ਉਸੇ ਵੇਲ਼ੇ ਲਿਆ ਫ਼ੈਸਲਾ
ਮੁੜੇ ਪਿਛਾਂਹ ਨਾ ਲਾਈ ਦੇਰ
ਦਿੱਲੀ ਵੱਲ ਨੂੰ ਪਾਏ ਚਾਲੇ
ਕਿਧਰੇ ਨੇ੍ਹਰਾ ਕਿਤੇ ਸਵੇਰ
ਜਾਣਦੇ ਸੀ ਇਹ ਗੁਰੂ ਸਾਹਿਬ ਵੀ
ਵਾਰਸਾਂ ਦੀ ਹੁਣ ਹੋਊ ਲੜਾਈ
ਔਰੰਗਜ਼ੇਬ ਦੇ ਜੋ ਨੇ ਵਾਰਸ
ਮੁਅੱਜਮ, ਆਜ਼ਮ ਦੋਵੇ ਭਾਈ
ਮੁਅੱਜਮ ਸੀ ਜੋ ਵੱਡਾ ਭਾਈ
ਗੁਰੂ ਸਾਹਿਬ ਦੇ ਨੇੜੇ ਸੀ
ਚਾਹੁੰਦਾ ਕਦੇ ਨਾ ਨਾਲ ਗੁਰਾਂ ਦੇ
ਹੋਵਣ ਝਗੜੇ ਝੇੜੇ ਸੀ
ਗੁਰੂ ਸਾਹਿਬ ਦੀ ਇੱਛਾ ਸੀ, ਕਿ
ਮੁਅੱਜਮ ਰਾਜਾ ਬਣ ਜਾਵੇ
ਬੱਦਲ ਹਟ ਜਾਣ ਨਫ਼ਰਤ ਵਾਲ਼ੇ
ਬੋਲ ਮੁਹੱਬਤ ਤਣ ਜਾਵੇ
ਦਿੱਲੀ ਦੇ ਵਿੱਚ ਪਹੁੰਚ ਗਏ ਨੇ
ਦੂਰ ਦਿ੍ਰਸ਼ਟੀ ਵਾਲ਼ੇ
ਗੁਰੂ ਸਾਹਿਬ ਨੇ ਸੀਨੇ ਵਿਚ
ਕਈ ਭੇਤ ਭਵਿੱਖ ਸੰਭਾਲ਼ੇ
ਉਥੇ ਪਹੁੰਚੇ ਪਤਾ ਇਹ ਲੱਗਾ
ਮੁਅੱਜਮ ਦਿਲੀਉਂ ਦੂਰ ਗਿਆ
ਦਿਆ ਸਿੰਘ ਤੇ ਧਰਮ ਸਿੰਘ ਨੂੰ
ਭੇਜਣਾ ਪਿੱਛੇ ਸੋਚ ਲਿਆ
ਕਿਹਾ ਦੋਵਾਂ ਨੂੰ ਕਰੋ ਤਿਆਰੀ
ਮੁਅੱਜਮ ਪਿੱਛੇ ਜਾਣਾ ਹੈ
ਪਹੁੰਚ ਗਿਆ ਜੋ ਵਿੱਚ ਆਗਰੇ
ਉਸ ਨੂੰ ਇਹ ਸਮਝਣਾ ਹੈ
ਨਾਲ ਤੇਰੇ ਹਮਦਰਦੀ ਸਾਡੀ
ਆਸ਼ੀਰਵਾਦ ਵੀ ਕਹਿਣਾ ਹੈ
ਜਿੰਨੀ ਦੇਰ ਨਾ ਹੋਏ ਫ਼ੈਸਲਾ
ਦਿੱਲੀ ਵਿਚ ਹੀ ਰਹਿਣਾ ਹੈ
ਦੋਵਾਂ ਨੇ ਜਾ ਮੁਅੱਜਮ ਤਾਈਂ
ਗੁਰੂ ਸਾਹਿਬ ਦੀ ਗੱਲ ਸੁਣਾਈ
ਲੱਗਿਆ ਉਸ ਨੂੰ ਜਿਵੇਂ ਕਿਸੇ ਨੇ
ਦਰਦਾਂ ਉਤੇ ਮਲ੍ਹਮ ਲਾਈ
ਵਿਚ ਮੈਦਾਨੇ ਪਹੁੰਚ ਗਏ ਨੇ
ਆਪਸ ਦੇ ਵਿਚ ਕਰਨ ਲੜਾਈ
ਦੋਵੇਂ ਭਾਈ ਗੱਦੀ ਖ਼ਾਤਰ
ਜਾਂਦੇ ਆਪਣਾ ਖ਼ੂਨ ਵਹਾਈ
ਲੜਕੇ ਮਰਕੇ ਖ਼ੂਨ ਆਪਣਾ
ਮਿੱਟੀ ਵਿਚ ਮਿਲਾਇਆ ਹੈ
ਜਿੱਤ ਮੁਅੱਜਮ, ਆਪਣੇ ਆਪ ਨੂੰ
ਬਹਾਦਰ ਸ਼ਾਹ ਅਖਵਾਇਆ ਹੈ
ਪਤਾ ਲੱਗਾ ਜਦ ਗੁਰੂ ਸਾਹਿਬ ਨੂੰ
ਆਗਰੇ ਵੱਲ ਨੂੰ ਕਦਮ ਵਧਾਏ
ਪਹੁੰਚ ਕੇ ਉਥੇ ਗੁਰੂ ਸਾਹਿਬ ਨੇ
ਵਿਚ ਬਾਗ਼ ਦੇ ਡੇਰੇ ਲਾਏ
ਪਤਾ ਲੱਗਾ ਜਦ ਸ਼ਾਹ ਬਹਾਦਰ
ਗੁਰੂ ਸਾਹਿਬ ਵੀ ਆਏ ਨੇ
ਮੁਲਾਕਾਤ ਲਈ ਕਰਨ ਬੇਨਤੀ
ਅਹਿਲਕਾਰ ਭਿਜਵਾਏ ਨੇ
ਤੇਈ ਜੁਲਾਈ ਸਤਾਰਾਂ ਸੌ ਸੱਤ
ਸਾਹਿਬ ਨੂੰ ਸ਼ਾਹ ਬੁਲਾਉਂਦਾ ਹੈ
ਵਿਚ ਦਰਬਾਰੇ ਬੇਸ਼ਕੀਮਤੀ
ਦੇ ਤੋਹਫ਼ੇ ਵਡਿਆਉਂਦਾ ਹੈ
ਬੋਲ ਵਿਰੋਧੀ ਉਠਣ ਲੱਗੇ
ਨਵਾਂ ਨਵਾਂ ਤਾਂ ਬਾਦਸ਼ਾਹ ਹੋਇਆ
ਸ਼ਾਹ, ਗੁਰੂ ਨੂੰ ਕਰੀ ਬੇਨਤੀ
ਵੇਖੋ, ਜਾਵੇ ਤਾਜ ਨਾ ਖੋਹਿਆ
ਜਿੱਧਰ ਉਠੀ ਵੇਖ ਬਗ਼ਾਵਤ
ਉਧਰ ਹੀ ਉਹ ਤੁਰਦਾ ਹੈ
ਗੁਰੂ ਸਾਹਿਬ ਦਾ ਸਾਥ ਉਹ ਪਾ ਕੇ
ਦੱਬ ਬਗ਼ਾਵਤ ਮੁੜਦਾ ਹੈ
ਇਸੇ ਵਿੱਚ ਹੀ ਦੱਖਣੋਂ ਆਈ
ਖ਼ਬਰ ਨੇ ਸੋਚੀ ਪਾ ਦਿੱਤਾ
ਬਾਦਸ਼ਾਹ ਹੋਣ ਦਾ ਛੋਟੇ ਭਾਈ
ਨੇ ਸੀ ਹੁਕਮ ਸੁਣਾ ਦਿੱਤਾ
ਕਾਮ ਬਖ਼ਸ਼ ਤਾਂ ਨਾਮ ਸੀ ਉਹਦਾ
ਘਰ ਹੀ ਘਰ ਨੂੰ ਖਾਂਦਾ ਹੈ
ਲਾਲਚ ਵੱਡਾ ਛੋਟਾ ਭਾਵੇਂ
ਆਪਾ ਮਾਰ ਮੁਕਾਂਦਾ ਹੈ
ਸ਼ਾਹ ਕਹਿੰਦਾ ਫੇਰ ਸਾਹਿਬ ਤਾਈਂ
ਦੱਖਣ ਮੇਰੇ ਨਾਲ ਚੱਲੋ
ਦਰਦ ਦਿੱਤੇ ਜੋ ਆਪਣਿਆ ਨੇ
ਮੱਲ੍ਹਮ ਦਰਦੀ ਫੇਰ ਮਲੋ
ਗੁਰੂ ਸਾਹਿਬ ਨੇ ਲਿਆ ਫ਼ੈਸਲਾ
ਸ਼ਾਹ ਦੇ ਨਾਲ ਹੀ ਜਾਣਾ ਹੈ
ਜਾਣੀ ਜਾਣ ਨੇ ਜਾਣ ਲਿਆ ਸੀ
ਕਿਸ ਪੱਲੇ ਕੀ ਪਾਣਾ ਹੈ
ਤੁਰਦੇ-ਤੁਰਦੇ ਖ਼ੁਸ਼ੀਆਂ ਵੰਡਦੇ
ਸਭ ਦੇ ਦੁਖ ਵੰਡਾਉਂਦੇ ਨੇ
ਮਈ ਜੂਨ ਦੇ ਗਰਮ ਮਹੀਨੇ
ਸਭ ਦੇ ਸੰਗ ਹੰਢਾਉਦੇ ਨੇ
ਨਦੀ ਨਰਬਦਾ ਪਾਰ ਕਰੀ ਫੇਰ
ਤਾਪਤੀ ਦਾ ਜਾ ਛੂਹਿਆ ਪਾਣੀ
ਲੱਗਿਆ ਸਭ ਨੂੰ ਕਹਿੰਦਾ ਹੈ ਜਿਵੇਂ
ਮਿਲਿਆ ਆਣ ਚਿਰਾਂ ਦਾ ਹਾਣੀ
ਨਦੀ ਤਾਪਤੀ ਪਾਰ ਕਰੀ ਜਦ
ਪਹੁੰਚ ਗਏ ਨੇ ਪੁਰ ਬੁਰਹਾਨ
ਜੈਤ ਰਾਮ ਤੇ ਜੀਵਨ ਜੋਗੀ
ਬੋਲ ਸੁਣਾਉਂਦੇ ਨੇ ਵਿਚ ਸ਼ਾਨ
ਪਿਆਰ ਬਥੇਰਾ ਸ਼ਰਧਾ ਵੀ ਸੀ
ਕਰਦੇ ਸੇਵਾ ਕਸਰ ਨਾ ਕੋਈ
ਪ੍ਰੇਮ ਪਿਆਲੇ ਰੋਜ਼ ਹੀ ਪੀਂਦੇ
ਕਹਿੰਦੇ ਸਾਡੀ ਬਣ ਜੋ ਢੋਈ
ਦੱਸਦੇ ਜੋਗੀ, ਵਿਚ ਨਾਂਦੇੜ ਦੇ
ਵਸੇ ਬੈਰਾਗੀ ਮਾਧੋ ਦਾਸ
ਚੇਲੇ ਬਹੁਤ ਬਣਾਏ ਉਸ ਨੇ
ਰੱਖਦਾ ਸਭ ਨੂੰ ਆਪਣੇ ਪਾਸ
ਸ਼ਕਤੀ ਸ਼ਾਲੀ ਹੈ ਕਰਾਮਾਤੀ
ਸਭ ਨੂੰ ਖ਼ੂਬ ਸਤਾਉਂਦਾ ਹੈ
ਜੋ ਵੀ ਉਸ ਦੇ ਡੇਰੇ ਆਏ
ਉਸ ਨੂੰ ਬਹੁਤ ਡਰਾਉਂਦਾ ਹੈ
ਮਨ ਵਿਚ ਧਾਰਿਆ ਗੁਰੂ ਸਾਹਿਬ ਨੇ
ਉਸ ਨੂੰ ਹੀ ਜਾ ਮਿਲਣਾ ਹੈ
ਵਿਚ ਨਾਂਦੇੜ ਹੈ ਜਿੱਥੇ ਵਸਦਾ
ਉਥੇ ਹੀ ਫੁੱਲ ਖਿਲਣਾ ਹੈ
ਸੰਗ ਸਾਹਿਬ ਦੇ ਸਾਰਿਆਂ ਨੇ
ਉਧਰ ਨੂੰ ਚਾਲੇ ਪਾ ਦਿੱਤੇ
ਵਿਚ ਹੰਗੋਲੀ ਪਹੁੰਚ ਗੁਰਾਂ ਨੇ
ਆਪਣੇ ਬੋਲ ਸੁਣਾ ਦਿੱਤੇ
ਅਸੀਂ ਤਾਂ ਜਾਣਾ ਵੱਲ ਨਾਂਦੇੜ
ਸਾਡਾ ਰਾਹ ਹੁਣ ਵਿਛੜ ਗਿਆ
ਬਹਾਦਰ ਸ਼ਾਹ ਵੀ ਹੈਦਰਾਬਾਦ ਦੇ
ਸੁਣ ਕੇ ਬੋਲ ਹੈ ਰਾਹ ਪਿਆ
ਵੱਲ ਤੁਰੇ ਨਾਂਦੇੜ ਦੇ ਸਾਹਿਬ
ਹਰੀ ਭਰੀ ਰਾਹ ਆਈ ਥਾਂ
ਕੁਝ ਦਿਨ ਇੱਥੇ ਰੁਕੇ ਨੇ ਸਾਹਿਬ
ਇਸ ਥਾਂ ਦਾ ਹੈ ਬਸਮਤ ਨਾਂ
ਖ਼ਬਰ ਹੈ ਫੈਲੀ ਵਿਚ ਬਸਮਤ ਦੇ
ਚਾਨਣ ਦੇ ਸੰਗ ਮਹਿਕ ਵੀ ਹੈ
ਲੋਕੀਂ ਆ-ਆ ਦਰਸ਼ਨ ਕਰਦੇ
ਪੰਛੀਆਂ ਦੇ ਵਿਚ ਚਹਿਕ ਵੀ ਹੈ
ਨੂਰ-ਨੂਰ ਇਹ ਕਰ ਧਰਤੀ
ਇੱਥੋਂ ਵੀ ਚਾਲੇ ਪਾ ਦਿੱਤੇ
ਕੋਲ਼ ਗੋਦਾਵਰੀ ਹਰਿਆਵਲ ਹੈ
ਉਥੇ ਆਸਣ ਲਾ ਦਿੱਤੇ
ਰਾਤ ਦਿਨੇ ਦਾ ਫ਼ਰਕ ਨਾ ਕੋਈ
ਲੋਕੀ ਆਉਂਦੇ ਦੂਰੋ ਦੂਰ
ਇੱਥੇ ਆ ਕੇ ਲੱਗਦਾ ਹੈ ਜਿਵੇਂ
ਪੈ ਜਾਵੇਗਾ ਆਸ ਨੂੰ ਬੂਰ
ਗੁਰਬਾਣੀ ਦਾ ਕੀਰਤਨ ਨਿੱਤ ਹੀ
ਸਿੰਘਾਂ ਦੇ ਸੰਗ ਕਰਦੇ ਨੇ
ਸ਼ਬਦ ਸੁਰਤ ਹੈ ਇੱਕੋ ਹੋਈ
ਸੁਣ-ਸੁਣ ਝੋਲ਼ੀਆਂ ਭਰਦੇ ਨੇ
ਲੈ ਲੈ ਤੋਹਫ਼ੇ ਬੇਸ਼-ਕੀਮਤੀ
ਸੰਗਤ ਆਉਂਦੀ ਜਾਂਦੀ ਹੈ
ਦਰਸ਼ਨ ਕਰਦੀ ਸਿਮਰਨ ਕਰਦੀ
ਜੱਸ ਗੁਰਾਂ ਦਾ ਗਾਂਦੀ ਹੈ
ਵਾਸ ਗੁਰਾਂ ਦਾ ਕੋਲ਼ ਗੋਦਾਵਰੀ
ਜਿੱਥੇ ਕੁਦਰਤ ਵਸਦੀ ਹੈ
ਉਹ ਤੱਕਦੇ ਕਦੇ ਉਹ ਤੱਕਦੀ ਤੇ
ਵੇਖ ਗੁਰਾਂ ਨੂੰ ਹੱਸਦੀ ਹੈ
ਹਾਸੇ ਵਿੱਚੋਂ ਫੁੱਲ ਕੋਈ ਖਿੜਦਾ
ਕੋਲ ਗੁਰਾਂ ਆ ਬਹਿੰਦਾ ਹੈ
ਸਮਾਂ ਹੈ ਲੰਘਦਾ ਵਿਚ ਗੋਦਾਵਰੀ
ਪਾਣੀ ਜੀਕਣ ਵਹਿੰਦਾ ਹੈ
ਦਰਸ਼ਨ ਕਰਨੇ ਫੇਰ ਗੁਰਾਂ ਦੇ
ਇਕ ਦਿਨ ਸ਼ਾਹ ਬਹਾਦਰ ਆਇਆ
ਕਰਦਾ ਹੈ ਸਤਿਕਾਰ ਗੁਰਾਂ ਦਾ
ਦੇਂਦਾ ਹੀਰਾ ਉਹ ਮੁਸਕਾਇਆ
ਲੈ ਕੇ ਹੀਰਾ ਗੁਰੂ ਸਾਹਿਬ ਨੇ
ਵਿਚ ਗੋਦਾਵਰੀ ਸੁੱਟ ਦਿੱਤਾ
ਸਮਝਣ ਵਾਲ਼ੇ ਸਮਝ ਗਏ ਕਿ
ਲੋਭ ਜੜ੍ਹੋਂ ਹੀ ਪੁੱਟ ਦਿੱਤਾ
ਤੱਕਿਆ ਫੇਰ ਬਹਾਦਰ ਸ਼ਾਹ ਨੂੰ
ਪਰੇਸ਼ਾਨੀ ਜਿਸ ਮੁੱਖ ਤੇ ਢੋਈ
ਸੋਚ ਰਿਹਾ ਸੀ ਗੁਰੂ ਸਾਹਿਬ ਨੂੰ
ਹੀਰਿਆਂ ਦੀ ਹੈ ਕਦਰ ਨਾ ਕੋਈ
ਜਾਣੀ ਜਾਣ ਕਹਿੰਦੇ ਨੇ ਏਧਰ
ਵਿਚ ਗੋਦਾਵਰੀ ਨਜ਼ਰ ਤਾਂ ਮਾਰ
ਜਿੱਥੇ ਅਣਗਿਣਤ ਨੇ ਹੀਰੇ
ਪਾਣੀ ’ਚੋਂ ਮਾਰਨ ਚਮਕਾਰ
ਇਸੇ ਤਰ੍ਹਾਂ ਇਕ ਸਿੱਖ ਵਪਾਰੀ
ਗੁਰੂ ਸਾਹਿਬ ਕੋਲ਼ ਆਉਂਦਾ ਹੈ
ਕਰਦਾ ਭੇਂਟ ਨਗੀਨਾ ਗੁਰ ਨੂੰ
ਤੱਕਦਾ ਤੇ ਮੁਸਕਰਾਉਂਦਾ ਹੈ
ਲੈ ਨਗੀਨਾ ਗੁਰੂ ਸਾਹਿਬ ਵੀ
ਵਿਚ ਗੋਦਾਵਰੀ ਰੋੜਦੇ ਨੇ
ਸ਼ਾਹ ਦੇ ਵਾਂਗੂੰ ਸਿੱਖ ਵਣਜਾਰੇ
ਦਾ ਹੰਕਾਰ ਵੀ ਤੋੜਦੇ ਨੇ
ਵਿਚ ਗੋਦਾਵਰੀ ਸਿੱਖ ਨੂੰ ਉਂਝ ਹੀ
ਨਜ਼ਰ ਨਗੀਨੇ ਆਉਂਦੇ ਨੇ
ਹੀਰਾ ਘਾਟ, ਨਗੀਨਾ ਘਾਟ ਤਾਂ
ਅੱਜ ਵੀ ਸਬਕ ਸਿਖਾਉਂਦੇ ਨੇ
ਸੇਵਾ ਤੇ ਸਿਮਰਨ ਹੈ ਜਿਥੇ
ਉਥੇ ਲੋਭ ਨਾ ਖੜ੍ਹਦਾ ਹੈ
ਸਦੀਆਂ ਤੋਂ ਜੋ ਹਰਫ਼ ਲਿਖੇ ਨੇ
ਅੱਜ ਵੀ ਹਰ ਕੋਈ ਪੜ੍ਹਦਾ ਹੈ
ਕੋਲ ਗਦੋਵਾਰੀ ਇਕ ਸਥਾਨ
ਐਸਾ ਨਜ਼ਰੀ ਆਉਂਦਾ ਹੈ
ਖ਼ਰਗੋਸ਼ ਦੀ ਜੂਨੋਂ ਸਾਹਿਬ ਮੇਰਾ
ਮੂਲਾ, ਮੁਕਤ ਕਰਾਉਂਦਾ ਹੈ
ਪੰਛੀ ਚਹਿਕਦੇ ਫੁੱਲ ਮਹਿਕਦੇ
ਜੰਗਲ ਪੂਰਾ ਹੱਸਿਆ ਸੀ
ਮਾਤਾ ਸਾਹਿਬ ਦੇਵਾਂ ਨੇ ਜਿੱਥੇ
ਕੀਤੀ ਘੋਰ ਤਪੱਸਿਆ ਸੀ
ਨਿੱਤ ਹੀ ਫੇਰਾ ਗੁਰੂ ਸਾਹਿਬ ਦਾ
ਸਾਰੇ ਹੀ ਰਾਹ ਤੱਕਦੇ ਨੇ
ਪਹਿਲਾਂ ਭੋਜਨ ਗੁਰੂ ਸਾਹਿਬ ਨੂੰ
ਫੇਰ ਮਾਤਾ ਜੀ ਛਕਦੇ ਨੇ
ਬ੍ਰਹਮਪੁਰੀ ਇਸ ਥਾਂ ਦਾ ਨਾਂ
ਇੱਥੇ ਸਾਹਿਬ ਆਏ ਸੀ
ਸੇਵਾ ਤੇ ਸਿਮਰਣ ਦੇ ਗੁਣ
ਸੰਗਤ ਨੂੰ ਸਮਝਾਏ ਸੀ
ਇਸ ਜਗ੍ਹਾ ਜੋ ਸੰਗਤ ਜਾਂਦੀ
ਜਾ ਕੇ ਸੀਸ ਨਿਵਾਉਂਦੀ ਹੈ
ਸਤਗੁਰਾਂ ਦੀ ਛੋਹ ਸਦਕਾ
ਇਹ ਸੰਗਤ ਸਾਹਿਬ ਕਹਾਉਂਦੀ ਹੈ
ਗੁਰੂ ਸਾਹਿਬ ਦੀਆਂ ਫ਼ੌਜਾਂ ਨੇ
ਇੱਥੇ ਮੰਗੀਆਂ ਤਨਖ਼ਾਹਾਂ ਸੀ
ਗੁਰੂ ਨਾਨਕ ਦੀ ਛੋਹੀ ਥਾਂ ਨੂੰ
ਇੱਥੋਂ ਜਾਂਦੀਆਂ ਰਾਹਾਂ ਸੀ
ਦੱਖਣ ਵੱਲ ਗਏ ਜਦ ਨਾਨਕ
ਇਸ ਜਗ੍ਹਾ ਵੀ ਆਏ ਸੀ
ਮਾਲ-ਟੇਕਰੀ ਥਾਂ ਬਣੀ ਉਹ
ਜਿੱਥੇ ਪੈਰ ਟਿਕਾਏ ਸੀ
ਮਾਲ ਟੇਕੜੀ ਥਾਂ ਖ਼ੁਦਵਾ ਕੇ
ਗੁਰੂ ਖ਼ਜ਼ਾਨਾ ਲਿਆਉਂਦੇ ਨੇ
ਢਾਲ਼ਾਂ ਭਰ-ਭਰ ਵਿਚ ਫ਼ੌਜ ਦੇ
ਰਕਮ ਉਹ ਵੰਡ ਵੰਡਾਉਂਦੇ ਨੇ
ਗੁਰੂ ਸਾਹਿਬ ਨੇ ਬੋਲ ਉਚਾਰੇ
ਅਜੇ ਵੀ ਢੇਰ ਖ਼ਜ਼ਾਨਾ ਹੈ
ਕਰੋੜ ਛਿਆਨਵੇਂ ਹੋਊ ਖ਼ਾਲਸਾ
ਸਾਡਾ ਇਹੀ ਨਿਸ਼ਾਨਾ ਹੈ
ਲੈ ਖ਼ਜ਼ਾਨਾ ਫੇਰ ਖ਼ਾਲਸਾ
ਸਭ ਦੇ ਸਾਹਵੇਂ ਆਵੇਗਾ
ਲੰਗਰ ਦੀ ਕੋਈ ਤੋਟ ਨਾ ਰਹਿਣੀ
ਸਭ ਲਈ ਵਰਤਾਵੇਗਾ
ਧਰਤੀ ਹੇਠਾਂ ਪਿਆ ਖ਼ਜ਼ਾਨਾ
ਸੰਗਤ ਆਉਂਦੀ ਜਾਂਦੀ ਹੈ
ਮਾਲ ਟੇਕੜੀ ਵਾਲ਼ੀ ਥਾਂ ’ਤੇ
ਸੁਣਦੀ ਬੋਲ ਸੁਣਾਂਦੀ ਹੈ
ਇੱਕੋ ਇਕ ਅਕਾਲ ਪੁਰਖ ਹੈ
ਸਭ ਨੂੰ ਆਖ ਸੁਣਾਉਂਦੇ ਨੇ
“ਮਾਨਸ ਦੀ ਵੀ ਜਾਤ ਹੈ ਇੱਕੋ”
ਸਭ ਨੂੰ ਇਹ ਸਮਝਾਉਂਦੇ ਨੇ
ਕੁਦਰਤ ਦਾ ਉਹ ਸੰਗ ਮਾਣਦੇ
ਆਉਂਦੇ ਜਾਂਦੇ ਰਹਿੰਦੇ ਨੇ
ਜਿੱਥੇ ਪੱਕਾ ਆਸਣ ਲਾਇਆ
ਮੁੜ ਉਥੇ ਆ ਬਹਿੰਦੇ ਨੇ
ਅੰਤਰਜਾਮੀ ਸੋਚ ਰਹੇ ਨੇ
ਵੇਲ਼ਾ ਹੁਣ ਉਹ ਆਉਂਣਾ ਹੈ
ਮਾਧੋਦਾਸ ਦੇ ਡੇਰੇ ਵਿੱਚੋਂ
ਬੰਦਾ ਲੱਭ ਲਿਆਉਂਣਾ ਹੈ
ਕੋਲ਼ ਗੋਦਾਵਰੀ ਹਰਿਆ-ਭਰਿਆ
ਨਜ਼ਰ ਚੌਗਿਰਦਾ ਆੳਂਦਾ ਸੀ
ਮਾਧੋਦਾਸ ਬੈਰਾਗੀ ਕਰਦਾ
ਉਸ ਮਨ ਨੂੰ ਜੋ ਭਾਉਂਦਾ ਸੀ
ਰਿੱਧੀਆਂ ਸਿੱਧੀਆਂ ਦਾ ਉਹ ਮਾਲਕ
ਭਰਿਆ ਨਾਲ ਹੰਕਾਰ ਦੇ ਜੋ
ਜੋ ਵੀ ਉਹਦੇ ਨੇੜੇ ਆਉਂਦਾ
ਕਰੇ ਬੇਇਜ਼ਤੀ ਰੱਜ ਕੇ ਉਹ
ਤੁਰਦੇ-ਤੁਰਦੇ ਇਕ ਦਿਨ ਸਾਹਿਬ
ਪਹੁੰਚ ਗਏ ਨੇ ਵਿਚ ਡੇਰੇ
ਤੱਕਿਆ ਖ਼ਾਲੀ ਪਿਆ ਹੈ ਮੰਜਾ
ਘੁੰਮੀ ਨਜ਼ਰ ਹੈ ਚਾਰ ਚੁਫੇਰੇ
ਮੰਜੇ ਉਤੇ ਜਾ ਬੈਠੇ ਨੇ
ਅੰਤਰਜਾਮੀ ਜਾਣੀ ਜਾਣ
ਚੇਲੇ ਬਹੁਤ ਡਰਾਉਂਦੇ ਨੇ, ਪਰ
ਸਾਹਿਬਾਂ ਦੇ ਹੈ ਮੁੱਖ ਮੁਸਕਾਨ
ਮਾਧੋਦਾਸ ਨਹੀਂ ਸੀ ਉਥੇ
ਚੇਲੇ ਫਿਰਦੇ ਨੇ ਘਬਰਾਏ
ਮਾਧੋਦਾਸ ਨੂੰ ਭੇਜ ਸੁਨੇਹਾ
ਥੋੜ੍ਹਾ ਵਿਚ ਹੌਸਲੇ ਆਏ
ਗ਼ੁੱਸੇ ਦੇ ਵਿਚ ਲਾਲੋ ਲਾਲ
ਮਾਧੋਦਾਸ ਹੈ ਭੱਜਾ ਆਉਂਦਾ
ਜੰਤਰ-ਮੰਤਰ ਸਾਰੇ ਤੰਤਰ
ਗੁਰੂ ਸਾਹਿਬ ਤੇ ਹੈ ਅਜਮਾਉਂਦਾ
ਰਿੱਧੀਆ ਸਿੱਧੀਆ ਸਾਰੀਆਂ ਹੀ
ਉਹ ਗੁਰੂ ਸਾਹਿਬ ਤੇ ਹੈ ਪਰਖਦਾ
ਸਾਹਿਬਾਂ ਉਤੇ ਅਸਰ ਨਾ ਕੋਈ
ਫੇਰ ਥੋੜਾ ਜਿਹਾ ਹੈ ਜਰਕਦਾ
ਮੁੱਕ ਗਏ ਸਭ ਟੂਣੇ, ਟਾਮਣ
ਪੈਰੀ ਗਿਰ ਪਛਤਾਇਆ ਹੈ
ਨੂਰੋ ਨੂਰ ਇਹ ਚਿਹਰੇ ਵਾਲ਼ਾ
ਕੌਣ ਜੋ ਇੱਧਰ ਆਇਆ ਹੈ
ਗੁਰੂ ਸਾਹਿਬ ਨੇ ਪੁੱਛਦੇ, ਆਖ਼ਰ
ਕੌਣ ਹੈ ਤੂੰ, ਇਹ ਕੀ ਕਰਿਆ
ਸਭ ਕੁਝ ਹਾਰੀ ਬੈਠਾ ਹੈ, ਤੇ
ਜਿਉਂਦੇ ਜੀ ਹੈ ਤੂੰ ਮਰਿਆ
ਪਤਾ ਲੱਗਾ ਜਦ ਸਤਿਗੁਰ ਬਾਰੇ
ਕਹਿੰਦਾ, ਹੁਣ ਮੈ ਥੋਡਾ ਬੰਦਾ
ਬਖ਼ਸ਼ੋ ਭਾਵੇਂ ਨਾ ਬਖ਼ਸ਼ੋ, ਹੁਣ
ਚੰਗਾ ਹਾਂ ਭਾਵੇਂ ਹਾਂ ਮੰਦਾ
ਹੁਣ ਤੂੰ ਸਾਡਾ ਅਸੀਂ ਹਾਂ ਤੇਰੇ
ਗੁਰੂ ਸਾਹਿਬ ਨੇ ਬੋਲ ਉਚਾਰੇ
ਅਮਿ੍ਰਤਪਾਨ ਕਰਾ ਕੇ ਸਭ ਨੂੰ
ਕਰ ਦਿੱਤੇ ਨੇ ਵਾਰੇ-ਨਿਆਰੇ
ਅੰਮਿ੍ਰਤ ਛਕਿਆ ਪਲਟੀ ਕਾਇਆ
ਗੁਰਬਖ਼ਸ਼ ਸਿੰਘ ਉਹਦਾ ਰੱਖਿਆ ਨਾਮ