਾਰੀਆਂ ਕਹਾਣੀਆਂ ਦਾ ਪਾਠ ਕੀਤਾ ਹੈ। ਇਹ ਕਹਾਣੀਆਂ ਬਹੁਤ ਰੌਚਿਕ ਵੀ ਹਨ ਅਤੇ ਸਮਾਜ ਲਈ ਸੁਨੇਹਾ ਵੀ ਹਨ। ਬਲਜਿੰਦਰ ਸਿੰਘ ਨੇ ਕੁੱਲ ਗਿਆਰਾਂ ਕਹਾਣੀਆਂ ਦੀ ਵਿਆਖਿਆ ਕਰਦੇ ਹੋਏ ਕਿਹਾ ਕਿ ਕਹਾਣੀਆਂ ਪੜ੍ਹ ਕੇ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਇਹ ਸਾਡੀਆਂ ਕਹਾਣੀਆਂ ਹੋਣ।‘ਲਟ ਲਟ ਬਲ਼ਦਾ ਦੀਵਾ’ ਅਤੇ ‘ਪਛਤਾਵੇ ਦੀ ਅੱਗ’ ਤਾਂ ਹਰ ਪਰਵਾਸੀ ਦੀ ਕਹਾਣੀ ਹੈ। ‘ਰੂਹਾਨੀ’ ਕਹਾਣੀ ਵੀ ਹਰ ਘਰ ਵਿੱਚ ਵਾਪਰਨ ਵਾਲ਼ੀ ਕਹਾਣੀ ਹੈ ਅਤੇ ਇਸ ਕਹਾਣੀ ਵਿੱਚ ਨੂੰਹ-ਸੱਸ ਦੇ ਰਿਸ਼ਤੇ ਦੇ ਤੰਦ ਨੂੰ ਬੜੇ ਸਲੀਕੇ ਨਾਲ਼ ਜੋੜਨ ਦੀ ਸਫ਼ਲ ਕੋਸ਼ਿਸ਼ ਹੋਈ ਹੈ।  ਕਹਾਣੀਕਾਰਾ ਕੋਲ਼ ਮੁਹਾਵਰਾ ਹੈ ਅਤੇ ਵਿਆਕਰਣ ਉੱਪਰ ਵੀ ਪੂਰੀ ਪਕੜ ਹੈ। ਸੁਰਿੰਦਰ ਸੋਹਲ ਦਾ ਸੰਦੇਸ਼ ਅਮਰਜੀਤ ਪੰਨੂੰ ਨੇ ਪੜ੍ਹ ਕੇ ਸੁਣਾਇਆ। ਇਸ ਸੰਦੇਸ਼ ਮੁਤਾਬਿਕ ਕਹਾਣੀਆਂ ਦੇ ਪਾਤਰ ਏਨੇ ਜਾਣੇ ਪਛਾਣੇ ਨੇ ਜਿਵੇਂ ਤੁਸੀਂ ਤੁਰੇ ਜਾ ਰਹੇ ਹੋਵੋ ਤੇ ਅਚਾਨਕ ਕਿਸੇ ਨੁੱਕਰੋਂ ਤੁਹਾਡਾ ਵਾਕਿਫ਼ ਆਵਾਜ਼ ਮਾਰ ਕੇ ਤੁਹਾਨੂੰ ਆਪਣਾ ਹਵਾਲਾ ਦੇਣ ਲੱਗ ਪਵੇ। ਕਹਾਣੀਕਾਰ ਕਹਾਣੀ ਏਨੇ ਸਲੀਕੇ ਨਾਲ਼ ਨਿਭਾਅ ਜਾਂਦੀ ਹੈ, ਜਿਵੇਂ ਕੋਈ ਸੁਚੱਜੀ ਤ੍ਰੀਮਤ ਤੁਰੀ-ਤੁਰੀ ਜਾਂਦੀ ਸੌ ਕੰਮ ਨਿਬੇੜਦੀ ਤੇ ਸੰਵਾਰਦੀ ਜਾਂਦੀ ਹੈ। ਅਸ਼ੋਕ ਭੌਰਾ ਨੇ ਕਿਹਾ ਕਿ ਨੀਲਮ ਨੇ ਜਿੱਥੇ ਕਵਿਤਾ ਦੇ ਖੇਤਰ ਵਿੱਚ ਮਿਹਨਤ ਨਾਲ਼ ਆਪਣਾ ਮੁਕਾਮ ਬਣਾਇਆ ਹੈ ਓਥੇ ਪਰਵਾਸ ਦੇ ਦੁੱਖ-ਸੁੱਖ ਨੂੰ ਬਿਆਨਦੀਆਂ ਕਹਾਣੀਆਂ ਵੀ ਨਿਵੇਕਲੇ ਰੰਗ ਵਿੱਚ ਲਿਖੀਆਂ ਹਨ। ‘ਧੂੰਏਂ ਦੇ ਬੱਦਲ’, ‘ਚਿਹਰੇ’, ‘ਲੋਕਗੀਤਾਾਂ ਦੀ ਰਾਣੀ ਮਾਂ’ ਗੱਲ ਕੀ ਸਾਰੀਆਂ ਕਹਾਣੀਆਂ ਵਿਚ ਹੀ ਜ਼ਿੰਦਗੀ ਦਾ ਅਸਲ ਰੰਗ ਡੁੱਲ੍ਹ ਡੁੱਲ੍ਹ ਪੈਂਦਾ ਹੈ। ਤਾਰਾ ਸਿੰਘ ਸਾਗਰ, ਜਗਤਾਰ ਗਿੱਲ ਅਤੇ  ਬੀਬੀ ਸੁਰਜੀਤ ਕੌਰ ਸੈਕਰਾਮੈਂਟੋ ਨੇ ਵੀ ਕਿਹਾ ਕਿ ਸਾਰੀਆਂ ਕਹਾਣੀਆਂ ਅਤੇ ਪੁਸਤਕ ਦਾ ਨਾਂ ਵੀ ਕਾਬਿਲੇ ਤਾਰੀਫ਼ ਹੈ। ਡਾ. ਗੁਰਪ੍ਰੀਤ ਸਿੰਘ ਧੁੱਗਾ ਨੇ ਕਿਹਾ ਕਿ ਕਵਿਤਾ, ਸੱਭਿਆਚਾਰਕ ਪੁਸਤਕਾਂ ਅਤੇ ਹੁਣ ਵਧੀਆ ਕਹਾਣੀ ਸੰਗ੍ਰਹਿ ਲਿਖਣ ਵਾਲ਼ੀ ਨੀਲਮ  ਇੱਕ ਵਧੀਆ ਮੰਚ ਸੰਚਾਲਕ ਵੀ ਹੈ। ਲਾਜ ਨੀਲਮ ਸੈਣੀ ਨੇ ਕਿਹਾ ਕਿ ਉਸਦੇ ਪਹਿਲੇ ਪ੍ਰੇਰਨਾ ਸਰੋਤ ਉਸਦੇ ਮਾਤਾ  ਸ੍ਰੀ ਮਤੀ ਕਮਲਾ ਦੇਵੀ ਅਤੇ ਪਿਤਾ ਸ੍ਰੀ ਆਤਮਾ ਰਾਮ ਸਨ। ਮੰਮੀ ਦੀ ਤੀਜੀ ਬਰਸੀ ’ਤੇ ਇਹ ਪੁਸਤਕ ਸਮਰਪਣ ਸਮਾਗਮ ਉਨ੍ਹਾਂ ਦੀ ਵਿਛੜੀ ਰੂਹ ਨੂੰ ਸ਼ਰਧਾਂਜਲੀ ਹੈ। ਉਸਨੇ ਹਾਜ਼ਰ ਲੇਖਕਾਂ ਅਤੇ ਪਾਠਕਾਂ ਦੀਆਂ ਸੱਤੇ ਖ਼ੈਰਾਂ ਮੰਗਦੇ ਹੋਏ ਕਿਹਾ ਕਿ ਉਨ੍ਹਾਂ ਦੇ ਸਹਿਯੋਗ ਕਾਰਣ ਹੀ ਉੁਹ 2019 ਵਿੱਚ ‘ਅਕਸ’ ਅਤੇ ‘ਇਨਸਾਨੀ ਰੇਲ’ ਤੋਂ ਬਾਅਦ ਇਕ ਵਾਰੀ ਫਿਰ ‘ਲਟ ਲਟ ਬਲ਼ਦਾ ਦੀਵਾ’ ਨਾਲ਼ ਸਭ ਦੇ ਸਨਮੁਖ ਹੋਣ ਦੀ ਹਿੰਮਤ ਕਰ ਸਕੀ ਹੈ। ਆਪਣੇ ਆਖਰੀ ਸਾਹ ਤੱਕ ਆਪਣੀ ਸ਼ਬਦ ਸਮਾਧੀ ਵਿੱਚ ਲੀਨ ਰਹੇਗੀ। ਇਸ ਤੋਂ ਇਲਾਵਾ ਵਧਾਈ ਸੰਦੇਸ਼ ਭੇਜਣ ਲਈ ਵਿਪਸਾ ਦੇ ਪ੍ਰਧਾਨ ਸ਼੍ਰੋਮਣੀ ਕਵੀ ਸੁਖਵਿੰਦਰ ਕੰਬੋਜ, ਕਹਾਣੀਕਾਰ ਰਾਠੇਸ਼ਵਰ ਸਿੰਘ ਸੂਰਾਪੁਰੀ, ਮਨਜੀਤ ਕੌਰ ਸੇਖੋਂ, ਗ਼ਜ਼ਲਕਾਰ ਜਸਵਿੰਦਰ (ਸਰੀ), ਜਗਜੀਤ ਨੌਸ਼ਿਹਰਵੀ ਅਤੇ ਚਰਨਜੀਤ ਸਿੰਘ ਪੰਨੂੰ, ਪਰਮਪਾਲ ਸਿੰਘ ਆਦਿ ਦਾ ਧੰਨਵਾਦ ਕੀਤਾ। ਪ੍ਰੋਗਰਾਮ ਦਾ ਮੁਲਾਂਕਣ ਕਰਦੇ ਹਰਜਿੰਦਰ ਕੰਗ ਨੇ ਇਸ ਸਫ਼ਲ ਪ੍ਰੋਗਰਾਮ ਲਈ ਸਭ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਨਾਂ ਕਹਾਣੀਆਂ ਵਿਚ ਸੱਚ ਹੈ ਅਤੇ ਇਹ ਇਸੇ ਕਰਕੇ ਹੀ ਆਪਣੀਆਂ ਲੱਗਦੀਆਂ ਹਨ। ‘ਲਟ ਲਟ ਬਲ਼ਦਾ ਦੀਵਾ’ ਕਹਾਣੀ ਪੜ੍ਹਦੇ ਹੰਝੂ ਵੀ ਡਿੱਗਦੇ ਹਨ ਅਤੇ ਹਾਸਿਆਂ ਦੇ ਫ਼ੁਹਾਰੇ ਵੀ ਛੁੱਟਦੇ ਹਨ। ਕਹਾਣੀ ਅੱਖਾਂ ਸਾਹਮਣੇ ਵਾਪਰ ਰਹੀ ਮਹਿਸੂਸ ਹੁੰਦੀ ਹੈ। ਇਹ ਹੀ ਇਸ ਪੁਸਤਕ ਦੀ ਪ੍ਰਾਪਤੀ ਹੈ।  ਇਸ ਪ੍ਰੋਗਰਾਮ ਵਿੱਚ ਹੋਰਾਂ ਤੋਂ ਇਲਾਵਾ ਪੁਸ਼ਪਿੰਦਰ ਕੌਰ, ਮਨਦੀਪ ਕੌਰ, ਸ਼ਰਨਜੀਤ ਕੌਰ, ਮਲਵਿੰਦਰ ਸਿੰਘ ਮੰਡ, ਪ੍ਰੋ. ਸੁਖਦੇਵ ਸਿੰਘ, ਪਰਮਵੀਰ ਮਾਦਪੁਰੀ, ਰਮੇਸ਼ ਬੰਗੜ, ਸਿਮਰਨ ਕੋਹਲੀ, ਰਵਿੰਦਰ ਕੋਹਲੀ, ਗੁਰਜੱਸ ਸਿੰਘ, ਨਿਰਮਲਜੀਤ ਕੌਰ ਪੰਨੂੰ, ਚਰਨਜੀਤ ਸਿੰਘ ਪੰਨੂੰ, ਅਭੀਤਾਬ ਸੈਣੀ, ਜ਼ੀਕ, ਕੁਲਵੰਤ ਸਿੰਘ ਨਿੱਝਰ, ਰਵਿੰਦਰ ਕੌਰ, ਲਖਵੀਰ ਸਿੰਘ, ਵਿਜੇ (ਸਾਊਂਡ ਸਿਸਟਮ) ਆਦਿ ਸ਼ਾਮਲ ਸਨ। ਕੁਲਵਿੰਦਰ ਨੇ ਮੰਚ ਸੰਚਾਲਨ ਬਾਖੂਬੀ ਨਿਭਾਇਆ। 


ਕੁਲਵਿੰਦਰ