ਖਵਾਹਿਸ਼ (ਪਿਛਲ ਝਾਤ )

ਦਿ ਓਕਟੋ-ਆਊਲ   

Email: hkartist786@gmail.com
Address:
Bagha Purana India
ਦਿ ਓਕਟੋ-ਆਊਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਇਹ ਇਸ ਧਰਤੀ ਦੀ ਇੱਕ ਉਹ ਜਗਹ ਜੋ ਮੈਨੂੰ ਮੇਰੇ ਪਿੰਡ ਤੋਂ ਇਲਾਵਾ ਬਹੁਤ ਜਿਆਦਾ ਪਸੰਦ  ਹੈ ਅਤੇ ਦਿਲ ਦੀਆਂ ਧੜਕਨਾਂ ਦੇ ਬਹੁਤ ਜ਼ਿਆਦਾ ਨਜ਼ਦੀਕ।
ਮੈਨੂੰ ਕਈ ਵਾਰ ਇਉਂ ਲੱਗਦਾ ਹੈ ਕਿ ਜੇ ਮੈਨੂੰ ਮੇਰੇ ਆਖਰੀ ਸਾਹ ਮੇਰੇ ਪਿੰਡ ਵਿੱਚ ਲੈਣੇ  ਨਸੀਬ ਨਾ ਹੋਏ ਤਾਂ ਮੇਰੀ ਇਹੀ ਇੱਛਾ ਹੈ ਕਿ  ਅੰਤਲੇ ਪਲ ਮੈਂ ਇੱਥੇ  ਹੋਵਾਂ ਆਖਿਰਕਾਰ ਮੇਰੀ ਮਾਸੀ ਦਾ ਪਿੰਡ ਹੈ ਇਹ ਜਿੱਥੇ ਮੈਂ ਬਚਪਨ ਵਿੱਚ ਇੱਕ ਵਾਰ ਛੁੱਟੀਆਂ ਕੱਟਣ ਗਿਆ ਸੀ ਪਰ ਮੈਨੂੰ ਧੱਕੇ ਨਾਲ ਵਾਪਿਸ ਛੱਡ ਕੇ ਗਏ ਸੀ ਮੇਰੇ ਮਾਸੀ-ਮਾਸੜ। ਘਰੇ ਆ ਕੇ ਮੈਂ ਦਸ ਕੁ ਦਿਨ ਤਾਂ ਇਉਂ ਚੀਕ ਚਿਹਾੜਾ ਪਾਇਆ ਕਿ ਜਿਵੇਂ ਮੈਨੂੰ ਮੇਰੇ ਅਸਲੀਂ ਘਰੋਂ ਕੋਈ ਚੁੱਕ ਕੇ ਲੈ ਗਿਆ ਹੋਵੇ। ਮਾਂ ਮੇਰੀ ਮੈਨੂੰ ਰੋਜ ਬਰੋਂਦੀ ਹੁੰਦੀ ਸੀ  ਕਿ ਕੋਈ ਨਾ ਆਪਾਂ ਜਾਣਾ ਹੀ ਏ ਮਾਸੀ ਤੇਰੀ ਕੋਲ ਥੋੜੇ ਦਿਨਾਂ ਤੱਕ। ਤੇਰੀਆਂ ਛੁੱਟੀਆਂ ਖਤਮ ਹੋ ਗਈਆਂ ਹੁਣ ਤੂੰ ਸਕੂਲ ਜਾਇਆ ਕਰ ਪਰ ਸਕੂਲ ਵਿੱਚ ਬੈਠਾ ਮੈਂ ਮਾਸੀ ਪਿੰਡ ਹੀ ਫਿਰਦਾ ਹੁੰਦਾ ਸੀ। ਕਦੇ ਮਾਸੀ ਹੁਣਾਂ ਦੇ ਖਰੀਦੇ ਅੰਬਾਂ ਦੇ ਬਾਗ ਵਿੱਚ ਕਦੇ ਮੋਟਰ ਤੇ ਨਹਾਉਂਦਾ ਅਤੇ ਕਦੇ ਪਹਾੜਾਂ ਵਿੱਚ ਮੇਲੇ ਤੇ।
ਹੁਸ਼ਿਆਰਪੁਰ ਜਿਲੇ ਦਾ ਇੱਕ ਛੋਟਾ ਜਿਹਾ ਉੱਚਾ-ਨੀਂਵਾ ਪਿੰਡ 'ਡਾਡਾ' ਜੋ ਕਿ ਪਹਾੜੀ ਇਲਾਕੇ ਨਾਲ ਲੱਗਦਾ ਹੈ। ਜਿਸ ਪਿੰਡ ਦੇ ਤਿੰਨ ਸਭਤੋਂ ਸ਼ਰਾਰਤੀ ਮੁੰਡੇ ਜਿਹਨਾਂ ਨੇ ਪਿੰਡ ਸਿਰ ਤੇ ਚੁੱਕ ਰੱਖਿਆ ਹੈ ਉਹ ਮੇਰੇ ਛੋਟੇ ਭਰਾ ਨੇ। ਦੋ ਤਾਂ ਜੁੜਵਾ ਨੇ । ਇੱਕ ਮਾਸੜ ਦੇ ਭਰਾ (ਵੱਡਾ ਮਾਸੜ) ਦਾ ਮੁੰਡਾ। ਨਾਮ ਵੀ ਬੜੇ ਕਮਾਲ ਦੇ। ਜੁੜਵਿਆਂ ਦੇ ਨਾਮ ਚੰਦਨ ਅਤੇ ਦਨੇਸ਼। ਤੀਜੇ ਦਾ ਨਾਮ ਜੱਗਾ। ਵੱਡੇ ਮਾਸੜ ਦੀਆਂ ਛੇ ਕੁੜੀਆਂ। ਸਾਰੀਆਂ ਹੀ ਮੇਹਨਤੀ। ਘਰ ਦੇ ਅਤੇ ਖੇਤਾਂ ਦੇ ਸਾਰੇ ਕੰਮ ਨਿਬੇੜਦੀਆਂ। ਆਰਤੀ  ਸਾਰਿਆਂ ਤੋਂ ਛੋਟੀ ਸੀ ਅਤੇ ਸੋਨੂੰ ਸਭਤੋਂ ਵੱਡੀ। ਸਾਰਾ ਦਿਨ ਕੰਮ ਕਰਦੀਆਂ, ਕਦੇ ਪੱਠੇ ਵੱਢਣੇ ਕਦੀਂ ਦਾਲ ਸਬਜੀ, ਕਦੇ ਸੂਟ-ਸਲਾਈ । ਮਾਸੀ ਕੇ ਘਰੇ ਬਾਣ ਬਣਾਉਣ ਵਾਲੀ ਮਸ਼ੀਨ ਲੱਗੀ ਸੀ । ਬਾਣ ਵੀ ਘਰੇ ਬਣਾਉਂਦੇ ਸੀ।
ਮੈਨੂੰ ਯਾਦ ਹੈ ਜਦੋਂ ਮਾਸੀ ਪਿੰਡ ਮੈਂ ਪਹਿਲੀ ਵਾਰ ਗਿਆ ਤਾਂ ਮੈਨੂੰ ਸਾਰਿਆਂ ਨੇ ਹੱਥੀਂ ਚੁੱਕੀ ਰੱਖਿਆ, ਮੇਰੀ ਕੋਈ ਵੀ ਫਰਮਾਇਸ਼ ਹੁੰਦੀ ਕਿਸੇ ਵੀ ਤਰੀਕੇ ਪੂਰੀ ਕਰਦੇ ਮਾਸੜ ਹੋਰੀਂ। ਉਹਨਾਂ ਨੂੰ ਚਾਅ ਚੜਿਆ ਹੋਇਆ ਸੀ ਕਿ ਸਾਡੀ ਮਾਸੀ ਦਾ ਮੁੰਡਾ ਛੁੱਟੀਆਂ ਕੱਟਣ ਆਇਆ। ਉਹ ਤਰਾਂ-ਤਰਾਂ ਦੇ ਪਕਵਾਨ ਬਣਾਉਂਦੇ, ਅੰਬਾਂ ਦੀ ਚਟਨੀ ਜਿਸਦਾ ਸਵਾਦ ਮੈਂ ਮਰਦੇ ਦਮ ਤੱਕ ਨਹੀਂ ਭੁੱਲ ਸਕਦਾ ਉਹ ਪਹਿਲੀ ਵਾਰੀ ਓਥੇ ਖਾਦੀ ਅਤੇ ਅੱਜ ਵੀ ਉਸ ਚਟਣੀ ਦਾ ਤੋੜ ਨਹੀਬ ਮਿਲਿਆ। ਜਦੋਂ ਵੀ ਉਹਨਾਂ ਨੂੰ ਥੋੜੀ ਜਿਹੀ ਵਿਹਲ ਮਿਲਦੀ ਮੈਨੂੰ ਪਿੰਡ ਘਮਾਉਣ ਲੈ ਜਾਂਦੇ। ਓਸ ਪਿੰਡ ਫੌਜੀਆਂ ਦਾ ਕੈਂਪ ਲੱਗਿਆ ਹੋਇਆ ਸੀ ਮਾਸੜ ਕੇ ਅੰਬਾਂ ਦੇ ਬਾਗ ਤੋਂ ਕੋਹ ਕੁ ਅੱਗੇ ਜਿੱਥੇ ਫੌਜੀ ਬੰਦੂਕਾਂ, ਮਿਜਾਇਲਾਂ ਅਤੇ ਹੋਰ ਹਥਿਆਰਾਂ ਦਾ ਅਭਿਆਸ ਕਰਦੇ । 
ਮਾਸੀ ਕੇ ਗਵਾਂਢ ਇੱਕ ਦੁਕਾਨ ਸੀ ਜੋ ਘਰੇ ਬੇਸਨ ਦੀ ਬਰਫੀ ਤਿਆਰ ਕਰਦੇ ਸੀ। ਮੈਂ ਜ਼ਿੰਦਗੀ ਵਿੱਚ ਜਿੰਨੀ ਵੀ ਸ਼ੌਂਕ ਨਾਲ ਵੇਸਨ ਦੀ ਬਰਫੀ ਖਾਦੀ ਇਹ ਮਾਸੀ ਕੇ ਪਿੰਡੋਂ ਹੀ ਖਾਦੀ। ਮੇਰੇ ਲਈ ਖਾਸ ਕਰਕੇ ਕਦੇ ਦੋਵੇਂ ਮਾਸੀਆਂ ਅਤੇ ਕਦੀ ਸੋਨੂੰ, ਨੀਸ਼ਾ, ਸ਼ਾਰਧਾ ਅਤੇ ਨੀਟਾਂ ਬੇਸਨ ਦੀ ਬਰਫੀ ਦਾ ਤੋਹਫਾ ਆਏ ਦਿਨ ਲਿਆਉਂਦੇ ਹੀ ਰਹਿੰਦੇ। ਮੇਰੇ ਉਹਨਾਂ ਨੇ ਨਾਮ ਵੀ ਵੇਸਨ ਰੱਖਤਾ ਸੀ ਉਦੋਂ ਅਤੇ ਅੱਜ ਉਹਨਾਂ ਦੇ ਪਿੰਡ ਉਸ ਵੇਸਨ ਦੀ ਦੁਕਾਨ ਵਾਲਿਆਂ ਤੋਂ ਇਲਾਵਾ ਹੋਰ ਵੀ ਕਈ ਘਰ ਮੈਨੂੰ ਵੇਸਨ ਦੇ ਨਾਮ ਨਾਲ ਪਹਿਚਾਣਦੇ ਨੇ। ਹੁਣ ਜਦ ਵੀ ਮੈਂ ਮਿਲਣ ਜਾਂਦਾ ਹਾਂ ਮਾਸੀਂ ਹੁਣਾਂ ਨੂੰ ਤਾਂ ਵੇਸਨ ਵਾਲੀ ਦੁਕਾਨ ਤੇ ਵੀ ਜਾ ਕੇ ਆਉਂਦਾ ਹਾਂ ਅਤੇ ਯਾਦਾਂ ਤਾਜੀਆਂ ਕਰ ਆਉਂਦਾ ਹਾਂ। ਢਿੱਲੀ ਜਿਹੀ ਨੀਕਰ ਪਾਈ ਹੋਣੀ ਜੋ ਲੱਕ ਤੋਂ ਖਿਸਕਦੀ ਜਾਂਦੀ ਅਤੇ ਰੰਗ ਬਰੰਗੀ ਜਿਹੀ ਟੀ-ਸ਼ਰਟ, ਦੁਕਾਨ ਦੇ ਕਾਊਂਟਰ ਦੇ ਨਾਲ ਖੜੇ ਹੋਣਾ ਅਤੇ ਅੱਡੀਆਂ ਚੁੱਕ ਕੇ ਦੁਕਾਨਦਾਰ ਨੂੰ ਦੇਖਣਾ ਫਿਰ ਕਹਿਣਾ ਅੰਕਲ/ਅੰਟੀ ਜੀ ਪੰਜਾਂ ਪਰਰੀਆਂ  ਦੀ ਬਰਫੀ ਦੇ ਦਿਉ। ਚੰਦਨ ਹੁਣੀਂ ਜਦੋਂ ਵੀ ਮੇਰੇ ਨਾਲ ਜਾਂਦੇ ਵੇਸਨ ਵਾਲੀ ਦੁਕਾਨ ਤੇ ਤਾਂ ਉਹਨਾਂ ਨੂੰ ਪੁੱਛਦੇ ਕਿ ਪਹਿਚਾਣਿਆ ਆਹ ਮੁੰਡੇ ਨੂੰ ਮੇਰੇ ਵੱਲ ਇਸ਼ਾਰਾ ਕਰਕੇ ਪੁੱਛਦੇ। ਉਹ ਕਦੀ-ਕਦਾਈਂ ਕਹਿ ਦਿੰਦੇ ਨਹੀਂ ਪੁੱਤ (ਉਹਨਾਂ ਦਾ ਕਹਿਣਾ ਵੀ ਬਣਦਾ ਕਿਉਂਕਿ ਹਰ ਵਾਰ ਮੇਰਾ ਵੱਖਰਾ ਹੀ ਰੂਪ ਹੁੰਦਾ ਕਦੀਂ ਘੁੰਗਰਾਲੇ ਵਾਲ, ਕਦੀ ਦੁਮਾਲਾ ਬੰਨਿਆ, ਕਦੀ ਗੰਜਾ ਅਤੇ ਕਦੀ ਰੰਗ ਬਿਰੰਗੇ ਵਾਲ)। ਫੇਰ ਉਹ ਆਖਦੇ ਕਿ ਇਹ ਉਹੀ ਮੁੰਡਾ ਏ ਜਿਸਨੇ ਤੁਹਾਡੇ ਵੇਸਨ ਦੇ ਕੰਮ ਨੂੰ ਵਧਾਇਆ ਸੀ ਮੇਰੀ ਮਾਸੀ ਦਾ ਮੁੰਡਾ। ਅੱਛਾ-ਅੱਛਾ ਪੁੱਤ  ਇਹ ਕਹਿ ਕੇ ਦੁਕਾਨ ਵਾਲੇ ਅਤੇ ਸਾਡੇ ਸਾਰਿਆਂ ਦੇ ਚੇਹਰੇ ਉੱਪਰ ਮੁਸਕਰਾਹਟ ਆ ਜਾਂਦੀ। 
ਅਸੀਂ ਸ਼ਾਮ ਨੂੰ ਖੇਡਦੇ ਹੋਇਆਂ ਕਾਵਾਂ ਰੌਲੀ ਪਾਈ ਰੱਖਣੀ। ਮੈਨੂੰ ਕਦੇ ਵੀ ਮਹਿਸੂਸ ਨਹੀਂ ਹੋਣ ਦਿੱਤਾ ਸੀ ਕਿ ਮੈਂ ਮਾਸੀ ਪਿੰਡ ਆਇਆ ਹੋਇਆ ਹਾਂ। ਮੈਨੂੰ ਆਪਣੇ ਅਸਲੀ ਪਿੰਡ ਦੀ ਤਾਂ ਯਾਦ ਹੀ ਭੁੱਲ ਗਈ। 
ਮਾਸੀ ਹੁਣਾਂ ਦੇ ਪਿੱਛੇ ਲੱਗਦੇ ਘਰ ਵਿੱਚ ਤਿੰਨ ਭਰਾ ਜੋ ਮੇਰੇ ਮੋਨੂੰ, ਸੋਨੂੰ ਅਤੇ ਲਵਲਾ। ਮੋਨੂੰ ਸਭਤੋਂ ਵੱਡਾ , ਸੋਨੂੰ ਵਿਚਾਲੜਾ ਅਤੇ ਲਵਲਾ ਸਭਤੋਂ ਛੋਟਾ। ਉਹਨਾਂ ਨਾਲ ਵੀ ਮੇਰੀ ਪੱਕੀ ਆੜੀ ਪੈ ਗਈ ਜੋ ਅੱਜ ਵੀ ਕਾਇਮ ਹੈ।ਛੇ ਕੁੜੀਆਂ, ਤਿੰਨ ਮੁੰਡੇ ਅਤੇ ਉੱਤੋਂ ਲਵਲੇ ਹੌਣੀ ਵੀ ਰਲ ਗਏ । ਅਸੀਂ ਤਾਂ ਪਹਿਲਾਂ ਹੀ ਨੀ ਸੀ ਮਾਣ । ਸਾਰਾ ਪਿੰਡ ਸਿਰ ਚੁੱਕੀ ਰੱਖਿਆ। ਚੰਦਨ ਹੁਣੀਂ ਸਕੂਲ ਚਲੇ ਜਾਂਦੇ ਤਾਂ ਮੈਨੂੰ ਲਵਲੇ ਹੁਣਾਂ ਦਾ ਸਾਥ ਮਿਲ ਜਾਂਦਾ। ਕੁੱਲ ਮਿਲਾ ਕੇ  ਐਸਾ ਕੋਈ ਦਿਨ ਨਹੀਂ ਬੀਤਿਆ ਜਿਸ ਦਿਨ ਮੈਂ ਇੱਕੱਲਾ ਮਹਿਸੂਸ ਕੀਤਾ ਹੋਵੇ। 
ਸੂਰਜ ਢਲਦੇ ਦੀਆਂ ਤਾਂ ਕਿਆ ਹੀ ਬਾਤਾਂ ਸੀ। ਇਹੋ ਜਿਹਾ ਨਜ਼ਾਰਾ ਤਾਂ ਅੱਜ ਚਾਹ ਕੇ ਵੀ ਨਹੀਂ ਦੇਖ ਸਕਦਾ ਭਾਵੇਂ ਮੈਂ ਅਤੇ ਜਮਾਨਾ ਕਿੰਨਾ ਵੀ ਮਰਜੀ ਆਧੁਨਿਕ ਕਿਉਂ ਨਾ ਹੋ ਜਾਏ। 
ਜਦੋਂ ਮੈਂ ਪਹਿਲੀ ਵਾਰ ਇਸ ਪਿੰਡ ਗਿਆ ਸੀ ਤਾਂ ਬਸ  ਇੱਚ ਬੈਠਾ ਹੁਸ਼ਿਆਰਪੁਰ ਦੇ ਨਾਲ ਲੱਗਦੇ ਆਸੇ ਪਾਸੇ ਦੇ ਪਿੰਡ ਦੇਖ-ਦੇਖ ਮੇਰਾ ਮਨ ਰਾਹ ਵਿੱਚ ਉਤਰਨ ਨੂੰ ਕਰਦਾ। ਆਲਾ ਦੁਆਲਾ ਇੰਨਾ ਹਰਿਆ ਭਰਿਆ ਸੀ ਅਤੇ ਪੂਰਾ ਸ਼ਾਂਤ ਇਲਾਕਾ ਸੀ ਦਿਲ ਕਿਵੇਂ ਨਾ ਕਰਦਾ ਇੱਥੇ ਰੁਕਣ ਨੂੰ। ਭਾਂਵੇ ਮੈਂ ਓਦੋਂ ਦਸਾਂ ਕੁ ਵਰਿਆਂ ਦਾ ਸੀ ਪਰ ਕੁਦਰਤੀ ਤੌਰ ਤੇ ਕੁਦਰਤ ਵੱਲੋਂ ਖਿੱਚੇ ਜਾਣ ਵਾਲਾ ਦਿਲ ਇਸ ਜਿਸਮ ਵਿੱਚ ਸ਼ੁਰੂ ਤੋਂ ਹੀ ਸ਼ਾਇਦ ਫਿੱਟ ਕੀਤਾ ਹੋਇਆ ਸੀ। ਰਾਤ ਨੂੰ ਕੋਠੇ ਉੱਤੇ ਮੰਜੇ ਡਾਹ ਕੇ ਪੈਣਾ, ਪੱਖੇ ਦੀ ਵੀ ਜਰੂਰਤ ਨਹੀਂ ਸੀ ਪੈਂਦੀ ਕਿਉਂਕਿ ਬਾਰਾਂ ਵਜੇ ਬਾਅਦ ਠੰਡ ਲੱਗਣ ਲੱਗ ਜਾਂਦੀ ਸੀ। ਸੁਬਹ ਉੱਠਣਾ ਤਾਂ ਅੱਖਾਂ ਮੂਹਰੇ ਪਹਾੜ ਹੁੰਦੇ। ਤਿੱਖੀ ਧੁੱਪ ਤਾਂ ਕਦੇ ਕਦਾਂਈ ਹੀ ਦੇਖਣ ਨੂੰ ਮਿਲਦੀ ਸੀ ਜ਼ਿਆਦਾਤਰ  ਤਾਂ  ਠੰਡਾ ਮੌਸਮ ਹੀ ਦੇਖਿਆ ਮੈਂ। ਚੰਦਨ ਅਤੇ ਦਨੇਸ਼ ਤਾਂ ਉੱਠਦੇ ਹੀ ਬਹੁਤ ਦੇਰ ਨਾਲ ਸੀ। ਕਈ ਵਾਰ ਉਹਨਾਂ ਦੀ ਸਵੇਰ ਕੁਟਾਪੇ ਨਾਲ ਚੜਦੀ। ਓਧਰੋਂ ਸਕੂਲ ਦਾ ਸਮਾਂ ਹੋ ਜਾਂਦਾ ਤੇ ਇੱਧਰ ਇਹ ਮੰਜੇ ਤੇ ਪਏ ਉੱਸਲਵੱਟੇ ਲੈਂਦੇ ਰਹਿੰਦੇ। ਮਾਸੜ ਜੀ ਖੇਤ ਚਲੇ ਜਾਂਦੇ ਤੇ ਮਾਸੀ ਮੈਨੂੰ ਚਾਹ ਨਾਲ ਪਰੌਂਠੇ ਖਵਾ ਕੇ ਇਹਨਾਂ ਨੂੰ ਉਠਾਉਣ ਦਾ ਯਤਨ ਕਰਦੀ। ਕਈ ਵਾਰ ਤਾਂ ਮਾਸੀ ਵੀ ਅੱਕ ਜਾਂਦੀ ਇਹਨਾਂ ਦੇ ਢੀਠਪੁਣੇ ਤੋਂ ਤੇ ਫੇਰ ਝਿੜਕਾਂ ਅਤੇ ਲਫੇੜਿਆਂ ਦਾ ਮੀਂਹ ਵਰਦਾ। 

ਇੱਥੇ ਆ ਕੇ ਮੈਂ ਸੱਚੀਂਓ ਗਵਾਚ ਜਾਂਦਾ ਹਾਂ ਆਪਣੇ ਆਪ ਵਿੱਚ ਅਤੇ ਭੁੱਲ ਜਾਂਦਾ ਹਾਂ ਦੁਨੀਆਦਾਰੀ ਦੀ ਭੇੜ ਚਾਲ।
ਵੱਡੇ- ਵੱਡੇ ਵਿੰਗ-ਧੜਿੰਗੇ ਪਹਾੜ, ਉੱਚੇ-ਲੰਮੇ ਪੇੜ ਪੌਦੇ, ਪਹਾੜਾਂ ਵਿੱਚੋਂ ਲੰਘਦੀ ਹੋਈ ਚੌ, ਅਤਰੰਗੇ ਜੀਵ  ਅਤੇ ਰੇਤਲਾ ਉੱਭੜਵਾਹਾ ਰਾਸਤਾ ਮਜਾਲ ਹੈ ਤੁਹਾਨੂੰ ਆਪਣੇ ਵੱਲ ਖਿੱਚਣ ਵਿੱਚ ਅਸੰਭਵ ਹੋ ਜਾਵੇ।
ਅੱਜ ਵੀ ਜਦ ਇਸ ਪਿੰਡ ਪੈਰ ਧਰਦਾ ਹਾਂ ਤਾਂ ਮੈਨੂੰ ਸਾਰਾ ਕੁਝ ਆਪਣਾ-ਆਪਣਾ ਜਾਪਦਾ ਹੈ। ਮੇਰਾ ਕਦੇ-ਕਦੇ ਜੀ ਕਰਦਾ ਕਿ ਮੈਂ ਉੱਚੀ-ਉੱਚੀ ਰੋਵਾਂ ਅਤੇ ਮਨ ਆਪਣੇ ਨੂੰ ਹਲਕਾ ਕਰਾਂ ਜੋ ਕੁਝ ਦੱਬੀ ਬੈਠਾਂ ਹਾਂ ਬਾਹਰ ਕੱਢ ਦੇਵਾਂ। ਵਕਤ ਦੇ ਨਾਲ ਬਹੁਤ ਕੁਝ ਬਦਲ ਗਿਆ, ਪਿੰਡ ਦਾ ਮੂੰਹ ਮੱਥਾ, ਇੱਥੋਂ ਦੇ ਵਸਨੀਕ, ਰਾਸਤੇ, ਖੇਤ, ਖੇਤੀ ਦੇ ਸਾਧਨ, ਸਕੂਰ, ਦੁਕਾਨਾਂ ਦਾ ਹੁਲੀਆ ਅਤੇ ਹੋਰ ਬਹੁਤ ਕੁਝ ਪਰ ਜੋ ਨਹੀਂ ਬਦਲਿਆ ਉਹ ਹੈ ਮੇਰੇ ਇਸ ਪਿੰਡ ਜਾਣ ਦੇ ਲਈ ਕਾਹਲੇ ਪੈਂਦੇ ਕਦਮ, ਜਜ਼ਬਾਤ ਅਤੇ ਉਹ ਓਕਟੋ ਜੋ ਕਦੇ ਹੈਪੀ ਹੋਇਆ ਕਰਦਾ ਸੀ ਕਦੇ ਵੇਸਨ, ਸਾਰਿਆਂ ਦਾ ਲਾਡਲਾ ਜਿਸਨੂੰ ਸਾਰਿਆਂ ਨੇ ਪਲਕਾਂ ਉੱਪਰ ਬਿਠਾਈ ਰੱਖਿਆ ਸੀ, ਟਿਊਬਵੈਲ ਤੇ ਨਹਾਉਣ ਦੀ ਇੱਛਾ ਅਤੇ ਉੱਚੀ ਉੱਚੀ ਚੀਕਾਂ ਮਾਰ ਕੇ ਕਿਸੇ ਨੂੰ ਡਰਾਉਣ ਦਾ ਤਰੀਕਾ, ਅੰਬਾਂ ਦੇ ਬਾਗ ਵਿੱਚ ਪੁੱਠੀ ਸਿੱਧੀ  ਅੰਬਾਂ ਨੂੰ ਡੇਗਣ ਦੀ ਵਿਉਂਤ, ਫੌਜੀਆਂ ਕੋਲ ਜਾ ਕੇ ਉਹਨਾਂ ਨੂੰ ਆਪਣੇ ਮੋਢੇ ਬੰਦੂਕ ਚੁੱਕਣ ਦਾ ਚਾਅ ਅਤੇ ਚੌ ਵਿੱਚ  ਜਾ ਕੇ ਨੰਗੇ ਪੈਰੀ ਪਾਣੀ ਦੇ ਸਪਰਸ਼ ਨੂੰ ਮਹਿਸੂਸ ਕਰਨ ਦੀ ਇੱਛਾ।  ਜੇ ਮੈਨੂੰ ਮੇਰੇ ਪਿੰਡ ਨੇ ਧਰਤੀ ਵਿੱਚ ਸਮਾਉਣ ਦੀ ਜਗਹ ਨਾ ਦਿੱਤੀ ਤਾਂ ਕਾਸ਼ ਮੈਂ ਇਸ ਪਿੰਡ ਦੇ ਕਿਸੇ ਵੀ ਕੋਨੇ ਵਿੱਚ ਆਖਰੀ ਸਾਹ ਲੈਣ ਦਾ ਆਨੰਦ ਮਾਣ ਪਾਵਾਂ।