ਪੁੱਛ ਲੈਂਦਾ ਹੈ ਓਹ ਕਦੇ-ਕਦੇ
ਚੱਲ ਕੀ ਰਿਹਾ ਹੈ ਅੱਜਕੱਲ
ਮੈਂ ਬੜੀ ਬੇਫਿਕਰੀ ਨਾਲ
ਆਖ ਦਿੰਦਾ ਹਾਂ ਕਿ 'ਸਾਹ'
ਨਜ਼ਰ ਵਿੱਚ ਤੌਖਲਾਪਨ
ਤਿਉੜੀਆਂ ਮੱਥੇ ਨੂੰ ਘੇਰ
ਜਤਾਉਂਦੀਆਂ ਨੇ ਅਸੰਤੁਸ਼ਟੀ
ਮੇਰੇ ਵੱਲੋਂ ਦਿੱਤੇ ਗਏ ਜਵਾਬ ਤੋਂ
ਕਰ ਦਿੰਦੀ ਹੈ ਪਰੇਸ਼ਾਨ ਉਸਨੂੰ
ਜਮੀਨ ਤੇ ਗੱਡੀ ਹੋਈ ਨਜ਼ਰ ਮੇਰੀ
ਹੋ ਕੇ ਬੇਕਾਬੂ ਨਾਲ ਜੁੜ ਬੈਠ ਜਾਂਦਾ
ਫੇਰ ਕਰ ਦਿੰਦੀ ਹੈ ਨਿਰਾਸ਼ ਉਸਨੂੰ
ਕੋਸ਼ਿਸ਼ ਨਜ਼ਦੀਕ ਆਵਣ ਦੀ
ਅਸਫਲ ਹੋ ਰਿਹਾ ਹਰ ਜਤਨ
ਕਰ ਦੇਵੇ ਮਜਬੂਰ ਸੋਚਣ ਲਈ
ਹਰ ਵਾਰ ਸ਼ੀਸ਼ਾ ਦਿਖਾ ਦੇਂਦੀ ਹੈ
ਹਿੱਸੇ ਆਈ ਹਾਰ ਉਸਦੇ
ਅੱਕ ਕੇ ਹੁਣ ਉਹ ਵੀ
ਨਜ਼ਰਾਂ ਜਮਾ ਲੈਂਦਾ ਹੈ ਇੱਕ ਜਗਹ
ਉਤਪਨ ਹੋ ਜਾਂਦਾ ਕੁਝ ਦੇਰ ਬਾਅਦ
ਇੱਕ ਦਰਿੱਸ਼
ਇੱਕ ਦਰਿੱਸ਼ ਜੋ
ਗਵਾਹ ਹੈ ਬੀਤੇ ਹੋਏ ਵਕਤ ਦਾ
ਵਕਤ
ਜੋ ਬਿਤਾਇਆ ਸੀ ਦੋਹਾਂ ਇਕੱਠਿਆਂ
ਵਕਤ
ਜੋ ਦੋ ਜਿਸਮ ਇੱਕ ਜਾਨ ਦੀ
ਭਰਦਾ ਹੈ ਹਾਮੀ
ਵਕਤ
ਜੋ ਨਿਸ਼ਾਨੀ ਹੈ ਸਾਡੇ
ਨਾਦਾਨ ਜਿਹੇ ਪਿਆਰ ਦੀ
ਵਕਤ
ਜੋ ਬੀਤ ਗਿਆ ਹੈ ਕਦੋਂ ਦਾ
ਥੱਪੜਾਂ ਵਾਂਗ ਵੱਜਦੇ ਵਾਲਾਂ ਦੇ ਜ਼ਰੀਏ
ਧਿਆਨ ਭੰਗ ਕਰ ਦਿੰਦੀ ਹੈ ਉਸਦਾ
ਅਚਾਨਕ ਹਵਾ ਵਿੱਚ ਆਈ ਹਲਚਲ
ਆਖਿਰ ਨੂੰ ਇੱਕ ਤੁਪਕਾ ਪਾਣੀ
ਹੇਠਾਂ ਡਿੱਗਦਾ ਹੈ ਹੰਝੂ ਦਾ ਰੂਪ ਬਣ
ਅਹਿਸਾਸ ਕਰਵਾਉਂਦਾ ਹੈ ਉਸਨੂੰ
ਕਿ
ਇੱਕ ਦਿਲ ਹੁੰਦਾ ਸੀ
ਤੇਰੇ ਸੀਨੇ ਵਿਚਲੇ ਦਿਲ ਤੋਂ ਇਲਾਵਾ
ਜੋ ਧੜਕਦਾ ਤਾਂ ਸੀ
ਕਿਸੇ ਹੋਰ ਦੇ ਜਿਸਮ ਵਿੱਚ
ਪਰ ਤੇਰੇ ਲਈ
ਕਿ
ਇੱਕ ਸਖ਼ਸ਼ ਹੁੰਦਾ ਸੀ
ਜੋ ਪੈਦਾ ਤਾਂ ਹੋਇਆ
ਪਰ ਤੇਰੇ ਲਈ
ਕਿ
ਇੱਕ ਸੁਪਣਾ ਹੁੰਦਾ ਸੀ
ਬੇਹੱਦ ਸੋਹਣਾ
ਜੋ ਦੇਖਿਆ ਤਾਂ ਸੀ
ਪਰ ਚਾਰ ਅੱਖਾਂ ਨਾਲ
ਤਿਪ-ਤਿਪ ਕਰਦੀਆਂ ਕਣੀਆਂ
ਇੱਕ ਵਾਰ ਫੇਰ ਉਸਨੂੰ
ਇਕੱਲਿਆਂ ਜਾਣ ਲਈ
ਕਰ ਦਿੰਦੀਆਂ ਨੇ ਮਜਬੂਰ
ਭਿੱਜਿਆ ਹੋਇਆ ਬਦਨ ਉਸਦਾ
ਇਜਾਜਤ ਮੰਗਦਾ ਹੈ ਜਾਣ ਲਈ
ਪਰ ਕਿਸ ਕੋਲੋਂ?
ਉਸ ਸਖ਼ਸ਼ ਕੋਲੋਂ
ਜੋ ਹੁਣ ਉਹ ਰਿਹਾ ਹੀ ਨਹੀਂ
ਜਾਂ ਉਸ ਸਖ਼ਸ਼ ਕੋਲੋਂ
ਜਿਸਨੇ ਧਾਰਨ ਕਰ ਲਿਆ ਹੈ
ਇੱਕ ਰੂਪ
ਰੂਪ
ਰੂਪ ਇੱਕ ਪੱਥਰ ਦਾ
ਜੋ ਟੁੱਟ ਜਾਂਦਾ ਹੈ
ਪਰ ਬਦਲਦਾ ਨਹੀਂ
ਕੋਈ ਹਿੱਲਜੁਲ ਹੁੰਦੀ ਨਾ ਦੇਖ
ਕਦਮ ਪੁੱਟ ਲੈਂਦਾ ਹੈ ਉਹ
ਵਾਪਿਸ ਉਸ ਜਗਹ ਵੱਲ
ਉਹ ਜਗਹ
ਜੋ ਹੁਣ ਜਿੰਦਗੀ ਹੈ ਉਸਦੀ