ਮੇਰੀ ਪਹਿਲੀ ਨੌਕਰੀ ਦੀ ਪਹਿਲੀ ਤਨਖ਼ਾਹ
(ਲੇਖ )
ਛੋਟੇ ਹੁੰਦੇ ਕਹਾਣੀਆਂ ਸੁਣਦੇ ਹੁੰਦੇ ਸੀ, ਜਿਸ ਵਿੱਚ ਹੀਰੇ, ਜਹਵਾਰਾਤ, ਪੰਨੇ ਆਦਿ ਦੀਆਂ ਪੋਟਲੀਆਂ ਜਾਂ ਗੁੱਥੀਆਂ ਕਿਸੇ ਨੂੰ ਲੱਭ ਪੈਂਦੀਆਂ ਸਨ ਅਤੇ ਜਾਂ ਫਿਰ ਕੋਈ ਰਾਜਾ ਮਹਾਰਾਜਾ ਕਿਸੇ ਤੋਂ ਪ੍ਰਸੰਨ ਹੋ ਕੇ ਪੋਟਲੀਆਂ ਜਿਹੀਆਂ ਵਿੱਚ ਹੀਰੇ, ਮੋਤੀ ਆਦਿ ਪਾ ਕੇ ਦਿੰਦਾ ਸੀ। ਇਹ ਵੀ ਹੈ ਕਿ ਡੀ.ਡੀ. ਵੰਨ ਉੱਤੇ ਉਦੋਂ ਅਲਿਫ਼ ਲੈਲਾ ਨਾਟਕ ਆਉਂਦਾ ਹੁੰਦਾ ਸੀ, ਜਿਸ ਵਿੱਚ ਵੱਖ-ਵੱਖ ਦਿਲਚਸਪ ਅਤੇ ਰੌਚਕ ਕਹਾਣੀਆਂ ਚੱਲਦੀਆਂ ਰਹਿੰਦੀਆਂ ਸਨ, ਜਿਵੇਂ ਸਿੰਧਬਾਦ ਜਹਾਜ਼ੀ ਜਾਂ ਹੋਰ ਕਈ। ਇਹਨਾਂ ਵਿੱਚ ਵੀ ਅਜਿਹੇ ਦ੍ਰਿਸ਼ ਦੇਖਣ ਨੂੰ ਮਿਲਦੇ ਸਨ ਕਿ ਰੰਗ-ਬਰੰਗੀਆਂ, ਚਮਕਦਾਰ ਕੱਪੜਿਆਂ ਦੀਆਂ ਗੁੱਥਲੀਆਂ/ਪੋਟਲੀਆਂ ਜਿਹੀਆਂ ਵਿੱਚ ਹੀਰੇ, ਮੋਤੀ, ਪੰਨੇ ਜਾਂ ਸਿੱਕੇ ਆਦਿ ਪਾ ਕੇ ਇੱਕ ਦੂਜੇ ਨੂੰ ਦਿੱਤੇ ਜਾਂਦੇ ਸਨ।
ਪਰ ਜਦੋਂ ਅਸੀਂ ਵੱਡੇ ਹੋ ਰਹੇ ਸਾਂ ਤਾਂ ਜ਼ਮਾਨਾ ਬਹੁਤ ਬਦਲ ਚੁੱਕਿਆ ਹੋਇਆ ਸੀ। ਭਾਵੇਂ ਕਿ ਧੇਲੀ (50 ਪੈਸੇ) ਆਪਣੇ ਆਖ਼ਰੀ ਦੌਰ ਵਿੱਚ ਸੀ, ਫਿਰ ਵੀ ਕਾਗਜ਼ਾਂ ਦੇ ਰੁਪਏ ਪ੍ਰਚੱਲਿਤ ਸੀ ਅਤੇ ਆਮ ਤੌਰ ’ਤੇ ਲੈਣ-ਦੇਣ ਇਹਨਾਂ ਕਾਗਜ਼ੀ ਰੁਪਿਆਂ ਨਾਲ ਹੀ ਹੁੰਦਾ ਦੇਖਿਆ ਸੀ।
ਖ਼ੈਰ! ਸਾਲ 2004 ਜੁਲਾਈ ਦੇ ਮਹੀਨੇ ਜਦ ਮੈਂ ਆਪਣਾ ਤਿੰਨ ਸਾਲਾ ਡਿਪਲੋਮਾ ਤਬਲਾ ਵਾਦਨ ਕਲਾਸ ਵਿੱਚ, ਸਿੱਖ ਮਿਸ਼ਨਰੀ ਕਾਲਜ, ਸ੍ਰੀ ਅਨੰਦਪੁਰ ਸਾਹਿਬ ਤੋਂ ਪੂਰਾ ਕੀਤਾ ਤਾਂ ਨੌਕਰੀ ਲੱਭਣ ਦਾ ਕਿੱਤਾ ਸ਼ੁਰੂ ਕਰ ਲਿਆ। ਇਸ ਕਿਤੇ ਵਿੱਚ ਹੁੰਦੀ ਤਾਂ ਖੱਜਲਖੁਆਰੀ ਹੀ ਹੈ, ਪਰ ਚਲੋ ਕਹਿ ਕੁਹਾ ਕੇ ਕਿਸੇ ਤਰ੍ਹਾਂ 18 ਵਰ੍ਹਿਆਂ ਦੀ ਉਮਰ ਦੇ ਵਿੱਚ ਸਤੰਬਰ ਮਹੀਨੇ ਮੈਂ ਸ਼੍ਰੋਮਣੀ ਕਮੇਟੀ ਵਿੱਚ ਆਰਜ਼ੀ ਤੌਰ ’ਤੇ ਬਤੌਰ ਤਬਲਾ ਵਾਦਕ ਭਰਤੀ ਹੋ ਗਿਆ ਅਤੇ ਡਿਊਟੀ ਵੀ ਅਨੰਦਪੁਰ ਸਾਹਿਬ ਹੀ ਮਿਲ ਗਈ। ਘਰ-ਪਰਿਵਾਰ ਵਿੱਚ ਖ਼ੁਸ਼ੀ ਸੀ ਕਿ ਕਾਕਾ ਕੋਰਸ ਕਰਦਿਆਂ ਹੀ ਨੌਕਰੀ ਜਾ ਲੱਗਿਆ ਏ।
ਅਜੇ ਮਸਾਂ ਤਿੰਨ ਕੁ ਦਿਨ ਤਬਲਾ ਵਜਾਇਆ ਹੋਣਾ ਕਿ ਮੇਰੀ ਥਾਂ ਉੱਤੇ ਹੀ ਕਿਸੇ ਹੋਰ ਕਹਿ ਕੁਹਾ ਕੇ ਆਏ ਵੱਡੀ ਸਿਫਾਰਸ਼ ਵਾਲੇ ਨੂੰ ਲਗਾ ਦਿੱਤਾ ਗਿਆ ਅਤੇ ਮੈਨੂੰ ਕਰਤਾ ਵਿਹਲਾ। ਮੈਂ ਜਾ ਮੈਨੇਜਰ ਦੇ ਦਰਵਾਜ਼ੇ ਦਸਤਕ ਦਿੱਤੀ.. ਅਗੋਂ ਮੈਨੇਜਰ ਕਹਿੰਦਾ, ‘ਭਾਈ! ਉਹਦੀ ਵੀ ਸਿਫਾਰਸ਼ ਵੱਡੀ ਏ ਅਤੇ ਛੋਟੀ ਤੇਰੀ ਵੀ ਨਹੀਂ… ਤੂੰ ਇੱਦਾਂ ਕਰ, ਤੇਰੇ ਮੈਂ ਕੀਰਤਪੁਰ ਸਾਹਿਬ ਦੇ ਆਰਡਰ ਪੁਆ ਦਿੰਦਾ ਹਾਂ, ਸਹਾਇਕ ਰਾਗੀ ਦੇ ਤੌਰ ’ਤੇ… ਤੂੰ ਉੱਥੇ ਸੈੱਟ ਹੋ ਜਾ।’ ਮੈਂ ਕਿਹਾ, ‘ਨਾ ਜੀ! ਸਿੱਖਿਆ ਮੈਂ ਤਿੰਨ-ਚਾਰ ਸਾਲ ਕੇ ਤਬਲਾ ਤਾਂ ਤਬਲਾ ਹੀ ਵਜਾਉਂ… ਵਾਜੇ ਦੀ ਤਾਂ ਸਰਗਮਾਂ ਤੋਂ ਵੱਧ ਸਮਝ ਕੋਈ ਨਹੀਂ ਹੈ।’ ਮੈਨੇਜਰ ਆਖੇ, ‘ਕੋਈ ਨਾ! ਬੱਸ ਸੁਰਾਂ ’ਤੇ ਹੱਥ ਹੀ ਰੱਖਣਾ ਏ।’ ਪਰ ਮੈਂ ਨਾਂਹ ਦੇ ਆਇਆ…
ਹੁਣ ਪੰਗਾ ਇਹ ਬਈ, ਬੰਦਾ ਘਰ ਕੀ ਦੱਸੇ …? ਖ਼ੈਰ! ਕੁਝ ਸੱਜਣਾਂ ਨੇ ਸਲਾਹ ਦਿੱਤੀ ਕਿ ਬਤੌਰ ਅਖੰਡਪਾਠੀ ਭਰਤੀ ਹੋ ਜਾਵਾਂ। ਸੰਥਿਆ ਤਾਂ ਮੈਨੂੰ ਕਾਲਜ ਕੋਰਸ ਦੌਰਾਨ ਪ੍ਰਾਪਤ ਹੋ ਗਈ ਸੀ। ਸੋ ਮਰਦਾ ਕੀ ਨਾ ਕਰਦਾ… ਘਰ ਬੇਰੰਗ ਵਾਪਸ ਜਾਣ ਨਾਲੋਂ, ਕੋਈ ਕੰਮ ਕਰ ਲੈਣਾ ਹੀ ਵਾਜਬ ਸਮਝਿਆ। ਟੈਸਟ ਦਿੱਤਾ ਅਤੇ ਭਰਤੀ ਹੋ ਗਿਆ ਮੁੜ ਸ਼੍ਰੋਮਣੀ ਕਮੇਟੀ ਦੇ ਵਿੱਚ ਬਤੌਰ ਅਖੰਡਪਾਠੀ।
ਪਹਿਲੇ ਦਿਨ ਜਾ ਹਾਜ਼ਰ ਹੋਇਆ ਤਾਂ ਉੱਥੇ ਤਾਂ ਕੁਰਬਲ-ਕੁਰਬਲ ਹੋਵੇ। ਬਈ ਜਿਸਦੀ ਤਾਂ ਹੈ ਪ੍ਰਬੰਧਕਾਂ ਨਾਲ ਨੇੜਤਾ, ਜਾਂ ਫਿਰ ਜਿਹੜੇ ਕਰ ਲੈਂਦੇ ਨੇ ਜੀ-ਹਜ਼ੂਰੀ, ਉਹਨਾਂ ਨੂੰ ਅਖੰਡਪਾਠ ਦੀ ਰੋਲਾਂ ਮਿਲਦੀਆਂ ਮੀਂਹ ਵਾਂਗੂੰ… ਤੇ ਜਿਹੜੇ ਮੇਰੇ ਵਰਗੇ ਜੁਆਕ ਜੱਲ੍ਹੇ ਜਿਹੇ ਜਾਂ ਮਿਸ਼ਨਰੀ ਸੋਚ ਵਾਲੇ, ਇਹਨਾਂ ਨੂੰ ਤਾਂ ਅਗਲੇ ਨੇੜੇ ਨਹੀਂ ਲੱਗਣ ਦਿੰਦੇ ਸੀ। ਚਲੋਂ ਆਮ ਰੁਟੀਨ ਵਿੱਚ ਰੋਲਾਂ ਮਿਲਣੀਆਂ ਸ਼ੁਰੂ ਹੋ ਗਈਆਂ।
ਪਰ ਜ਼ਮੀਰ ਆਖੇ! ਬਈ ਕਿਹੜੇ ਚੱਕਰਾਂ ਵਿੱਚ ਪੈ ਗਿਐਂ? ਆਹੀ ਕੁਝ ਕਰਨਾ ਸੀ ਤਾਂ ਮਿਸ਼ਨਰੀ ਕਾਲਜਾਂ ਵਿੱਚ 3 ਸਾਲ ਕ੍ਹਾਤੋਂ ਗਾਲੇ ਸੀ? ਕਹਿਣ ਤੋਂ ਭਾਵ ਮਨ ਬੜਾ ਦੁਖੀ ਹੋਇਆ ਉਥੇ ਦਾ ਨਜ਼ਾਰਾ ਦੇਖ ਕੇ, (ਜੋ ਮੈਂ ਏਥੇ ਲਿਖਣਾ ਨਹੀਂ ਚਾਹੁੰਦਾ), ਪਰ ਇੱਕ ਘਟਨਾ ਨੇ ਮਨ ਨੂੰ ਬੜੀ ਠੇਸ ਲਾਈ ਕਿ ਇੱਕ ਵਾਰ ਸਾਰੇ ਪਾਠੀ ਸਿੰਘ ਰੋਲਾਂ ਮਿਲਣ ਵਾਲੇ ਕਮਰੇ ਵਿੱਚ ਬੈਠੇ ਸੀ ਤਾਂ ਇੱਕ ਪ੍ਰਬੰਧਕ ਜੋ ਅਖੰਡਪਾਠ ਸਾਹਿਬ ਪਾਠੀਆਂ ਨੂੰ ਵੰਡਦਾ ਸੀ ਆਇਆ ਅਤੇ ਸਾਰੇ ਪਾਠੀਆਂ ਦੀਆਂ ਪੱਗਾਂ ਦੇ ਉੱਤੇ ਸਿਰ ਵਾਲੇ ਪਾਸਿਉਂ ਟੋਹ-ਟੋਹ ਕੇ ਕੁਝ ਵੇਖੀ ਜਾਏ… ਜਦ ਮੇਰੇ ਨੇੜੇ ਆਇਆ ਤਾਂ ਮੈਂ ਦਸਤਾਰ ਨੂੰ ਹੱਥ ਨਾ ਲਾਉਣ ਦਿੱਤਾ ਤਾਂ ਅੱਗੋਂ ਟੁੱਟ ਕੇ ਪਿਆ, ‘ਅਖੇ; ਕੰਘਾ ਚੈੱਕ ਕਰਵਾ ਲਾਇਆ ਕਿ ਨਹੀਂ?’
ਮੈਨੂੰ ਬੜਾ ਵੱਟ ਜਿਹਾ ਚੜ੍ਹਿਆ, ਬਈ ਤੈਨੂੰ ਨਹੀਂ ਪਤਾ ਕਿ ਮੈਂ ਅੰਮ੍ਰਿਤਧਾਰੀ ਸਿੰਘ ਹਾਂ ਅਤੇ ਪੰਜਾ ਕਕਾਰਾਂ ਦਾ ਧਾਰਨੀ। ਪਰ ਫਿਰ ਪਤਾ ਲੱਗਾ ਕਿ ਇਹ ਵਰਤਾਰਾ ਆਮ ਹੀ ਵਾਪਰਦਾ ਹੈ। ਪਾਠੀਆਂ ਦੀ ਹੇਠੀ ਕਰਨ ਦਾ ਕੋਈ ਮੌਕਾ ਪ੍ਰਬੰਧਕ ਨਹੀਂ ਛੱਡਦੇ। ਮੇਰਾ ਮਨ ਤਾਂ ਭਰ ਗਿਆ, ਪਰ ਹੁਣ ਮਹੀਨਾ ਪੂਰਾ ਕਰਨਾ ਸੀ ਸੋ ਔਖੇ ਸੌਖੇ ਕੀਤਾ ਅਤੇ ਆਖ਼ਰ ਲਿਖਤੀ ਤੌਰ ’ਤੇ ਅਰਜ਼ੀ ਦੇ ਕੇ ਨੌਕਰੀ ਤਿਆਗ ਦਿੱਤੀ।
ਹੁਣ ਕਰਦਾਂ ਹਾਂ ਸਿਰਲੇਖ ਵਾਲੀ ਗੱਲ! ਉਹ ਜਦ ਮਹੀਨਾ ਪੂਰਾ ਹੋਇਆ ਤਾਂ ਮੈਂ ਘਰਦਿਆ ਨੂੰ ਦੱਸਿਆ ਹੋਇਆ ਸੀ ਬਈ! ਤੁਸੀਂ ਅਨੰਦਪੁਰ ਸਾਹਿਬ ਆ ਜਾਣਾ, ਫਲਾਣੀ ਤਰੀਕ ਨੂੰ, ਕਿਉਂਕਿ ਉਸ ਦਿਨ ਹੀ ਮੈਨੂੰ ਤਨਖ਼ਾਹ ਮਿਲਣੀ ਹੈ। ਘਰਦੇ ਵੀ ਇੱਕ ਦਿਨ ਪਹਿਲਾਂ ਆ ਗਏ ਬਈ ਚਲੋ ਨਾਲੇ ਦਰਸ਼ਨ ਮੇਲੇ ਹੋ ਜਾਣਗੇ ਨਾਲ ਅਗਲੇ ਦਿਨ ਕਾਕੇ ਨੂੰ ਵਾਪਸ ਅੰਮ੍ਰਿਤਸਰ ਲੈ ਆਵਾਂਗੇ। ਲਉ! ਜੀ ਬੇਬੇ-ਬਾਪੂ ਨੂੰ ਸਰਾਂ ਦੇ ਕਮਰੇ ਵਿੱਚ ਬਿਠਾ ਕੇ ਮੈਂ ਚਲਿਆ ਗਿਆ ਦਫ਼ਤਰ ਤਨਖ਼ਾਹ ਲੈਣ ਤਾਂ ਉਹਨਾਂ ਤਨਖ਼ਾਹ ਦਿੱਤੀ ਕੁੱਲ 1800 ਰੁਪਿਆਂ ਦਾ ਭਾਨ ਗੁੱਥਲੀ ਜਾਂ ਕਹਿ ਲਉ ਜਿਸਦਾ ਜ਼ਿਕਰ ਮੈਂ ਇਸ ਲੇਖ ਦੇ ਪਹਿਲੇ ਪੈਰ੍ਹੇ ਵਿੱਚ ਕੀਤਾ ਪੋਟਲੀ ’ਚ ਪਾ ਕੇ… ’ਤੇ ਮੈਂ ਭਾਨ ਖੜਕਾਉਂਦਾ ਸਰਾਂ ਦੇ ਕਮਰੇ ਵਿੱਚ ਆ ਪਹੁੰਚਿਆ। ਬੇਬੇ ਬਾਪੂ ਖ਼ੁਸ਼ ਸਨ ਕਿ ਪੁੱਤ ਨੂੰ ਪਹਿਲੀ ਤਨਖ਼ਾਹ ਮਿਲੀ ਏ… ਮੈਂ ਵੀ ਇਸੇ ਗੱਲੋਂ ਹੀ ਖ਼ੁਸ਼ ਸੀ.. ਪਰ ਉਹ ਮੁਸਕਰਾਉਂਦੇ ਵੀ ਪਏ ਸੀ ਅਤੇ ਮੈਂ ਵੀ ਅਤੇ ਉਸ ਮੁਸਕਰਾਹਟ ਦਾ ਕਾਰਨ ਸੀ ਭਾਨ ਦੀ ਪੋਟਲੀ, ਜੋ ਕਿਸੇ ਅਲਾਦੀਨ ਦੀ ਕਹਾਣੀ ਦੇ ਕਿਸੇ ਦ੍ਰਿਸ਼ ਵਾਂਗ ਚਮਕਦੇ ਸ਼ੁਨੀਲ ਦੇ ਕੱਪੜੇ ਦੀ ਬਣੀ ਹੋਈ, ਜਿਸ ਵਿੱਚ ਮੇਰੀ ਜ਼ਿੰਦਗੀ ਦੀ ਪਹਿਲੀ ਤਨਖ਼ਾਹ ਸੀ, ਮੇਰੀ ਪਹਿਲੀ ਨੌਕਰੀ ਦੀ, ਜਿਸ ਨੂੰ ਮੈਂ ਪਹਿਲੀ ਵਾਰ ਆਪ ਛੱਡਿਆ ਸੀ।