ਸੁਰਜੀਤ ਕੌਰ ਸੈਕਰਾਮੈਂਟੋ ਦਾ ਰੁਬਾਈ ਸੰਗ੍ਰਹਿ ‘ਇਕ ਬੂੰਦ ਸਵਾਤੀ’ ਲੋਕ ਅਰਪਣ ਕੀਤਾ ਗਿਆ
(ਖ਼ਬਰਸਾਰ)
ਹੇਵਰਡ -- ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਦੀ ਮਾਸਿਕ ਮਿਲਣੀ ਮਹਿਰਾਨ ਰੈਸਟੋਰੈਂਟ ਨਿਊਵਾਰਕ ਵਿਖੇ ਡਾ. ਸੁਖਵਿੰਦਰ ਕੰਬੋਜ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਬੀਬੀ ਸੁਰਜੀਤ ਕੌਰ ਸੈਕਰਾਮੈਂਟੋ ਦਾ ਰੁਬਾਈ ਸੰਗ੍ਰਹਿ ‘ਇਕ ਬੂੰਦ ਸਵਾਤੀ’ ਲੋਕ ਅਰਪਣ ਕੀਤਾ ਗਿਆ। ਮਿਲਣੀ ਦੇ ਅਰੰਭ ਵਿਚ ਜਨਰਲ ਸਕੱਤਰ ਕੁਲਵਿੰਦਰ ਨੇ ਪ੍ਰਸਿੱਧ ਸੂਫ਼ੀ ਗਾਇਕ ਸੁਖਦੇਵ ਸਾਹਿਲ ਨੂੰ ਰੁਬਾਈ ਗਾਇਨ ਲਈ ਸੱਦਾ ਦਿੱਤਾ। ਸਾਹਿਲ ਨੇ ਕੁਝ ਰੁਬਾਈਆਂ ਦਾ ਗਾਇਨ ਕਰਕੇ ਸਮੁੱਚੀ ਕਾਇਨਾਤ ਨੂੰ ਇੱਕ ਸੁਰ ਕਰ ਦਿੱਤਾ। ਇਸ ਉਪਰੰਤ ਪੰਜਾਬੀ ਸਾਹਿਤ ਸਭਾ ਕੈਲੀਫ਼ੋਰਨੀਆ ਦੀ ਪ੍ਰਧਾਨ ਡਾ. ਰਮਨੀਤ ਕੌਰ, ਡਾ. ਸੁਖਵਿੰਦਰ ਕੰਬੋਜ, ਬੀਬੀ ਸੁਰਜੀਤ ਕੌਰ, ਪ੍ਰੋ. ਸੁਰਿੰਦਰ ਸਿੰਘ ਸੀਰਤ ਅਤੇ ਪੰਜਾਬ ਲੋਕ ਰੰਗ ਦੇ ਨਿਰਦੇਸ਼ਕ ਸੁਰਿੰਦਰ ਸਿੰਘ ਧਨੋਆ ਪ੍ਰਧਾਨਗੀ ਮੰਡਲ ਵਿੱਚ ਸੁਸ਼ੋਭਿਤ ਹੋਏ। ਡਾ. ਸੁਖਵਿੰਦਰ ਕੰਬੋਜ ਨੇ ਆਏ ਮਹਿਮਾਨਾਂ ਨੂੰ ਰਸਮੀ ਜੀ ਆਇਆਂ ਕਿਹਾ। ਇਸ ਉਪਰੰਤ ਚਰਨਜੀਤ ਸਿੰਘ ਪੰਨੂੰ ਨੇ ਡਾ. ਮੋਹਨ ਤਿਆਗੀ ਦਾ ਲਿਖਿਆ ਪਰਚਾ ਬੜੇ ਸੰਜੀਦਾ ਢੰਗ ਨਾਲ਼ ਪੜ੍ਹਿਆ। ਇਸ ਪਰਚੇ ਮੁਤਾਬਿਕ ਇਸ ਸੰਗ੍ਰਹਿ ਦੀ ਸਮੁੱਚੀ ਕਵਿਤਾ ਇੱਕ ਸਥਿਰ ਪੈਟਰਨ ਵਿੱਚ ਚੱਲਦੀ ਹੋਈ ਸ਼ਾਇਰਾ ਦੇ ਰੱਬੀ ਸੰਕਲਪ ਅਤੇ ਆਤਮਿਕ ਜਗਤ ਦੀਆਂ ਗੁੱਝੀਆਂ ਰਮਜ਼ਾਂ ਅਤੇ ਵਿਸਮਾਦੀ ਝਲਕਾਰਿਆਂ ਨੂੰ ਬਹੁ ਪਰਤੀ ਪਾਠ ਰਾਹੀਂ ਪ੍ਰਵਾਹਿਤ ਕਰਨ ਦਾ ਯਤਨ ਕਰਦੀ ਹੈ।ਇਸ ਕਵਿਤਾ ਵਿੱਚ ਇੱਕ ਪੜਾਅ ਅਜਿਹਾ ਆਉਂਦਾ ਹੈ ਜਿੱਥੇ ਜਾ ਕੇ ਇਹ ਕਵਿਤਾ ਸਵੈ ਤੋਂ ਪਾਰ ਜਾਂਦੀ ਹੋਈ ਜਥੇਬੰਦਕ ਚੇਤਨਾ ਰਾਹੀਂ ਸਮੂਹਿਕ ਰੂਪ ਅਖਤਿਆਰ ਕਰ ਲੈਂਦੀ ਹੈ। ਇੱਥੇ ਸਭ ਹੱਦਬੰਦੀਆਂ ਅਤੇ ਦਾਇਰੇ ਖਤਮ ਹੋ ਜਾਂਦੇ ਹਨ।
ਪਰਚੇ ਤੋਂ ਇਲਾਵਾ ਚਰਨਜੀਤ ਪੰਨੂੰ ਨੇ ਆਪਣੇ ਵਿਚਾਰ ਪ੍ਰਗਟਾਉਂਦੇ ਕਿਹਾ ਕਿ ਉਨ੍ਹਾਂ ਇਸ ਸਮੁੱਚੀ ਕਵਿਤਾ ਨੂੰ ਮਾਣਿਆਂ ਹੈ। ਬੀਬੀ ਜੀ ਦੀ ਕਵਿਤਾ ਸਹਿਜ ਅਵਸਥਾ ਦੀ ਤਲਾਸ਼ ਹੈ ਅਤੇ ਸੁਖਦੇਵ ਸਾਹਿਲ ਨੇ ਇਨ੍ਹਾਂ ਕਾਵਿਕ ਸੁਰਾਂ ਨਾਲ਼ ਮਨ ਵਿਸਮਾਦਤ ਕਰ ਦਿੱਤਾ ਹੈ। ਸੁਰਜੀਤ ਸਖੀ ਵਲੋਂ ਡਾ. ਉਮਿੰਦਰ ਜੌਹਲ ਦਾ ਪਰਚਾ ਵੀ ਭਾਵ-ਪੂਰਤ ਢੰਗ ਨਾਲ਼ ਪੜ੍ਹਿਆ ਗਿਆ। ਡਾ. ਜੌਹਲ ਦੇ ਪਰਚੇ ਅਨੁਸਾਰ ਇਹ ਸੰਗ੍ਰਹਿ ਮਨੋ ਸਾਧਨਾ ਅਤੇ ਸ਼ਬਦ ਸਾਧਨਾ ਦੇ ਐਸੇ ਸੁਮੇਲ ਦਾ ਪ੍ਰਮਾਣ ਹੈ, ਜਿਸ ਨੂੰ ਕਾਵਿ ਦੀਆਂ ਅਮੀਰ ਪਰੰਪਰਾਵਾਂ ਨਾਲ਼ ਸਾਂਝ ਸੂਤਰ ਨਿਭਾਉਣੇ ਆਉਂਦੇ ਹਨ। ਇਸ ਤੋਂ ਬਾਅਦ ਸਖੀ ਨੇ ਆਪਣੇ ਵਿਚਾਰ ਵੀ ਪਰਚੇ ਦੇ ਰੂਪ ਵਿੱਚ ਪੇਸ਼ ਕਰਦਿਆਂ ਇਸ ਸੰਗ੍ਰਹਿ ਦੀਆਂ ਰੁਬਾਈਆਂ ਦੇ ਬਹੁ-ਪਰਤੀ ਪਸਾਰ ਪੇਸ਼ ਕੀਤੇ। ਸੁਰਿੰਦਰ ਸਿੰਘ ਧਨੋਆ ਨੇ ਬੀਬੀ ਸੁਰਜੀਤ ਕੌਰ ਦੀ ਸ਼ਖ਼ਸੀਅਤ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਬੀਬੀ ਸੁਰਜੀਤ ਕੌਰ ਸਾਡੇ ਵਿੱਚ ਇੱਕੋ ਹੀ ਹੈ ਅਤੇ ‘ਬੀਬੀ’ ਹੋਣਾ ਆਪਣੇ ਆਪ ਵਿੱਚ ਵਿਸ਼ੇਸ਼ ਹੈ। ਗਗਨਦੀਪ ਨੇ ਬੀਬੀ ਦੀ ਉਸਤਤ ਕਰਦਾ ਕਾਵਿ-ਚਿੱਤਰ ਪੇਸ਼ ਕੀਤਾ। ਜਗਜੀਤ ਨੌਸ਼ਿਹਰਵੀ ਨੇ ਬੀਬੀ ਨੂੰ ਰੂਹਾਨੀਅਤ ਨਾਲ਼ ਜੁੜੀਆਂ ਰੁਬਾਈਆਂ ਲਿਖਣ ਲਈ ਵਧਾਈ ਦਿੱਤੀ। ਜਗਤਾਰ ਗਿੱਲ ਅਤੇ ਅਮਰਜੀਤ ਸਿੰਘ ਮੁਲਤਾਨੀ ਨੇ ਵੀ ਬੀਬੀ ਦੀ ਕਲਮ, ਸ਼ਖ਼ਸੀਅਤ ਅਤੇ ਸਮਾਜ ਪ੍ਰਤੀ ਨਿਭਾਈ ਭੂਮਿਕਾ ਦੀ ਸ਼ਲਾਘਾ ਕੀਤੀ। ਯਕੂਬ ਦੀ ਆਵਾਜ਼ ਵਿਚ ਰਿਕਾਰਡ ਇਕ ਰੁਬਾਈ ਵੀ ਪੇਸ਼ ਕੀਤੀ ਗਈ।ਬੀਬੀ ਸੁਰਜੀਤ ਕੌਰ ਨੇ ਸਰੋਤਿਆਂ ਦੇ ਰੂ ਬ ਰੂ ਹੁੰਦਿਆਂ ਆਪਣੇ ਜੀਵਨ ਅਤੇ ਸਾਹਿਤਕ ਸਫ਼ਰ ਬਾਰੇ ਕਿਹਾ ਕਿ ਉਹ ਗੁਰੁ ਘਰ ਦੇ ਕੀਰਤਨੀਏਂ ਵਜੋਂ ਐਲਸਬਰਾਂਟੇ ਆਈ ਅਤੇ ਹੈੱਡ ਗਰੰਥੀ ਦੀ ਸੇਵਾ ਵੀ ਨਿਭਾਈ।ਇਸ ਸਫ਼ਰ ’ਤੇ ਚੱਲਦਿਆਂ ਆਪਣੇ ਧਰਮ ਅਤੇ ਕੌਮ ਦੇ ਕੱਟੜ ਮੱਤ ਯੋਧਿਆਂ ਦਾ ਸਾਹਮਣਾ ਕੀਤਾ। ਸ਼ਬਦ ਗੁਰੁ ਅਤੇ ਆਪੇ ਨਾਲ਼ ਜੁੜਨ ਕਾਰਣ ਕਲਮ ਦੀ ਬਖਸ਼ਿਸ਼ ਹੋਈ। ਇਸ ਲਈ 2017 ਵਿਚ ‘ਪੰਜ ਆਬਾਂ ਦੀ ਜਾਈ’ ਕਾਵਿ ਸੰਗ੍ਰਹਿ ਅਤੇ ਹੁਣ ਇਸ ਰੁਬਾਈ ਸੰਗ੍ਰਹਿ ਨਾਲ਼ ਸਭ ਦੇ ਸਨਮੁਖ ਹੋ ਰਹੀ ਹੈ। ਪ੍ਰੋ. ਸੁਰਿੰਦਰ ਸਿੰਘ ਸੀਰਤ ਨੇ ਰੁਬਾਈ ਸੰਗ੍ਰਹਿ ਦੇ ਤਕਨੀਕੀ ਪੱਖਾਂ ਦਾ ਵਰਣਨ ਕਰਦੇ ਕਿਹਾ ਕਿ ਇਹ ਸੰਗ੍ਰਹਿ ਪੰਜਾਬੀ ਸਾਹਿਤ ਵਿੱਚ ਇਕ ਨਵਾਂ ਰੰਗ ਅਤੇ ਨਵਾਂ ਰੂਪ ਲੈ ਕੇ ਪ੍ਰਵੇਸ਼ ਕਰ ਰਿਹਾ ਹੈ। ਇਹ ਰੁਬਾਈਆਂ ਇਸ਼ਕ ਹਕੀਕੀ ਦੇ ਰੰਗ ਵਿੱਚ ਰੰਗੀਆਂ ਹੋਈਆਂ ਹਨ। ਉਸਦੀ ਨਜ਼ਰ ਵਿੱਚ ਬੀਬੀ ਸੁਰਜੀਤ ਕੌਰ ਇਕ ਕ੍ਰਾਂਤੀਕਾਰ ਹੈ ਜਿਸਨੇ ਸੰਘਰਸ਼ਮਈ ਜੀਵਨ ਜੀਵਿਆ ਹੈ। ਡਾ. ਸੁਖਵਿੰਦਰ ਕੰਬੋਜ ਨੇ ਕਿਹਾ ਕਿ ਇਹ ਰੁਬਾਈਆਂ ਜੀਵਨ ਦੇ ਰਿਸ਼ਤਿਆਂ ਨੂੰ ਸਮਰਪਣ ਦੀ ਭਾਵਨਾ ਨਾਲ਼ ਜੋੜਦੀਆਂ ਹਨ। ਬੀਬੀ ਆਪਣੀ ਪੁਸਤਕ ਵਿੱਚ ਇਸ ਭਾਵਨਾ ਨੂੰ ਆਖਿਰ ਤੱਕ ਕਾਇਮ ਰੱਖਦੀ ਹੈ। ਇਸ ਲਈ ਇਹ ਪੁਸਤਕ ਮਹੱਤਵਪੂਰਨ ਹੈ। ਡਾ. ਮਨਰੀਤ ਕੌਰ ਨੇ ਇਸ ਸਮਾਗਮ ਦਾ ਮੁਲਾਂਕਣ ਕਰਦਿਆਂ ਵਿਪਸਾ ਅਤੇ ਬੀਬੀ ਸੁਰਜੀਤ ਕੌਰ ਨੂੰ ਇਕ ਵਧੀਆ ਸਮਾਗਮ ਅਤੇ ਕਿਰਤ ਲਈ ਵਧਾਈ ਦਿੱਤੀ। ਉਸ ਨੇ ਇਹ ਵੀ ਕਿਹਾ ਕਿ ਪੁਸਤਕ ਦੇ ਅੱਗੇ ਪ੍ਰਕਾਸ਼ਿਤ ਮੁੱਖ ਬੰਦ, ਭੂਮਿਕਾ ਜਾਂ ਜੋ ਹੋਰ ਰੀਵੀਊ ਨਹੀਂ ਹੋਣੇ ਚਾਹੀਦੇ ਤਾਂ ਕਿ ਪਾਠਕ ਪੁਸਤਕ ਦਾ ਭਰਪੂਰ ਆਨੰਦ ਮਾਣ ਸਕੇ। ਇਸ ਉਪਰੰਤ ਬੀਬੀ ਸੁਰਜੀਤ ਕੌਰ ਅਤੇ ਉਸਦੇ ਜੀਵਨ ਸਾਥੀ ਸ. ਕਿਹਰ ਸਿੰਘ ਨੇ ਪ੍ਰੋ. ਸੁਰਿੰਦਰ ਸਿੰਘ ਸੀਰਤ ਨੂੰ ਇਸ ਪੁਸਤਕ ਨੂੰ ਨੇਪਰੇ ਚਾੜ੍ਹਨ ਲਈ ਨਿਭਾਈ ਭੂਮਿਕਾ ਲਈ ‘ਲੋਈ’ ਦੇ ਕੇ ਸਨਮਾਨਿਤ ਕੀਤਾ ਅਤੇ ਜਨਮ ਦਿਨ ਦਾ ਤੋਹਫ਼ਾ ਵੀ ਦਿੱਤਾ। ਦੁਪਹਿਰ ਦੇ ਖਾਣੇ ਤੋਂ ਬਾਅਦ ਕਵੀ ਦਰਬਾਰ ਵਿਚ ਜਸਵੰਤ ਸਿੰਘ ਸ਼ੀਂਹਮਾਰ, ਜੋਤੀ ਸਿੰਘ, ਕਮਲ ਬੰਗਾ,ਐਸ਼, ਸੁਰਜੀਤ ਸਖੀ, ਡਾ. ਮਨਰੀਤ ਕੌਰ, ਤਾਰਾ ਸਿੰਘ ਸਾਗਰ, ਪ੍ਰੋ. ਸੁਰਿੰਦਰ ਸਿੰਘ ਸੀਰਤ ਅਤੇ ਕੁਲਵਿੰਦਰ ਨੇ ਭਾਗ ਲਿਆ। ਮੰਚ ਸੰਚਾਲਨ ਕੁਲਵਿੰਦਰ ਵਲੋਂ ਬਾਖੂਬੀ ਨਿਭਾਇਆ ਗਿਆ।