ਦੁਸਹਿਰੇ ਵਿਚ ਰਾਵਣ,ਮੇਘਨਾਦ ਅਤੇ ਕੁੰਭਕਰਨ ਦੇ ਲੰਬੇ-ਲੰਬੇ ਪੁਤਲੇ ਰੱਸਿਆਂ ਨਾਲ਼ ਬੰਨ ਕੇ ਖੜ੍ਹੇ ਕੀਤੇ ਹੋਏ ਸਨ ਪਰ ਇੰਨੇ ਵੀ ਉੱਚੇ ਨਹੀਂ ਸਨ ਜਿੰਨੀ ਕਿ ਮਹਿੰਗਾਈ ਹੈ।ਚਲੋ,ਗੱਡੇ ਤਾਂ ਹੋਏ ਸਨ ਬਦੀ ਦੇ ਪ੍ਰਤੀਕ।ਹਰ ਸਾਲ ਸਾੜਨੇ ਪੈਂਦੇ ਨੇ ਇਹ ਪੁਤਲੇ।ਲੋਕ ਸਿੱਖਦੇ ਨੇ ਇਨ੍ਹਾਂ ਤੋ ਬਦੀ ਨੂੰ ਸਾੜਨਾ ਤੇ ਨੇਕੀ ਨੂੰ ਧਾਰਨ ਕਰਨਾ।
ਸੂਰਜ ਛਿਪਣ ਹੀ ਵਾਲਾ ਸੀ ਕਿ ਪੁਤਲੇ ਫੂਕੇ ਜਾਣ ਲੱਗ ਪਏ ਅਤੇ ਬਦੀ ਵਿਚੋਂ ਪਟਾਕੇ ਅਤੇ ਅਤਿਸ਼ਬਾਜ਼ੀਆਂ ਚੱਲਣ ਲੱਗ ਪਈਆਂ।ਹਫ਼ੜਾ-ਦਫ਼ੜੀ ਮਚ ਗਈ ਅਤੇ ਮੈਂ ਵੀ ਪੁਤਲਿਆਂ ਦੇ ਸੜਨ ਤੋਂ ਬਾਅਦ ਉਥੋਂ ਚੱਲ ਪਿਆ।ਕਈ ਨੌਜਵਾਨ ਗੱਭਰੂ ਉੱਚੀ-ਉੱਚੀ ਗਾਹ ਪਾ ਰਹੇ ਸੀ।ਮੈਂ ਸੋਚਿਆ ਕਿ ਸ਼ਾਇਦ ਪੰਜਾਬੀਆਂ ਦੇ ਸੁਭਾਅ ਮੁਤਾਬਿਕ ਗੱਭਰੂ ਬੱਕਰੇ ਬੁਲਾ ਰਹੇ ਹੋਣ।ਪਰ ਇਹ ਬੱਕਰੇ ਨਹੀਂ ਸੀ ਸਗੋਂ ਉਨ੍ਹਾਂ ਦੀਆਂ ਚੀਕਾਂ ਸੀ।ਕਈ ਤਾਂ ਬੁੱਲਬਲਿਆਂ ਵਾਲੇ ਬਾਜੇ ਬਜਾਅ ਕੇ ਉੱਚੀ-ਉੱਚੀ ਕੂਕਾਂ-ਚੀਕਾਂ ਮਾਰ ਹਰੇ ਸੀ।ਸੋਚਿਆ ਸ਼ਾਇਦ ਵਿਚਾਰਿਆਂ ਦੀਆਂ ਮਹਿੰਗਾਈ ਨੇ ਚੀਕਾਂ ਕਢਾ ਦਿੱਤੀਆਂ ਹੋਣ ਜਾਂ ਬੇਰੁਜ਼ਗਾਰੀ ਨੇ ਜਾਂ ਫਿਰ ਗਰੀਬੀ ਨੇ।ਪਰ ਜਿਉਂ ਹੀ ਉਂਨ੍ਹਾਂ ਕੋਲੋਂ ਲੰਘਿਆਂ ਤਾਂ ਵੇਖਿਆ ਕਿ ਉਹ ਚੀਕਾਂ ਤਾਂ ਨੌਜਵਾਨ ਕੁੜੀਆਂ ਨੂੰ ਵੇਖ ਕੇ ਮਾਰ ਰਹੇ ਸੀ।ਉੱਧਰ ਵੇਖਿਆ ਤਾਂ ਕੁੱਝ ਇਸ ਹਰਕਤ 'ਤੇ ਸ਼ਰਮਿੰਦਾ ਹੋ ਰਹੀਆਂ ਸੀ ਤੇ ਕੁੱਝ ਮੁਸਕਰਾਹਟ ਦੀ ਫੁੱਲਵਾੜੀ ਖਿੜਾ ਰਹੀਆਂ ਸੀ।ਉਨ੍ਹਾਂ ਤੋਂ ਮੈਂ ਅੱਗੇ ਲੰਘ ਗਿਆ ਤਾਂ ਕੁੱਝ ਨੌਜਵਾਨ ਨਸ਼ੇ ਨਾਲ਼ ਟੱਲੀ ਹੋਏ ਲੜ ਰਹੇ ਸੀ ਪਤਾ ਨੀ ਉਨ੍ਹਾਂ ਕਿਹੜਾ ਨਸ਼ਾ ਕੀਤਾ ਹੋਊ।ਉਹ ਇੱਕ ਦੂਜੇ ਨੂੰ ਗਾਲ਼ਾਂ ਕੱਢ ਰਹੇ ਸੀ ਤੇ ਉੱਚੀ-ਉੱਚੀ ਚੀਕ ਰਹੇ ਸੀ।ਕਈ ਟ੍ਰੈਕਟਰਾਂ,ਮੋਟਰ ਸਾਇਕਲਾਂ ਅਤੇ ਜੀਪਾਂ 'ਤੇ ਚੜ੍ਹ ਕੇ ਜਾ ਰਹੇ ਸੀ ਤੇ ਖੂਬ ਚੀਕਾਂ ਮਾਰ ਰਹੇ ਸੀ।ਸੋਚਿਆ ਸੀ ਕਿ ਸ਼ਾਇਦ ਪੁਲਿਸ ਇਨ੍ਹਾਂ ਨੂੰ ਇਸ ਤਰ੍ਹਾਂ ਕਰਨ ਤੋ ਰੋਕੇਗੀ ਪਰ ਜਿਉਂ ਹੀ ਮੈਂ ਇਕ ਪੁਲਿਸ ਮੁਲਾਜ਼ਮ ਕੋਲੋਂ ਲੰਘਿਆਂ ਤਾਂ ਉਹ ਵੀ ਨਸ਼ੇ ਵਿਚ ਸੀ ਤੇ ਕਹਿ ਰਿਹਾ ਸੀ,"ਚਲੇ------ਜਾਓ---ਚਲੇ------ਜਾ--ਓ---ਦਸ਼ੈਰਾ----ਨਹੀਂ ਤਾਂ---।"ਅੱਗੇ ਆਇਆ ਤਾਂ ਰਸਤੇ ਵਿਚ ਪਿੰਡ ਦੇ ਸ਼ੇਰ ਹਲਵਾਈ ਦੀ ਮਿਠਾਈਆਂ ਦੀ ਦੁਕਾਨ ਲੱਗੀ ਹੋਈ ਸੀ।ਕੋਲੋਂ ਲੰਘਦੇ ਨੇ ਮੈਂ ਪੁੱਛਿਆ,"ਹੋਰ ਤਾਇਆ ਕਿੱਦਾਂ?" ਬਸ ਮਾਸਟਰਾ ਤੈਨੂੰ ਕੀ ਦੱਸਾਂ,ਸਾਲਾ ਮਾਲ ਲੱਗਿਆ ਨੀ ਐਤਕੀ।ਕੁੱਝ ਗੋਬਿੰਦਗੜ੍ਹ ਦੀਆਂ ਮਿੱਲਾਂ ਬੰਦ ਹੋਣ ਕਾਰਨ ਪ੍ਰਵਾਸੀ ਮਜ਼ਦੂਰ ਨੀ ਰਹੇ ਅਤੇ ਕੁੱਝ ਦੀਆਂ ਊਂ ਆਪਣੇ ਵਾਂਗ ਚੀਕਾਂ ਨਿਕਲੀਆਂ ਪਈਆਂ ਨੇ।"ਮੈਂ ਕੁੱਝ ਜਲੇਬੀਆਂ ਲਈਆਂ ਅਤੇ ਪਿੰਡ ਨੂੰ ਤੁਰ ਪਿਆ।ਸਾਇਕਲ ਦਾ ਪੈਡਲ ਕੁੱਝ ਜ਼ੋਰ ਨਾਲ਼ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਟਾਇਰਾਂ ਵਿਚ ਹਵਾ ਘੱਟ ਹੋਣ ਕਾਰਨ ਮੇਰੇ ਸਾਇਕਲ ਦੀਆਂ ਵੀ ਚੀਕਾਂ ਨਿਕਲ ਰਹੀਆਂ ਸੀ।ਜਿਉਂ ਹੀ ਮੈਂ ਘਰ ਪੁੱਜਾ ਗੁਆਂਢ 'ਚ ਭੋਲੂ ਹੋਰਾਂ ਦੇ ਘਰੋਂ ਚੀਕਾਂ ਆ ਰਹੀਆਂ ਹਨ।ਘਰ ਵਾਲੀ ਨੇ ਪੁੱਛਣ 'ਤੇ ਦੱਸਿਆ ਕਿ ਭੋਲੂ ਦੀ ਘਰ ਵਾਲੀ ਨੇ ਭੋਲੂ ਨੂੰ ਕਿਹਾ ਕਿ ਘਰ ਵਿਚ ਖਾਣ ਨੂੰ ਕੁੱਝ ਨਹੀਂ ਤੇ ਉਹ ਸ਼ਰਾਬ ਨਾਲ਼ ਰੱਜ ਕੇ ਘਰ ਆਉਂਦਾ ਏ।ਇੰਨੇ ਵਿਚ ਹੀ ਭੋਲੂ ਕੇ ਆਪਣੀ ਘਰਵਾਲੀ ਦੀਆਂ ਕੁੱਟ-ਕੁੱਟ ਕੇ ਚੀਕਾਂ ਕਢਾ ਦਿੱਤੀਆਂ।ਹੁਣ ਮੈਂ ਚੀਕਾਂ ਸੁਣ-ਸੁਣ ਕੇ ਬੜਾ ਪ੍ਰੇਸ਼ਾਨ ਸੀ।ਘਰ ਪਹੁੰਚਣ ਕਾਰਨ ਮੈਂ ਅਰਾਮ ਨਾਲ਼ ਬੈਠ ਸਕਦਾ ਸੀ ਪਰ ਅਚਾਨਕ ਹੀ ਮੇਰੇ ਮੁੰਡੇ ਨੇ ਚੀਕਾਂ ਚੁਕ ਦਿੱਤੀਆਂ ਕਿਉਂਕਿ ਉਸ ਲਈ ਖਰੀਦਿਆ ਤੀਰ ਕਮਾਨ ਰਸਤੇ ਵਿਚ ਡਿੱਗ ਪਿਆ ਸੀ ਅਤੇ ਉਸ ਦੇ ਡਿਗਣ ਦੀ ਅਵਾਜ਼ ਸਾਇਕਲ ਦੀਆਂ ਚੀਕਾਂ ਕਰਕੇ ਨਹੀਂ ਸੀ ਸੁਣੀ।ਹੁਣ ਮੈਨੂੰ ਲੱਗ ਰਿਹਾ ਸੀ ਕਿ ਸ਼ਾਇਦ ਅੱਜ ਇਹ ਚੀਕਾਂ ਮੇਰਾ ਸਾਥ ਨਹੀਂ ਛੱਡਣਾ ਚਾਹੁੰਦੀਆਂ।