ਅਕਸਰ ਬੁਰਾ ਹੀ ਉਸ ਦਾ ਤੱਕਿਆ ਮੈਂ ਹਾਲ ਹੁੰਦਾ।
ਦਿਲ ਦਾ ਖਿਡੌਣਾ ਜਿਸ ਤੋਂ ਨਹੀਓਂ ਸੰਭਾਲ ਹੁੰਦਾ।
ਚੇਤੇ ਕਰਾਉਣ ਉਸ ਨੂੰ ਆਉਂਦਾ ਹੈ ਆਪ ਚੱਲ ਕੇ
ਚੇਤੇ ਨਾ ਜਿਸ ਕਿਸੇ ਨੂੰ ਯਾਰੋ ਹੈ ਕਾਲ਼ ਹੁੰਦਾ।
ਉਹਨਾਂ ਦੇ ਸੁਪਨਿਆਂ ਵਿਚ ਆਉਂਦੇ ਪਹਾੜ ਨਦੀਆਂ
ਸਾਡੇ ਤਾਂ ਸੁਪਨਿਆਂ ਵਿਚ ਆਟਾ ਤੇ ਦਾਲ਼ ਹੁੰਦਾ।
ਕਿੱਦਾਂ ਦੇ ਲੋਕ ਹੁੰਦੇ ਜਿਹੜੇ ਨੇ ਏਦਾਂ ਕਰਦੇ
ਜੀਵਨ ਕਿਸੇ ਦਾ ਹਰਗਿਜ਼ ਸਾਥੋਂ ਨਾ ਗਾਲ਼ ਹੁੰਦਾ।
ਜਨਤਾ ਦੇ ਨਾਂ ਤੇ ਉਹੀਓ ਖਾਂਦਾ ਹੈ ਪੇਟ ਭਰ ਕੇ
ਫੜ੍ਹਿਆ ਹੈ ਜਿਸ ਕਿਸੇ ਵੀ ਸੱਤਾ ਦਾ ਥਾਲ਼ ਹੁੰਦਾ।
ਸੱਦਾ ਕੋਈ ਜੇ ਦੇਵੇ ਬਾਹਲਾ ਨਾ ਗੌਲ਼ਦਾ ਮੈਂ
ਤੇਰਾ ਬੁਲਾਵਾ ਮੈਥੋਂ ਭੁੱਲ ਕੇ ਨਾ ਟਾਲ਼ ਹੁੰਦਾ।
ਚੱਲਣਾ ਸਮੇਂ ਦਾ ਹੱਥ ਫੜ੍ਹ ਔਖਾ ਬੜਾ ਹੈ ਯਾਰੋ
ਸੰਚੇ 'ਚ ਵਕ਼ਤ ਵਾਲੇ ਖ਼ੁਦ ਨੂੰ ਨਾ ਢਾਲ਼ ਹੁੰਦਾ।
ਮਾੜੇ ਦਾ ਕੁਝ ਨਾ ਬਚਦਾ ਤਕੜੇ ਦੇ ਨਾਲ਼ ਲੜ ਕੇ
ਤਕੜੇ ਦਾ ਸੁਪਨੇ ਵਿਚ ਵੀ ਵਿੰਗਾ ਨਾ ਵਾਲ਼ ਹੁੰਦਾ।