ਹੇਮਕੁੰਟ ਤੋਂ ਨਾਂਦੇੜ - ਕਿਸ਼ਤ-7 (ਲੜੀਵਾਰ )

ਜਗਜੀਤ ਸਿੰਘ ਗੁਰਮ   

Email: gurmjagjit@ymail.com
Cell: +91 99145 16357 , 99174 01668
Address: 1008/29/2 1008/29/2, ਗਲੀ ਨੰ: 8, ਬਾਲ ਸਿੰਘ ਨਗਰ, ਜੋਧੇਵਾਲ ਬਸਤੀ
ਲੁਧਿਆਣਾ India 141007
ਜਗਜੀਤ ਸਿੰਘ ਗੁਰਮ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਬੰਦਾ ਸਿੰਘ ਬਹਾਦਰ ਕਰ ਕੇ
ਚਮਕਣ ਉਹਦੇ ਅੱਜ ਨਿਸ਼ਾਨ
ਸਿੰਘਾਂ ਦੇ ਸੰਗ ਰਲ਼ ਕੇ ਨਿੱਤ ਹੀ
ਸੇਵਾ ਸਿਮਰਨ ਕਰਦਾ ਹੈ
ਗੁਰੂ ਸਾਹਿਬ ਤੋਂ ਲੈ ਬਖ਼ਸ਼ਿਸਾਂ
ਅਪਣੀ ਝੋਲ਼ੀ ਭਰਦਾ ਹੈ

ਨਾਲ ਸਾਹਿਬ ਕੀ ਬੀਤੀ ਹੈ
ਬੰਦਾ ਸਭ ਕੁਝ ਜਾਣ ਗਿਆ
ਅੱਖਾਂ ਵਿਚ ਨੇ ਰੱਤੇ ਹੰਝੂ
ਹਵਾਂ ’ਚ ਨਕਸ਼ ਪਛਾਣ ਗਿਆ
ਹੱਥ ਜੋੜ ਹੁਣ ਕਹਿੰਦਾ ਹੈ, ਉਹ
ਮੈਨੂੰ ਗੁਰੂ ਜੀ ਦਿਉ ਆਗਿਆ
ਬਦਲਾ ਲਵਾਂ ਜਾ ਬੱਚਿਆਂ ਦਾ ਮੈ
ਸੁੱਤੀ ਨੀਦੋਂ ਹਾ ਜਾਗਿਆ
ਗੁਰੂ ਸਾਹਿਬ ਇਹ ਸੁਣ ਕੇ ਬੋਲੇ
ਬਦਲੇ ਦਾ ਨਾ ਕਰੋ, ਖ਼ਿਆਲ
ਜ਼ਾਲਮ, ਜ਼ੁਲਮ ਰਹੇ ਨਾ ਇੱਥੇ
ਤੋੜ ਦਿਉ ਇਹ ਸਾਰਾ ਜਾਲ
ਨਿਸ਼ਾਨ ਸਾਹਿਬ ਅਤੇ ਪੰਜ ਤੀਰ
ਸੌਂਪਿਆ ਇਕ ਨਗਾਰਾ ਵੀ
ਪੰਜ ਪਿਆਰੇ, ਸੰਗ ਨੇ ਵੀਹ ਸਿੰਘ
ਥਾਪੜਾ ਤੇ ਲਲਕਾਰਾ ਵੀ
ਜਾਉ ਜ਼ੁਲਮ ਦੀ ਹੋਂਦ ਮਿਟਾਉ
ਗੁਰੂ ਨੇ ਬੋਲ ਸੁਣਾ ਦਿੱਤੇ
ਬੰਦੇ ਵਿਚ ਪੰਜਾਬ ਦੇ ਆ ਕੇ
ਗੁਰੂ ਦੇ ਬੋਲ ਪੁਗਾ ਦਿੱਤੇ
ਉਧਰ ਵੇਖੋ, ਵਿਚ ਨਾਂਦੇੜ ਦੇ
ਦਿਨੇ ਰਾਤ ਗੁਰ ਬਾਣੀ ਹੈ
ਸ਼ਾਮ ਸਵੇਰੇ ਸਜਣ ਦੀਵਾਨ
ਨਾ ਕਿਧਰੇ ਵੰਡ ਕਾਣੀ ਹੈ

ਇੱਧਰ ਖ਼ਾਨ ਵਜ਼ੀਰ ਹੈ, ਜੋ
ਨਿੱਤ ਆਪਣੀ ਸੁੱਖ ਮੰਗਦਾ ਹੈ
ਡਰ ਹੈ ਉਹਦੇ ਅੰਦਰ ਵਸਿਆ
ਡਰ ਹੀ ਸੂਲ਼ੀ ਟੰਗਦਾ ਹੈ
ਬਹੁੜੀ ਸੋਚ ਵਿਚਾਰ ਕਰੀ ਫੇਰ
ਦੋ ਸੂਹੀਏ ਮੰਗਵਾਉਂਦਾ ਹੈ
ਜਾਉ ਗੁਰੂ ਦੀਆਂ ਪੈੜਾਂ ਲੱਭੋ
ਉਨ੍ਹਾਂ ਨੂੰ ਸਮਝਾਉਂਦਾ ਹੈ
ਲੱਭਦੇ-ਲੱਭਦੇ ਦੋਨੋਂ ਸੂਹੀਏ
ਵਿਚ ਨਾਂਦੇੜ ਦੇ ਆਏ ਨੇ
ਅਤਾ ਉਲਾ ਤੇ ਨਾਂ ਗੁਲ ਖ਼ਾਨ
ਮਾਪਿਆਂ ਨੇ ਰਖਵਾਏ ਨੇ
ਭੇਸ ਬਦਲ ਕੇ ਵਿਚ ਦੀਵਾਨ
ਦੋਵੇਂ ਹਾਜ਼ਰੀ ਭਰਦੇ ਨੇ
ਰੱਖਦੇ ਨਜ਼ਰ ਗੁਰੂ ਸਾਹਿਬ ਤੇ
ਨਾਲ ਅੰਦਰੋਂ ਡਰਦੇ ਨੇ
ਦੀਵਾਨ ਸਮਾਪਤ ਹੋਇਆ, ਇਕ ਦਿਨ
ਵੇਲ਼ਾ ਸੀ ਉਹ ਢਲ਼ਦੀ ਸ਼ਾਮ
ਜਿਸ ਤੰਬੂ ਵਿਚ ਲੱਗਿਆ ਆਸਣ
ਪਹੁੰਚ ਗਏ ਨੇ ਕਰਨ ਆਰਾਮ
ਅੱਖ ਬਚਾ ਕੇ ਮੌਕਾ ਪਾ ਕੇ
ਅੰਦਰ ਪਹੁੰਚ ਗਿਆ ਗੁਲ ਖ਼ਾਨ
ਨਾਲ ਖ਼ੰਜਰ ਦੇ ਹਮਲਾ ਕਰ ਕੇ
ਕੀਤਾ ਗੁਰਾਂ ਨੂੰ ਲਹੂ ਲੁਹਾਨ

ਦੇਰ ਨਾ ਲਾਈ ਗੁਰੂ ਸਾਹਿਬ ਨੇ
ਇਕ ਵਾਰ ਨਾਲ ਅਲਖ਼ ਮੁਕਾਈ
ਦੂਜਾ ਸਾਥੀ ਬਾਹਰ ਖੜ੍ਹਾ ਜੋ
ਸਿੰਘਾਂ ਉਹਦੀ ਹੋਂਦ ਮਿਟਾਈ
ਵੈਦ ਨਾਂਦੇੜ ਦੇ ਉਸੇ ਵੇਲ਼ੇ
ਸਾਰੇ ਹੀ ਨੇ ਸੱਦ ਬੁਲਾਏ
ਜ਼ਖ਼ਮ ਉਨ੍ਹਾਂ ਨੇ ਕਰ ਕੇ ਸਾਫ਼
ਜ਼ਖ਼ਮ ਦੇ ਉਤੇ ਟਾਂਕੇ ਲਾਏ
ਬਹਾਦਰ ਸ਼ਾਹ ਨੂੰ ਖ਼ਬਰ ਜਾ ਹੋਈ
ਉਸ ਨੇ ਵੀ ਝੱਟ ਫ਼ਰਜ਼ ਨਿਭਾਇਆ
ਡਾਕਟਰ ਸੱਦਿਆ ਇਕ ਫਰੰਗੀ
ਵੈਦ ਨਾਲੇ ਸ਼ਾਹੀ ਭਿਜਵਾਇਆ
ਨਿੱਤ ਵੇਖ ਕੇ ਜ਼ਖ਼ਮ ਗੁਰਾਂ ਦਾ
ਮੱਲ੍ਹਮ ਪੱਟੀ ਕਰਦੇ ਨੇ
ਸੇਵਾ ਕਰ ਕੇ ਗੁਰੂ ਸਾਹਿਬ ਦੀ
ਝੋਲ਼ੀ ਖ਼ੁਸ਼ੀਆਂ ਭਰਦੇ ਨੇ
ਇਕ ਦਿਨ ਇਕ ਵਪਾਰੀ ਨੇ ਆ
ਕੀਤਾ ਭੇਟਾ ਤੀਰ ਕਮਾਨ
ਖ਼ੁਸ਼ੀ ਚੜ੍ਹੀ ਹੈ ਵੇਖ ਕੇ ਸ਼ਸਤਰ
ਸ਼ਸਤਰ ਪਿਆਰੇ ਨਾਲੋਂ ਜਾਨ
ਹੱਥਾਂ ਵਿਚ ਫੜ ਲਈ ਕਮਾਨ
ਚਾੜਣ ਹੁਣ ਚਿਲ੍ਹਾ ਨੇ ਲੱਗੇ
ਕੜ-ਕੜ ਕਰ ਕੇ ਟਾਂਕੇ ਟੁੱਟੇ
ਸੀਤੇ ਜ਼ਖ਼ਮ ਨੇ ਮੁੜ ਤੋ ਵੱਗੇ

ਸੰਗਤਾਂ ਵਿਚ ਮੱਚੀ ਹੈ ਭਗਦੜ
ਭੱਜੇ ਨੇ ਕਈ ਵੈਦ ਬੁਲਾਵਣ
ਬੋਲ ਉਚਾਰੇ ਗੁਰੂ ਸਾਹਿਬ ਨੇ
ਰੋਕੋ, ਹੁਣ ਉਹ ਕਿਤੇ ਨਾ ਜਾਵਣ
ਜੋ ਹੋਣਾ ਹੈ ਉਹੀਉ ਹੋਇਆ
ਸਾਡੀ ਵਾਰੀ ਆਈ ਹੈ
ਮਿੱਤਰ ਪਿਆਰੇ ਨੂੰ ਜਾ ਮਿਲਣਾ
ਜਿਸ ਇਹ ਖੇਡ ਰਚਾਈ ਹੈ
ਸੰਗਤਾਂ ਵਿਚ ਬੈਰਾਗ ਹੈ ਛਾਇਆ
ਨੈਣਾਂ ਨੀਰ ਵਹਾਇਆ ਹੈ
ਵਿਚ ਗੋਦਾਵਰੀ ਵਹਿੰਦਾ ਪਾਣੀ
ਹੰਝੂਆਂ ਹੋਰ ਵਧਾਇਆ ਹੈ
ਕਿਹਾ ਗੁਰਾਂ ਨੇ ਸੰਗਤ ਨੂੰ ਫੇਰ
ਅਸਾਂ ਨਾ ਮੁੜ ਕੇ ਆਉਣਾ ਹੈ
ਜਾਣ ਤੋਂ ਪਹਿਲਾਂ ਸੰਗਤ ਤਾਈਂ
ਗੁਰੂ ਸ਼ਬਦ ਲੜ ਲਾਉਣਾ ਹੈ
ਚਾਰ ਅਕਤੂਬਰ ਸਤਾਰਾਂ ਸੌ ਅੱਠ
ਨਵਾਂ ਹੀ ਰੰਗ ਜਮਾਇਆ ਹੈ
ਹੱਥੀ ਸਿਰਜਿਆ ਪੰਥ ਖ਼ਾਲਸਾ
ਸ਼ਬਦ ਗੁਰੂ ਲੜ ਲਾਇਆ ਹੈ
ਪੰਜ ਪੈਸੇ ਤੇ ਨਾਰੀਅਲ ਲੈ ਕੇ
ਮੱਥਾ ਟੇਕਿਆ ਸੀਸ ਨਿਵਾਇਆ
ਕਰ ਪ੍ਰਕਰਮਾ ਕਿਹਾ ਸਾਹਿਬ ਨੇ
ਅੱਜ ਤੋਂ ਸ਼ਬਦ ਹੈ ਗੁਰੂ ਬਣਾਇਆ

ਗ੍ਰੰਥ ਨਹੀਂ ਹੁਣ ਗੁਰੂ ਸਾਹਿਬ ਨੇ
ਮੁੱਖ ਤੋਂ ਬੋਲ ਉਚਾਰੇ ਨੇ
ਦੇਹੀ ਪ੍ਰਥਾ ਖ਼ਤਮ ਹੈ ਕੀਤੀ
ਜੁੱਗੋ ਜੁੱਗੋ ਸੰਵਾਰੇ ਨੇ
ਅਕਾਲ ਪੁਰਖ ਨੂੰ ਮਿਲਣਾ, ਹੁਣ ਜੇ
ਸ਼ਬਦਾਂ ਵਿਚ ਹੈ ਉਹਦਾ ਵਾਸਾ
ਗੁਰੂ ਗ੍ਰੰਥ ਤੋਂ ਜਾਂਚ ਹੈ ਲੈਣੀ
ਪੱਲੇ ਵਿਚ ਨਾ ਰਹੂ ਨਿਰਾਸ਼ਾ
ਸੰਨ ਸਤਾਰਾਂ ਸੋ ਅੱਠ ਨੂੰ, ਦਿਨ
ਸੱਤ ਅਕਤੂਬਰ ਆਇਆ ਹੈ
ਗੁਰਬਾਣੀ ਦਾ ਕੀਰਤਨ ਹੋਇਆ
ਸਾਹਿਬਾਂ ਸ਼ਬਦ ਸੁਣਾਇਆ ਹੈ
ਸੰਗਤ ਕੋਲ਼ੋਂ ਚਿਖਾ ਚੰਦਨ ਦੀ
ਆਪ ਤਿਆਰ ਕਰਾਈ ਹੈ
ਕਨਾਤ ਚਿਖਾ ਦੇ ਚਾਰੇ ਪਾਸੇ
ਸੰਗਤ ਤੋਂ ਲਗਵਾਈ ਹੈ
ਕਿਹਾ ਸੰਗਤ ਨੂੰ ਫੇਰ ਗੁਰਾਂ ਨੇ
ਇਸ ਅੰਦਰ ਅਸੀਂ ਜਾਣਾ ਹੈ
ਕੀਰਤਨ ਤੁਸਾਂ ਨੇ ਰੱਖਣਾ ਨੇ ਜਾਰੀ
ਵਕਤ ਨਾ ਇਹ ਹੱਥ ਆਣਾ ਹੈ
ਜਦ ਜਾਵਾਂਗਾ ਇਸ ਦੇ ਅੰਦਰ
ਝਾਤ ਕਦੇ ਵੀ ਮਾਰਿਉ ਨਾ
ਰਹੂ ਅੰਗ, ਸੰਗ ਹਾਜ਼ਰ ਨਾਜ਼ਰ
ਸ਼ਬਦ ਨੂੰ ਕਦੇ ਵਿਸਾਰਿਉ ਨਾ

ਅੱਧੀ ਰਾਤ ਦਾ ਵੇਲ਼ਾ ਹੈ, ਹੁਣ
ਸ਼ਸਤਰ, ਬਸਤਰ ਲਏ ਸਜਾ
ਸਭ ਸਿੰਘਾਂ ਦੇ ਸਨਮੁੱਖ ਹੋ ਕੇ
ਦਿੱਤੀ ਸਾਹਿਬ ਨੇ ਫ਼ਤਹਿ ਗਜਾ
ਚਿਖਾ ਦੇ ਅੰਦਰ ਚਲੇ ਗਏ ਨੇ
ਕੀਰਤਨ ਵਿਚ ਕੋਈ ਰੋਕ ਨਾ ਆਈ
ਗੁਰੂ ਦੇ ਰੰਗ ਵਿਚ ਰੰਗੇ ਸਾਰੇ
ਫਿਰ ਵੀ ਮੁੱਖ ਉਦਾਸੀ ਛਾਈ
ਜੋਤੀ ਦੇ ਸੰਗ ਜੋਤ ਮਿਲੀ ਜਾ
ਖੇਡ ਇਹ ਸਾਰੀ ਪੂਰਨ ਹੋਈ
ਏਸ ਖੇਡ ਵਿੱਚ ਸਾਹਿਬ ਮੇਰੇ
ਮਜ਼ਲੂਮਾਂ ਦੀ ਬਣੇ ਨਾ ਢੋਈ
ਅੰਗੀਠਾ ਫੋਲ ਰਹੇ ਸਿੰਘ ਨਾਲੇ
ਨਾਮ ਗੁਰਾਂ ਦਾ ਧਿਆਉਂਦੇ ਸੀ
ਇਕ ਛੋਟੀ ਕਿਰਪਾਨ ਮਿਲੀ ਜੋ
ਵਿਚ ਦਸਤਾਰ ਸਜਾਉਂਦੇ ਸੀ
ਲਿਆ ਅੰਗੀਠਾ ਸਾਂਭ ਸੰਗਤ ਨੇ
ਉਥੇ ਥੜਾ ਬਣਾ ਦਿੱਤਾ
ਥੜੇ ਦੇ ਉਤੇ ਦਰਸ਼ਨ ਖ਼ਾਤਰ
ਨੂੰ ਕਿਰਪਾਨ ਸਜਾ ਦਿੱਤਾ
ਅੱਜ ਵੀ ਸੰਗਤ ਆਵੇ ਜਾਵੇ
ਦਰਸ਼ਨ ਕਰਦੀ ਰਹਿੰਦੀ ਹੈ
ਸ਼ਸਤਰ ਗੁਰ ਨੂੰ ਬਹੁਤ ਪਿਆਰੇ
ਸੰਗਤ ਮੁੱਖੋ ਕਹਿੰਦੀ ਹੈ

ਦੇਸ਼, ਕੌਮ ਲਈ ਕੀ ਨੀ ਕੀਤਾ
ਜਲ, ਥਲ, ਅੰਬਰ ਸਦਾ ਗਵਾਹ
ਕਥਨੀ, ਕਰਨੀ ਫ਼ਰਕ ਨਾ ਕੋਈ
ਦਿੱਤੇ ਸਿਰਜ ਨਵੇਂ ਹੀ ਰਾਹ
ਬਿਆਲੀ ਸਾਲ ਦੀ ਉਮਰ ਵਿਚ ਹੀ
ਇਕ ਪਲ ਕਿਧਰੇ ਚੈਨ ਨਾ ਪਾਇਆ
ਦੱਬੇ, ਕੁਚਲੇ ਲੋਕਾਂ ਖ਼ਾਤਰ
ਅਪਣਾ ਸੁੱਖ ਸੀ ਮਾਰ ਮੁਕਾਇਆ
ਕਥਨੀ, ਕਰਨੀ ਪੂਰਾ ਰਹਿਉ
ਸਿੰਘ (ਸਿੱਖ) ਸਭੇ ਸਮਝਾਏ ਸੀ
ਇਸੇ ਲਈ ਤਾਂ ਹੁਕਮ ਬਵੰਜਾਂ
ਸਭ ਨੂੰ ਆਖ ਸੁਣਾਏ ਸੀ
ਅਬਚਲ ਨਗਰ, ਹਜ਼ੂਰ ਸਾਹਿਬ ਤਾਂ
ਇਸੇ ਥਾਂ ਦੇ ਨਾਮ ਬਣੇ
ਆਉਂਦੀ ਜਾਦੀ ਸਿੱਖ ਸੰਗਤ ਲਈ
ਬੋਲੇ ਬੋਲ ਪੈਗ਼ਾਮ ਬਣੇ
ਸਠ ਸਾਲ ਤੱਕ ਸਿੱਖ ਜੋ, ਮੇਰਾ
ਇਸੇ ਥਾਂ ’ਤੇ ਆਵੇਗਾ
ਔਖੀਆਂ ਰਾਹਾਂ, ਬਿਖੜੇ ਪੈਂਡੇ
ਯਾਦਾਂ ਵਿਚ ਵਸਾਵੇਗਾ
ਅੱਜ ਵੀ ਸੰਗਤ ਦੂਰ ਦੁਰਾਡਿਉ
ਆਉਂਦੀ ਜਾਂਦੀ ਰਹਿੰਦੀ ਹੈ
ਦਰਸ਼ਨ ਕਰਦੀ, ਸਿਜਦਾ ਕਰਦੀ
ਜਸ ਗੁਰਾਂ ਦਾ ਕਹਿੰਦੀ ਹੈ

ਬਚਨ ਗੁਰਾਂ ਨੇ ਜੋ ਵੀ ਬੋਲੇ
ਸਿੰਘਾਂ ਤੋੜ ਨਿਭਾਏ ਨੇ
ਬਾਬਾ ਇਕ ਨਿਧਾਨ ਸਿੰਘ ਸੀ
ਜਿਸ ਨੇ ਬਚਨ ਪੁਗਾਏ ਨੇ
ਕੋਲ਼ ਗੋਦਾਵਰੀ ਲੰਗਰ ਲਾਇਆ
ਸਮੇਂ ਬੜੇ ਵੀ ਔਖੇ ਆਏ
ਪਰ ਬਾਬਾ ਨਿਧਾਨ ਸਿੰਘ ਨੇ
ਬਚਨ ਗੁਰਾਂ ਦੇ ਰੱਖ ਵਿਖਾਏ
ਦਿਨੇ-ਰਾਤ ਹੈ ਲੰਗਰ ਚੱਲਦਾ
ਲੰਗਰ ਪੱਕੀਆਂ ਨੀਹਾਂ ’ਤੇ
ਬਾਬੇ ਦੇ ਜੋ ਵਾਰਸ ਨੇ ਅੱਜ
ਨੇ ਬਾਬੇ ਦੀਆਂ ਲੀਹਾਂ ’ਤੇ
ਬਾਗ਼ ਗੁਰੂ ਦਾ ਸੱਚਖੰਡ ਕੋਲ਼ੇ
ਜਿਸ ਵੰਡੀਆਂ ਖ਼ੁਸ਼ਬੋਆਂ ਨੇ
ਬਾਉਲੀ ਸਾਹਿਬ ਸਥਾਨ ਅਜਿਹਾ
ਜਿੱਥੇ ਮਿਲਦੀਆਂ ਢੋਆਂ ਨੇ
ਦਿਆ ਸਿੰਘ ਤੇ ਧਰਮ ਸਿੰਘ ਜੋ
ਸਦਾ ਗੁਰੂ ਦਾ ਨਾਲ ਰਹੇ
ਦੋਏ ਪਿਆਰਿਆਂ ਦੇ ਅੰਗੀਠੇ
ਸੱਚਖੰਡ ਲਾਗੇ, ਖ਼ਿਆਲ ਰਹੇ
ਮਾਈ ਭਾਗੋ ਨੇ ਹਰ ਵੇਲ਼ੇ
ਬੋਲ ਗੁਰਾਂ ਦੇ ਬੋਲੇ ਨੇ
ਉਹਦੀ ਯਾਦ ਨੂੰ ਤਾਜ਼ਾ ਕਰਦੇ
ਸਥਾਨ ਤਖ਼ਤ ਦੇ ਕੋਲ਼ੇ ਨੇ

ਪੰਜਾਂ ਵਿਚ ਪਰਮੇਸ਼ਰ ਹੁੰਦੇ
ਪੰਜ ਤਖ਼ਤ ਨੇ ਪੰਜ ਪਿਆਰੇ
ਪੰਜ ਕਕਾਰ ਦੇ ਗੁਰੂ ਸਾਹਿਬ ਨੇ
ਕੀਤੇ ਕੌਮ ਦੇ ਵਾਰੇ ਨਿਆਰੇ
ਭੱੁਲਣ ਯੋਗ ਹਾਂ ਭੁੱਲ ਜਾਂਦੇ ਹਾਂ
ਕਰੀ ਥੋਡੀ ਕੁਰਬਾਨੀ ਨੂੰ
ਬਖ਼ਸ਼ ਲਵੀ ਤੂੰ ਬਖ਼ਸ਼ਣ ਹਾਰਿਆ
ਬੇਨਤੀਆਂ ਨੇ ਦਾਨੀ ਨੂੰ
ਤੂੰਹੀਉ ਕਲਮ ਫੜਾਈ ਦਾਤਾ
ਦਾਨ ਸ਼ਬਦ ਦਾ ਪੱਲੇ ਪਾਇਆ
ਜੋ ਵੀ ਲਿਖਿਆ ਥੋਡੇ ਕਰ ਕੇ
ਤੁਸੀਂ ‘ਗੁਰਮ’ ਨੂੰ ਰਾਹ ਦਿਖਲਾਇਆ

-----------------------------------------------

ਹਵਾਲਾ ਪੁਸਤਕਾਂ ਅਤੇ ਸ੍ਰੋਤ
1. ਰਾਹ ਦਸੇਰੇ- ਸੱਚਖੰਡ ਯਾਤਰਾ (ਪ੍ਰਕਾਸ਼ਨ-ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ
ਅਬਿਚਲ ਨਗਰ ਨਾਂਦੇੜ, ਮਹਾਂਰਾਸ਼ਟਰ)
2. ਪੰਜਾਬੀ ਦੁਨੀਆਂ- ਪ੍ਰਕਾਸ਼ਨ ਭਾਸ਼ਾ ਵਿਭਾਗ ਪੰਜਾਬ (ਜਨਵਰੀ-ਅਪ੍ਰੈਲ -
2017 ਅੰਕ)
3. ਮਹਾਨ ਕੋਸ਼- ਭਾਈ ਕਾਹਨ ਸਿੰਘ ਨਾਭਾ
4. ਲੋਕ-ਤੱਥ