ਬੰਦੇ ਦਾ ਬੰਦਾ ਹੀ ਦਾਰੂ (ਲੇਖ )

ਜਸਵੀਰ ਸ਼ਰਮਾ ਦੱਦਾਹੂਰ   

Email: jasveer.sharma123@gmail.com
Cell: +91 94176 22046
Address:
ਸ੍ਰੀ ਮੁਕਤਸਰ ਸਾਹਿਬ India
ਜਸਵੀਰ ਸ਼ਰਮਾ ਦੱਦਾਹੂਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਦੋਸਤੋ ਆਮ ਕਹਾਵਤ ਹੈ ਕਿ ਬੰਦੇ ਦਾ ਬੰਦਾ ਹੀ ਦਾਰੂ ਹੁੰਦਾ ਹੈ,ਭਾਵ ਕੋਈ ਰੱਬ ਦਾ ਪਿਆਰਾ ਹੀ ਕਿਸੇ ਇਨਸਾਨ ਦੀ ਸੱਚੇ ਦਿਲੋਂ ਮਦਦ ਕਰ ਸਕਦਾ ਹੈ,ਵਰਨਾ ਅਜੋਕੇ ਕਲਯੁੱਗ ਦੇ ਵਿੱਚ ਤਾ ਇਨਸਾਨ, ਇਨਸਾਨ ਤੋਂ ਦੂਰ ਹੁੰਦਾ ਜਾ ਰਿਹਾ ਹੈ ਮਦਦ ਤਾਂ ਕੀ ਕਰਨੀ ਹੈ ਸਗੋਂ ਵੇਖ ਕੇ ਰਾਜ਼ੀ ਨਹੀਂ,ਇਸ ਦੇ ਅਨੇਕਾਂ ਹੀ ਸਬੂਤ ਹਨ। ਪਿਛਲੇ ਦੋ ਸਾਲਾਂ ਤੋਂ ਪਏ ਭਿਆਨਕ ਕਰੋਨਾ ਕਾਲ ਦੌਰਾਨ ਬਹੁਤ ਸਾਰੇ ਛੋਟੇ ਦੁਕਾਨਦਾਰ,ਛੋਟੇ ਕਾਰੋਬਾਰੀਆਂ,ਆਮ ਰੇੜ੍ਹੀ ਵਾਲੇ,ਫੜ੍ਹੀ ਵਾਲੇ, ਸਾਈਕਲ ਫੇਰੀ ਵਾਲਿਆਂ ਆਦਿ ਦੇ ਕੰਮ ਧੰਦੇ ਬਿਲਕੁਲ ਫੇਲ੍ਹ ਹੋ ਗਏ ਹਨ,ਗੱਲ ਕੀ ਜੀਵਨ ਦੀ ਗੱਡੀ ਲੀਹ ਤੋਂ ਉੱਤਰ ਚੁੱਕੀ ਹੈ,ਦੋ ਡੰਗ ਦੀ ਰੋਟੀ ਦੇ ਲਾਲੇ ਪਏ ਹੋਏ ਹਨ। ਕੁੱਝ ਸਰਕਾਰੀ ਨਵੀਆਂ ਸਕੀਮਾਂ ਜਾ ਜੀ ਐਸ ਟੀ ਲੱਗਣ ਨਾਲ ਵੀ ਬਹੁਤ ਮੰਦੀ ਦੇ ਦੌਰ ਵਿੱਚੋ ਲੰਘ ਰਹੇ ਹਨ।ਪਰ ਜੇਕਰ ਅਮੀਰਾਂ ਦੀ ਵੱਡੇ ਮਾਲਾਂ ਦੀ ਜਾਂ ਪੈਸੇ ਵਾਲੇ ਲੋਕਾਂ ਦੀ ਗੱਲ ਕਰੀਏ ਤਾਂ ਓਨਾਂ ਨੂੰ ਕੋਈ ਜ਼ਿਆਦਾ ਫ਼ਰਕ ਨਹੀਂ ਪਿਆ ਜਾਂ ਇਉਂ ਕਹਿ ਲਿਆ ਜਾਵੇ ਕਿ ਅਮੀਰ ਦਿਨੋਂ ਦਿਨ ਅਮੀਰ ਤੇ ਗਰੀਬ ਦਿਨੋਂ ਦਿਨ ਗਰੀਬ ਹੁੰਦਾ ਜਾ ਰਿਹਾ ਹੈ ਤਾਂ ਵੀ ਕੋਈ ਅਤਿਕਥਨੀ ਨਹੀਂ ਹੋਵੇਗੀ।
ਆਪਾਂ ਸਿਰਫ਼ ਓਨਾਂ ਛੋਟੇ ਦੁਕਾਨਦਾਰਾਂ ਜਾਂ ਰੇਹੜੀ ਫੜ੍ਹੀ ਵਾਲੇ ਜਾ ਸੜਕਾਂ ਤੇ ਦੁਕਾਨਾਂ ਲਾ ਕੇ ਗੁਜ਼ਾਰਾ ਕਰਨ ਵਾਲਿਆਂ ਦੀ ਮਦਦ ਸਿਰਫ਼ ਓਹਨਾਂ ਤੋਂ ਖਰੀਦਦਾਰੀ ਕਰਕੇ ਹੀ ਕਰਨੀ ਹੈ,ਹੋਰ ਉਚੇਚਾ ਕੁੱਝ ਵੀ ਨਹੀਂ ਕਰਨਾ।ਔਨ ਲਾਈਨ ਆਪਾਂ ਜ਼ਿਆਦਾ ਖਰੀਦਦਾਰੀ ਨੂੰ ਤਰਜੀਹ ਦੇਣ ਲੱਗ ਪਏ ਹਾਂ ਇਸੇ ਕਰਕੇ ਹੀ ਇਹ ਨੌਬਤ ਆਈ ਹੈ। ਛੋਟੇ ਤਬਕੇ ਦੇ ਲੋਕਾਂ ਦੇ ਚੁੱਲ੍ਹੇ ਤਪਣ ਵਿੱਚ ਆਪਾਂ ਆਮ ਦਰਮਿਆਨੇ ਤਬਕੇ ਦੇ ਲੋਕ ਬਹੁਤ ਵੱਡਾ ਯੋਗਦਾਨ ਪਾ ਸਕਦੇ ਹਾਂ, ਤੇ ਓਹਨਾਂ ਦਾ ਵੀ ਇਹ ਤਿਉਹਾਰਾਂ ਵਾਲਾ ਮਹੀਨਾ ਵਧੀਆ ਗੁਜ਼ਾਰੇ ਨਾਲ਼ ਲੰਘ ਸਕਦਾ ਹੈ। ਵੱਡਿਆਂ ਮਾਲਾਂ ਵਿੱਚ ਜਾ ਕੇ ਆਪਾਂ ਕਦੇ ਸੌਦੇਬਾਜ਼ੀ ਨਹੀਂ ਕਰਦੇ ਸਗੋਂ ਜਿਨੇ ਵੀ ਓਹ ਨੋਟ ਮੰਗਦੇ ਹਨ ਦੇ ਦਿੰਦੇ ਹਾਂ,ਨਕਦ ਗੁਗਲ ਪੇ ਜਾ ਕਿਸੇ ਵੀ ਢੰਗ ਨਾਲ ਪਰ ਛੋਟੇ ਦੁਕਾਨਦਾਰਾਂ ਨਾਲ ਜਦੋਂ ਆਪਾਂ ਸੌਦੇਬਾਜ਼ੀ ਤੇ ਉੱਤਰ ਆਉਂਦੇ ਹਾਂ ਤਾਂ ਸੱਚ ਪੁੱਛੋ ਬਹੁਤ ਮਨ ਦੁਖੀ ਹੁੰਦਾ ਹੈ। ਓਹਨਾਂ ਦੀ ਮਜਬੂਰੀ ਦਾ ਨਜਾਇਜ਼ ਫਾਇਦਾ ਨਾ ਉਠਾਈਏ ਸਗੋਂ ਓਹਨਾਂ ਦੇ ਦਿਨ ਦਿਹਾਰ ਰੰਗਲੇ ਬਣਾਉਣ ਲਈ ਆਪਣਾ ਬਣਦਾ ਯੋਗਦਾਨ ਪਾਈਏ।ਇਹੀ ਇੱਕ ਇਨਸਾਨੀਅਤ ਦੀ ਵੱਡੀ ਜ਼ਿੰਮੇਵਾਰੀ ਨਿਭਾ ਸਕਦੇ ਹਾਂ ਆਪਾਂ ਸਾਰੇ ਰਲਮਿਲ ਕੇ।ਆਉਣ ਵਾਲੇ ਦੀਵਾਲੀ ਕਰਵਾ ਚੌਥ ਅਤੇ ਗੁਰੂਆਂ ਦੇ ਗੁਰਪੁਰਬ ਤੇ ਆਪਾਂ ਇੱਕ ਦੂਜੇ ਨੂੰ ਵਧਾਈਆਂ ਵੀ ਦਿੰਦੇ ਹਾਂ ਅਤੇ ਇਸੇ ਖੁਸ਼ੀ ਨੂੰ ਮਨਾਉਣ ਲਈ ਮਠਿਆਈਆਂ ਦਾ ਅਦਾਨ ਪ੍ਰਦਾਨ ਵੀ ਕਰਦੇ ਹਾਂ,ਇਸ ਲਈ ਵੀ ਉਚੇਚੇ ਤੌਰ ਤੇ ਧਿਆਨ ਰੱਖਣ ਵਾਲੀ ਗੱਲ ਹੈ ਕਿ ਸ਼ੁੱਧ ਤਾਜੀ ਮਠਿਆਈ ਹੀ ਖਰੀਦੀ ਜਾਵੇ, ਜ਼ਿਆਦਾ ਮਿੱਠਾ ਖਾਣਾ ਵੀ ਅਜੋਕੇ ਸਮੇਂ ਵਿੱਚ ਖਤਰਨਾਕ ਹੈ, ਕਿਉਂਕਿ ਮਿਲਾਵਟੀ ਚੀਜ਼ਾਂ ਦਾ ਬੋਲਬਾਲਾ ਹੈ, ਜਿਨ੍ਹਾਂ ਪਰਹੇਜ਼ ਹੋ ਸਕੇ ਕਰਨਾ ਚਾਹੀਦਾ ਹੈ। ਪਟਾਖਿਆਂ ਤੋਂ ਵੀ ਕਿਨਾਰਾ ਕੀਤਾ ਜਾਵੇ ਤਾਂ ਬਹੁਤ ਚੰਗੀ ਗੱਲ ਹੈ, ਕਿਉਂਕਿ ਜ਼ਿਆਦਾ ਪੋਟਾਸ਼ ਵਾਲੇ ਪਟਾਕਿਆਂ ਨਾਲ ਜਿਥੇ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ ਓਥੇ ਬੱਚਿਆਂ ਕੀ ਵੱਡਿਆਂ ਨੂੰ ਵੀ ਅੰਗ ਪੈਰ ਸੜਨ ਦਾ ਤੌਖਲਾ ਰਹਿੰਦਾ ਹੈ, ਕੋਸ਼ਿਸ਼ ਕਰੀਏ ਕਿ ਜ਼ਿਆਦਾ ਆਵਾਜ਼ ਅਤੇ ਜ਼ਿਆਦਾ ਪੋਟਾਸ਼ ਵਾਲੇ ਪਟਾਕਿਆਂ ਤੋਂ ਬੱਚਤ ਰੱਖੀਏ।ਹਰ ਵਾਰ ਦੀਵਾਲੀ ਤੋਂ ਬਾਅਦ ਅਖ਼ਬਾਰਾਂ ਰਾਹੀਂ ਇਸ ਤਿਉਹਾਰ ਤੇ ਹੋਏ ਜਾਨੀ ਮਾਲੀ ਨੁਕਸਾਨ ਦੀਆਂ ਖਬਰਾਂ ਪੜ੍ਹਨ ਨੂੰ ਮਿਲਦੀਆਂ ਹਨ।ਆਓ ਇਨ੍ਹਾਂ ਤੋਂ ਬਚੀਏ।
ਤਿਆਗੀਏ ਔਨ ਲਾਈਨ ਖਰੀਦਦਾਰੀ ਕਰਨੀ ਤੇ ਕਰੋਨਾ ਕਾਲ ਦੌਰਾਨ ਹੰਭੇ ਹਾਰੇ ਤੇ ਝੰਬੇ ਲੋਕਾਂ ਦੀ ਮਦਦ ਕਰਨ ਦਾ ਉਪਰਾਲਾ ਕਰੀਏ,ਇਹੀ ਓਨਾਂ ਦੀ ਸੱਚੇ ਦਿਲੋਂ ਮਦਦ ਹੋਵੇਗੀ, ਓਹਨਾਂ ਦੇ ਚਿਹਰਿਆਂ ਤੇ ਰੌਣਕ ਦੁਬਾਰਾ ਪਰਤ ਆਵੇ।ਆਓ ਆਉਣ ਵਾਲੀ ਦੀਵਾਲੀ ਭਾਵ ਚੌਵੀ ਅਕਤੂਬਰ ਤੋਂ ਪਹਿਲਾਂ ਪਹਿਲਾਂ ਆਪਾਂ ਆਪ ਖੁਦ ਵੀ ਅਤੇ ਦੂਸਰਿਆਂ ਨੂੰ ਵੀ ਇਸ ਮਾਨਵਤਾ ਭਲਾਈ ਦੇ ਕੰਮਾਂ ਲਈ ਪ੍ਰੇਰੀਏ, ਸੌਦੇਬਾਜ਼ੀ ਤੋਂ ਦੂਰ ਰਹਿਕੇ ਓਹਨਾਂ ਤੋਂ ਖਰੀਦਦਾਰੀ ਕਰਕੇ ਬਣਦਾ ਜਾਇਜ਼ ਮੁਨਾਫ਼ੇ ਸਮੇਤ ਓਹਨਾਂ ਦੀ ਤਲੀ ਤੇ ਧਰੀਏ ਤਾਂ ਸੱਚ ਪੁੱਛੋ ਬਹੁਤ ਅਸੀਸਾਂ ਨਿਕਲਣਗੀਆਂ ਓਹਨਾਂ ਦੇ ਸੱਚੇ ਦਿਲ ਚੋਂ।ਆਓ ਕਹਿੰਦੇ ਨੇ ਕਿ ਤੁਪਕੇ ਤੁਪਕੇ ਨਾਲ ਦਰਿਆ ਭਰ ਜਾਂਦਾ ਹੈ,ਇਸ ਨੂੰ ਯਕੀਨ ਚ ਬਦਲੀਏ ਤੁਹੱਈਆ ਕਰੀਏ ਤੇ ਸੱਚੇ ਦਿਲੋਂ ਕੀਤੇ ਇਸ ਸੰਕਲਪ ਤੇ ਖਰੇ ਉਤਰੀਏ ਸੱਚ ਜਾਣਿਓ ਸਭਨਾਂ ਦੀ ਦੀਵਾਲੀ ਵੀ ਈਦ ਬਣ ਜਾਵੇਗੀ, ਤੇ ਜਿਥੋਂ ਤੁਸੀਂ ਖਰੀਦਦਾਰੀ ਕੀਤੀ ਹੋਵੇਗੀ ਓਹਨਾਂ ਦੇ ਘਰੀਂ ਵੀ ਦੁਬਾਰਾ ਖੁਸ਼ੀ ਦਸਤਕ ਦੇਵੇਗੀ,ਇਹ ਓਸ ਅਕਾਲਪੁਰਖ ਤੇ ਪੂਰਾ ਯਕੀਨ ਹੈ।