ਹੇਮਕੁੰਟ ਤੋਂ ਨਾਂਦੇੜ - ਕਿਸ਼ਤ-4 (ਲੜੀਵਾਰ )

ਜਗਜੀਤ ਸਿੰਘ ਗੁਰਮ   

Email: gurmjagjit@ymail.com
Cell: +91 99145 16357 , 99174 01668
Address: 1008/29/2 1008/29/2, ਗਲੀ ਨੰ: 8, ਬਾਲ ਸਿੰਘ ਨਗਰ, ਜੋਧੇਵਾਲ ਬਸਤੀ
ਲੁਧਿਆਣਾ India 141007
ਜਗਜੀਤ ਸਿੰਘ ਗੁਰਮ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਏਧਰ ਸ਼ਾਹੀ ਫ਼ੌਜਾਂ ਨੇ ਵੀ
ਹੋਰ ਘਾੜਤਾਂ ਘੜੀਆਂ ਨੇ
ਕਿਸੇ ਨੇ ਕਸਮ ਕੁਰਾਨ ਦੀ ਖਾਧੀ
ਕਿਸੇ ਨੇ ਗਊਆਂ ਫੜੀਆਂ ਨੇ
ਝੂਠੀਆਂ ਮੂਠੀਆਂ ਖਾ-ਖਾ ਕਸਮਾਂ
ਕਹਿਣ ਅਸੀਂ ਪਛਤਾਉਂਦੇ ਹਾਂ
ਖ਼ਾਲੀ ਕਰਦੋ ਕਿਲ੍ਹਾ, ਅਸੀਂ ਨਾ
ਹੋਰ ਲੜਾਈ ਚਾਹੁੰਦੇ ਹਾਂ
ਫਿਰ ਗੁਰੂ ਨੇ ਸਿੰਘਾਂ ਦੇ ਸੰਗ
ਬਹਿ ਕੇ ਸੋਚ ਵਿਚਾਰ ਕਰੀ
ਕਹਿਣ ਮੈਨੂੰ ਇਤਬਾਰ ਨਹੀਂ ਹੈ
ਦਿਲ ਇਨ੍ਹਾਂ ਦੇ ਜ਼ਹਿਰ ਭਰੀ
ਕਿਹਾ ਗੁਰੂ ਨੂੰ ਰਲ਼ ਸਿੰਘਾਂ ਨੇ
ਇੱਥੇ ਰਹਿ ਹੁਣ ਕੀ ਕਰਾਂਗੇ
ਚਲੋ ਇੱਥੋਂ ਹੁਣ ਚੱਲਦੇ ਹਾਂ
ਲੜ ਜਿੱਤਾਂਗੇ ਜਾਂ ਮਰਾਂਗੇ
ਕਰ ਸਿਜਦਾ ਉਸ ਧਰਤੀ ਤਾਈਂ
ਸਭ ਨੇ ਚਾਲੇ ਪਾ ਦਿੱਤੇ
ਮੁੜ ਨਾ ਆਵਾਂਗੇ ਹੁਣ ਇੱਥੇ
ਗੁਰਾਂ ਨੇ ਬੋਲ ਸੁਣਾ ਦਿੱਤੇ

ਤੁਰਦਾ-ਤੁਰਦਾ ਇਹ ਕਾਫ਼ਲਾ
ਸਰਸੇ ਕੰਢੇ ਆਇਆ ਸੀ
ਖਾਧੀਆਂ ਕਸਮਾਂ ਭੁੱਲ ਸਾਰੀਆਂ
ਆਪਣਾ ਰੰਗ ਵਟਾਇਆ ਸੀ
ਗਊ, ਕੁਰਾਨ ਤੇ ਦੀਨ ਇਮਾਨ
ਸਭ ਮਿੱਟੀ ਵਿਚ ਰੋਲ਼ੇ ਨੇ
ਸੱਚ, ਸਿਦਕ ਤੇ ਕੌਲ ਕਰਾਰ
ਗੁਰੂ ਸਾਹਿਬ ਦੇ ਕੋਲ਼ੇ ਨੇ
ਸਰਸਾ ਕੰਢੇ ਅਣ-ਮਿਨਵੀ ਜਿਹੀ
ਗਹਿਗੱਚ ਹੋਈ ਲੜਾਈ ਸੀ
ਨਵਾਂ ਹੀ ਰੰਗ ਜਮਾਵਣ ਵਾਲ਼ੀ
ਵਾਰੀ ਸਭ ਦੀ ਆਈ ਸੀ
ਲੜਦੇ-ਲੜਦੇ ਸਿੰਘ ਗੁਰੂ ਦੇ
ਕਈ ਸ਼ਹੀਦੀਆਂ ਪਾ ਗਏ ਨੇ
ਵਿਚ ਸਰਸਾ ਦੇ ਠੰਢੇ ਪਾਣੀ
ਵੱਖਰੀ ਜੋਤ ਜਗਾ ਗਏ ਨੇ
ਕਰ ਅਰਦਾਸਾ ਸਿੰਘ ਗੁਰੂ ਤੇ
ਛੋਹਿਆ ਠੰਢੇ ਪਾਣੀ ਨੂੰ
ਜਾ ਪਾਣੀ ਵਿਚ ਰਾਹ ਦਿਖਲਾਇਆ
ਸੁੱਤੀ ਕੌਮ ਨਿਤਾਣੀ ਨੂੰ
ਵਿਚ ਪਾਣੀ ਦੇ ਰਾਹ ਬਦਲ ਗਏ
ਜਿੱਧਰ ਵੇਖਿਆ ਮੁੜ ਗਏ ਨੇ
ਰਚੇ ਗ੍ਰੰਥ ਜੋ ਗੁਰੂ ਸਾਹਿਬ ਨੇ
ਸੰਗ ਪਾਣੀਆਂ ਰੁੜ ਗਏ ਨੇ

ਵੇਗ ਵੇਖ ਠੰਢੇ ਪਾਣੀ ਦਾ
ਖੜ੍ਹਾ ਕਿਨਾਰੇ ਰਹਿ ਗਿਆ ਹੈ
ਕਿੰਝ ਵੈਰੀ ਹੁਣ ਕਰੇ ਲੜਾਈ
ਹੌਸਲਾ ਸਾਰਾ ਢਹਿ ਗਿਆ ਹੈ
ਵੱਖੋ ਵੱਖ ਰਾਹਾਂ ਦੇ ਰਾਹੀ
ਬਣ-ਬਣ ਇੱਥੋਂ ਤੁਰਦੇ ਨੇ
ਰਸਤੇ ਭਾਵੇਂ ਅੱਡੋ-ਅੱਡ ਨੇ
ਪਰ ਸਾਰੇ ਇਕ ਸੁਰ ਦੇ ਨੇ
ਕੁਝ ਪੈੜਾਂ ਦਿੱਲੀ ਨੂੰ ਗਈਆਂ
ਕੁਝ ਚਮਕੌਰ ਦੇ ਰਾਹ ਪਈਆਂ
ਵੱਡੀਆਂ ਤੇ ਨਿੱਕੀਆਂ ਪੈੜ੍ਹਾਂ ਤਾਂ
ਜਾ ਲਾਲਚ ਦੇ ਵੱਸ ਰਹੀਆਂ
ਨਵੀਆਂ ਰਾਹਾਂ ਸਿਰਜਣ ਖ਼ਾਤਰ
ਸਭ ਨੇ ਕਦਮ ਵਧਾਏ ਨੇ
ਜ਼ੁਲਮੀ ਨੇ੍ਹਰ ਮਿਟਾਵਣ ਲਈ
ਸੂਰਜ ਹੀ ਸੂਰਜ ਆਏ ਨੇ
ਚਾਲ਼ੀ ਸਿੰਘ ਦੋ ਸਾਹਿਬਜ਼ਾਦੇ
ਗੁਰੂ ਸਾਹਿਬ ਦੇ ਨਾਲ ਰਹੇ
ਸਭ ਕੁਝ ਵਿਛੜ ਗਿਆ ਸੀ, ਭਾਵੇਂ
ਕਦੇ ਨਾ ਬੋਲ ਮਲਾਲ ਕਹੇ
ਅੱਗੇ ਦੁਸ਼ਮਣ ਪਿੱਛੇ ਦੁਸ਼ਮਣ
ਨਾਲੋਂ ਨਾਲ ਤੁਰੇ ਇਤਿਹਾਸ
ਆਖ਼ਰ ਨੂੰ ਚਮਕੌਰ ਪਹੁੰਚ ਕੇ
ਗੜ੍ਹੀ ਕੱਚੀ ਵਿਚ ਕੀਤਾ ਵਾਸ

ਅਣਗਿਣਤ ਸੀ ਫ਼ੌਜ ਮੁਗ਼ਲ ਦੀ
ਜਿਸ ਆ ਘੇਰਾ ਗੜ੍ਹੀ ਨੂੰ ਪਾਇਆ
ਤੀਰ ਤੇ ਤੀਰ ਚੱਲਣ ਨੇ ਲੱਗੇ
ਇਕ ਦੂਜੇ ਦਾ ਕਰਨ ਸਫ਼ਾਇਆ
ਚੱਲਦੀ ਇਸ ਲੜਾਈ ਦੇ ਵਿਚ
ਤੀਰ ਤੋਂ ਗੱਲ ਤਲਵਾਰ ’ਤੇ ਆਈ
ਢੇਰ ਲਾਸ਼ਾਂ ਦਾ ਆਸੇ-ਪਾਸੇ
ਜ਼ਖ਼ਮੀ ਪਾਉਂਦੇ ਹਾਲ ਦੁਹਾਈ
ਇਕ ਸਿੰਘ ਜੋ ਭਾਈ ਘਨੱਈਆ
ਪਿਆਉਂਦਾ ਰਹਿੰਦਾ ਸਭ ਨੂੰ ਪਾਣੀ
ਜੋ ਵੀ ਉਹਦੇ ਆਉਦਾ ਅੱਗੇ
ਕਰਦਾ ਨਾ ਭੋਰਾ ਵੰਡ-ਕਾਣੀ
ਕੁਝ ਸਿੰਘਾਂ ਨੇ ਗੁਰੂ ਸਾਹਿਬ ਕੋਲ਼
ਆ ਉਹਦੀ ਸ਼ਕੈਤ ਹੈ ਲਾਈ
ਸਾਡੇ ਸੰਗ ਇਹ ਵੈਰੀ ਨੂੰ ਵੀ
ਜਾਂਦਾ ਕਾਹਤੋਂ ਪਾਣੀ ਪਿਆਈ
ਆਖਣ ਲੱਗੇ ਭਾਈ ਘਨੱਈਆ
ਮੈਨੂੰ ਕੁਝ ਵੀ ਨਜ਼ਰ ਨਾ ਆਉਂਦਾ
ਹਰ ਚਿਹਰੇ ਵਿਚ ਤੂੰ ਹੀ ਤੂੰ ਹੈ
ਜਿਸ ਨੂੰ ਵੀ ਹਾਂ ਪਾਣੀ ਪਿਆਉਂਦਾ
ਗੁਰੂ ਸਾਹਿਬ ਨੇ ਸੁਣਿਆ ਜਦ, ਇਹ
ਮੁੱਖੋਂ ਫੇਰ ਨੇ ਬੋਲ ਉਚਾਰੇ
ਪਾਣੀ ਦੇ ਸੰਗ ਮੱਲ੍ਹਮ ਵੀ ਲੈ
ਜ਼ਖ਼ਮਾਂ ਉਤੇ ਲਾਈਂ ਪਿਆਰੇ

ਗੁਰੂ ਸਾਹਿਬ ਦਾ ਹੁਕਮ ਮੰਨ
ਜਦ ਵਿਚ ਮੈਦਾਨੇ ਆਇਆ
ਪਾਣੀ ਪਿਆਵੇ ਮੱਲ੍ਹਮ ਲਾਵੇ
ਗੁਰੂ ਦਾ ਬੋਲ ਪੁਗਾਇਆ
ਸਿੰਘ ਭਾਵੇਂ ਗਿਣਤੀ ਵਿਚ ਥੋੜ੍ਹੇ
ਕੋਲ਼ ਹੌਸਲੇ ਭਾਰੇ ਸੀ
ਕਿਰਪਾਨ ਭਿੜੀ ਤਲਵਾਰ ਦੇ ਨਾਲ
ਦਿਨੇ ਦਿਖਾਉਂਦੇ ਤਾਰੇ ਸੀ
ਤੀਰ ਸ਼ੂਕਦੇ ਨੇਜ਼ੇ ਵਿੰਨਣ
ਕਿਰਪਾਨਾਂ, ਤਲਵਾਰਾਂ ਸਨ
ਕਿਸੇ ਦੇ ਹਿੱਸੇ ਜਿੱਤਾਂ ਸਨ, ਤੇ
ਕਿਸੇ ਦੇ ਹਿੱਸੇ ਹਾਰਾਂ ਸਨ
ਪੰਜ-ਪੰਜ ਕਰਦੇ ਜਾਂਦੇ ਜੱਥੇ
ਜੈਕਾਰੇ ਗਜਾਉਂਦੇ ਸੀ
ਲੜਦੇ, ਮਾਰਦੇ ਵੈਰੀ ਤਾਈਂ
ਅੰਤ ਸ਼ਹੀਦੀ ਪਾਉਂਦੇ ਸੀ
ਗਿਣਤੀ ਘਟਦੀ ਵੇਖ ਸਿੰਘਾਂ ਦੀ
ਸਿੰਘ ਅਜੀਤ ਆ ਬੋਲਦਾ ਹੈ
ਪਿਤਾ ਗੁਰੂ ਜੀ ਦੋਵੋ ਆਗਿਆ
ਖ਼ੂਨ ਮੇਰਾ ਵੀ ਖੌਲਦਾ ਹੈ
ਅਪਣੇ ਹੱਥੀ ਸ਼ਸਤਰ ਦੇ ਕੇ
ਤੋਰਿਆ ਆਪਣਾ ਬਰਖ਼ੁਰਦਾਰ
ਹੱਥ ਜੋੜ ਕੀਤਾ ਸ਼ੁਕਰਾਨਾ
ਉਸ ਅਕਾਲ ਪੁਰਖ ਦਰਬਾਰ

ਸਿੰਘ ਅਜੀਤ ਨੇ ਵਿਚ ਮੈਦਾਨੇ
ਝੜੀ ਸਿਰਾਂ ਦੀ ਲਾ ਦਿੱਤੀ
ਧਰਮ ਤੇ ਦੇਸ਼ ਬਚਾਵਣ ਖ਼ਾਤਰ
ਅਪਣੀ ਹੋਂਦ ਭੁਲਾ ਦਿੱਤੀ
ਬੱਦਲਾਂ ਨੂੰ ਗੜਗੜਾਹਟ ਭੁੱਲੀ
ਧਰਤੀ ਕੰਬੀ ਅੰਬਰ ਹਿੱਲੇ
ਅਜੀਤ ਸਿੰਘ ਜੋ ਤੇਗ ਚਲਾਈ
ਵੇਖ ਕੇ ਭੱਜੇ ਕੱਚੇ ਪਿੱਲੇ
ਵੈਰੀ ਘੇਰਿਆ ਸਾਹਿਬਜ਼ਾਦਾ
ਕੀਤਾ ਵਾਰ ਪਿੱਠ ’ਤੇ ਆਣ
ਸਾਹਿਬ ਸਭ ਕੁਝ ਵੇਖ ਰਹੇ ਸੀ
ਦਿੱਤੇ ਸੀ ਜਦ ਤਿਆਗ ਪ੍ਰਾਣ
ਅੱਖਾਂ ਬੰਦ ਤੇ ਹੱਥ ਜੋੜ
ਕਰ ਦਿੱਤਾ ਉਹਦਾ ਸ਼ੁਕਰਾਨ
ਤੇਰਾ ਤੇਰੇ ਕੋਲ਼ ਆ ਗਿਆ
ਮੇਰੇ ਕੋਲ਼ ਤਾਂ ਸੀ ਮਹਿਮਾਨ
ਜੁਝਾਰ ਸਿੰਘ ਨੇ ਘੋੜੇ ਤੋਂ ਜਦ
ਗਿਰਦਾ ਵੇਖਿਆ ਆਪਣਾ ਵੀਰ
ਦਵੋ ਆਗਿਆ ਮੈਨੂੰ ਵੀ ਹੁਣ
ਦੇਵਾਂ ਜਾ ਦੁਸ਼ਮਣ ਨੂੰ ਚੀਰ
ਜੁਝਾਰ ਸਿੰਘ ਦਾ ਗੁਰੂ ਸਾਹਿਬ ਨੇ
ਦਿੱਤਾ ਕਰ ਪੂਰਾ ਸ਼ਿੰਗਾਰ
ਜਾਉ ਤੇ ਰਣ ਵਿਚ ਜੂਝ ਵਿਖਾਉ
ਦੇ ਦਿੱਤੇ ਅਪਣੇ ਹਥਿਆਰ

ਖੇਡਣ ਵਾਲ਼ੀ ਉਮਰ ਹੈ ਭਾਵੇਂ
ਤੇਗ ਚਲਾਉਂਦੀ ਨੰਨੀ ਜਾਨ
ਡਰ ਨਾ ਭੋਰਾ ਚਿਹਰੇ ਉਤੇ
ਤੱਕ ਦੁਸ਼ਮਣ ਹੋਇਆ ਹੈਰਾਨ
ਅਜੀਤ ਦੇ ਵਾਂਗੂੰ ਸਿੰਘ ਜੁਝਾਰ ਨੇ
ਆਪਣਾ ਰੰਗ ਦਿਖਾ ਦਿੱਤਾ
ਲਾਸ਼ਾਂ ਦਾ ਉਸ ਢੇਰ ਲਗਾ ਕੇ
ਦੁਸ਼ਮਣ ਸੋਚੀ ਪਾ ਦਿੱਤਾ
ਲੜਦਾ-ਲੜਦਾ ਸਿੰਘ ਜੁਝਾਰ ਵੀ
ਉਸੇ ਥਾਂ ’ਤੇ ਪਹੁੰਚ ਗਿਆ
ਧਰਤੀ ਲਾਲੋ ਲਾਲ ਸੀ ਉਥੇ
ਜਿੱਥੇ ਵੀਰ ਸ਼ਹੀਦ ਪਿਆ
ਧਰਤੀ ’ਤੇ ਇੰਝ ਵੀਰ ਪਿਆ ਸੀ
ਜਿਉਂ ਸੂਰਜ ਨੇ ਧਰਤ ਛੁਪਾਈ
ਤੱਕ ਰਿਹਾ ਸੀ ਰੱਤ ’ਚ ਰੰਗੀ
ਸੂਰਜ ਵਾਂਗੂੰ ਦੇਹ ਰੁਸ਼ਨਾਈ
ਤੱਕਦੇ ਨੂੰ ਹੀ ਵੈਰੀ ਨੇ ਆ
ਘੇਰਾ ਪਾਇਆ ਦੇਰ ਨਾ ਲਾਈ
ਤਲਵਾਰਾਂ ’ਤੇ ਸੰਗ ਨੇਜ਼ਿਆ
ਜਗਦੀ ਦਗਦੀ ਜੋਤ ਬੁਝਾਈ
ਵੇਖ ਰਹੇ ਸੀ ਗੁਰੂ ਪਿਤਾ ਵੀ
ਛੋਟੇ ਨੇ ਕਿੰਝ ਤੇਗ ਚਲਾਈ
ਮੁੜ ਉਹਦਾ ਕੀਤਾ ਸ਼ੁਕਰਾਨਾ
ਰੂਹ ਤੇਰੀ ਤੇਰੇ ਕੋਲ਼ੇ ਆਈ

ਮੋਹਕਮ ਸਿੰਘ ਜੋ ਗੁਰੂ ਪਿਆਰਾ
ਮੁਕਤੀ ਇੱਥੇ ਪਾ ਗਿਆ ਸੀ
ਤਨ ਮਨ ਸਭ ਕੁਝ ਸੌਂਪ ਗੁਰਾਂ ਨੂੰ
ਧਰਮ ਦੇ ਲੇਖੇ ਲਾ ਗਿਆ ਸੀ
ਇਕ ਪਿਆਰਾ ਸਾਹਿਬ ਸਿੰਘ ਜੋ
ਨਾ ਭੁੱਲਣਾ ਨਾ ਭੱੁਲਿਆ ਹੈ
ਸੱਚ ਬਚਾਵਣ ਖਾਤਰ ਜਿਸ ਦਾ
ਖ਼ੂਨ ਇੱਥੇ ਹੀ ਡੱੁਲਿਆ ਹੈ
ਹੋਰ ਪਿਆਰੇ ਹਿੰਮਤ ਸਿੰਘ ਨੇ
ਅੰਤ ਸ਼ਹੀਦੀ ਪਾਈ ਸੀ
ਹਿੰਮਤ ਸਿੰਘ ਦੀ ਹਿੰਮਤ ਨੇ
ਦੁਸ਼ਮਣ ਨੂੰ ਭਾਜੜ ਪਾਈ ਸੀ
ਚਾਲੀ ਸਿੰਘਾਂ ਵਿਚ ਮੈਦਾਨੇ
ਜੋ ਇਤਿਹਾਸ ਰਚਾਇਆ ਹੈ
ਧਰਤੀ, ਚੰਨ ਤੇ ਸੂਰਜ ਤਾਈਂ
ਵਿਚ ਹੈਰਾਨੀ ਪਾਇਆ ਹੈ
ਵਿਚ ਆਨੰਦਪੁਰ ਬੋਲ ਜੋ ਬੋਲੇ
ਚਮਕੌਰ ’ਚ ਪੂਰੇ ਕੀਤੇ ਨੇ
ਸੱਚ ਤੇ ਅਣਖ਼ ਬਚਾਵਣ ਖ਼ਾਤਰ
ਜਾਮ ਸ਼ਹੀਦੀ ਪੀਤੇ ਨੇ
ਬਾਣੀ, ਪਾਣੀ ਘੋਲ਼ ਪਤਾਸੇ
ਐਸਾ ਅਮਿ੍ਰਤ ਤਿਆਰ ਸੀ ਕਰਿਆ
ਜਿਸ ਨੇ ਵੀ ਦੋ ਘੁੱਟਾਂ ਪੀਤਾ
ਮਰਨੋ ਉਹ ਤਾਂ ਕਦੇ ਨਾ ਡਰਿਆ

ਦਿਲ ਨੂੰ ਛੂਹੇ ਬੋਲ ਗੁਰਾਂ ਦੇ
ਚਿੜੀਆਂ ਕੋਲ਼ੋਂ ਬਾਜ ਤੁੜਾਇਆ
ਜੋਸ਼, ਹੋਸ਼ ਤੇ ਅੰਮਿ੍ਰਤ ਸਦਕੇ
ਸਵਾ ਲੱਖ ਨਾਲ ਇਕ ਲੜਾਇਆ
ਬਚਦੇ ਸਿੰਘ ਗੜੀ ਵਿਚ ਆਏ
ਲੱਗੇ ਬਹਿ ਕੇ ਕਰਨ ਵਿਚਾਰ
ਤੁਸੀਂ ਗੁਰੂ ਜੀ ਜਾਵੋ ਇੱਥੋਂ
ਸਾਡੀ ਸੋਚ ਦਾ ਇਹ ਹੈ ਸਾਰ
ਕਿਹਾ ਗੁਰੂ ਨੇ ਕਿਉਂ ਮੈਂ ਥੋਨੂੰ
ਛੱਡ ਕੇ ਜਾਵਾਂ ਅੱਧ ਵਿਚਕਾਰ
ਵੈਰੀ ਨੇ ਪਾਉਣਾ ਹੈ ਰੌਲ਼ਾ
ਗੁਰੂ ਹੈ ਭੱਜਿਆ ਮੰਨ ਕੇ ਹਾਰ
ਪੰਜ ਸਿੰਘਾਂ ਨੇ ਕਰ ਅਰਦਾਸਾ
ਕਿਹਾ ਥੋਨੂੰ ਹੈ ਜਾਣਾ ਪੈਣਾ
ਪੰਜਾਂ ਵਿਚ ਪਰਮੇਸ਼ਰ ਹੁੰਦਾ
ਮੰਨ ਲਵੋ ਹੁਣ ਸਾਡਾ ਕਹਿਣਾ
ਨਵਾਂ ਤੁਸੀਂ ਜੋ ਰਾਹ ਸਿਰਜਿਐ

ਮੋਤੀ ਮਹਿਰਾ ਸਿੱਖ ਗੁਰੂ ਦਾ
ਦੁੱਧ ਜੋ ਰੋਜ਼ ਪਿਆੳਂੁਦਾ ਸੀ
ਲੈਂਦਾ ਓਟ ਅਕਾਲ ਪੁਰਖ ਦੀ
ਡਰ ਨੇੜੇ ਨਾ ਆਉਂਦਾ ਸੀ
ਗੁਰ ਮਾਂ ਤੇ ਗੁਰ ਬੱਚਿਆਂ ਦੀ
ਜੋ ਸੇਵਾ ਉਸ ਨੇ ਕੀਤੀ ਸੀ
ਉਸ ਦੇ ਬਦਲੇ ਜ਼ੁਲਮ ਦੇ ਵਾਲ਼ੀ
ਉਸ ਕੌੜੀ ਘੁੱਟ ਪੀਤੀ ਸੀ
ਪੀੜ ਦਿੱਤਾ ਸੀ ਵਿਚ ਵੇਲਣੇ
ਸਾਰਾ ਹੀ ਉਸ ਦਾ ਪਰਿਵਾਰ
ਮੋਤੀ ਮਹਿਰਾ ਦਿਲੀ ਹੈ ਵਸਿਆ
ਜਿਵੇਂ ਬੁਰਜ ਹੈ ਠੰਢਾ ਠਾਰ
ਟੋਡਰ ਮੱਲ ਨੇ ਵੇਖਿਆ, ਸੁਣਿਆ
ਤੜਪ ਗਿਆ ਸਾਰੇ ਦਾ ਸਾਰਾ
ਜਾ ਸੂਬੇ ਨੂੰ ਕਿਹਾ ਉਸ ਨੇ
ਕਰ ਦਿੱਤਾ ਤੁਸੀਂ ਇਹ ਕੀ ਕਾਰਾ
ਕਿਹਾ ਉਸ ਨੇ ਫਿਰ ਸੂਬੇ ਨੂੰ
ਦੇ ਦੋਵੋ ਮੈਨੂੰ ਥੋੜ੍ਹੀ ਥਾਂ
ਕਰਨਾ ਹੈ ਸਸਕਾਰ ਇਨ੍ਹਾਂ ਦਾ
ਗੁਰ ਬੱਚਿਆਂ ਦਾ ਤੇ ਗੁਰ ਮਾਂ
ਜ਼ੁਲਮੀ ਦਾ ਹੰਕਾਰ ਬੋਲਿਆ
ਦੇਵਾਂਗਾ ਤੈਨੂੰ ਓਨੀ ਧਰਤੀ
ਖੜ੍ਹੀਆਂ ਸੋਨ ਮੋਹਰਾਂ ਦੇ ਨਾਲ
ਧਰਤੀ ਤੂੰ ਜਿੰਨੀ ਕੁ ਭਰਤੀ

ਘਰੇ ਆਣ ਫਿਰ ਟੋਡਰ ਮੱਲ ਨੇ
ਸਭਨਾਂ ਦੇ ਨਾਲ ਕਰੀ ਸਲਾਹ
ਘਰ ’ਚੋਂ ਸਭ ਕੁਝ ਪੂੰਝ ਪਾਝ ਕੇ
ਤੁਰਿਆ ਸੀ ਉਹ ਸੱਚ ਦੇ ਰਾਹ
ਸੋਨ ਮੋਹਰਾਂ ਨੂੰ ਲੈ ਕੇ ਉਹ
ਫਿਰ ਪਹੁੰਚ ਗਿਆ ਸੂਬੇ ਦਰਬਾਰ
ਨੈਣਾਂ ਦੇ ਵਿਚ ਹੰਝੂ ਸਨ
ਤੇ ਦਿਲ ਰੋਂਦਾ ਸੀ ਜ਼ਾਰੋ-ਜ਼ਾਰ
ਬੋਲ ਪੁਗਾਏ ਟੋਡਰ ਮੱਲ ਨੇ
ਥੋੜ੍ਹੀ ਥਾਂ ਸੀ ਲਈ ਖ਼ਰੀਦ
ਨਾਲ ਫ਼ਰਜ਼ ਕੀਤਾ ਸਸਕਾਰ
ਗੁਰ ਘਰ ਦਾ ਜੋ ਸੀ ਮੁਰੀਦ
ਟੋਡਰ ਮਲ, ਮੋਤੀ ਮਹਿਰਾ ਤੇ
ਸ਼ੇਰ ਖ਼ਾਨ ਦਾ ਹੈ ਸਤਿਕਾਰ
ਗੁਰ ਘਰ ਦੇ ਸੰਗ ਇਨ੍ਹਾਂ ਨੂੰ ਵੀ
ਹੁੰਦੇ ਸਿਜਦੇ ਬਾਰ-ਮ-ਬਾਰ
ਨਾਲ ਗੁਰਾਂ ਦੇ ਆਓ ਚੱਲੀਏ
ਰਤਾ ਵੀ ਨਾ ਘਬਰਾਉਣਾ ਹੈ
ਸੂਰਜ ਵਰਗਾ ਸੱਚ ਅਜੇ ਤਾਂ
ਸਮੇਂ ਨੇ ਹੋਰ ਦਿਖਾਉਣਾ ਹੈ
ਜਿੱਥੇ ਪੈਰ ਟਿਕਾਉਂਦੇ ਸਾਹਿਬ
ਰਾਹ ਉਹ ਨੂਰੋ ਨੂਰ ਸੀ ਹੋਈ
ਨੇ੍ਹਰੇ ਚੀਰਦੀ ਰਾਹਾਂ ਦੇ ਵਿਚ
ਰਾਏਕੋਟ ਜਾ ਜੋਤ ਖਲੋਈ