ਦੁਰ ਫਿੱਟੇ ਮੂੰਹ (ਕਵਿਤਾ)

ਪਰਮਜੀਤ ਵਿਰਕ   

Email: parmjitvirk4@yahoo.in
Cell: +91 81465 32075
Address:
India
ਪਰਮਜੀਤ ਵਿਰਕ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਗੋਡੇ ਗੋਡੇ ਸੂਰਜ ਚੜ੍ਹਿਆ
ਤੂੰ ਜੁੱਲੀ ਵਿੱਚ ਬੈਠਾ ਵੜਿਆ
ਲੋਕੀਂ ਕੰਮੀ ਧੰਦੀਂ ਲੱਗੇ
ਨਿਗ੍ਹਾ ਮਾਰ ਕੇ ਵੇਖ ਚੁਫੇਰੇ
ਦੁਰ ਫਿੱਟੇ ਮੂੰਹ ਬੰਦਿਆ ਤੇਰੇ

ਪੜ੍ਹਨੇ ਪਾਇਆਂ ਤੂੰ ਨਾ ਪੜ੍ਹਿਆ
ਕੰਮ ਤੇ ਲਾਇਆਂ ਕੰਮ ਨਾ ਕਰਿਆ
ਚੜ੍ਹਦੀ ਉਮਰੇ ਨਸ਼ੇ ਲਗਾ ਕੇ
ਜ਼ਿੰਦਗੀ ਦੇ ਵਿੱਚ ਭਰ ਲਏ ਨੇਰ੍ਹੇ
ਦੁਰ ਫਿੱਟੇ ਮੂੰਹ ਬੰਦਿਆ ਤੇਰੇ

ਕਿਸੇ ਨਾਲ ਤੂੰ ਸਾਂਝ ਨਾ ਪਾਈ
ਲੈਂਦਾ ਫਿਰਦੈਂ ਮੁੱਲ ਲੜਾਈ
ਹਰ ਕੋਈ ਦੂਰ ਤੇਰੇ ਤੋਂ ਨੱਸੇ
ਕੋਈ ਨਾ ਲੱਗਣਾ ਚਾਹੁੰਦਾ ਨੇੜੇ
ਦੁਰ ਫਿੱਟੇ ਮੂੰਹ ਬੰਦਿਆ ਤੇਰੇ

ਘਰ ਤੇਰੇ ਵਿੱਚ ਭੰਗ ਪਈ ਭੁੱਜੇ
ਘਰ ਦੀ ਨੂੰ ਕੋਈ ਰਾਹ ਨਾ ਸੁੱਝੇ
ਚੇਤੇ ਕਰ ਉਸ ਦਿਨ ਨੂੰ ਝੂਰੇ
ਨਾਲ ਤੇਰੇ ਜਦ ਲਏ ਸੀ ਫੇਰੇ
ਦੁਰ ਫਿੱਟੇ ਮੂੰਹ ਬੰਦਿਆ ਤੇਰੇ

ਜਦੋਂ ਤੂੰ ਜੱਗ ਤੋਂ ਰੁਖ਼ਸਤ ਹੋਣਾ
ਕਿਸੇ ਦੇ ਨੈਣੋ ਨੀਰ ਨਾ ਚੋਣਾ
ਸੁੱਖ ਦਾ ਸਾਹ ਪ੍ਰੀਵਾਰ ਲਵੇਗਾ
ਪਰਤ ਆਉਣਗੇ ਘਰ ਵਿੱਚ ਖੇੜੇ
ਦੁਰ ਫਿੱਟੇ ਮੂੰਹ ਬੰਦਿਆ ਤੇਰੇ