ਔਝੜੇ ਰਾਹਾਂ ਨੂੰ ਕਿੱਦਾਂ ਦਿਨ ਦਿਹਾੜੇ ਮੋੜੀਏ
ਕਿੱਦਾਂ ਉਸਦੀ ਰਾਤ ਚੋਂ ਹਰ ਰੋਜ਼ ਤਾਰੇ ਤੋੜੀਏ
ਅਣਖ ਗ਼ੈਰਤ ਰੋਹ ਦਾ ਅੰਗਾਰ ਬਣ ਗਏ ਸੂਰਮੇ
ਭਖ ਪਏ ਸੰਘਰਸ਼ ਦਾ ਹੁਣ ਰਾਹ ਕਿੱਦਾਂ ਮੋੜੀਏ
ਕਾਲੀਆਂ ਰਾਤਾਂ ਦੇ ਰਾਹੀ ਸਦੀਆਂ ਤੋਂ ਬਣਦੇ ਆ ਰਹੇ
ਪਹੁ- ਫੁੱਟਾਲੇ ਨਾਲ ਯਾਦਾਂ ਕਿਸ ਤਰ੍ਹਾਂ ਹੁਣ ਜੋੜੀਏ
ਦੂਰੀਆਂ ਦੇ ਦਰਦ ਨੂੰ ਹਿਜਰਾਂ ‘ਚ ਰਖਿਆ ਸਾਂਭ ਕੇ
ਰਾਤ ਦੀਆਂ ਬਾਹਾਂ ‘ਚ ਢਲਦੇ ਸੂਰਜ ਨੂੰ ਕਿੰਝ ਵਿਛੋੜੀਏ
ਸੀਸ ਰੱਖਕੇ ਤਲੀ ਤੇ ਸੂਲੀ ਨੂੰ ਚੁੰਮਦੇ ਰਹੇ ਜੋ
ਇਤਿਹਾਸ ਦੇ ਪੰਨਿਆਂ ‘ਚ ਸਾਂਭੀ ਰੱਤ ਕਿਉਂ ਨਿਚੋੜੀਏ
ਵਕਤ ਦੀ ਹਿੱਕ ਤੇ ਲਿਖਣਾ ਜਾਣਦੇ ਹਾਂ ਕਿਸਮਤਾਂ
ਲਾ ਕੇ ਸਮੁੰਦਰ ਤਾਰੀਆਂ ਲਹਿਰਾਂ ਨੂੰ ਹੁਣ ਝੰਜੋੜੀਏ।