ਸ਼ਰਾਬੀ ਚੂਹਾ (ਹਾਸਰਸ ਬਾਲ ਕਵਿਤਾ) (ਕਵਿਤਾ)

ਸਾਧੂ ਰਾਮ ਲੰਗਿਆਣਾ (ਡਾ.)   

Email: dr.srlangiana@gmail.com
Address: ਪਿੰਡ ਲੰਗੇਆਣਾ
ਮੋਗਾ India
ਸਾਧੂ ਰਾਮ ਲੰਗਿਆਣਾ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਇੱਕ ਦਿਨ ਚੂਹੇ ਨੇ ਪੈੱਗ ਲਾ ਲਿਆ
ਹਾਥੀ ਨੂੰ ਸੀ ਘੇਰਾ ਪਾ ਲਿਆ
ਕਹਿੰਦਾ ਲਵਾਦੂੰ ਟਾਪੂ ਤੇਰੇ
ਜੇਕਰ ਹੋਇਆ ਨੇੜ ਤੂੰ ਮੇਰੇ
ਆਹ ਦੇਖ ਮੇਰੇ ਕੋਲ ਗਿਲਾਸੀ
ਧੂੰਆਂ ਲਿਆਦੂੰ ਤੇਰੇ ਨਾਸੀਂ
ਮੁੱਛਾਂ ਤੇ ਸੀ ਜੀਭ ਘੁੰਮਾਉਂਦਾ
ਲਲਕਾਰਿਆਂ ਦੇ ਨਾਲ ਡਰਾਉਂਦਾ
ਹਾਥੀ ਉਸਤੋਂ ਜਾਵੇ ਟਲਦਾ
ਚੂਹਾ ਅੱਗੋਂ ਰਾਹ ਸੀ ਮੱਲਦਾ
ਐਸਾ ਘੋਲ ਮੈਂ ਘੁਲ਼ ਕੇ ਜਾਊਂ
ਹਥਣੀਂ ਤੇਰੀ ਚੇਤੇ ਲਿਆਊਂ
ਹਾਥੀ ਵੀ ਅੱਗੋਂ ਹੱਸੀ ਜਾਵੇ
ਵਿਅੰਗ ਚੂਹੇ ਤੇ ਕੱਸੀ ਜਾਵੇ
ਜਾਹ ਉਏ ਚੂਹਿਆ ਉਕਾਤ ਕੀ ਤੇਰੀ
ਕਿਓਂ ਫਿਰਦਾ ਏਂ ਮੌਤ ਸਹੇੜੀ
ਹੁਣ ਆ ਗਈ ਵਾਰੀ ਮੇਰੀ
ਇੱਕ ਸਕਿੰਟ ਨਾ ਲੱਗਣੀਂ ਦੇਰੀ
ਪੂਛ ਡੁਬੋ ਕੇ ਤੂੰ ਹੈ ਚੱਟੀ
ਕਿਉਂ ਪਾਉਂਦੇ ਮੇਰੇ ਘੱਟਾ ਅੱਖੀਂ
ਸੁੰਡ ਨਾਲ ਹਾਥੀ ਫੁਕਾਰਾ ਲਾਇਆ
ਚੂਹਾ ਕਿਧਰੇ ਨਜ਼ਰ ਨਾ ਆਇਆ
ਬੱਚਿਓ ਚੂਹੇ ਦਾ ਇਹ ਸੀ ਦੁੜੰਗਾ
ਵੱਡਿਆਂ ਨਾਲ ਕਦੇ ਲਉ ਨਾ ਪੰਗਾ
ਨਸ਼ਿਆਂ ਤੋਂ ਸਦਾ ਦੂਰ ਹੈ ਰਹਿਣਾਂ
'ਸਾਧੂ ਰਾਮ ਲੰਗੇਆਣੇ' ਦਾ ਕਹਿਣਾਂ