ਇੱਕ ਘਰ ਹੁੰਦਾ ਸੀ ਪਿੰਡ -
ਹੈ ਅਜੇ ਵੀ ਖੜ੍ਹਾ ਘਰ ਵਾਲਿਆਂ ਨੂੰ ਉਡੀਕਦਾ-
ਰਸੋਈ ਸੀ -ਜਿੱਥੇ ਮਾਂ ਦੇ ਹੱਥਾਂ ਚ ਗੋਲ 2 ਰੰਗ ਬੇਰੰਗੀਆਂ ਰੋਟੀਆਂ ਦੀ ਕਲਾ ਉੱਸਰਦੀ ਸੀ-
ਵਿਹੜੇ ਚ ਸੁਬਾ੍ਹ ਬਹਾਰੀ ਦਾ ਗੀਤ ਘੁੰਮਦਾ ਸੀ-
ਨਿੱਤਅੱਧਸੁੱਤੀ ਲੋਕਾਈ ਨਾਲ ਚਾਟੀ ਚ ਸੰਗੀਤ ਜਨਮ ਲੈਂਦਾ ਸੀ
-ਪਿਓਂਦੂ ਬੇਰੀ ਤੇ ਗਾਨੀ ਵਾਲੇ ਤੋਤਿਆਂ ਦੇ ਦਰਿਸ਼ ਦੇਖੇ -
ਨਹੀਂ ਝੜਦੇ ਅਜੇ ਤੀਕ ਚੇਤਿਆਂ ਚੋਂ-
ਦਲਾਨ ਚ ਇੱਕ ਸੰਦੂਕ ਪਿਆ ਹੈ-
ਚਰਖਾ ਘੂਕਰ ਸਮੇਟ ਸੁੱਤਾ ਪਿਆ ਹੈ-
ਚੱਕੀ ਨੂੰ ਮੁੜ ਕੇ ਗੇੜਾ ਹੀ ਨਹੀ ਆਇਆ-
ਹੱਥੀ ਤੇ ਸਿਰਫ ਮਾਂ ਦੇ ਹੱਥਾਂ ਦੀ ਛੁਹ ਹੀ ਜਗਦੀ ਪਈ ਹੈ-
ਨਲਕੇ ਦੀ ਹੱਥੀ ਓਥੇ ਹੀ ਖੜ੍ਹੀ ਹੈ ਜਿੱਥੇ ਮਾਂ ਛੱਡ ਗਈ ਸੀ -
ਬੂਹੇ ਤੇ ਜ਼ਿੰਦਰਾ ਜੰਗਾਲਿਆ ਗਿਆ ਹੈ-
ਓਹੀ ਘਰ ਜਿੱਥੇ ਅਰਸ਼ਾਂ ਨੂੰ ਛੁਹਣ ਬਾਰੇ ਸੋਚਿਆ ਕਰਦੇ ਸਾਂ-
ਇੱਕ 2 ਇੱਟ 2 ਡਿਗ ਰਹੀ ਹੈ-ਉਮਰ ਦੇ ਸਾਲਾਂ ਵਾਂਗ-
ਜਿੱਥੇ ਹਰ ਵੇਲੇ ਬਾਪੂ ਦਾ -ਹੁਕਮ ਸੀ ਪਹਿਰਾ ਸੀ
ਮਾਂ ਦੀਆਂ ਲੋਰੀਆਂ ਸਨ-ਚਾਅ ਸਨ-
ਕੰਧਾਂ ਤੋਂ ਕਿੱਲੀਆਂ ਗਿਰ ਗਈਆਂ ਹਨ-
ਦਸੈਰੇ ਦੀਵਾਲੀ ਤੋਂ ਲਿਆਂਦੇ ਕਲੰਡਰ ਡਿਗ ਪਏ ਹਨ-
ਆਟੇ ਵਾਲਾ ਢੋਲ ਖਾਲੀ ਹੈ-
ਮੰਜੇ ਸੌਣ ਵਾਲਿਆਂ ਨੂੰ ਉੇਡੀਕ ਰਹੇ ਹਨ-
ਜੇ ਕਿਤੇ ਸਾਉਣ ਬਹਾਨੇ ਲੇਟਦੇ ਵੀ ਹਾਂ ਤਾਂ ਨੀਂਦ ਨਹੀ ਪੈਂਦੀ-
ਓਹੀ ਬਾਣ ਨਵਾਰੀ ਮੰਜੇ ਹਨ-ਪਰ ਨੀਂਦ ਕਿੱਥੋਂ ਲੈ ਕੇ ਆਈਏ ਮਾਂ-
ਕਦੇ ਲੇਟਦੇ ਹੀ ਘੂਕ ਸੌਂ ਜਾਇਆ ਕਰਦੇ ਸਾਂ
-ਤੇਰੇ ਹੱਥਾਂ ਦੀਆਂ ਚਾਹ ਨਾਲ ਮੱਕੀ ਦੀਆਂ ਲੂਣ ਭੁੱਕ ਖਾ ਕੇ-
ਕੁਰਸੀਆਂ ਮੇਜ਼ ਜਿੱਥੇ ਬੈਠ ਦੁਨੀਆਂ ਦੇ ਨਜ਼ਾਰੇ ਲੈਂਦੇ ਸਾਂ-
ਸੋਫਿਆਂ ਵੱਲ ਦੇਖ 2 ਤਿਓੜੀਆਂ ਕੱਸ ਰਹੇ ਹਨ
-ਕਿੱਥੇ ਚਲੇ ਗਏ ਹਨ ਸਾਰੇ ਬੈਠਣ ਵਾਲੇ
ਸਾਫ਼ ਕਰਨ ਵਾਲੇ-
ਕੁੜੀਆਂ ਲੋਹੜੀ ਲੈਣ ਵੀ ਨਹੀਂ ਖੜ੍ਹਦੀਆਂ ਅੜ੍ਹ 2-
ਨਾ ਹੀ ਕੋਈ ਓਦਣ ਦਾ ਵਿਆਹ ਦਾ ਸੱਦਾ ਦੇਣ ਆਇਆ ਹੈ-
ਦੋਸਤੋ! ਓਦਣ ਤੋਂ ਬਾਦ ਕਦੇ ਦਰਵਾਜੇ ਤੇ ਕਿਸੇ ਨੇ ਵੀ ਅੰਬ ਦੇ ਪੱਤੇ ਨਹੀ ਬੰਨ੍ਹੇ -
ਸਰੋਂ੍ਹ ਦਾ ਤੇਲ ਵੀ ਨਹੀ ਕਿਸੇ ਚੋਇਆ-
ਨਾ ਹੀ ਕੋਈ ਕੱਚੇ ਦੁੱਧ ਦੀ ਗੜਬੀ ਲੈ ਕੇ ਵਾਰਦਾ ਦਿਸਿਆ ਹੈ-
ਪੁੱਤਾਂ ਦੇ ਸਿਰ 'ਤੋਂ ਦੀ-
ਲੋਕੋ ਏ ਸੱਭ ਕੁਝ ਖਾਲੀ ਦੇਖ-
ਹੰਝੂ ਕਿਹਨੂੰ ਕੋਈ ਵਿਖਾਵੇ-
ਕਿਹਦੇ ਕੋਲ ਗਿੱਲੀਆਂ ਪਲਕਾਂ ਦਾ ਲੈ ਸੁਨੇਹਾ ਜਾਵੇ-
ਗੱਲਾਂ੍ਹ ਉੱਤੇ ਸੁੱਕੇ ਹੰਝੂਆਂ ਦਾ ਕਿਹਨੂੰ ਗੀਤ ਸੁਣਾਵੇ-
ਖਾਲੀ ਪਈਆਂ ਪਰਾਤਾਂ ਦੇ ਵਿੱਚ ਕਿਹੜੀ ਮੂਰਤ ਬਣਾਵੇ-
ਕਿੱਥੋਂ ਜਾ ਕੇ ਵਿਹੜੇ ਦੇ ਨਗਮੇਂ ਹਿੱਕੀਂ ਮੋੜ ਸਜਾਵੇ-
ਮਾਂ ਤੈਨੂੰ ਤਾਂ ਚੈਨ ਨਹੀਂ ਸੀ ਆਉਂਦੀ-
ਸਾਫ਼ ਕਰਦੀ ਨਹੀ ਸੀ ਥੱਕਦੀ-
ਅਖੇ ਇਹ ਨਮਾਣੀ ਧੂੜ ਖਬਰੇ ਕਿੱਥੋਂ ਆ ਜਾਂਦੀ ਆ ਨਿੱਤ-
ਮੈਂ ਨਹੀਂ ਰਹਿਣਾ ਰਾਤ-ਘਰ ਬੂਟਿਆਂ ਦਾ ਕਿੰਨਾ ਫਿਕਰ ਸੀ-ਓਸ ਨੂੰ
ਕਿ ਮਰ ਜਾਣਗੇ ਸੁੱਕ ਜਾਣਗੇ
ਜੇ ਪਾਣੀ ਨਾ ਦਿਤਾ ਤਾਂ ਜਾ ਕੇ-
ਮਾਂ ਕਿੱਥੇ ਏਂ -
ਤੇਰੇ ਸਾਰੇ ਹੀ ਬੂਟੇ ਸੁੱਕ ਗਏ ਹਨ-
ਆ ਕਦੇ ਆਕੇ ਪਾਣੀ ਹੀ ਦੇ ਜਾ-