ਕੁੱਝ ਤਾਂ ਵੰਡ ਗ਼ਮਾਂ ਦਾ ਭਾਰ ਭਰਾਵਾ,
ਗੱਲੀਂ, ਬਾਤੀਂ ਨਾ ਤੂੰ ਸਾਰ ਭਰਾਵਾ।
ਵਿਹਲੇ ਰਹਿ ਕੇ ਰੋਟੀ ਕਦ ਮਿਲਦੀ ਹੈ,
ਇਹ ਮਿਲਦੀ ਕਰਕੇ ਕੰਮ, ਕਾਰ ਭਰਾਵਾ।
ਜੇ ਯੁਵਕਾਂ ਨੂੰ ਆਪੇ ਰੁਜ਼ਗਾਰ ਮਿਲੇ,
ਉਹ ਕਿਉਂ ਬੈਠਣ ਧਰਨੇ ਮਾਰ ਭਰਾਵਾ?
ਜੋ ਜਨਤਾ ਨੂੰ ਲੁੱਟ ਰਿਹੈ ਸਾਲਾਂ ਤੋਂ,
ਉਹ ਘੁੰਮੇ ਗਲ਼ 'ਚ ਪਾ ਹਾਰ ਭਰਾਵਾ।
ਉਹ ਬੰਦੇ ਤੋਂ ਅੱਗੇ ਨਿਕਲ ਰਹੀ ਹੈ,
ਹੁਣ ਕਮਜ਼ੋਰ ਰਹੀ ਨਾ ਨਾਰ ਭਰਾਵਾ।
ਨਾ ਮੈਂ ਥੱਕਿਆ, ਨਾ ਅਜੇ ਸੂਰਜ ਡੁੱਬਿਆ,
ਮੈਂ ਕਿਉਂ ਮੰਨਾਂ ਆਪਣੀ ਹਾਰ ਭਰਾਵਾ?
ਉਸ ਨੂੰ ਹਰ ਕੋਈ ਚਾਅ ਨਾ' ਪੜ੍ਹਦਾ ਹੈ,
ਸੱਚ ਲਿਖੇ ਜਿਹੜੀ ਅਖਬਾਰ ਭਰਾਵਾ।