ਹੇਮਕੁੰਟ ਤੋਂ ਨਾਂਦੇੜ - ਕਿਸ਼ਤ-3 (ਲੜੀਵਾਰ )

ਜਗਜੀਤ ਸਿੰਘ ਗੁਰਮ   

Email: gurmjagjit@ymail.com
Cell: +91 99145 16357 , 99174 01668
Address: 1008/29/2 1008/29/2, ਗਲੀ ਨੰ: 8, ਬਾਲ ਸਿੰਘ ਨਗਰ, ਜੋਧੇਵਾਲ ਬਸਤੀ
ਲੁਧਿਆਣਾ India 141007
ਜਗਜੀਤ ਸਿੰਘ ਗੁਰਮ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਥੋਤੋਂ ਬਾਝ ਨਾ ਕਿਸੇ ਬਚਾਉਣਾ
ਜਾਉ, ਨਵਾਂ ਇਤਿਹਾਸ ਬਣਾਉ
ਡਰ ਨੂੰ ਜਿਸ ਨੇ ਮਾਰ ਮੁਕਾਉਣਾ
ਮੇਰੀ ਵੀ ਗੱਲ ਸੁਣ ਲਉ, ਸਿੰਘੋ
ਚੁੱਪ-ਚੁਪੀਤਾ ਨਹੀਂ ਮੈਂ ਜਾਣਾ
ਦੁਸ਼ਮਣ ਨੂੰ ਵੀ ਦੱਸ ਕੇ ਜਾਊਂ
ਭਾਵੇਂ ਕਿਧਰੇ ਨਹੀਂ ਟਿਕਾਣਾ

ਸਭ ਕੁਝ ਸੋਂਪ ਕੇ ਸਿੰਘਾਂ ਤਾਈਂ
ਰਾਤ ਟਿਕੀ ਤੋਂ ਗੁਰੂ ਜੀ ਚੱਲੇ
ਬੱਚਿਆਂ ਤੇ ਸਿੰਘਾਂ ਦੀਆਂ ਲਾਸ਼ਾਂ
ਛੱਡ ਚੱਲੇ ਨੇ ਕੁਝ ਨਾ ਪੱਲੇ
ਚੱਲਿਆ ਹਾਂ ਮੈ ਫੜ ਲਉ ਆ ਕੇ
ਵਿਚ ਮੈਦਾਨ ਆ ਤਾੜੀ ਮਾਰੀ
ਟਿੱਕੀ ਰਾਤ ਤੇ ਸੁਣ ਲਲਕਾਰਾ
ਤਾੜੀ ਪਈ ਦੁਸ਼ਮਣ ’ਤੇ ਭਾਰੀ
ਮੁਗ਼ਲ ਫ਼ੌਜ ਵਿਚ ਭਗਦੜ ਮੱਚੀ
ਤਾੜੀ ਐਸਾ ਰੰਗ ਦਿਖਾਇਆ
ਸੁੱਝਿਆ ਕੁਝ ਨਾ ਵੇਖਿਆ ਕੁਝ ਨਾ
ਅਪਣਾ ਉਨ੍ਹਾਂ ਖ਼ੂਨ ਵਹਾਇਆ
ਰਾਤ ਹੈ ਠੰਢੀ ਪੈਰ ਵੀ ਨੰਗੇ
ਨੇ੍ਹਰਾ ਚੀਰਦੀ ਜੋਤ ਅੋਹ ਜਾਂਦੀ
ਊਬੜ, ਖਾਬੜ ਰਾਹਾਂ ਦੇ ਵਿਚ
ਸੱਚੋ ਸੱਚੇ ਬੋਲ ਸੁਣਾਂਦੀ
ਕੁਝ ਨਾ ਹਾਰਿਆ ਸਭ ਕੁਝ ਵਾਰਿਆ
ਉਹਦੇ ਵਰਗਾ ਨਾ ਕੋਈ ਦਾਨੀ
ਜ਼ੁਲਮ ਮਿਟਾਉਦਾ ਸੱਚ ਬਚਾਉਂਦਾ
ਸਾਂਭ ਹੈ ਰੱਖੀ ਸ਼ਬਦ ਨਿਸ਼ਾਨੀ
ਲੰਮੀ ਤਾਣ ਕੇ ਸੁੱਤੇ ਸੀ ਜੋ
ਰਾਹਾਂ ਦੇ ਵਿਚ ਆਣ ਜਗਾਏ
ਸੱਚ ਦੇ ਰਾਹੀ ਤੁਰਦੇ-ਤੁਰਦੇ
ਮਾਛੀਵਾੜੇ ਪੈਰ ਟਿਕਾਏ

ਨੈਣਾਂ ਦੇ ਵਿਚ ਨਾਮ ਖ਼ੁਮਾਰੀ
ਧਰਤੀ ਨੂੰ ਉਸ ਪਲੰਘ ਬਣਾਇਆ
ਉਸ ਅਕਾਲ ਪੁਰਖ ਨੂੰ ਫੇਰ
ਮਿੱਤਰ ਪਿਆਰਾ ਆਖ ਸੁਣਾਇਆ
ਤੂੰ ਹੈ ਮੇਰਾ ਮੈ ਹਾਂ ਤੇਰਾ
ਤੂੰ ਦੁੱਖ ਭੰਜਨ ਤੂੰ ਸਚਿਆਰਾ
ਹਰ ਪਲ ਮੇਰਾ ਜ਼ਖ਼ਮ ਜਿਹਾ ਹੈ
ਤੂੰ ਹੀ ਮੇਰੀ ਮੱਲ੍ਹਮ ਯਾਰਾ
ਦਇਆ ਸਿੰਘ ਤੇ ਧਰਮ ਸਿੰਘ ਸੰਗ
ਮਾਨ ਸਿੰਘ ਵੀ ਪਹੁੰਚ ਗਿਆ ਹੈ
ਸਿਦਕੀ, ਸਿਰੜੀ, ਬੇਪਰਵਾਹਾ
ਤੱਕਿਆ, ਬਾਗ਼ ’ਚ ਕਿੰਝ ਪਿਆ ਹੈ
ਮਾਲਕ ਬਾਗ਼ ਦਾ ਨਾਮ ਗੁਲਾਬਾ
ਰਾਖੀ ਕਰਦਾ ਉਥੇ ਆਇਆ
ਗੁਰੂ ਤੇ ਸਿੰਘਾਂ ਨੂੰ ਵੇਖ ਕੇ
ਭੋਰਾ ਵੀ ਨਾ ਉਹ ਘਬਰਾਇਆ
ਗੁਰੂ ਸਾਹਿਬ ਦਾ ਦਿਲੋਂ ਗੁਲਾਬਾ
ਕਰਦਾ ਸੀ ਪੂਰਾ ਸਤਿਕਾਰ
ਗਨੀ ਖ਼ਾਨ ਤੇ ਨਬੀ ਖ਼ਾਨ ਨੂੰ
ਸੱਦ ਬੁਲਾਇਆ ਆਖ਼ਰਕਾਰ
’ਕੱਠੇ ਹੋ ਕੇ ਪਹੁੰਚ ਗਏ ਸਭ
ਗੁਲਾਬੇ ਦੇ ਘਰ ਵਿਚ ਚੁਬਾਰੇ
ਕਿੰਝ ਹੈ ਉਥੋਂ ਅੱਗੇ ਜਾਣਾ
ਸੋਚਣ ਲੱਗੇ ਬੈਠ ਕੇ ਸਾਰੇ

ਥਾਂ-ਥਾਂ ਉਤੇ ਸ਼ਾਹੀ ਫ਼ੌਜਾਂ
ਪੈਰ-ਪੈਰ ’ਤੇ ਡੇਰਾ ਲਾਇਆ
ਉਚ ਦਾ ਪੀਰ ਬਣਾਉਣੈ ਥੋਨੂੰ
ਸਭ ਨੇ ਰਲ਼ ਮਿਲ ਮਤਾ ਪਕਾਇਆ
ਨੀਲੇ ਬਸਤਰ ਧਾਰਨ ਕਰ ਕੇ
ਤੁਰ ਪਏ ਉਚ ਦਾ ਪੀਰ ਬਣਾ ਕੇ
ਪੀਰ ਬੜਾ ਇਹ ਕਰਨੀ ਵਾਲ਼ਾ
ਅੱਗੇ ਵਧਦੇ ਬੋਲ ਸੁਣਾ ਕੇ
ਰੋਕ ਲਿਆ ਫੇਰ ਸ਼ਾਹੀ ਫ਼ੌਜਾਂ
ਪੁੱਛਣ ਕੌਣ ਹੋ ਕਿੱਥੋਂ ਆਏ
ਸੇਵਕ ਬੋਲੇ ਪੀਰ ਨੇ ਵੱਡੇ
ਅਸੀਂ ਹਾਂ ਇਨ੍ਹਾਂ ਦੇ ਹੀ ਸਾਏ
ਸ਼ਾਹੀ ਫ਼ੌਜਾਂ ਕਰਨ ਤਸੱਲੀ
ਮੁੜ-ਮੁੜ ਪੁੱਛੀ ਜਾਣ ਸਵਾਲ
ਸ਼ੱਕ ਪੈਣ ’ਤੇ ਪੇਸ਼ ਹੈ ਕੀਤਾ
ਮੀਟ ਜੋ ਰੱਖਿਆ ਆਪਣੇ ਨਾਲ
ਕਿ੍ਰਪਾਨ ਭੇਟ ਕਰ ਨੇ ਸਮਝਾਉਂਦੇ
ਛਕੋ ਤਿਆਰ ਮਹਾਂ ਪ੍ਰਸ਼ਾਦ
ਛਕਿਆ ਸਭ ਨੇ ਰਲ਼ ਮਿਲ ਨਾਲੇ
ਕੀਤਾ ਆਪਣਾ ਰਹਿਬਰ ਯਾਦ
ਅੱਜ ਤੱਕੋ ਜਾ ਇਸੇ ਹੀ ਥਾਂ ’ਤੇ
ਕਿ੍ਰਪਾਨ ਭੇਟ ਹੈ ਗੁਰੂ ਦੁਆਰ
ਆਉਂਦੀ ਜਾਂਦੀ ਸੰਗਤ ਇੱਥੇ
ਕਰਦੀ ਸਿਜਦੇ ਬਾਰੋ-ਬਾਰ

ਛੋਟਾ ਭਾਵੇਂ ਤੁਰਿਆ ਕਾਫ਼ਲਾ
ਮਨਾਂ ਦੇ ਵਿਚ ਭਰਿਆ ਉਤਸ਼ਾਹ
ਤੁਰ ਤੁਰ ਕੇ ਸਭ ਗਾਹੇ ਨੇ
ਸੁੰਨੇ-ਸੁੰਨੇ ਜੋ ਸੀ ਰਾਹ
ਚੱਲਦੇ-ਚੱਲਦੇ ਪਹੁੰਚ ਗਏ ਨੇ
ਪਿੰਡ ਕਨੇਚ ਆ ਡੇਰਾ ਲਾਇਆ
ਫੱਤਾ ਨੰਬਰਦਾਰ ਜੋ ਸੇਵਕ
ਉਸ ਨੂੰ ਗੁਰਾਂ ਨੇ ਸੱਦ ਬੁਲਾਇਆ
ਮੰਗਿਆ ਘੋੜਾ, ਜਾਣਾ ਅੱਗੇ
ਗੁਰਾਂ ਨੇ ਫੱਤੇ ਨੂੰ ਸਮਝਾਇਆ
ਹਾਕਮ ਕੋਲ਼ੋਂ ਡਰਦਾ ਫੱਤਾ
ਘੋੜਾ ਲੈਣ ਗਿਆ ਨਾ ਆਇਆ
ਸ਼ਾਹੀ ਫ਼ੌਜ ਤਾਂ ਬਣ-ਬਣ ਟੋਲੇ
ਅੋਹ ਜਾਂਦੀ ਅੋਹ ਆਈ ਹੈ
ਸੱਚੀ ਸੁੱਚੀ ਪੈੜ ਉਨ੍ਹਾਂ ਨੂੰ
ਅਜੇ ਤਕ ਨਾ ਥਿਆਈ ਹੈ।
ਸੰਗ ਸਾਥੀਆਂ ਪੀਰ ਉਚ ਦਾ
ਤੁਰਿਆ ਨਵੇਂ ਟਿਕਾਣੇ ਨੂੰ
ਆਪੇ ਹੀ ਉਸ ਰਾਹ ਸਿਰਜੇ ਨੇ
ਨਵ-ਇਤਿਹਾਸ ਬਣਾਣੇ ਨੂੰ
ਰਾਹਾਂ ਦੇ ਵਿਚ ਪੈੜਾਂ ਪਾਉਂਦੇ
ਆ ਪਹੁੰਚੇ ਨੇ ਆਲਮਗੀਰ
ਆਸਾ ਪਾਸਾ ਵੇਖ ਕੇ ਬੈਠੇ
ਸੰਗ ਸਾਥੀਆਂ ਉਚ ਦੇ ਪੀਰ

ਟਹਿਕੇ ਤੇ ਫਿਰ ਮਹਿਕੇ ਨੇ ਫੁੱਲ
ਵਿਚ ਹਵਾ ਫੈਲੀ ਖ਼ੁਸ਼ਬੋਈ
ਉਧਰ ਨੂੰ ਭੱਜੇ ਨੇ ਲੋਕ
ਜਿੱਧਰ ਇਹ ਅਣਹੋਈ ਹੋਈ
ਵੇਖਿਆ, ਉਥੇ ਪੀਰ ਪੈਗ਼ੰਬਰ
ਬੈਠਾ ਸੀ ਕੋਈ ਡੇਰਾ ਲਾ
ਉਹਦਾ ਵੇਖ ਰੂਹਾਨੀ ਚਿਹਰਾ
ਦਿੱਤਾ ਸਭ ਨੇ ਸੀਸ ਝੁਕਾ
ਵੇਖ-ਵੇਖ ਕੇ ਪੁੱਛਦੇ ਨੇ ਸਭ
ਕੌਣ ਪੀਰ ਹੈ, ਕਿੱਥੋਂ ਆਇਆ
ਗੁਰੂ ਸਾਹਿਬ ਵੱਲ ਤੱਕ ਸਿੰਘ ਨੇ
ਸਭ ਨੂੰ ਸਾਰਾ ਹਾਲ ਸੁਣਾਇਆ
ਹੱਥ ਜੋੜ ਕੇ ਖੜੇ੍ਹ ਨੇ ਸਾਰੇ
ਸਭ ਨੇ ਨੈਣੋਂ ਨੀਰ ਵਹਾਇਆ
ਇਕ ਸ਼ਰਧਾਲੂ ਨਾਮ ਨਗਾਹਈਆ
ਜੋੜੀ ਹੱਥ ਹੀ ਅੱਗੇ ਆਇਆ
ਬੋਲਿਆ ਹੁਕਮ ਕਰੋ ਕੋਈ ਮੈਨੂੰ
ਮੈਂ ਵੀ ਆਪ ਦੇ ਕੰਮ ਆ ਜਾਵਾਂ
ਘੋੜਾ ਮੰਗਿਆ ਗੁਰੂ ਸਾਹਿਬ ਨੇ
ਕਹਿੰਦਾ ਹੁਣੇ ਮੈਂ ਲੈ ਕੇ ਆਵਾਂ
ਉਸੇ ਹੀ ਪਲ ਲੈ ਉਹ ਘੋੜਾ
ਆਣ ਗੁਰਾਂ ਦੇ ਸਨਮੁੱਖ ਹੋਇਆ
ਲੈ ਘੋੜਾ ਹੁਣ ਤੁਰ ਪਏ ਸਾਹਿਬ
ਹਰ ਇਕ ਅੱਖੋਂ ਹੰਝੂ ਚੋਇਆ

ਉਧਰ ਚੱਲੀਏ ਸਰਸਾ ਕੰਢੇ
ਜਿੱਥੇ ਸਭ ਕੁਝ ਵਹਿ ਗਿਆ ਸੀ
ਸਭ ਦੇ ਰਸਤੇ ਵੱਖ ਹੋ ਗਏ
ਕੋਲ਼ ਹੌਸਲਾ ਰਹਿ ਗਿਆ ਸੀ
ਗੰਗੂ ਦੇ ਸੰਗ ਮਾਂ ਗੁਜਰੀ ਤੇ
ਛੋਟੇ ਸਾਹਿਬਜ਼ਾਏ ਨੇ
ਪਿੰਡ ਸਹੇੜੀ ਘਰ ਗੰਗੂ ਦੇ
ਰਹਿ ਇਤਿਹਾਸ ਬਣਾਏ ਨੇ
ਵੇਖ-ਵੇਖ ਕੇ ਧਨ ਦੌਲਤ ਨੂੰ
ਗੰਗੂ ਮਨ ਲਲਚਾਇਆ ਹੈ
ਸਾਂਭ ਕੇ ਸਭ ਕੁਝ ਚੋਰ-ਚੋਰ ਦਾ
ਰੌਲ਼ਾ ਉਚੀ ਪਾਇਆ ਹੈ
ਕਿਹਾ ਮਾਤਾ ਨੇ ਸੁਣ ਗੰਗੂ!
ਕਿਉਂ ਆਪਣਾ ਆਪ ਗਵਾ ਬੈਠਾ
ਧਨ ਦੌਲਤ ਨੂੰ ਸਾਂਭ ਕੇ ਹੁਣ ਤੂੰ
ਰੌਲ਼ਾ ਚੋਰ ਦਾ ਪਾ ਬੈਠਾ
ਸੱਚ ਹਮੇਸ਼ਾ ਕੌੜਾ ਹੁੰਦਾ
ਸੁਣ ਗੰਗੂ ਘਬਰਾਇਆ ਹੈ
ਆਪਣਾ ਆਪ ਛੁਪਾਵਣ ਖ਼ਾਤਰ
ਵੱਲ ਮੋਰਿੰਡੇ ਆਇਆ ਹੈ
ਪਹੁੰਚ ਗਿਆ ਫੇਰ ਥਾਣੇ
ਉਥੇ ਜਾ ਕੇ ਗੱਲ ਸਮਝਾਈ ਹੈ
ਦਾਦੀ ਪੋਤਿਆਂ ਨੂੰ ਫਿਰ ਪਿੰਡੋਂ
ਪੁਲਿਸ ਪਕੜ ਲੈ ਆਈ ਹੈ

ਭੇਜ ਸੁਨੇਹਾ ਖ਼ਾਨ ਵਜ਼ੀਰ
ਦਰੋਗ਼ੇ ਫ਼ਰਜ਼ ਨਿਭਾ ਦਿੱਤਾ
ਸੂਬਾ ਜੋ ਸਰਹੰਦ ਦਾ ਸੀ
ਉਸ ਵੀ ਹੁਕਮ ਸੁਣਾ ਦਿੱਤਾ
ਮੇਰੇ ਕੋਲ਼ੇ ਲੈ ਆਵੋ ਹੁਣ
ਗੁਰ ਮਾਂ ਦੋਵੇਂ ਬੱਚਿਆਂ ਨੂੰ
ਆਪੇ ਹੀ ਮੈਂ ਵੇਖ ਲਵਾਂਗਾ
ਉਮਰੋਂ ਇਨ੍ਹਾਂ ਕੱਚਿਆਂ ਨੂੰ
ਲੈ ਸਰਹੰਦ ਨੂੰ ਤੁਰਦਾ ਜਾਂਦਾ
ਮੋਰਿੰਡੇ ਦਾ ਲਸ਼ਕਰ ਭਾਰਾ
ਰਾਹੀ ਖੜ੍ਹ-ਖੜ੍ਹ ਤੱਕਦੇ ਲੋਕੀ
ਨੈਣੋ ਵਗੇ ਪਈ ਜਲ ਧਾਰਾ
ਆ ਪਹੁੰਚੇ ਨੇ ਵਿਚ ਸਰਹੰਦ ਦੇ
ਹਾਕਮ ਨੂੰ ਜਾ ਖ਼ਬਰ ਵੀ ਹੋਈ
ਧਰਤੀ, ਸੂਰਜ ਤੇ ਚੰਦਾਂ ਨੂੰ
ਲੈ ਕੇ ਬੁੱਕਲ਼ ਵਿਚ ਖਲੋਈ
ਰਾਤਾਂ ਵੀ ਸਨ ਕਾਲ਼ੀਆਂ
ਠੰਢ ਬੜੀ ਮੂੰਹ ਜ਼ੋਰ ਸੀ
ਜਿਸ ਬੁਰਜ ਨੂੰ ਠੰਢਾ ਆਖਦੇ
ਤਿੰਨੇ, ਉਥੇ ਨਾ ਹੋਰ ਸੀ
ਲੈ ਆਓ ਗੁਰੂ ਦੇ ਪੁੱਤਰਾਂ ਨੂੰ
ਸੂਬੇ ਨੇ ਹੁਕਮ ਸੁਣਾ ਦਿੱਤਾ
ਹੁਣ ਵਿਚ ਕਚਹਿਰੀ ਵੇਖਾਂਗੇ
ਉਸ ਖ਼ੁਦਾ ਦਾ ਖ਼ੌਫ਼ ਭੁਲਾ ਦਿੱਤਾ

ਅੋਹ ਤੱਕ ਸੰਗ ਸਿਪਾਹੀਆਂ ਦੇ
ਦੋ ਨਿੱਕੀਆਂ ਜਿੰਦਾਂ ਆਈਆਂ ਨੇ
ਕਈ ਸੋਚਣ ਲਈ ਮਜਬੂਰ ਹੋਏ
ਇਹ ਕੇਹੀਆਂ ਬੇਪ੍ਰਵਾਹੀਆਂ ਨੇ
ਗੁਰੂ ਪਿਤਾ ਨੇ ਬਖ਼ਸ਼ੇ ਬੋਲ ਜੋ
ਉਨ੍ਹਾਂ ਫ਼ਤਹਿ ਗਜਾਈ ਏ
ਨਾ ਸਿਜਦਾ ਕੀਤਾ ਸੂਬੇ ਨੂੰ
ਨਾ ਹੀ ਸਲਾਮ ਬੁਲਾਈ ਏ
ਅਡੋਲ ਖੜ੍ਹੇ ਸੀ ਗੁਰ ਬੱਚੇ
ਨਾ ਚਿੰਤਾ ਵੀ ਭੋਰਾ ਸੀ
ਵੇਖ ਬੱਚੇ ਉਹ ਨਾ ਸਮਝਿਆ
ਉਹ ਅਕਲੋਂ ਤਾਂ ਕੋਰਾ ਸੀ
ਰਲ਼ ਮਿਲ ਸਭ ਨੇ ਕਰੀ ਸਲਾਹ
ਆਖ਼ਰ ਸੂਬੇ ਹੁਕਮ ਸੁਣਾਇਆ ਏ
ਮੁਸਲਮਾਨ ਤੁਸੀਂ ਬਣ ਜੋ
ਨਾਲੇ ਮੌਤ ਦਾ ਡਰ ਦਿਖਲਾਇਆ ਏ
ਫੁੱਲਾਂ ਵਾਂਗੂੰ ਟਹਿਕੇ ਮਹਿਕੇ
ਖਿੜ-ਖਿੜ ਬੱਚੇ ਬੋਲੇ ਨੇ
ਧਰਮ ਦੀ ਖ਼ਾਤਰ ਜਿਉਣਾ ਮਰਨਾ
ਬੱਚੇ ਜ਼ਰਾ ਨਾ ਡੋਲੇ ਨੇ
ਵੇਖ ਹੌਸਲਾ ਬੱਚਿਆਂ ਦਾ
ਦਰਬਾਰ ’ਚ ਚੁੱਪੀ ਛਾਈ ਸੀ
ਸੁੱਚਾ ਨੰਦ ਦੀਵਾਨ ਨੇ ਫਿਰ
ਸੂਬੇ ਨੂੰ ਲੂਤੀ ਲਾਈ ਸੀ

ਕਿਹਾ ਸੂਬੇ ਨੇ ਸ਼ੇਰ ਖਾਨ ਨੂੰ
ਨਵਾਬ ਜੀ ਕਰੋ ਤਿਆਰੀ ਹੁਣ
ਗੁਰੂ ਦੇ ਕੋਲ਼ੋਂ ਬਦਲਾ ਲੈਣ ਦੀ
ਆਈ ਥੋਡੀ ਵਾਰੀ ਹੁਣ
ਏਸ ਗੁਰੂ ਨੇ ਭਾਈ ਥੋਡੇ
ਵਿਚ ਮੈਦਾਨੇ ਮਾਰੇ ਸੀ
ਉਹ ਥੋਡੇ ਜੋ ਭਾਈ ਥੋਨੂੰ
ਜਾਨੋਂ ਵੱਧ ਪਿਆਰੇ ਸੀ
ਬੋਲਿਆ ਫੇਰ ਨਵਾਬ ਸ਼ੇਰ ਖ਼ਾਂ
ਬੱਚਿਆਂ ’ਤੇ ਜ਼ੁਲਮ ਕਮਾਵੋ ਨਾ
ਅੱਲ੍ਹਾ ਅੱਗੇ ਜਾਨ ਹੈ ਦੇਣੀ
ਪਾਪ ਦਾ ਭਾਰ ਵਧਾਵੋ ਨਾ
ਮੇਰਾ ਵੈਰ ਹੈ ਨਾਲ ਗੋਬਿੰਦ ਦੇ
ਵਿਚ ਮੈਦਾਨੇ ਫੇਰ ਮਿਲਾਂਗਾ
ਨਾਲ ਉਸ ਦੇ ਟੱਕਰ ਲੈ ਕੇ
ਜ਼ਖ਼ਮ ਪੁਰਾਣੇ ਫੇਰ ਸਿਲਾਂਗਾ
ਮਸਲੋ ਨਾ ਤੁਸੀਂ ਫੁੱਲਾਂ ਤਾਈਂ
ਇਨ੍ਹਾਂ ਵਿਚ ਮਹਿਕ ਬਥੇਰੀ ਹੈ
ਏਸ ਮਹਿਕ ਨੂੰ ਮਾਨਣਾ ਸਭ ਨੇ
ਇਹ ਤੇਰੀ ਨਾ ਮੇਰੀ ਹੈ
ਇਕ ਵਜ਼ੀਰ ਜੋ ਸੁੱਚਾ ਨੰਦ ਸੀ
ਸੁਣ ਕੇ ਬੋਲਿਆ ਜ਼ਹਿਰੀ ਬੋਲ
ਇਹ ਸਾਡੇ ਦੁਸ਼ਮਣ ਦੇ ਬੱਚੇ
ਇਹ ਵੀ ਉਹਦੇ ਵਾਂਗ ਅਡੋਲ

ਖ਼ਾਨ ਵਜ਼ੀਰ ਜੀ ਦੇਰ ਕਰੋ ਨਾ
ਮਾਰੋ, ਇਹ ਨਾ ਹਾਰਨਗੇ
ਉਸੇ ਸੱਪ ਦੇ ਬੱਚੇ ਨੇ ਜੋ
ਇਹ ਵੀ ਤਾਂ ਡੰਗ ਮਾਰਨਗੇ
ਸੁਣ ਕੇ ਇਹ ਮੰਦੜੇ ਬੋਲ
ਨਵਾਬ ਸ਼ੇਰ ਖ਼ਾਂ ਉਥੋਂ ਤੁਰਿਆ ਹੈ
ਹੁੰਦੀਆਂ ਵੇਖ ਸਲਾਹਾਂ ਜ਼ਹਿਰੀ
ਅੰਦਰੋਂ ਅੰਦਰੀ ਖੁਰਿਆ ਹੈ
ਵਿਚ ਕਚਹਿਰੀ ਬੋਲਿਆ ਸੂਬਾ
ਬਖ਼ਸ਼ੂ ਜਾਨ ਮੈਂ ਬਖ਼ਸ਼ਣਹਾਰ
ਵਿਚ ਸ਼ਰ੍ਹਾਂ ਆ ਜਾਵੋ ਤੁਸੀਂ
ਨਹੀਂ ਤਾਂ ਚਿਣ ਦੇਊਂ ਵਿਚ ਦੀਵਾਰ
ਸੁਣ ਕੇ ਬੋਲੇ ਸਾਹਿਬਜ਼ਾਦੇ
ਜਿਨ੍ਹਾਂ ਮਰਜ਼ੀ ਜ਼ੋਰ ਲਗਾਓ
ਧਰਮ ਅਸਾਡਾ ਅਸੀਂ ਧਰਮ ਦੇ
ਦੇਰ ਨਾ ਲਾਓ ਬੋਲ ਪੁਗਾਓ
ਚੜ੍ਹਿਆ ਗ਼ੁੱਸਾ ਖ਼ਾਨ ਵਜ਼ੀਰ ਨੂੰ
ਉਸ ਨੇ ਹੁਕਮ ਸੁਣਾ ਦਿੱਤਾ
ਮਜ਼ਦੂਰਾਂ ਨੇ ਦੇਰ ਨਾ ਲਾਈ
ਢੇਰ ਸਮਾਨ ਦਾ ਲਾ ਦਿੱਤਾ
ਬੇਦੋਸ਼ੀਆਂ ਨਿੱਕੀਆਂ ਜਿੰਦਾਂ
ਇਕ ਥਾਂ ਜਦੋਂ ਖੜ੍ਹਾ ਲਈਆਂ
ਇੱਟ ’ਤੇ ਇੱਟ ਧਰਨ ਨੇ ਲੱਗੇ
ਜ਼ੁਲਮ ਹੈ ਇਹ ਕਿਹਾ ਕਈਆਂ

ਕੰਧ ਉਸਰ ਜਦ ਗਲ਼ ਤਕ ਆਈ
ਨੈਣੀ ਅੱਥਰੂ ਜ਼ੋਰਾਵਰ ਦੇ
ਫ਼ਤਹਿ ਸਿੰਘ ਨੇ ਕਿਹਾ ਵੀਰ ਜੀ
ਮਰਨੋ ਦੱਸੋ ਕਾਹਤੋਂ ਡਰਦੇ
ਧਰਮ ਨਾ ਛੱਡਣਾ ਮੌਤ ਚੰਗੇਰੀ
ਜ਼ੋਰਾਵਰ ਸਿੰਘ ਦਾ ਇਹ ਕਹਿਣਾ
ਡਰ ਹੈ ਛੋਟੇ ਇਸੇ ਗੱਲ ਦਾ
ਪਹਿਲਾਂ ਦਾਦੇ ਗੋਦ ਤੈਂ ਬਹਿਣਾ
ਕੰਧ ੳੁਸਰ ਗਈ ਨ੍ਹੇਰਾ ਛਾਇਆ
ਨੇ੍ਹਰੇ ਨੂੰ ਕਈ ਗੱਲਾਂ ਸੁਝੀਆਂ
ਭਰਮਾਂ ਵਿਚ ਵਜ਼ੀਰ ਖ਼ਾਨ ਸੀ
ਲੱਗਿਆ ਉਸ ਨੂੰ ਜੋਤਾਂ ਬੁਝੀਆਂ
ਝੱਖੜ ਝੁੱਲੇ ਮੌਸਮ ਬਦਲੇ
ਜ਼ੁਲਮਾਂ ਵਾਲ਼ੀ ਅੱਤ ਹੋ ਗਈ
ਜ਼ਰਦ ਜਿਹੇ ਨੇ ਚਿਹਰੇ ਸਭ ਦੇ
ਲੱਗਦੈ ਸਭ ਦੀ ਰੱਤ ਚੋਅ ਗਈ
ਮਾਂ ਗੁਜਰੀ ਨੂੰ ਜਾ ਇਹ ਦੁੱਖੜਾ
ਜਿਸ ਨੇ ਵੀ ਸੀ ਆਖ ਸੁਣਾਇਆ
ਵੱਡਿਆਂ ਦਾ ਰਾਹ ਰੌਸ਼ਨ ਕੀਤਾ
ਕਹਿ ਮਾਂ ਗੁਜਰੀ ਸੀਸ ਨਿਵਾਇਆ
ਤੇਰੀ ਰੂਹ ਨੂੰ ਮੇਰੇ ਦਾਤਾ
ਸਾਂਭ ਕੇ ਤੇਰੇ ਕੋਲ਼ ਪੁਚਾਇਆ
ਜਿਸ ਰਾਹ ਦਾਦੇ ਪੋਤੇ ਤੁਰ ਗਏ
ਮਾਂ ਗੁਜਰੀ ਉਹ ਰਾਹ ਅਪਣਾਇਆ