ਹੇਮਕੁੰਟ ਤੋਂ ਨਾਂਦੇੜ - ਕਿਸ਼ਤ-5 (ਲੜੀਵਾਰ )

ਜਗਜੀਤ ਸਿੰਘ ਗੁਰਮ   

Email: gurmjagjit@ymail.com
Cell: +91 99145 16357 , 99174 01668
Address: 1008/29/2 1008/29/2, ਗਲੀ ਨੰ: 8, ਬਾਲ ਸਿੰਘ ਨਗਰ, ਜੋਧੇਵਾਲ ਬਸਤੀ
ਲੁਧਿਆਣਾ India 141007
ਜਗਜੀਤ ਸਿੰਘ ਗੁਰਮ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਚਾਨਣ-ਚਾਨਣ ਆਸੇ ਪਾਸੇ
ਰਾਏ ਕੱਲ੍ਹੇ ਆ ਚਾਨਣ ਛੋਹਿਆ
ਧਰਮ ਕਰਮ ਸਭ ਛੱਡੇ ਪਿੱਛੇ
ਨਾਲ ਗੁਰਾਂ ਦੇ ਆਣ ਖਲ੍ਹੋਇਆ
ਗੁਰਾਂ ਨੂੰ ਕਰਦਾ ਬਹੁਤ ਪਿਆਰ
ਰਾਏ ਕੱਲ੍ਹਾ ਸ਼ਰਧਾਲੂ ਸੱਚਾ
ਬਖ਼ਸ਼ੋ ਬੋਲ, ਉਹ ਕਹਿੰਦਾ
ਮੈਂ ਵੀ ਹਾਂ ਥੋਡਾ ਹੀ ਬੱਚਾ
ਭੇਜ ਸੁਨੇਹਾ ਉਸ ਨੇ ਤਾਂ ਫਿਰ
ਨੂਰਾ ਮਾਹੀ ਝੱਟ ਬੁਲਾਇਆ
ਛੇਕਾਂ ਵਾਲ਼ੇ ਗੜਵੇ ਦੇ ਵਿਚ
ਚੋਅ ਕੇ ਦੁੱਧ ਉਸ ਗੁਰਾਂ ਪਿਆਇਆ
ਕਿਹਾ ਗੁਰਾਂ ਨੇ ਰਾਏ ਕੱਲ੍ਹੇ ਨੂੰ
ਭੇਜੋ ਰਾਹ ਸਰਹੰਦ ਦੇ ਕੋਈ
ਖ਼ਬਰ ਲਿਆਵੇ ਮਾਂ ਗੁਜਰੀ ਤੇ
ਸਾਹਿਬਜ਼ਾਦਿਆਂ ਨਾਲ ਕੀ ਹੋਈ
ਨੂਰਾ ਮਾਹੀ ਉਸੇ ਵੇਲ਼ੇ
ਸੀ ਤੁਰਿਆ ਸਰਹੰਦ ਦੇ ਰਾਹ
ਪਹੁੰਚਿਆ ਤੇ ਉਹ ਮੁੜਿਆ ਵਾਪਸ
ਹੋਇਆ ਸੀ ਉਹ ਸਾਹੋ ਸਾਹ
ਖ਼ਬਰ ਸੁਣਾਈ ਆਣ ਗੁਰਾਂ ਨੂੰ
ਤੱਕਿਆ ਜੋ ਮੈਂ ਉਥੇ ਜਾਹ
ਚਿਣ ਦਿੱਤੇ ਨੀਹਾਂ ਵਿਚ ਬੱਚੇ
ਨੀਹਾਂ ਰਹਿਣੈ ਸਦਾ ਗਵਾਹ

ਸੁਣ ਕੇ ਬੋਲ ਇਹ ਨੂਰੇ ਕੋਲ਼ੋਂ
ਸ਼ੁਕਰ ਤੇਰਾ ਕਹਿ ਬੋਲੇ ਨੇ
ਤੇਰੇ ਬੱਚੇ ਮੇਰੇ ਪਿਆਰੇ (ਦਾਤਾ)
ਭੋਰਾ ਵੀ ਨਾ ਡੋਲੇ ਨੇ
ਵੱਡ ਵਡੇਰਿਆਂ ਦੇ ਰਾਹਾਂ ਵਿਚ
ਜੋਤਾਂ ਹੋਰ ਜਗਾਈਆਂ ਨੇ
ਨਿੱਕੇ-ਨਿੱਕੇ ਬੱਚਿਆਂ ਨੇ ਤਾਂ
ਪੈੜਾਂ ਵੱਡੀਆਂ ਪਾਈਆਂ ਨੇ
ਨਾਲ ਤੀਰ ਦੇ ਕਾਹੀ ਦੀ ਜੜ੍ਹ
ਪੁੱਟ ਇਹ ਆਖ ਸੁਣਾਇਆ
ਜ਼ਾਲਮ ਦੀ ਜੜ੍ਹ ਪੁੱਟੀ ਗਈ
ਹੁਣ ਜ਼ੁਲਮ ਦਾ ਅੰਤ ਹੈ ਆਇਆ
ਰਾਏਕੋਟ ਤੋਂ ਤੁਰਨ ਲੱਗੇ ਜਦ
ਰਾਏ ਕੱਲ੍ਹੇ ਨੇ ਅਰਜ਼ ਗੁਜ਼ਾਰੀ
ਬਖ਼ਸ਼ ਦੇਵੋ ਕੋਈ ਯਾਦ ਨਿਸ਼ਾਨੀ
ਪੁਸ਼ਤਾਂ ਨੂੰ ਵੀ ਰਹੇ ਖ਼ੁਮਾਰੀ।
ਛੇਕਾਂ ਵਾਲ਼ਾ ਗੜਵਾ ਸਾਹਿਬ
ਦੇ ਉਸ ਨੂੰ ਵਡਿਆਉਂਦਾ ਹੈ
ਉਹੀ ਛੇਕਾਂ ਵਾਲ਼ਾ ਹੁਣ
ਗੰਗਾ ਸਾਗਰ ਅਖਵਾਉਂਦਾ ਹੈ
ਤੁਰਦੇ-ਤੁਰਦੇ ਰਾਹ ਅਣਜਾਣੇ
ਨੂਰੋ ਨੂਰ ਤਾਂ ਹੋਏ ਸੀ
ਪੰਛੀ, ਪਸ਼ੂ, ਮਨੁੱਖ ਵੀ ਜਾਗੇ
ਲੰਮੀਆਂ ਤਾਣ ਜੋ ਸੋਏ ਸੀ

ਮਹਿਕਾਂ ਦੇ ਸੰਗ ਚਾਨਣ-ਚਾਨਣ
ਹਰ ਪਾਸੇ ਰੁਸ਼ਨਾਈ ਸੀ
ਚੱਲਦੇ-ਚੱਲਦੇ ਜੋਤ ਇਲਾਹੀ
ਦੀਨੇ ਕਾਂਗੜ ਆਈ ਸੀ
ਏਸ ਇਲਾਕੇ ਦੇ ਰਾਹਾਂ ਵਿਚ
ਸਿੱਖੀ ਦੀ ਖ਼ੁਸ਼ਬੋਈ ਸੀ
ਛੇਵੇਂ ਗੁਰ ਨੇ ਬੀਜ ਸੀ ਬੀਜੇ
ਤਾਂ ਫੁਲਵਾੜੀ ਹੋਈ ਸੀ
ਇਕ ਸ਼ਰਧਾਲੂ ਗੁਰੂ ਸਾਹਿਬ ਨੂੰ
ਅਪਣੇ ਘਰ ਲੈ ਆਇਆ ਸੀ
ਆਸੇ ਪਾਸੇ ਸੁਣਿਆ ਜਿਸ
ਉਸ ਆ ਕੇ ਸੀਸ ਨਿਵਾਇਆ ਸੀ
ਉਸ ਇਲਾਕੇ ਦੇ ਚੌਧਰੀ
ਦੋ ਭਾਈ ਲਖਮੀਰ, ਸ਼ਮੀਰ
ਤਨੋਂ ਮਨੋਂ ਉਹ ਕੋਲ਼ ਗੁਰੂ ਦੇ
ਆ ਪਹੁੰਚੇ ਨੇ ਦੋਨੇ ਬੀਰ
ਕਹਿੰਦੇ ਹੁਕਮ ਕਰੋ ਕੋਈ ਸਾਹਿਬ
ਤਨ ਮਨ ਥੋਡੇ ਲੇਖੇ ਲਾਏ
ਇਨ੍ਹਾਂ ਵਰਗੇ ਹੋਰ ਪਿਆਰੇ
ਭੱਜ-ਭੱਜ ਗੁਰ ਦਰਸ਼ਨ ਨੂੰ ਆਏ
ਚੱਲਦੀ-ਚੱਲਦੀ ਖ਼ਬਰ ਇਹ ਆਖ਼ਰ
ਪਹੁੰਚੀ ਵਿਚ ਸਰਹੰਦ ਦੇ ਜਾ
ਉਸੇ ਵੇਲ਼ੇ ਖ਼ਾਨ ਵਜ਼ੀਰ ਨੇ
ਝੱਟਪਟ ਪੱਤਰ ਲਿਆ ਲਿਖਾ

ਲਖਮੀਰ, ਸ਼ਮੀਰ ਨੂੰ ਪੱਤਰ ਦੇ ਵਿਚ
ਦਿੱਤਾ ਸੀ ਉਸ ਹੁਕਮ ਸੁਣਾ
ਏਸੇ ਵੇਲ਼ੇ ਪਕੜ ਗੁਰੂ ਨੂੰ
ਮੇਰੇ ਕੋਲ਼ੇ ਦਿਉ ਪੁਚਾ
ਲਖਮੀਰ, ਸ਼ਮੀਰ ਨੇ ਉਸੇ ਵੇਲ਼ੇ
ਕਰਿਆ ਸੂਬੇ ਨੂੰ ਇਨਕਾਰ
ਅਸੀਂ ਗੁਰੂ ਦੇ ਗੁਰੂ ਹੈ ਸਾਡਾ
ਦਈਏ ਗੁਰ ਤੋਂ ਜਾਨਾਂ ਵਾਰ
ਨਾਂਹ ਸੁਣ ਸੂਬੇ ਚੜ੍ਹਿਆ ਗ਼ੁੱਸਾ
ਫ਼ੌਜ ਨੂੰ ਉਸ ਨੇ ਹੁਕਮ ਸੁਣਾਇਆ
ਹੁਣ ਨਾ ਬਚ ਕੇ ਜਾਏ ਗੋਬਿੰਦ ਸਿੰਘ
ਫ਼ੌਜ ਨੂੰ ਗੁਰੂ ਦੇ ਪਿੱਛੇ ਲਾਇਆ
ਦੀਨੇ ਵਿਚ ਹੀ ਗੁਰੂ ਸਾਹਿਬ ਨੇ
ਕੀਤੀ ਸੀ ਫੇਰ ਸੋਚ ਵਿਚਾਰ
ਜ਼ਾਲਮ, ਜ਼ੁਲਮ ਮਿਟਾਵਣ ਖ਼ਾਤਰ
ਕਰੀ ਗੁਰੂ, ਸੀ ਫ਼ੌਜ ਤਿਆਰ
ਇੱਥੇ ਹੀ ਬੈਠ ਔਰੰਗਜ਼ੇਬ ਨੂੰ
ਲਿਖੇ ਨੇ ਉਚੇ ਸੁੱਚੇ ਬੋਲ
ਜ਼ਫਰਨਾਮਾ ਉਸ ਰਚਨਾ ਦਾ ਨਾਂ
ਸ਼ਬਦਾਂ ਦਾ ਜੋ ਪੂਰਾ ਤੋਲ
ਲਿਖਿਆ ਸਾਹਿਬ ਔਰੰਗਜ਼ੇਬ ਨੂੰ
ਤੇਰੇ ’ਤੇ ਨਾ ਹੈ ਇਤਬਾਰ
ਬੇ-ਦੀਨਾ ਤੂੰ ਪੈਸੇ ਦਾ ਪੁੱਤ
ਤੇਰੇ ਝੂਠੇ ਕੌਲ-ਕਰਾਰ

ਕੀ ਹੋਇਆ ਜੇ ਲੱਖਾਂ ਨੇ ਤਾਂ
ਚਾਰਾਂ ਸੰਗ ਮਾਰੇ ਹਜ਼ਾਰ
ਜਿੱਥੇ ਬੋਲ ਦਾ ਮੁੱਲ ਨਾ ਕੋਈ
ਉਥੇ ਉਠਦੀ ਹੈ ਤਲਵਾਰ
ਦਿਆ ਸਿੰਘ ਨੂੰ ਜ਼ਫ਼ਰਨਾਮਾ ਦੇ
ਭੇਜਿਆ ਔਰੰਗਜ਼ੇਬ ਦੇ ਕੋਲ਼
ਪੜ੍ਹੇ ਉਸ ਜਦ ਬੋਲ ਜੁਝਾਰੂ
ਗਿਆ ਪੂਰੇ ਦਾ ਪੂਰਾ ਡੋਲ
ਦੀਨੇ ਕਾਂਗੜੋਂ ਚਾਲੇ ਪਾਏ
ਢਿਲਵਾਂ ਸੋਢੀਆ ਪਹੁੰਚ ਗਏ ਨੇ
ਅਗਨ ਭੇਟ ਕਰ ਨੀਲੇ ਬਸਤਰ
ਨਵੇਂ ਹੀ ਕੱਪੜੇ ਪਹਿਨ ਲਏ ਨੇ
ਗੁਰ ਦਰਸ਼ਨ ਨੂੰ ਆਉਂਦੇ ਜਿਹੜੇ
ਬੋਲ ਗੁਰਾਂ ਦੇ ਸੁਣਦੇ ਰਹਿੰਦੇ
ਜਾਨ ਦੇ ਨਾਲੋਂ ਧਰਮ ਪਿਆਰਾ
ਅਸੀਂ ਹਾਂ ਥੋਡੇ ਨਾਲ ਉਹ ਕਹਿੰਦੇ
ਸ਼ਾਹੀ ਫ਼ੌਜਾਂ ਪਿੱਛਾ ਕਰਦੀਆਂ
ਨੇੜੇ-ਨੇੜੇ ਹੁੰਦੀਆਂ ਜਾਵਣ
ਜੰਗ ਲਈ ਢੁਕਵੀਂ ਥਾਂ ਲੱਭਦੇ ਨੇ
ਨਾਲੇ ਸੰਗੀਆਂ ਨੂੰ ਸਮਝਾਵਣ
ਮਨ-ਪਸੰਦ ਜਗ੍ਹਾ ਜੋ ਲੱਭੀ
ਉਹ ਹੈ ਖਿਦਰਾਣੇ ਦੀ ਢਾਬ
ਸਭੇ ਲੋੜਾਂ ਪੂਰੀਆਂ ਏਥੇ
ਭਰੀ ਹੋਈ ਹੈ ਨਾਲ ਜੋ ਆਬ

ਵੱਡੀ ਗਿਣਤੀ ਸਿੰਘ ਸੂਰਮੇ
ਪਹੁੰਚ ਗਏ ਨੇ ਕੋਲ਼ ਗੁਰਾਂ ਦੇ
ਰਣ ਜੂਝਣ ਦਾ ਚਾਅ ਹੈ ਵਧਦਾ
ਸੁਣਦੇ ਨੇ ਜਦ ਬੋਲ ਗੁਰਾਂ ਦੇ
ਵਿਚ ਆਨੰਦਪੁਰ ਦੇ ਬੇਦਾਵਾ
ਜੋ ਸਿੰਘ, ਗੁਰਾਂ ਨੂੰ ਆਏ ਸੀ
ਉਹ ਵੀ ਪਹੁੰਚ ਗਏ ਨੇ ਇੱਥੇ
ਪਛਤਾਏ-ਪਛਤਾਏ ਸੀ
ਏਧਰ ਸ਼ਾਹੀ ਫ਼ੌਜਾਂ ਨੇ ਵੀ
ਉਸ ਥਾਂ ਪਾਇਆ ਘੇਰਾ ਹੈ
ਜਿੱਥੇ ਗੁਰ ਨੇ ਸਿੰਘਾਂ ਦੇ ਸੰਗ
ਲਾਇਆ ਆਪਣਾ ਡੇਰਾ ਹੈ
ਬੇ-ਮੇਲ ਹੋਈ ਸ਼ੁਰੂ ਲੜਾਈ
ਖ਼ੂਨ ਤੇ ਖ਼ੂਨ ਹੀ ਦਿੱਤਾ ਡੋਲ
ਇਕ ਪਾਸੇ ਜ਼ੁਲਮੀ ਵਰਤਾਰਾ
ਦੂਜੇ ਪਾਸੇ ਸੁੱਚੇ ਬੋਲ
ਅੰਤ ਨੂੰ ਸੱਚ ਨੇ ਝੰਡੇ ਗੱਡੇ
ਸੱਚ ਹੀ ਨਜ਼ਰੀਂ ਆਇਆ ਹੈ
“ਸਵਾ ਲੱਖ ਨਾਲ ਏਕ ਲੜਾਊਂ”
ਕਰ ਫੇਰ ਸੱਚ ਵਿਖਾਇਆ ਹੈ
ਭਾਜੜ ਪੈ ਗਈ ਮੁਗ਼ਲ ਫ਼ੌਜ ਨੂੰ
ਤੀਰਾਂ ਦਾ ਮੀਂਹ ਵਰਸਾ ਦਿੱਤਾ
ਗੁਰੂ ਸਾਹਿਬ ਨੇ ਵਿਚ ਮੈਦਾਨੇ
ਸੱਚ ਦਾ ਰਾਹ ਰੁਸ਼ਨਾ ਦਿੱਤਾ

ਗੁਰੂ ਸਾਹਿਬ ਨੇ ਵਿਚ ਮੈਦਾਨੇ
ਸਭ ’ਤੇ ਨਜ਼ਰ ਆ ਪਾਈ ਹੈ
ਸਭ ਨੂੰ ਛਾਤੀ ਨਾਲ ਲਗਾ ਕੇ
ਪਿਆਰ ਦੀ ਮੱਲ੍ਹਮ ਲਾਈ ਹੈ
ਇਨਾਮਾਂ ਤੇ ਸਨਮਾਨਾਂ ਵਾਲ਼ੀ
ਝੜੀ ਵੀ ਖ਼ੂਬ ਲਗਾਈ ਹੈ
ਜ਼ਖ਼ਮੀਆਂ ਤੇ ਸਹਿਕਦਿਆਂ ਨੇ
ਗੁਰੂ ਤੋਂ ਮੁਕਤੀ ਪਾਈ ਹੈ
ਮਹਾਂ ਸਿੰਘ ਕੋਲ਼ ਆ ਕੇ ਕਹਿੰਦੇ
ਦੱਸੋ ਤੁਸੀਂ ਕੀ ਚਾਹੁੰਦੇ ਹੋ
ਹੱਥ ਜੋੜ ਮਹਾਂ ਸਿੰਘ ਕਹਿੰਦਾ
ਪਤਾ, ਤੁਸੀਂ ਬਖ਼ਸ਼ਾਉਂਦੇ ਹੋ
ਬਖ਼ਸ਼ ਦੇਵੋ ਜੋ ਹੋਈਆਂ ਭੁੱਲਾਂ
ਪਾੜ ਦੇਵੋ ਬੇਦਾਵੇ ਨੂੰ
ਟੁੱਟੀ ਗੰਢ ਦੇਵੋ ਹੁਣ ਸਾਡੀ
ਸਾਂਭ ਲਵੋ ਨਿਥਾਵੇ ਨੂੰ
ਪਾੜ ਬੇਦਾਵਾ ਸਿੱਟ ਗੁਰਾਂ ਨੇ
ਸਿੰਘ ਨੂੰ ਸੀਨੇ ਲਾਇਆ ਹੈ
ਸਿੰਘ ਸ਼ਹੀਦ ਹੋਏ ਜਿਸ ਥਾਂ, ਉਹ
ਮੁਕਤਸਰ ਅਖਵਾਇਆ ਹੈ
ਮਹਾਂ ਸਿੰਘ ਤੇ ਸਾਥੀਆਂ ਨੇ, ਰਲ਼
ਜੋ ਇਤਿਹਾਸ ਰਚਾਇਆ ਹੈ
ਅੱਜ ਵੀ ਲੋਕੀ ਯਾਦ ਨੇ ਕਰਦੇ
ਨਾਮ ਅਮਰ ਕਰਵਾਇਆ ਹੈ

ਮਾਈ ਭਾਗੋ ਨੂੰ ਭੁੱਲਣਾ ਨਾ ਹੀ
ਜਿਸ ਇਹ ਕਰੀ ਕਮਾਈ ਸੀ
ਬੇਦਾਵਾ ਦੇ ਘਰ ਜਦ ਪਹੁੰਚੇ
ਉਸ ਨੇ ਲਾਹਨਤ ਪਾਈ ਸੀ
ਮਾਈ ਭਾਗੋ ਦੇ ਬੋਲ ਸੁਣੇ, ਜਦ
ਬੜੀ ਨਮੋਸ਼ੀ ਮੰਨ ਗਏ।
ਮਾਈ ਭਾਗੋ ਦੇ ਸੰਗ ਉਹ ਸਾਰੇ
ਗੁਰੂ ਸਾਹਿਬ ਵਲ ਚੱਲ ਪਏ
ਯੁੱਧ ਜਿੱਤ ਕੇ ਗੁਰੂ ਸਾਹਿਬ ਨੇ
ਅੱਗੇ ਕਦਮ ਵਧਾਇਆ ਹੈ
ਲੱਖੀ ਜੰਗਲ ਨਾਂ ਜਿਸ ਥਾਂ ਦਾ
ਉਥੇ ਪੈਰ ਟਿਕਾਇਆ ਹੈ
ਗੁਰੂ ਸਾਹਿਬ ਨੇ ਪਹੁੰਚੇ ਇੱਥੇ
ਸੁਣ-ਸੁਣ ਸੰਗਤ ਆਈ ਹੈ
ਦਰਸ਼ਨ ਕਰਦੇ ਨਾਲੇ ਅਮਿ੍ਰਤ
ਦਾਤ ਗੁਰਾਂ ਤੋਂ ਪਾਈ ਹੈ
ਲੱਖੀ ਜੰਗਲ ਜੋਤ ਜਗਾ ਕੇ
ਚਾਨਣ ਚਾਨਣ ਕਰ ਦਿੱਤਾ
ਨੇ੍ਹਰ ਮਿਟਾ ਕੇ ਲੋਕਾਂ ਦੇ, ਮਨ
ਮਸਤਕ ਚਾਨਣ ਭਰ ਦਿੱਤਾ
ਚਾਨਣ ਵੰਡਦਾ ਨੂਰ ਇਲਾਹੀ
ਸਾਬੋ ਤਲਵੰਡੀ ਆਇਆ ਹੈ
ਚੋਧਰੀ ਡੱਲੇ ਦਾ ਇਹ ਪਿੰਡ ਜੋ
ਚਾਨਣ ਤੋਂ ਤਿ੍ਰਹਾਇਆ ਹੈ

ਇਹ ਥਾਂ ਗੁਰੂ ਸਾਹਿਬ ਦੇ ਤਾਈਂ
ਬਹੁਤ ਪੰਸਦ ਹੀ ਆਈ ਹੈ
ਇਸ ਧਰਤੀ ਦੇ ਭਾਗ ਨੇ ਜਾਗੇ
ਰੁਸ਼ਨਾਈ ਮਹਿਕਾਈ ਹੈ
ਬੋਲ ਗੁਰਾਂ ਦੇ ਸੁਣਦੀ ਸੰਗਤ
ਦੂਰ-ਦੂਰ ਤੋਂ ਆਉਂਦੀ ਹੈ
ਦਰਸ਼ਨ ਕਰਕੇ ਤਨ ਮਨ ਸੌਂਪੇ
ਜੱਸ ਗੁਰਾਂ ਦਾ ਗਾੳਂੁਦੀ ਹੈ
ਦਿਨ ਤੇ ਰਾਤ ਨੇ ਇਕਮਿਕ ਹੋਏ
ਜਿਉਂ ਪਾਣੀ ਸੰਗ ਪਾਣੀ ਹੈ
ਜੋਸ਼ ਲਈ ਹਥਿਆਰ ਚਲਾਉਂਦੇ
ਹੋਸ਼ ਲਈ ਗੁਰਬਾਣੀ ਹੈ
ਪੜ੍ਹਨ ਪੜ੍ਹਾਉਣ ਸ਼ੁਰੂ ਹੈ ਕੀਤਾ
ਨਿੱਤ ਕਲਮਾਂ ਹੀ ਘੜਦੇ ਨੇ
ਊਚ ਨੀਚ ਦਾ ਫਰਕ ਨਾ ਕੋਈ
ਸਾਰੇ ਹੀ ਆ ਪੜ੍ਹਦੇ ਨੇ
ਯੁੱਧਾਂ ਵਿਚ ਹਾਨੀ ਜੋ ਹੋਈ
ਇੱਥੇ ਕਰੀ ਭਰਪਾਈ ਹੈ
ਗੰ੍ਰਥ ਸਾਹਿਬ ਦੀ ਬੀੜ ਦੁਬਾਰਾ
ਇੱਥੇ ਹੀ ਲਿਖਵਾਈ ਹੈ
ਦੂਰ ਦੁਰਾਡਿਉਂ ਸੰਗਤ ਆਵੇ
ਢੇਰ ਸੌਗਾਤ ਲਿਆਉਂਦੀ ਹੈ
ਨੈਣ ਨਾ ਰੱਜਣ ਵੇਖ-ਵੇਖ ਕੇ
ਮੁੜ-ਮੁੜ ਦਰਸ਼ਨ ਪਾਉਂਦੀ ਹੈ

ਇਕ ਰਫ਼ਲ ਨੂੰ ਪਰਖਣ ਖ਼ਾਤਰ
ਸਾਹਿਬ, ਸਭੇ ਬੁਲਾਏ ਨੇ
ਸਿੰਘ ਗੁਰੂ ਦੇ ਅੱਗੇ ਪਿੱਛੇ
ਭੱਜ-ਭੱਜ ਨੇੜੇ ਆਏ ਨੇ
ਚੌਧਰੀ ਡੱਲੇ ਦੇ ਜੋ ਬੰਦੇ
ਵੇਖ ਰਫ਼ਲ ਸਭ ਡੋਲੇ ਨੇ
ਸਿੰਘ ਗੁਰੂ ਦੇ ਤਾਣ ਕੇ ਛਾਤੀ
ਲਾਉ ਨਿਸ਼ਾਨੇ ਬੋਲੇ ਨੇ
ਸਮਾਂ ਹੈ ਤੋਰੇ ਤੁਰਦਾ ਆਪਣੀ
ਇਹ ਕਿਧਰੇ ਵੀ ਰੁਕਦਾ ਨਾ
ਦੋ ਕੰਢਿਆਂ ਦੇ ਵਿਚ ਹੈ ਵਹਿੰਦਾ
ਪਾਣੀ ਕਦੇ ਵੀ ਮੁੱਕਦਾ ਨਾ
ਤੁਰਦੀ-ਤੁਰਦੀ ਖ਼ਬਰ ਇੰਝ ਹੀ
ਵਿਚ ਦਿੱਲੀ ਦੇ ਪਹੁੰਚ ਗਈ
ਮਾਤਾ ਸੁੰਦਰੀ, ਸਾਹਿਬ ਕੌਰ ਦੇ
ਨੈਣੋਂ ਨਦੀ ਵੀ ਚੱਲ ਪਈ
ਦੋਏ ਮਾਤਾਵਾਂ ਸੰਗ ਮਨੀ ਸਿੰਘ
ਸਾਬੋ ਤਲਵੰਡੀ ਆਏ ਨੇ
ਗੁਰ ਦਰਸ਼ਨ ਨੂੰ ਨੈਣ ਪਿਆਸੇ
ਰੱਜ-ਰੱਜ ਦਰਸ਼ਨ ਪਾਏ ਨੇ
ਸਜੇ ਹੋਏ ਦੀਵਾਨ ਨੇ ਉਥੇ
ਸਭ ਗੁਰਬਾਣੀ ਗਾਉਂਦੇ ਨੇ
ਮਾਤਾਵਾਂ ਨੇ ਨਜ਼ਰ ਹੈ ਮਾਰੀ
ਪੁੱਤਰ ਨਜ਼ਰ ਨਾ ਆਉਂਦੇ ਨੇ

ਪੁੱਛਿਆ ਫੇਰ ਸਾਹਿਬ ਦੇ ਤਾਂਈ
ਦੱਸੋ? ਕਿੱਥੇ ਸਾਹਿਬ ਜਾਏ
ਲੱਭ-ਲੱਭ ਸਾਡੇ ਨੈਣ ਨੇ ਥੱਕੇ
ਕਿਧਰੇ ਸਾਨੂੰ ਨਜ਼ਰ ਨਾ ਆਏ
ਬੋਲ ਜੋ ਬੋਲੇ ਗੁਰੂ ਸਾਹਿਬ ਨੇ
ਬੋਲ ਸਦਾ ਵਡਿਆਉਣੇ ਨੇ
ਇਹ ਨੇ ਸਾਰੇ ਪੁੱਤਰ ਆਪਣੇ
ਉਹ ਮੁੜ ਕੇ ਨਾ ਆਉਣੇ ਨੇ
ਇਨ੍ਹਾਂ ਪੁੱਤਰਾਂ ਕਰ ਕੇ ਹੀ ਤਾਂ
ਵਾਰ ਦਿੱਤੇ ਨੇ ਪੁੱਤਰ ਚਾਰ
ਹਰ ਇਕ ਚਿਹਰਾ ਵੇਖੋਗੇ, ਜਦ
ਨਜ਼ਰ ਨੇ ਆਉਣੇ ਕਈ ਹਜ਼ਾਰ
ਫੁੱਲ ਸਦਾ ਖ਼ੁਸ਼ਬੋਆ ਵੰਡਦੇ
ਵੰਡਦੇ-ਵੰਡਦੇ ਅੱਕਣ ਨਾ
ਧੁੱਪਾਂ ਛਾਵਾਂ ਆਵਣ ਜਾਵਣ
ਇਹ ਕਿਧਰੇ ਵੀ ਥੱਕਣ ਨਾ
ਜੋ ਵੀ ਆਵੇ ਗੁਰ ਦਰਸ਼ਨ ਨੂੰ
ਉਸੇ ਨੇ ਸੋਹਿਲੇ ਗਾਏ ਨੇ
ਨਿੱਤ ਨਵੇਂ ਦਿਨ ਵਧੇ ਖ਼ਾਲਸਾ
ਖ਼ੁਸ਼ੀਆਂ ਖੇੜੇ ਛਾਏ ਨੇ
ਭਾਈ ਦਿਆ ਸਿੰਘ ਅਜੇ ਨਾ ਮੁੜਿਆ
ਇਕ ਦਿਨ ਬੈਠੇ ਕਰਨ ਵਿਚਾਰ
ਪਤਾ ਨਹੀਂ ਕੀ ਹੋਇਆ ਹੋਣਾ
ਉਸ ਦੀ ਵੀ ਹੁਣ ਲਵਾਂ ਜਾ ਸਾਰ

ਜ਼ਫ਼ਰਨਾਮਾ ਦੇ ਭੇਜਿਆ ਸੀ
ਉਸ ਨੂੰ ਔਰੰਗਜ਼ੇਬ ਦੇ ਕੋਲ਼
ਪੜ੍ਹ ਕੇ ਉਹ ਸਾਰੇ ਦਾ ਸਾਰਾ
ਗਿਆ ਪੂਰੇ ਦਾ ਪੂਰਾ ਡੋਲ
ਪਛਤਾਵੇ ਤੇ ਮੁੜ-ਮੁੜ ਆਖੇ
ਇਹ ਕੀ ਮੈਂ ਕਰ ਬੈਠਾ ਹਾਂ
ਭੋਰਾ ਕਿਧਰੇ ਚੈਨ ਆਵੇ
ਜਿਉਂਦੇ ਜੀ ਮਰ ਬੈਠਾ ਹਾਂ
ਨਾਲ ਖ਼ੁਦਾ ਦੇ ਵੈਰ ਹੈ ਪਾਇਆ
ਕਿੱਥੇ ਭੱੁਲ ਬਖ਼ਸ਼ਾਂਵਾ
ਪਤਾ ਨਾ ਲੱਗੇ, ਮੁੜ-ਮੁੜ ਆਖੇ
ਕਿਹੜੇ ਦਰ ਮੈ ਜਾਵਾਂ
ਹੱਸਦੇ-ਵਸਦੇ ਸਭ ਨੂੰ ਛੱਡ ਕੇ
ਦੱਖਣ ਵੱਲ ਨੂੰ ਕਦਮ ਵਧਾਏ
ਨਾਲ ਤੁਰੀ ਹੋ ਸੰਗਤ ਸਾਰੀ
ਸਭ ਨੇ ਨੈਣੋਂ ਨੀਰ ਵਹਾਏ
ਦੇ ਡੱਲੇ ਨੂੰ ਯਾਦ ਨਿਸ਼ਾਨੀ
ਝੋਲੀ ਉਹਦੀ ਭਰਦੇ ਨੇ
ਅੱਜ ਵੀ ਲੋਕੀਂ ਡੱਲੇ ਦੇ ਘਰ
ਜਾ ਜਾ ਦਰਸ਼ਨ ਕਰਦੇ ਨੇ
ਸਿੰਘ ਤੁਰੇ ਜੋ ਨਾਲ ਗੁਰਾਂ ਦੇ
ਕੁਝ ਲੈ ਆਗਿਆ ਵਾਪਸ ਆਏ
ਬਾਕੀ ਸਿੰਘਾਂ ਸੰਗ ਸਾਹਿਬ ਨੇ
ਮਾਰੂਥਲ ਦੇ ਭਾਗ ਜਗਾਏ

ਜਿੱਥੇ ਸ਼ਬਦ ਸੁਰਤ ਨੇ ਜੁੜਦੇ
ਉਥੇ ਚੜ੍ਹਿਆ ਰਹਿੰਦਾ ਚਾਅ
ਹਰ ਪਾਸੇ ਰੇਤਾ ਹੀ ਰੇਤਾ
ਆਪਣੇ ਆਪ ਹੀ ਬਣਦਾ ਰਾਹ
ਰਾਜਸਥਾਨ ’ਚ ਤੁਰਦੇ-ਤੁਰਦੇ
ਇਕ ਸਥਾਨ ਕਲੋਤ ਹੈ ਆਇਆ
ਭਾਈ ਦਿਆ ਸਿੰਘ ਮਿਲਿਆ ਉਥੇ
ਉਥੇ ਹੀ ਉਸ ਹਾਲ ਸੁਣਾਇਆ
ਦੱਸਿਆ, ਪੜ੍ਹ ਕੇ ਜ਼ਫ਼ਰਨਾਮੇ ਨੂੰ
ਹਾਲੋਂ ਸੀ ਬੇ-ਹਾਲ ਉਹ ਹੋਇਆ
ਕਹੋ, ਗੁਰੂ ਨੂੰ ਮਿਲਣ ਉਹ ਆ ਕੇ
ਮੈਂ ਤਾਂ ਹੁਣ ਤਕ ਨ੍ਹੇਰ ਹੈ ਢੋਇਆ
ਸੁਣ ਕੇ ਸਾਰਾ ਹਾਲ, ਸਾਹਿਬ ਨੇ
ਕਹਿੰਦੇ, ਹੁਣ ਸੱਚਾ ਪਛਤਾਵੇ
ਜ਼ੋਰ ਕਲਮ ਦਾ ਕਿੰਨਾ ਕੁ ਹੈ
ਜ਼ੋਰ ਕਲਮ ਦਾ ਨਜ਼ਰੀਂ ਆਵੇ
ਦੱਖਣ ਵਲ ਨੂੰ ਤੁਰ ਪਏ ਸਾਹਿਬ
ਸਿੰਘਾਂ ਦੇ ਵਿਚ ਜੋਸ਼ ਹੈ ਭਰਿਆ
ਸਭ ਦੇ ਚਿਹਰੇ ਚਮਕਣ ਦਮਕਣ
ਸਭ ਨੇ ਸੀਸ ਤਲੀ ਤੇ ਧਰਿਆ
ਤੁਰਦੇ-ਤੁਰਦੇ ਰਾਹੋ ਰਾਹੀਂ
ਬਘੋਰ ਦੀ ਧਰਤੀ ਪਹੁੰਚੇ ਜਾ
ਔਰੰਗਜ਼ੇਬ ਤਾਂ ਮਰ ਚੁੱਕਾ ਹੈ
ਦਿੱਤੀ ਸੂਹੀਏ ਖ਼ਬਰ ਸੁਣਾ