ਲਾਲਾ ਲਾਜਪਤ ਰਾਏ ਕਾਲੇਜ਼ ਘੱਲਕਲਾਂ ਮੇਰੀ ਜਿੰਦਗੀ ਦਾ ਇੱਕ ਅਜਿਹਾ ਅਤੁੱਟ ਅਤੇ ਖਾਸ ਅੰਗ ਹੈ ਜਿਸਨੇ ਮੈਨੂੰ ਮੇਰੀ ਜਿੰਦਗੀ ਦੇ ਬੇਹਤਰੀਨ ਪਲਾਂ ਨਾਲ ਨਵਾਜਿਆ। ਰੰਗ-ਬਿਰੰਗੇ ਅਤੇ ਖਟ-ਮਿੱਠੇ ਪਲ। ਮੈਂ ਅਤੇ ਮੇਰੇ ਇੱਕ ਅਜ਼ੀਜ ਦੋਸਤ ਨੇ ਇਸ ਕਾਲੇਜ ਵਿੱਚ ਆਪਣਾ ਪਹਿਲਾ ਪੈਰ ਇਹੀ ਸੋਚ ਕੇ ਧਰਿਆ ਸੀ ਕਿ ਇੱਥੇ ਪਰਧਾਨਗੀ ਕਰਾਂਗੇ ਅਤੇ ਪਰਧਾਨਗੀਆਂ ਦੇ ਪਰਚੇ ਲਗਵਾਇਆ ਕਰਾਂਗੇ, ਜੋ ਕਿ ਅਸੀਂ ਕਾਲੇਜ ਦੇ ਮੁੱਢਲੇ ਦਿਨਾਂ ਵਿੱਚ ਹੀ ਸੰਭਵ ਕਰ ਦਿੱਤਾ। ਉਸ ਕਾਲੇਜ ਵਿੱਚ ਮੈਂ ਛੇ-ਸੱਤ ਮਹੀਨੇ ਹੀ ਰਿਹਾ ਅਤੇ ਇਹਨਾਂ ਛੇ-ਸੱਤਾਂ ਮਹੀਨਿਆਂ ਅੰਦਰ ਮੇਰੇ ਦੋਸਤਾਂ ਦੀ ਸੂਚੀ ਲੰਬੀ ਹੁੰਦੀ ਗਈ। ਬਹੁਤਿਆਂ ਨੇ ਰਾਹ ਅਲੱਗ ਕੀਤੇ ਅਤੇ ਬਹੁਤੇ ਮੇਰੇ ਨਾਲ ਆ ਜੁੜੇ। ਇਸ ਸਮੇਂ ਦੌਰਾਨ ਮੇਰੇ ਅੰਦਰ ਬਹੁਤ ਬਦਲਾਵ ਆਇਆ। ਮੈਂ ਪਹਿਲਾਂ ਵਾਲਾ ਹੈਪੀ ਨਹੀਂ ਸੀ ਰਿਹਾ ਜੋ ਪਰਧਾਨਗੀਆਂ ਪਿੱਛੇ ਕਿਸੇ ਨਾਲ ਟਾਇਮ ਬੰਨਦਾ, ਲੜਾਈ-ਝਗੜੇ ਜਾਂ ਕਦੇ ਇਧਰ ਕਦੇ ਓਧਰ ਬਿਨਾਂ ਸੋਚੇ ਸਮਝੇ ਮੂੰਹ ਚੁੱਕ ਕੇ ਤੁਰ ਜਾਇਆ ਕਰਦਾ ਸੀ। ਵੈਸੇ ਤਾਂ ਇਹ ਉਮਰ ਹੀ ਇਹੋ ਜਿਹੀ ਹੁੰਦੀ ਹੈ ਜਦੋਂ ਬੰਦੇ ਨੂੰ ਇਉਂ ਜਾਪਦਾ ਹੈ ਕਿ ਵਈ ਤੇਰੇ ਵਰਗਾ ਕੋਈ ਨਹੀਂ ਇਸ ਦੁਨੀਆ ਉੱਪਰ। ਬੱਸ ਤੂੰ ਹੀ ਤੂੰ ਹੈਂ ਬਾਕੀ ਤਾਂ ਸਭ ਊਂਹ ਐ ਜੋ ਕਿ ਹੁੰਦਾ ਕਾਲਪਨਿਕ ਹੈ ਪਰ ਲੱਗਦਾ ਸੱਚ ਹੈ।
ਖੈਰ ਸਵਾਲ ਇਹ ਹੈ ਕਿ ਇਹ ਬਦਲਾਵ ਆਇਆ ਕਿਵੇਂ? ਜਦ ਕਦੀ ਵੀ ਮੇਰੇ ਜ਼ਹਿਨ ਵਿੱਚ ਇਹ ਸਵਾਲ ਉੱਠ ਖੜਾ ਹੁੰਦਾ ਹੈ ਤਾਂ ਜਵਾਬ ਵੀ ਮੇਰੇ ਸਾਹਮਣੇ ਸ਼ੀਸ਼ਾ ਬਣ ਮੈਨੂੰ ਇਹ ਅਹਿਸਾਸ ਕਰਵਾਉਂਦਾ ਹੈ ਕਿ ਮੈਂ ਤਾਂ ਤੇਰੇ ਕੋਲ ਬਹੁਤ ਚਿਰ ਤੋਂ ਰਹਿ ਰਿਹਾ ਹਾਂ ਪਰ ਤੂੰ ਹੀ ਦੇਰ ਕਰ ਦਿੱਤੀ ਮੈਨੂੰ ਜਾਨਣ ਵਿੱਚ। ਜਵਾਬ ਜੋ ਬਹੁਤ ਛੋਟਾ ਹੈ ਪਰ ਜਿਸਦਾ ਰੁਤਬਾ ਬਹੁਤ ਵਿਸ਼ਾਲ ਹੈ। ਦਰਅਸਲ ਮੈਨੂੰ ਚਿੱਤਰ ਕਲਾ ਦਾ ਬਹੁਤ ਸ਼ੌਂਕ ਸੀ। ਇਸ ਸ਼ੌਂਕ ਨੂੰ ਮੈਂ ਇੰਨੀ ਤਵੱਜੋ ਨਹੀਂ ਸੀ ਦਿੱਤੀ ਜਿੰਨੀ ਕੁ ਤਵੱਜੋ ਦੇਣੀ ਚਾਹੀਦੀ ਸੀ। ਮੈਂ ਜ਼ਿਆਦਾਤਰ ਇਸਨੂੰ ਸ਼ੌਂਕ ਨੂੰ ਬਸ ਆਪਣੇ ਤੱਕ ਹੀ ਸੀਮਿਤ ਰੱਖਿਆ ਜਿਸਦੀ ਵਜਾਹ ਨਾਲ ਚਿੱਤਰਕਾਰੀ ਕਰਦਾ ਤਾਂ ਰਿਹਾ ਪਰ ਉਸ ਅੰਦਰ ਨਿਖਾਰ ਨਹੀਂ ਆਇਆ। ਪਰ ਕਲਾ ਤਾਂ ਚੀਜ਼ ਹੀ ਅਜਿਹੀ ਹੈ ਜਿਸਨੂੰ ਬਣਦਾ ਮਾਨ-ਸਤਿਕਾਰ ਅਤੇ ਆਪਣੇ ਆਲੇ-ਦੁਆਲੇ ਵਿਚਰਨ ਨਾ ਦਈਏ ਤਾਂ ਇਹ ਕੋਠੇ ਚੜਕੇ ਨੱਚਦੀ ਹੈ ਜਾਂ ਖਹਿੜਾ ਛੱਡ ਜਾਂਦੀ ਹੈ। ਇੱਕ ਵਕਤ ਐਸਾ ਆਇਆ ਸੀ ਕਿ ਮੈਂ ਕਲਾ ਦਾ ਖਹਿੜਾ ਨਹੀਂ ਛੱਡਣ ਦਿੱਤਾ, ਇਸਨੂੰ ਅਪਣਾਇਆ ਅਤੇ ਕੋਠੇ ਚੜ ਨਚਾਇਆ ਵੀ। ਇਹ ਵਕਤ ਇੱਕ ਦਿਨ ਅਚਾਨਕ ਹੀ ਕਾਲੇਜ ਵਿੱਚ ਨੋਟਿਸ ਬੋਰਡ ਉੱਪਰ 'ਯੂਥ ਫੈਸਟੀਵਲ' ਦਾ ਰੂਪ ਧਾਰਨ ਕਰਕੇ ਆਇਆ ਜਿਸਨੂੰ ਮੈਂ ਅਜਾਇਆ ਨਹੀਂ ਜਾਣ ਦਿੱਤਾ।। ਇਹ ਪਹਿਲੀ ਵਾਰ ਹੋਇਆ ਕਿ ਮੈਂ ਨੋਟਿਸ ਬੋਰਡ ਉੱਪਰ ਕੋਈ ਨੋਟਿਸ ਪੜ ਰਿਹਾ ਸੀ। ਮਾਕਬਲਿਆਂ ਦਾ ਨੋਟਿਸ। ਗਾਣਾ ਗਾਉਣ,ਡਾਂਸ, ਭੰਗੜਾ, ਮਹਿੰਦੀ ਡਿਜ਼ਾਇਨ, ਫੋਟੋਗਰਾਫੀ, ਕਲੇ ਮਾਡਲਿੰਗ, ਆਨ ਦਿ ਸਪਾਟ ਪੇਂਟਿੰਗ, ਨਾਟਕ ਅਤੇ ਹੋਰ ਅਨੇਕਾਂ ਮੁਕਾਬਲੇ। ਮੁਕਾਬਲੇ ਜੋ ਪਿੰਡ ਲਹਿਰਾ ਗਾਗਾ(ਸੰਗਰੂਰ) ਵਿਖੇ ਬਾਬਾ ਹੀਰਾ ਸਿੰਘ ਭੱਠਲ ਕਾਲੇਜ ਵਿੱਚ ਕਰਵਾਏ ਜਾ ਰਹੇ ਸਨ। ਮੈਂ ਨੋਟਿਸ ਪੜ ਆਪਣੀ ਕਲਾਸ ਵਿੱਚ ਗਿਆ ਅਤੇ ਯੂਥ ਫੈਸਟੀਵਲ ਦੇ ਮੁਕਾਬਲਿਆਂ ਵਿੱਚ ਨਾਮ ਦਰਜ ਕਰਵਾਉਣ ਲਈ ਜਾਨਕਾਰੀ ਹਾਸਿਲ ਕੀਤੀ। ਮੈਂ ਭੰਗੜਾ, ਡਾਂਸ, ਮੀਮ, ਗਾਣਾ ਗਾਉਣ, ਨਾਟਕ ਨੂੰ ਛੱਡ ਬਾਕੀ ਤਕਰੀਬਨ ਹਰ ਮੁਕਾਬਲੇ ਲਈ ਆਪਣਾ ਨਾਮ ਦਰਜ ਕਰਵਾਇਆ। ਇਹ ਯੂਥ ਫੈਸਟੀਵਲ ਉਹੀ ਮੇਲਾ ਸੀ ਜਿਸਨੇ ਮੈਨੂੰ ਇੱਕ ਵੱਖਰੀ ਪਹਿਚਾਣ ਦਿੱਤੀ ਅਤੇ ਇੱਕ ਮੌਕਾ ਵੀ ਦਿੱਤਾ ਜਿੰਦਗੀ ਨੂੰ ਨਵੇਂ ਸਿਰਿਓਂ ਜਿਉਣ ਦਾ। ਇਹਨਾਂ ਮੁਕਾਬਲਿਆਂ ਵਿੱਚ ਮੈਂ ਮੈਡਲ-ਟਰਾਫੀਆਂ ਦੇ ਨਾਲ-ਨਾਲ ਅਧਿਆਪਕਾਂ ਅਤੇ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਸੰਗੀ-ਸਾਥੀਆਂ ਦੇ ਦਿਲ ਵੀ ਜਿੱਤੇ। ਕਲਾ ਨੇ ਮੇਰੇ ਕੰਨ ਕੀ ਮਰੋੜੇ ਕਿ ਕਾਲੇਜ ਵਿੱਚ ਮੇਰੀ ਵੱਖਰੀ ਜਗਾਹ ਬਣ ਗਈ ਜੋ ਕਿ ਪਹਿਲਾਂ ਨਾਲੋਂ ਬੇਹਤਰੀਨ ਅਤੇ ਇੱਜ਼ਤਦਾਰ।
ਢਾਈ ਕੁ ਮਹੀਨੇ ਪਹਿਲਾਂ ਮੇਰੇ ਇੱਕ ਖਾਸ ਮਿੱਤਰ 'ਦਵਿੰਦਰ ਸਿੰਘ ਭੁੱਲਰ' ਨੇ ਫੇਸਬੁੱਕ ਦੇ ਜ਼ਰੀਏ ਮੇਰੇ ਨਾਲ ਸੰਪਰਕ ਕੀਤਾ। ਇਹ ਦੋਸਤ ਵੀ ਮੈਨੂੰ ਲਾਲਾ ਲਾਜਪਤ ਰਾਏ ਕਾਲੇਜ ਦੀ ਹੀ ਦੇਨ ਹੈ ਜੋ ਕਿ ਅੱਜ ਆਸਟਰੇਲੀਆ ਦੀ ਧਰਤੀ ਦਾ ਬਸ਼ਿੰਦਾ ਹੈ।ਇੱਕ ਦੂਜੇ ਦੇ ਹਾਲ-ਚਾਲ ਅਤੇ ਇਧਰ-ਉਧਰ ਦੀਆਂ ਗੱਲਾਂ ਤੋਂ ਇਲਾਵਾ ਸਾਡੇ ਵਿਚਕਾਰ ਬਹੁਤ ਸਾਰੀਆਂ ਰੋਚਕ ਗੱਲਾਂ ਹੋਈਆਂ। ਤਕਰੀਬਨ ਪੌਣੇ ਕੁ ਘੰਟੇ ਬਾਅਦ ਦਵਿੰਦਰ ਨੇ ਦਿਲ ਦੀ ਗੱਲ ਕਰਦਿਆਂ ਆਖਿਆ ਕਿ 'ਯਾਰ ਇੱਕ ਪੇਂਟਿੰਗ ਤਿਆਰ ਕਰਵਾਉਣੀ ਹੈ, ਵਕਤ ਹੈ ਤੇਰੇ ਕੋਲ'? ਉਸਨੂੰ ਪਤਾ ਸੀ ਕਿ ਮੇਰਾ ਇੱਕ ਸਟੂਡੀਓ ਹੈ ਜਿੱਥੇ ਮੈਂ ਪਰਮਾਨੈਂਟ ਟੈਟੂ ਬਣਾਉਂਦਾ ਹਾਂ ਜਿਸ ਕਰਕੇ ਉਸਨੇ 'ਵਕਤ ਹੈ' ਵਾਲਾ ਸਵਾਲ ਕੀਤਾ। ਮੈਂ ਉਸਨੂੰ ਕਿਹਾ ਕਿ ਕੋਈ ਚੱਕਰ ਨਹੀਂ ਪਰਧਾਨ, ਪੇਂਟਿੰਗ ਬਣਾ ਦਿਆਂਗੇ ਪਰ ਬਣਵਾਉਣਾ ਕੀ ਹੈ? ਮੈਂ ਉਸਨੂੰ ਸਵਾਲ ਕੀਤਾ। ਉਸਨੇ ਮੈਨੂੰ ਇੱਕ ਫੋਟੋ ਭੇਜੀ। ਭਰਾ ਮੇਰਿਆ ਮੈਂ ਇਹ ਬਣਵਾਉਣੀ ਚਾਹੁਂਦਾ ਹਾਂ। ਫੋਟੋ ਦੇਖ ਕੇ ਮੈਂ ਕੁਝ ਹੈਰਾਨ ਜਿਹਾ ਹੋਇਆ। ਇਹ ਫੋਟੋ ਇੱਕ ਟਰੱਕ ਦੇ ਅੰਦਰਲਾ ਦਰਿੱਸ਼ ਸੀ। ਦਰਿੱਸ਼ ਵਿੱਚ ਗੋਡੇ, ਟਰੱਕ ਦਾ ਸਟੇਰਿੰਗ ਅਤੇ ਮੀਟਰ ਵਗੈਰਾ ਸੀ। ਹੈਰਾਨ ਤਾਂ ਹੋਣਾ ਹੀ ਸੀ ਕਿ ਮੇਰੇ ਤੋਂ ਜਿੰਨੇ ਵੀ ਲੋਕਾਂ ਨੇ ਪੇਂਟਿੰਗ ਬਣਵਾਈ ਇਹਨਾਂ ਵਿੱਚੋਂ ਜ਼ਿਆਦਾਤਰ ਜਾਂ ਤਂ ਇਤਿਹਾਸ ਨਾਲ ਸੰਬੰਧਤ, ਜਾਂ ਕੁਦਰਤ ਨਾਲ ਸੰਬੰਧਤ ਅਤੇ ਜਾਂ ਉਹਨਾਂ ਦੇ ਮਾਂ-ਪਿਉ ਜਾਂ ਉਹਨਾਂ ਦੇ ਕਿਸੇ ਅਜ਼ੀਜ ਦੇ ਪੋਰਟਰੇਟ ਨਾਲ ਸੰਬੰਧਤ ਪੇਂਟਿੰਗ ਹੁੰਦੀ ਸੀ। ਪਰ ਇਹ ਤਾਂ ਵਿਸ਼ਾ ਹੀ ਬਹੁਤ ਅਲੱਗ ਸੀ ਜਿਸਨੂੰ ਦੇਖ ਮੇਰੇ ਅੰਦਰ ਬਹੁਤ ਸਾਰੇ ਸਵਾਲਾਂ ਨੇ ਜਨਮ ਲਿਆ।
ਖਾਸ ਦੋਸਤ ਹੋਣ ਦੇ ਨਾਤੇ ਮੈਂ ਬੇਝਿਝਕ ਉਸਨੂੰ ਸਵਾਲ ਪੁੱਛੇ ਵਈ ਇਹ ਕਿਉਂ ਬਣਵਾਉਣੀ ਚਾਹੁੰਦਾ ? ਇਸ ਵਿੱਚ ਕੀ ਖਾਸ ਹੈ?ਇਸਦਾ ਮਕਸਦ ਕੀ ਹੈ? ਵਗੈਰਾ ਵਗੈਰਾ। ਇਹਨਾਂ ਸਵਾਲਾਂ ਨੂੰ ਪੁੱਛਣ ਦਾ ਇੱਕ ਕਾਰਨ ਇਹ ਵੀ ਹੈ ਕਿ ਜਿੰਨਾ ਆਪਾਂ ਕਿਸੇ ਚੀਜ਼ ਨੂੰ ਗਹਿਰਾਈ ਵਿੱਚ ਜਾਣਾਂਗੇ, ਓਨਾ ਵਧੀਆ ਹੀ ਉਸਨੂੰ ਕੈਨਵਸ ਉੱਪਰ ਉਤਾਰ ਪਾਵਾਂਗੇ। ਦਵਿੰਦਰ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਭਰਾ ਇਹ ਫੋਟੋ ਮੇਰੇ ਦਿਲ ਦੇ ਬਹੁਤ ਕਰੀਬ ਹੈ। ਖਾਸੀਅਤ ਇਹ ਹੈ ਕਿ ਇਹ ਪਹਿਲਾ ਟਰੱਕ ਹੈ ਜਿਸਦਾ ਨਾਮ 'ਫਰਾਈਟਲਾਈਨਰ' ਹੈ। ਜਿਸਨੂੰ ਮੈਂ ਓਸ ਵਕਤ ਚਲਾਇਆ ਜਦੋਂ 'ਕਰੋਨਾ' ਮਹਾਮਾਰੀ ਦੀ ਵਜਹ ਨਾਲ ਇੱਧਰ ਇਸ ਦੇਸ ਵਿੱਚ ਸਭਕੁਝ ਬੰਦ ਸੀ ਬਸ ਟਰੱਕ- ਟਰਾਲਿਆਂ ਨੂੰ ਹੀ ਇਜ਼ਾਜਤ ਸੀ ਆਉਣ ਜਾਣ ਦੀ। ਟਰੱਕ ਅੰਦਰ ਬੈਠ ਕੇ ਮੈਂ ਉਸ ਟਰੱਕ ਨਾਲ ਆਪਣੀ ਪਹਿਲੀ ਫੋਟੋ ਖਿੱਚੀ ਸੀ ਜਦੋਂ ਮੈਂ 'ਸਿਡਨੀ' ਜਾ ਰਿਹਾ ਸੀ ਅਤੇ ਰਾਸਤੇ ਵਿੱਚ ਆਰਾਮ ਕਰਨ ਲਈ ਕੁਝ ਸਮੇਂ ਲਈ ਟਰੱਕ ਰੋਕਿਆ। ਇਹ ਓਹੀ ਟਰੱਕ ਹੈ ਜਿਸਨੇ ਮੈਨੂੰ ਭੁੱਖ ਮਿਟਾਉਣ ਲਈ ਰੋਟੀ ਦਿੱਤੀ, ਇਸ ਦੇਸ਼ ਵਿੱਚ ਜੀਵਣ ਬਤੀਤ ਕਰਨ ਲਈ ਰੋਜ਼ਗਾਰ ਦਿੱਤਾ, ਪੰਜਾਬ ਵਿੱਚ ਆਟਰੇਲੀਆ ਆਉਣ ਲਈ ਚੁੱਕਿਆ ਕਰਜਾ ਉਤਾਰਿਆ ਅਤੇ ਇਸੇ ਟਰੱਕ ਨਾਲ ਮੈਂ ਪੰਜਾਬ ਵਿੱਚ ਆਪਣੇ ਪਿੰਡ ਕਰੋਨਾ ਦੌਰਾਨ ਆਪਣੇ ਅਤੇ ਆਪਣੇ ਪਰਿਵਾਰ ਲਈ ਲਈ ਇੱਕ ਨਵਾਂ ਘਰ ਉਸਾਰਿਆ। ਬਹੁਤ ਕੁਝ ਸਮੇਟ ਰੱਖਿਆ ਹੈ ਇਸ ਫੋਟੋ ਨੇ ਆਪਣੇ ਅੰਦਰ। ਜਦੋਂ ਮੈਨੂੰ ਤਸੱਲੀ ਹੋਈ ਮੇਰੇ ਮੂੰਹੋ ਖੁਦ ਹੀ 'ਕਿਆ ਬਾਤਾਂ ਯਾਰਾ' ਇਹ ਸ਼ਬਦ ਨਿਕਲੇ।
ਕੁਝ ਦਿਨਾਂ ਬਾਅਦ ਦਵਿੰਦਰ ਨੇ ਆਪਣੇ ਭਰਾ ਦੇ ਜ਼ਰੀਏ ਮੈਨੂੰ ਪੇਂਟਿੰਗ ਬਣਾਉਣ ਲਈ ਰੰਗ,ਬਰੱਸ਼ ਅਤੇ ਕੈਨਵਸ ਲਿਆਉਣ ਲਈ ਕੁਝ ਪੈਸੇ ਭਿਜਵਾਏ ਅਤੇ ਉਸਨੇ ਇੱਕ ਹੋਰ ਪੇਂਟਿੰਗ ਬਣਾਉਣ ਲਈ ਵੀ ਕਿਹਾ। ਉਹ ਪੇਂਟਿੰਗ 'ਅੰਮਿਰਤਸਰ ਦਰਬਾਰ ਸਾਹਬ' ਦੀ ਸੀ ਜਿਸਨੂੰ ਉਹ ਆਪਣੇ ਨਵੇਂ ਘਰ ਵਿੱਚ ਲਗਵਾਉਣੀ ਚਾਹੁੰਦਾ ਸੀ।
ਮੈਂ ਪੇਂਟਿੰਗ ਬਣਾਉਣੀ ਸ਼ੁਰੂ ਕੀਤੀ। ਇਸੇ ਦੌਰਾਨ ਵਕਤ ਦਾ ਇੱਕ ਅਜਿਹਾ ਗੇੜ ਚੱਲਿਆ ਜਿਸਨੇ ਮੇਰੇ ਤੋਂ ਬਹੁਤ ਕੁਝ ਖੋਹ ਲਿਆ ਅਤੇ ਜਿੰਨਾ ਚਿਰ ਇਹ ਗੇੜ ਚੱਲੂ ਪਤਾ ਨਹੀਂ ਅਜੇ ਕੀ-ਕੀ ਖੋਹ ਕੇ ਲੈ ਜਾਊ। ਮੇਰੀ ਜਿੰਦਗੀ ਵਿੱਚ ਸਭਤੋਂ ਕੀਮਤੀ ਇਨਸਾਨ ਮੇਰੀ ਦਾਦੀ ਜੀ ਇਸੇ ਵਕਤ ਦੇ ਚੱਲਦਿਆਂ ਆਪਣੀ ਜਿੰਦਗੀ ਦੀ ਯਾਤਰਾ ਪੂਰੀ ਕਰ ਗਏ। ਮੇਰੇ ਦਾਦੀ ਜੀ ਜਿਹਨਾਂ ਨੂੰ ਮੈਂ ਮਜਾਕ ਵਿੱਚ ਅਤੇ ਪਿਆਰ ਨਾਲ ਬੁੱਢੜੀਏ ਕਹਿੰਦਾ ਹੁੰਦਾ ਸੀ, ਜਿਹਨਾਂ ਨੇ ਮੈਨੂੰ ਜਿੰਦਗੀ ਦੇ ਚੰਗੇ-ਮਾੜੇ ਰਾਹਾਂ ਤੋਂ ਵਾਕਿਫ ਕਰਵਾਇਆ, ਆਪਣੇ ਤਜ਼ੁਰਬਿਆਂ ਨਾਲ ਮੈਨੂੰ ਇੱਕ ਲਾਇਕ ਇਨਸਾਨ ਬਣਾਇਆ, ਜੋ ਕਿ ਮੈਨੂੰ ਦੇਖੇ ਬਿਨ ਰੋਟੀ ਦੀ ਬੁਰਕੀ ਨਹੀਂ ਸੀ ਤੋੜਦੇ ਪਰ ਮੈਨੂੰ ਬਿਨਾਂ ਮਿਲੇ ਦੱਸੇ ਹੀ ਚਲੇ ਗਏ। ਉਹਨਾਂ ਨੂੰ ਆਖਰੀ ਵਾਰ ਵੇਖਣ ਦਾ ਮੌਕਾ ਵੀ ਨਸੀਬ ਨਹੀਂ ਹੋਇਆ। ਉਹਨਾਂ ਦੇ ਭੋਗ ਵਿੱਚ ਵੀ ਸ਼ਾਮਿਲ ਨਹੀਂ ਹੋ ਪਾਇਆ। ਵਕਤ ਦੀ ਚਾਲ ਹੀ ਅਜਿਹੀ ਹੋਈ ਕਿ ਮੇਰੀ ਕਮਾਈ ਦਾ ਸਭਤੋਂ ਵੱਡਾ ਸਾਧਨ ਮੇਰਾ ਸਟੂਡੀਓ ਵੀ ਬੰਦ ਹੋ ਗਿਆ ਜਿਸਨੇ ਦੂਰ- ਦੂਰ ਦੇ ਇਲਾਕਿਆਂ ਤੱਕ ਇਸ ਨਾ-ਚੀਜ਼ ਦੀ ਪਹਿਚਾਣ ਬਣਾਈ। ਜਿੱਥੇ ਦਿਨ ਕੰਮ ਕਰਦੇ ਬਤੀਤ ਹੋਇਆ ਕਰਦਾ ਉਹ ਵੀ ਤੀਆਂ ਵਾਂਗਰਾਂ। ਹੋਰ ਵੀ ਬਥੇਰਾ ਕੁਝ ਖੋਹ ਲੈ ਗਿਆ ਇਹ ਵਕਤ ।
ਜਿਸ ਜਗਹ ਅਤੇ ਜਿਸ ਘਰ ਰਹਿ ਰਿਹਾ ਹਾਂ ਮੈਂ ਇਸਦਾ ਕਿਸੇ ਕਾਰਨ ਜਿਕਰ ਨਹੀਂ ਕਰ ਸਕਦਾ ਪਰ ਇਹ ਉਹ ਜਗਹ ਹੈ ਜਿੱਥੇ ਪੇਂਟਿੰਗ ਕਰਨ ਦਾ ਇੱਕ ਪਰਤੀਸ਼ਤ ਵੀ ਮਾਹੌਲ ਨਹੀਂ, ਦਿਮਾਗ ਉੱਪਰ ਹਜਾਰਾਂ ਤਰਾਂ ਦੇ ਬੋਝ, ਚੱਲ ਰਹੇ ਸਮੇਂ ਅਤੇ ਇਹਨਾਂ ਬੇਹੂਦਾ ਹਾਲਾਤਾਂ ਅੱਗੇ ਗੋਡੇ ਟੇਕੇ ਬਿਨਾ ਮੈਂ ਇਸ ਪੇਂਟਿੰਗ ਨੂੰ ਨੇਪਰੇ ਚਾੜਿਆ। ਇਸਨੂੰ ਪੇਂਟਿੰਗ ਨੂੰ ਪੂਰਾ ਕਰਨਾ ਇੱਕ ਜੰਗ ਜਿੱਤਣ ਦੇ ਬਰਾਬਰ ਸੀ। ਖੈਰ ਇਸ ਵਕਤ ਨੇ ਜੇ ਬਹੁਤ ਕੁਝ ਖੋਹਿਆ ਤਾਂ ਬਹੁਤ ਕੁਝ ਦਿੱਤਾ ਵੀ। ਬਹੁਤ ਲੋਕਾਂ ਦੇ ਚੇਹਰਿਆਂ ਨੂੰ ਬੇਨਿਕਾਬ ਕੀਤਾ। ਜੋ ਖਾਸ ਸੀ ਉਹਨਾਂ ਨੂੰ ਆਮ ਕਰ ਦਿੱਤਾ ਅਤੇ ਜਿਹਨਾਂ ਨੂੰ ਜਾਣਦੇ ਵੀ ਨਹੀਂ ਸੀ ਉਹਨਾਂ ਨੇ ਮੇਰਾ ਇਹਨਾਂ ਦੁਖਦਈ ਹਾਲਾਤਾਂ ਵਿੱਚ ਮਾਪਿਆਂ ਵਾਂਗਰ ਸਾਥ ਦਿੱਤਾ।
ਜਦ ਇਹ ਪੇਂਟਿੰਗ ਪੂਰੀ ਹੋਈ ਤਾਂ ਮੈਂ ਦਵਿੰਦਰ ਨੂੰ ਫੋਨ ਮਿਲਾਇਆ ਅਤੇ ਫਿਰ ਉਸਨੂੰ ਪੇਂਟਿੰਗ ਵੀਡਿਓ ਕਾਲ ਰਾਹੀਂ ਦਿਖਾਈ। ਪੇਂਟਿੰਗ ਦੇਖ ਕੇ ਉਹ ਬਹੁਤ ਖੁਸ਼ ਹੋਇਆ । ਮੈਂ ਉਹਨਾਂ ਭਾਵਾਂ ਨੂੰ ਸ਼ਬਦਾਂ ਵਿੱਚ ਜ਼ਾਹਿਰ ਨਹੀਂ ਕਰ ਸਕਦਾ ।
ਹੁਣ ਇਹ ਪੇਂਟਿੰਗ ਮੇਰੇ ਲਈ ਵੀ ਖਾਸ ਬਣ ਚੁੱਕੀ ਹੈ। ਇਹ ਉਹ ਪੇਂਟਿੰਗ ਹੈ ਜਿਸਨੇ ਮੈਨੂੰ ਸਿਖਾਇਆ ਕਿ ਹਾਲਾਤ ਕਦੋਂ ਵੀ ਕਿਸੇ ਤਰਾਂ ਦੇ ਹੋ ਸਕਦੇ ਨੇ, ਚੰਗੇ ਤੋਂ ਚੰਗੇ ਅਤੇ ਬਦਤਰ ਤੋਂ ਬਦਤਰ ਇਸ ਲਈ ਮਾਹੌਲ ਮਿਲਦਾ ਨਹੀਂ ਮਿਹੌਲ ਬਣਾਇਆ ਜਾਂਦਾ ਹੈ। ਇਹ ਓਹੀ ਪੇਂਟਿੰਗ ਹੈ ਜਿਸਨੇ ਮੇਰੇ ਮਾੜੇ ਹਾਲਾਤਾਂ ਵਿੱਚ ਮੋਢਾ ਦਿੰਦੇ ਹੋਏ ਕਿਹਾ ਕਿ ਕੋਈ ਨਾ ਚੰਗਾ ਮਾੜਾ ਸਮਾਂ ਆਉਂਦਾ ਹੀ ਰਹਿੰਦਾ ਹੈ, ਤੂੰ ਹਥਿਆਰ(ਇਹ ਹਥਿਆਰ ਸ਼ਬਦ ਬਰੱਸ਼ ਅਤੇ ਰੰਗ ਦੇ ਸੰਦਰਭ ਵਿੱਚ) ਨਾ ਸੁੱਟ ਸਗੋਂ ਇਹਨਾਂ ਦਾ ਬ-ਖੂਬੀ ਇਸਤੇਮਾਲ ਕਰ ਅਤੇ ਵਕਤ ਨੂੰ ਸੁਖਾਲਾ ਬਣਾ। ਇਹ ਓਹੀ ਪੇਂਟਿੰਗ ਹੈ ਜਿਸਨੇ ਇੱਕ ਵਾਰ ਫਿਰ ਮੈਨੂੰ ਓਕਟੋ-ਆਊਲ ਹੋਣ ਦਾ ਅਹਿਸਾਸ ਕਰਵਾਇਆ।