ਲੈਕੇ ਮਾਲਕ ਦਾ ਸਹਾਰਾ, ਅੱਸੀਆਂ ਤੋਂ ਬਾਅਦ ।
ਮਨਾ ਕਰੀ ਚੱਲ ਗੁਜ਼ਾਰਾ, ਅੱਸੀਆਂ ਤੋਂ ਬਾਅਦ।
ਕੋਈ ਮਾੜੀ ਗੱਲ ਨਹੀਂ ਡਾਕਟਰ ਦੀ ਸਲਾਹ ਲੈਣਾ,
ਜੇ ਹੈਂ ਤੂੰ ਹਲਕਾ ਜਾਂ ਭਾਰਾ, ਅੱਸੀਆਂ ਤੋਂ ਬਾਅਦ ।
ਫਿਕਰ ਕਰਦਾ ਰਹਿੰਦਾ ਹੈ ਤੇਰਾ ਟੱਬਰ, ਪਿੱਠ ਪਿੱਛੇ
ਕਰ ਨਾ ਜਾਏ ਬੋਹੜ ਕਿਨਾਰਾ, ਅੱਸੀਆਂ ਤੋਂ ਬਾਅਦ ।
ਜੀਉਣ ਲਈ ਸਭ ਲਈ ਹਰ ਸਮੇਂ ਉੱਦਮ ਦੀ ਲੋੜ ਹੈ
ਹੋ ਨਾ ਬੈਠੀਂ ਤੂੰ ਕਿਤੇ ਨਿਕਾਰਾ, ਅੱਸੀਆਂ ਤੋਂ ਬਾਅਦ ।
ਜੋ ਵੀ ਕਰਦਾ ਹੈ ਕਿਸੇ ਦੀ ਮੱਦਦ, ਜਾਂ ਲੋਕ-ਸੇਵਾ ,
ਭਰਿਆ ਦਿਸੇ ਉਸਦਾ ਭੰਡਾਰਾ, ਅੱਸੀਆਂ ਤੋਂ ਬਾਅਦ ।
ਦੇਵੇ ਡਰਾਬਾ ਤੈਨੂੰ, ਜੇ ਕੋਈ, ਦੇਖਕੇ ਉਮਰ ਤੇਰੀ
ਦੇਂਦਾ ਰਹੀਂ ਜਵਾਬ ਕਰਾਰਾ, ਅੱਸੀਆਂ ਤੋਂ ਬਾਅਦ ।
”ਅੱਸੀਏ” ਦਾ ਰੁਤਬਾ ਮਿਲਦਾ ਹੈ, ਉਣਾਸੀ ਤੋਂ ਬਾਦ
ਮਿਲਣਾ ਨਹੀਂ ਮੁੜਕੇ ਦੁਬਾਰਾ, ਅੱਸੀਆਂ ਤੋਂ ਬਾਅਦ ।
ਬਚਪਨ, ਜੁਆਨੀ, ਮਾਪੇ ਅੱਸੀਆਂ ਤੋਂ ਪਹਿਲਾਂ ਜੈਸੇ
ਮਿਲਦੇ ਨਹੀਂ ਅਕਸਰ ਦੁਬਾਰਾ, ਅੱਸੀਆਂ ਤੋਂ ਬਾਅਦ ।
ਲੜਨੇ-ਭਿੜਨੇ ਦੀ ਤੇਰੀ ਹੁਣ ਉਮਰ ਨਹੀਂ ਬੰਦਿਆ,
ਮਾਰ ਨਾ ਬੈਠੀਂ ਫੋਕਾ ਲਲਕਾਰਾ, ਅੱਸੀਆਂ ਤੋਂ ਬਾਅਦ ।
ਚੜ੍ਹਨੇ ਹੋ ਜਾਂਦੇ ਮੁਸ਼ਕਿਲ ਮਹਿਲ-ਮੁਨਾਰੇ ਉੱਚੇ
ਇੱਕ ਮੰਜਲਾ ਛੱਜੂ ਲਈ ਚੁਬਾਰਾ,ਅੱਸੀਆਂ ਤੋਂ ਬਾਅਦ ।
ਸਮਝ ਲਵੀਂ ਕਿ ਪਲ-ਪਲ ਹੁਣ ਤੇਰਾ ਜਿੰਦੜੀਏ
ਜੀਵਨ ਹੈ ਇਕ ਚੋਟ ਨਗਾਰਾ,ਅੱਸੀਆਂ ਤੋਂ ਬਾਅਦ ।
ਨਿਭਾਉਂਦੇ ਰਹੇ ਜੋ ਵੀ ਸਾਥ ਦੁਖ-ਸੁਖ ਵੇਲੇ,
ਦੇਂਦਾ ਰਹੀਂ ਉਨ੍ਹਾਂ ਨੂੰ ਹੁੰਗਾਰਾ,ਅੱਸੀਆਂ ਤੋਂ ਬਾਅਦ ।
ਜੀਵਨ-ਸਾਥ ਵੀ ਤਦ ਹੀ ਭਾਲੇਗਾ ਰੋਣ ਲਈ ਮੋਢਾ
ਭਰਿਆ ਨਾ ਜੇ ਤੂੰ ਹੁੰਗਾਰਾ,ਅੱਸੀਆਂ ਤੋਂ ਬਾਅਦ ।