ਫੁੱਲਾਂ ਵਾਲ਼ਾ ਬਾਗ (ਕਹਾਣੀ)

ਜਸਬੀਰ ਮਾਨ   

Email: jasbirmann@live.com
Address:
ਸਰੀ British Columbia Canada
ਜਸਬੀਰ ਮਾਨ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਅੱਜ ਉਹ ਬਹੁਤ ਉਦਾਸ ਸੀ ਕਿਉਂਕਿ ਉਸ ਦਾ ਬਣਿਆ ਬਣਾਇਆ ਪਲੈਨ ਫੇਲ ਹੋ ਗਿਆ।ਉਸਨੇ ਸੋਚਿਆ ਕੁਝ ਹੋਰ ਸੀ ਤੇ ਹੋ ਕੁਝ ਹੋਰ ਗਿਆ। ਕੱਲ ਜਦੋਂ ਉਹ ਆਪਣੇ ਕੰਮ ਉੁੱਪਰ ਸਿੰਕ ਤੇ ਆਪਣੇ ਹੱਥ ਧੋ ਰਹੀ ਸੀ ਤਾਂ ਉਸ ਸਮੇਂ ਉਸਦੀ ਕੋ-ਵਰਕਰ ਸੁੱਖੀ ਨੇ ਉਸਨੂੰ ਉਸਦੇ ਕੋਲ਼ ਆ ਕੇ ਪੁੱਛਿਆ,“ਸੀਮਾਂ ਅਸੀਂ ਕੱਲ ਨੂੰ ਸਹੇਲੀਆਂ ਇਕੱਠੀਆਂ ਹੋ ਕੇ ਫੁੱਲਾਂ ਵਾਲ਼ਾ ਬਾਗ ਵੇਖਣ ਚੱਲੀਆਂ ਹਾਂ।ਕੀ ਤੂੰ ਸਾਡੇ ਨਾਲ਼ ਚੱਲਣੈਂ ?”
“ਫੁੱਲਾਂ ਵਾਲ਼ਾ ਬਾਗ!” ਉਹ ਬੜੇ ਅਚੰਭੇ ਨਾਲ਼ ਸੁੱਖੀ ਵੱਲ ਨੂੰ ਤੱਕਦੀ ਹੋਈ ਬੋਲੀ।
“ਹਾਂ… ਫੁੱਲਾਂ ਵਾਲ਼ਾ ਬਾਗ।” ਸੁੱਖੀ ਨੇ ਵੀ ਉਸਦੇ ਚਿਹਰੇ ਵੱਲ ਤੱਕਦਿਆਂ ਮੁਸਕਰਾ ਕੇ ਜੁਆਬ ਦਿੱਤਾ।
“ਸੱਚਮੁੱਚ… ਤੁਸੀਂ ਸਾਰੀਆਂ ਇਕੱਠੀਆਂ ਹੋ ਕੇ ਫੁੱਲਾਂ ਵਾਲ਼ਾ ਬਾਗ ਵੇਖਣ ਚੱਲੀਆਂ!”
“ਹਾਂ… ਸੱਚਮੁੱਚ ਅਸੀਂ ਚਾਰੇ ਜਾਣੀਆਂ ਤਾਂ ਪੂਰੀਆਂ ਤਿਆਰ ਹਾਂ ਤੇ ਪੰਜਵੀਂ ਤੂੰ ਹੋ ਜਾਵੇਂਗੀ।”
“ਅੱਛਾ…ਕੋਈ ਦੋ-ਢਾਈ ਘੰਟੇ ਦੀ ਡਰਾਈਵ ਹੈ।” ਸੀਮਾਂ ਕੁਝ ਚਿਰ ਸੋਚਣ ਤੋਂ ਬਾਅਦ ਬੋਲੀ।
“ਕੋਈ ਗੱਲ ਨਹੀਂ ਯਾਰ ਤੂੰ ਬੱਸ ਇਕ ਵਾਰ ਹਾਂ ਕਰ।ਕਾਰ ਤਾਂ ਆਪਾਂ ਬਦਲ-ਬਦਲ ਕੇ ਚਲਾ ਲਵਾਂਗੀਆਂ।ਬੜਾ ਚੰਗਾ ਲੱਗੇਗਾ।”
ਸੁੱਖੀ ਨੇ ਸੀਮਾਂ ਦੇ ਮੋਢੇ ਉੱਤੇ ਹੱਥ ਧਰ ਉਸ ਨੂੰ ਮਨਾਉਂਦਿਆਂ ਹੋਇਆਂ ਕਿਹਾ।
ਭਾਵਂੇ ਸੁੱਖੀ ਜਾਣਦੀ ਸੀ ਕਿ ਸੀਮਾਂ ਉਸਨੂੰ ਨਾਂਹ ਨਹੀਂ ਕਹੇਗੀ ਕਿਉਂਕਿ ਫੁੱਲ ਤਾਂ ਉਸਦੀ ਜਾਨ ਸਨ।ਉਸ ਬਾਗ ਨੂੰ ਵੇਖਣ ਦੀ ਉਹ ਕਈ ਵਾਰੀ ਉਹਨਾਂ ਕੋਲ਼ ਆਪਣੀ ਇੱਛਾ ਜ਼ਾਹਰ ਕਰ ਚੁੱਕੀ ਸੀ।
“ਹਾਂ,ਵਧੀਆ ਤਾਂ ਸੱਚਮੁੱਚ ਹੀ ਬੜਾ ਲੱਗੇਗਾ।” ਉਸਨੇ ਸੁੱਖੀ ਦਾ ਹੱਥ ਫੜ੍ਹ ਕਿਹਾ ਤੇ
ਉਸੇ ਵਕਤ ਹੀ ਸੁੱਖੀ ਨੂੰ ਹਾਂ ਆਖ ਦਿੱਤੀ।
ਸੀਮਾਂ ਦੀ ਹਾਂ ਸੁਣ ਸੁੱਖੀ ਸੀਮਾਂ ਦੁਆਰਾ ਉਸਦੇ ਫੜੇ ਹੋਏ ਹੱਥ ਉੱਤੇ ਆਪਣਾ ਦੂਜਾ ਹੱਥ ਧਰਦੀ ਹੋਈ ਉਸਦੀਆਂ ਅੱਖਾਂ ਵਿਚ ਅੱਖਾਂ ਪਾ ਹੱਸਦੀ ਹੋਈ ਬੋਲੀ,“ ਪੱਕਾ ਵਾਅਦਾ ਕਰ ਮੁਕਰੇਂਗੀ ਤਾਂ ਨਹੀਂ।”
“ਨਹੀਂ, ਇਸ ਵਾਰ ਨਹੀਂ ਪੱਕਾ ਵਾਅਦਾ ਰਿਹਾ।” ਸੀਮਾਂ ਨੇ ਹੱਸ ਕੇ ਸੁੱਖੀ ਨੂੰ ਵਿਸ਼ਵਾਸ ਦਿਵਾਉਂਦਿਆਂ ਹੋਇਆਂ ਕਿਹਾ।
“ਦੇਖੀਂ ਕਿਤੇ ਪਿਛਲੇ ਸਾਲ ਵਾਂਗ ਨਾ ਕਰੀਂ।ਪਿਛਲੇ ਸਾਲ ਵੀ… ਤੇਰੇ ਕਾਰਨ ਕਿਤੇ ਘੁੰਮਣ ਜਾਣ ਦਾ ਪਰੋਗਰਾਮ ਰਹਿ ਗਿਆ ਸੀ …ਯਾਦ ਹੈ ਨਾ।” ਮਿੰਦੀ ਨੇ ਸੀਮਾਂ ਨੂੰ ਹਲਕਾ ਜਿਹਾ ਨਹੋਰਾ ਵੀ ਮਾਰਿਆ।
“ਨਹੀਂ ਇਸ ਵਾਰ ਨਹੀਂ।ਭਾਂਵੇ ਕੁਝ ਵੀ ਹੋ ਜਾਵੇ ਮੈਂ ਤੁਹਾਡੇ ਨਾਲ਼ ਜ਼ਰੂਰ ਜਾਵਾਂਗੀ।”
ਉਹ ਤਾਂ ਕਈ ਸਾਲਾਂ ਤੋਂ ਹੀ ਉਸ ਬਾਗ ਨੂੰ ਵੇਖਣਾ ਚਾਹੁੰਦੀ ਸੀ।ਪਰ ਹਰ ਵਾਰ ਸਮਾਂ ਉਸਦੇ ਅਨੁਕੂਲ ਨਾਂ ਹੁੰਦਾ।ਹਰ ਵਾਰ ਕੋਈ ਨਾਂ ਕੋਈ ਅਜਿਹਾ ਅੜਿਕਾ ਪੈਂਦਾ ਕਿ ਉਸਨੂੰ ਰੁਕਣਾ ਪੈਂਦਾ।ਇਸ ਵਾਰ ਉਹ ਫੁੱਲਾਂ ਦੇ ਬਾਗ ਨੂੰ ਵੇਖਣ ਲਈ ਜ਼ਰੂਰ ਜਾਵੇਗੀ।ਉਸਨੂੰ ਕੋਈ ਨਹੀਂ ਰੋਕ ਸਕੇਗਾ।ਉਸਨੇ ਆਪਣੇ ਆਪ ਨਾਲ਼ ਵਾਅਦਾ ਕੀਤਾ।
ਫੁੱਲਾਂ ਦਾ ਬਾਗ ਉਸਦੇ ਘਰ ਤੋਂ ਕੋਈ ਦੋ-ਢਾਈ ਸੌ ਕਿਲੋਮੀਟਰ ਦੀ ਦੂਰੀ ਤੇ ਸੀ।ਜਿਸ ਦੀ ਚਰਚਾ ਬਹੁਤ ਦੂਰ-ਦੂਰ ਤੱਕ ਸੀ।ਗਰਮੀਆਂ ਦੇ ਮੌਸਮ ਵਿਚ ਸਿਰਫ ਮਈ ਦੇ ਮਹੀਨੇ ਹੀ ਇਹ ਬਾਗ ਖੁੱਲਦਾ ਸੀ।ਇਸ ਸਮੇਂ ਇੱਥੇ ਇਸ ਤਰ੍ਹਾਂ ਦੇ ਫੁੱਲ ਖਿੜ੍ਹੇ ਹੁੰਦੇ ਕੇ ਵੇਖਣ ਵਾਲ਼ਿਆਂ ਦੀਆਂ ਅੱਖਾਂ ਅੱਡੀਆਂ ਰਹਿ ਜਾਂਦੀਆਂ।ਫੁੱਲਾਂ ਦੇ ਨਾਲ਼-ਨਾਲ਼ ਇੱਥੇ ਬਹੁਤ ਤਰ੍ਹਾਂ ਦੇ ਰੰਗਾਰੰਗ ਪ੍ਰੋਗਰਾਮ ਵੀ ਹੁੰਦੇ।ਇਹ ਬਾਗ ਕੋਈ ਦੋ-ਢਾਈ ਸੌ ਏਕੜਾਂ ਤੱਕ ਫੈਲਿਆ ਹੋਇਆ ਸੀ।
ਕੁਦਰਤ ਨੂੰ ਪਿਆਰ ਕਰਨ ਵਾਲ਼ੇ ਲੋਕ ਇੱਥੇ ਦੂਰੋਂ-ਦੂਰੋਂ ਪਹੁੰਚਦੇ ਤੇ ਫੁੱਲਾਂ ਵਿਚ ਆਪੋ-ਆਪਣੀਆਂ ਤਸਵੀਰਾਂ ਵੀ ਕਰਵਾਉਂਦੇ।ਰੰਗ-ਬਰੰਗੇ ਫੁੱਲ ਵੱਖ-ਵੱਖ ਕਤਾਰਾਂ ਵਿਚ ਏਨੇ ਸੁਹਣੇ ਲਗਦੇ ਕਿ ਇੰਝ ਜਾਪਦਾ ਸੀ ਕਿ ਜਿਵੇਂ ਪੂਰੀ ਦੀ ਪੂਰੀ ਕਾਇਨਾਤ ਇਸ ਧਰਤੀ ਉੱਪਰ ਵਿਛੀ ਪਈ ਹੋਵੇ।ਚੜ੍ਹਦੇ ਜੂਨ ਵਿਚ ਇਹਨਾਂ ਫੁੱਲਾਂ ਦੀ ਫਸਲ ਨੂੰ ਕੱਟ ਕੇ ਸਟੋਰਾਂ ਨੂੰ ਵੇਚ ਦਿੱਤਾ ਜਾਂਦਾ ਸੀ।ਬੱਸ ਇਹੀ ਇਕ ਮਹੀਨਾਂ ਸੀ ਜਦੋਂ ਲੋਕ ਫੁੱਲਾਂ ਦਾ ਲੁਤਫ ਲੈ ਸਕਦੇ ਸਨ।
ਸੀਮਾਂ ਨੂੰ ਤਾਂ ਕੁਦਰਤ ਨਾਲ਼ ਸ਼ੁਰੂ ਤੋਂ ਹੀ ਅੰਤਾਂ ਦਾ ਪਿਆਰ ਸੀ।ਉਹ ਆਪਣੇ ਘਰ ਵੀ ਤਰ੍ਹਾਂ- ਤਰ੍ਹਾਂ ਦੇ ਫੁੱਲ ਲਗਾ ਕਿ ਰੱਖਿਆ ਕਰਦੀ ਸੀ।ਹਰ ਕੋਈ ਉਸ ਦੁਆਰਾ ਲਾਏ ਗਏ ਫੁੱਲਾਂ ਦੇ ਬੂਟਿਆਂ ਨੂੰ ਵੇਖ ਉਸਦੀ ਤਾਰੀਫ ਕਰਨੋਂ ਨਾਂ ਰਹਿੰਦਾ।ਬਹਾਰ ਦੀ ਰੁੱਤ ਸਮੇਂ ਜਦ ਸੜਕਾਂ ਉੱਪਰ ਲੱਗੇ ਖੂਬਸੂਰਤ ਦਰੱਖਤ ਫੁੱਲਾਂ ਨਾਲ਼ ਲੱਦੇ ਜਾਂਦੇ ਤਾਂ ਉਹ ਉਹਨਾਂ ਨੂੰ ਵੇਖ-
ਵੇਖ ਫੁੱਲੀ ਨਾ ਸਮਾਉਂਦੀ ਤੇ ਚਾਅ ਚਾਅ ਨਾਲ਼ ਉਹਨਾਂ ਦੀਆਂ ਫੋਟੋਆਂ ਖਿੱਚਦੀ ਤੇ ਆਪਣੇ ਦੋਵੇਂ ਹੱਥ ਜੋੜ ਕੇ ਨਮਸਕਾਰ ਕਰਦੀ ਤੇ ਆਖਦੀ।
“ਬਲਿਹਾਰੀ ਕੁਦਰਤ ਵਸਿਆ
ਥੇਰਾ ਅੰਤ ਨਾ ਪਾਇਆ ਜਾਏ।”
ਸੁੱਖੀ ਨੂੰ ਹਾਂ ਕਰਨ ਤੋਂ ਬਾਅਦ ਇਕ ਅਜੀਬ ਕਿਸਮ ਦੀ ਖੁਸ਼ਬੂ ਉਸ ਦੇ ਅੰਦਰ ਫੈਲ ਗਈ ।ਭਾਂਵੇ ਉਸਨੂੰ ਕਨੇਡਾ ਆਈ ਨੂੰ ਕਈ ਸਾਲ ਹੋ ਗਏ ਸਨ ਪਰ ਉਸ ਬਾਗ ਨੂੰ ਵੇਖਣ ਜਾਣ ਦਾ ਉਸਦਾ ਕਦੇ ਸਬੱਬ ਨਹੀਂ ਸੀ ਬਣਿਆ।ਉਹ ਹਰ ਵਾਰ ਪਲ਼ੈਨ ਬਣਾਉਂਦੀ ਪਰ ਹਰ ਵਾਰ ਹੀ ਕੋਈ ਨਾਂ ਕੋਈ ਅੜਿਕਾ ਜ਼ਰੂਰ ਪੈ ਜਾਂਦਾ ਕਿੳਂੁਕਿ ਉਸਦਾ ਪਰਿਵਾਰ ਵੀ ਬਹੁਤ ਵੱਡਾ ਸੀ।ਤਿੰਨ ਬੱਚੇ,ਸਹੁਰਿਆਂ ਦਾ ਪਰਿਵਾਰ ਤੇ ਪੇਕਿਆਂ ਦਾ ਪਰਿਵਾਰ।ਉਹ ਹਰ ਇਕ ਦੀ ਮੱਦਦ ਕਰਨ ਲਈ ਮੂਹਰੇ ਹੁੰਦੀ।ਕਿਸੇ ਦਾ ਕੋਈ ਵੀ ਕੰਮ ਹੁੰਦਾ ਉਸਨੇ ਸੀਮਾਂ ਨੂੰ ਹੀ ਪਹਿਲਾਂ ਫੋਨ ਕਰਨਾ ਹੁੰਦਾ।ਸੀਮਾਂ ਨੇ ਵੀ ਨਾਂ ਦਿਨ ਵੇਖਣਾ ਨਾਂ ਰਾਤ ਵੇਖਣੀ ਉਸੇ ਵਕਤ ਹੀ ਭੈਣ-ਭਰਾਂਵਾ ਦਾ ਸਾਥ ਦੇਣ ਲਈ ਨਾਲ ਜਾ ਖੜ੍ਹਨਾ।
ਸੁੱਖੀ ਨੂੰ ਹਾਂ ਕਰਨ ਤੋਂ ਬਾਅਦ ਉਹ ਘਰ ਫੋਨ ਲਗਾਉਂਦੀ ਹੈ।ਆਪਣੇ ਪਤੀ ਤੇ ਆਪਣੇ ਬੱਚਿਆਂ ਨੂੰ ਕੱਲ ਦੀ ਪਲੈਨਿੰਗ ਬਾਰੇ ਦੱਸਦੀ ਹੈ।ਉਸਦੀ ਗੱਲ ਸੁਣ ਸਾਰੇ ਖੁਸ਼ ਹੁੰਦੇ ਹਨ ਖਾਸ ਕਰਕੇ ਉਸਦਾ ਵੱਡਾ ਬੇਟਾ ਸੂਰਜ।
ਸੂਰਜ ਮਾਂ ਨੂੰ ਆਖਦਾ ਹੈ,“ ਮਾਂ ਮੈਂ ਤਾਂ ਤੁਹਾਨੂੰ ਕਿੰਨੀ ਵਾਰੀ ਕਿਹਾ… ਲਾਈਫ ਨੂੰ ਇਨਜੁਆਏ ਕਰਿਆ ਕਰੋ…ਇਹ ਇਕ ਹੀ ਲਾਈਫ ਹੈ।ਤੁਸੀਂ ਫੁੱਲਾਂ ਨੂੰ ਕਿੰਨਾਂ ਪਿਆਰ ਕਰਦੇ ਹੋ ਇਸ ਕਰਕੇ …ਤੁਹਾਨੂੰ ਬਾਗ ਨੂੰ ਵੇਖਣ ਜ਼ਰੂਰ ਜਾਣਾ ਚਾਹੀਦਾ ਹੈ।”
ਸੀਮਾਂ ਸੂਰਜ ਦੀ ਗੱਲ ਸੁਣ ਕੇ ਉੱਚੀ-ਉੱਚੀ ਹੱਸਦੀ ਹੈ ਤੇ ਆਖਦੀ ਹੈ,“ਹਾਂ ਬਾਬਾ… ਤਾਂ ਹੀ ਤਾਂ ਇਸ ਵਾਰ ਜਾ ਰਹੀ ਹਾਂ…ਲਾਈਫ ਨੂੰ ਇਨਜੋਆਏ ਕਰਨ।”
“ਠੀਕ ਹੈ ਜ਼ਰੂਰ ਜਾਇਓ।ਕਿਤੇ ਮਿੱਸ ਨਾ ਕਰ ਦਿਓ।” ਇੰਨਾ ਆਖ ਕੇ ਸੂਰਜ ਨੇ ਫੋਨ ਰੱਖ ਦਿੱਤਾ।
“ਨਹੀਂ-ਨਹੀਂ ਇਸ ਵਾਰ ਮੈਂ ਮਿੱਸ ਨਹੀਂ ਕਰਾਂਗੀ।ਜ਼ਰੂਰ ਜਾਵਾਂਗੀ।” ਉਹ ਆਪਣੇ ਆਪ ਨਾਲ਼ ਵਾਅਦਾ ਕਰਦੀ ਹੋਈ ਆਪਣੇ ਆਪ ਨੂੰ ਆਖਦੀ ਹੈ।
ਬਰੇਕ ਤੋਂ ਬਾਅਦ ਸੀਮਾਂ ਦਾ ਕਿੰਨੀ ਛੇਤੀ ਸਮਾਂ ਲੰਘ ਗਿਆ ਉਸਨੂੰ ਪਤਾ ਵੀ ਨਾ ਲੱਗਿਆ।ਉਸਨੂੰ ਤਾਂ ਇੰਤਜ਼ਾਰ ਸੀ ਬੱਸ ਕੱਲ ਦਾ।
ਘਰ ਆ ਕੇ ਉਹ ਆਪਣੀ ਕੱਲ ਦੀ ਤਿਆਰੀ ਕਰਨ ਲੱਗੀ।ਉਸਦੇ ਅੰਦਰ ਇਕ ਅਜੀਬ ਚਾਅ ਠਾਠਾਂ ਮਾਰ ਰਿਹਾ ਸੀ ।ਇਕ ਤਾਂ ਫੁੱਲਾਂ ਦਾ ਬਾਗ ਵੇਖਣ ਦਾ ਚਾਅ ਤੇ ਦੂਜਾ ਸਹੇਲੀਆਂ ਦੇ ਨਾਲ਼ ਏਨੀ ਦੂਰ ਜਾਣ ਦਾ ਚਾਅ।ਉਹ ਪਹਿਲਾਂ ਕਦੇ ਵੀ ਆਪਣੀਆਂ ਸਹੇਲੀਆਂ ਦੇ ਨਾਲ਼ ਏਨੀ ਦੂਰ ਇੰਝ ਘੁੰਮਣ ਫਿਰਨ ਨਹੀਂ ਸੀ ਗਈ।ਉਸਨੇ ਆਪਣੀ ਅਲਮਾਰੀ ਵਿਚੋਂ ਕਈ ਤਰ੍ਹਾਂ ਦੇ ਸੂਟ ਕੱਢੇ।ਉਹ ਵਧੀਆ ਤੋਂ ਵਧੀਆ ਸੂਟ ਪਾਉਣਾ ਚਹੁੰਦੀ ਸੀ ਤਾਂ ਕਿ ਫੁੱਲਾਂ ਦੇ ਨਾਲ ਵਧੀਆ-ਵਧੀਆ ਫੋਟੋਆਂ ਕਰਵਾ ਸਕੇ।ਉਸਨੂੰ ਏਨੀ ਖੁਸ਼ੀ ਤਾਂ ਕਦੇ ਕਿਸੇ ਵਿਆਹ ਤੇ ਜਾਣ ਵੇਲ਼ੇ ਵੀ ਨਹੀਂ ਸੀ ਹੋਈ ਜਿੰਨੀ ਕੱਲ੍ਹ ਨੂੰ ਜਾਣ ਦੀ ਹੋ ਰਹੀ ਸੀ।
ਪੂਰੀ ਰਾਤ ਉਹ ਸੁਪਨਿਆਂ ਦੇ ਬਾਗ ਅੰਦਰ ਹੀ ਟਹਿਲਦੀ ਰਹੀ।ਰੰਗ-ਬਰੰਗੇ ਫੁੱਲਾਂ ਨੂੰ ਉਹ ਹੱਥਾਂ ਵਿਚ ਮਲਕੜੇ ਜਿਹੇ ਫੜ੍ਹਦੀ,ਚੁੰਮਦੀ ਤੇ ਉਹਨਾਂ ਨਾਲ਼ ਗੱਲਾਂ ਕਰਦੀ।ਉਸਨੂੰ ਜਾਪਦਾ ਕਿ ਜਿਵੇਂ ਫੁੱਲ ਵੀ ਉਸ ਨੂੰ ਵੇਖ-ਵੇਖ ਕੇ ਖੁਸ਼ ਹੋ ਰਹੇ ਹੋਣ ਤੇ ਉਸ ਨਾਲ਼ ਗੱਲਾਂ ਕਰ ਰਹੇ ਹੋਣ।ਸੁਪਨੇ ਵਿਚ ਹੀ ਹਜ਼ਾਰਾਂ ਹੀ ਫੋਟੋਆਂ ਉਸਨੇ ਆਪਣੇ ਕੈਮਰੇ ਵਿਚ ਬੰਦ ਕਰ ਲਈਆਂ ਸਨ।ਇਹੋ ਜਿਹਾ ਹੁਸੀਨ ਨਜ਼ਾਰੇ ਵਾਲ਼ਾ ਸੁਪਨਾ ਉਸਨੇ ਜ਼ਿੰਦਗੀ ਵਿਚ ਪਹਿਲੀ ਵਾਰੀ ਹੀ ਵੇਖਿਆ ਸੀ।
ਟਰਨ-ਟਰਨ
… …
ਫੋਨ ਦੀ ਘੰਟੀ ਵੱਜਦੀ ਸੁਣ ਉਸਨੇ ਟਾਈਮ ਵੇਖਿਆ ਸਵੇਰ ਦੇ ਚਾਰ ਵੱਜੇ ਸਨ।ਉਹਨਾਂ ਨੇ ਘਰੋਂ ਸੱਤ ਵਜੇ ਤੁਰਨਾ ਸੀ।
“ਸੁੱਖੀ ਦਾ ਫੋਨ!” ਉਹ ਫੋਨ ਵੱਲ ਨੂੰ ਜਾਂਦੀ ਹੋਈ ਬੋਲੀ।
ਫੋਨ ਚੁੱਕਦਿਆਂ ਉਸਨੇ ਹੈਲੋ ਆਖੀ ਸੁੱਖੀ ਨਹੀਂ ਉਸਦੀ ਨਣਾਨ ਪੰਮੀ ਦਾ ਫੋਨ ਸੀ।
“ਹਾ…ਏ ਸੀਮਾਂ ਸੌਰੀ ਮੈਂ ਤੈਨੂੰ ਸਵੇਰੇ-ਸਵੇਰੇ ਜਗਾ ਰਹੀਂ ਹਾਂ।” ਉਸਦੀ ਨਣਾਨ ਨੇ ਦਰਦ ਭਰੀ ਆਵਾਜ਼ ਵਿਚ ਕਿਹਾ।
“ਕੋਈ ਗੱਲ ਨਹੀਂ …ਸੁੱਖ ਤਾਂ ਹੈ …ਪੰਮੀ।”
“ਸੁੱਖ ਤਾਂ ਹੈ ਪਰ ਮੇਰੇ ਢਿੱਡ ਵਿਚ ਸੱਜੇ ਪਾਸੇ ਨੂੰ ਬਹੁਤ ਜੋਰਾਂ ਦਾ ਦਰਦ ਹੋ ਰਿਹਾ ਹੈ ਪਲੀਜ਼ ਤੂੰ ਛੇਤੀ-ਛੇਤੀ ਆ ਜਾਹ ਤੇ ਮੈਨੂੰ ਹਸਪਤਾਲ ਲੈ ਜਾਹ।”
“ਢਿੱਡ ਵਿਚ ਦਰਦ…! ਕਦੋਂ ਤੋਂ ਹੋ ਰਿਹਾ?” ਸੀਮਾਂ ਨੇ ਕਾਹਲੀ-ਕਾਹਲ਼ੀ ਵਿਚ ਆਪਣੀ ਨਣਾਨ ਨੂੰ ਪੁੱਛਿਆ ।
“ਹਾਂ ਸੱਜੇ ਪਾਸੇ…ਉਂਝ ਤਾਂ ਕੱਲ ਸ਼ਾਮ ਦਾ ਹੀ ਹੋ ਰਿਹਾ ਸੀ …ਪਰ ਮੈਂ … ਗੌਲ਼ਿਆ ਨਹੀਂ …ਕੇ ਆਪੇ ਹਟ ਜਾਵੇਗਾ ਪਰ ਹੁਣ ਤਾਂ… ਇਸਨੇ ਮੇਰੀ ਬੱਸ ਕਰਵਾ ਦਿੱਤੀ ਹੈ।ਹਾਰ ਕੇ ਮੈਂ… ਤੈਨੂੰ ਫੋਨ ਕੀਤਾ।ਤੂੰ ਫਟਾ-ਫਟ ਆ ਜਾਹ।ਹਸਪਤਾਲ ਜਾਣਾ ਪੈਣੈਂ।ਰੱਬ ਤੇਰਾ ਭਲਾ ਕਰੇ।” ਦਰਦ ਨਾਲ ਕਰਲਾਉਂਦੀ ਪੰਮੀ ਬੋਲੀ।
“ਕੋਈ ਗੱਲ ਨਹੀਂ ਪੰਮੀ ਮੈਂ ਹੁਣੇ ਆਈ।ਤੂੰ ਫਿਕਰ ਨਾ ਕਰ।”
ਪੰਮੀ ਦਾ ਫੋਨ ਸੁਣ ਕੇ ਸੀਮਾਂ ਦੇ ਜਿਵੇਂ ਸੌ ਘੜਾ ਪਾਣੀ ਦਾ ਸਿਰ ਵਿਚ ਪੈ ਗਿਆ ਹੋਵੇ।ਉਹ ਉਸੇ ਵਕਤ ਹੀ ਸੁੰਨ ਜਿਹੀ ਹੋ ਗਈ।ਉਸਨੂੰ ਕੁਝ ਸੁੱਝ ਨਹੀਂ ਸੀ ਰਿਹਾ ਕਿ ਉਹ ਕੀ ਕਰੇ।ਨਣਾਨ ਦੀ ਪੀੜਾ ਵੀ ਏਨੀ ਗਹਿਰੀ ਸੀ ਕਿ ਉਸ ਨੂੰ ਉਸ ਤੋਂ ਜੁਆਬ ਨਾਂ ਦਿੱਤਾ ਗਿਆ।ਉਸਨੇ ਫਟਾ-ਫਟ ਆਪਣੇ ਮੂੰਹ ਤੇ ਪਾਣੀ ਦੇ ਛਿੱਟੇ ਮਾਰੇ ਤੇ ਨਣਾਨ ਵੱਲ ਜਾਣਾ ਹੀ ਬੇਹਤਰ ਸਮਝਿਆ।
ਜਾਣ ਤੋਂ ਪਹਿਲਾਂ ਉਹ ਡਰਦੀ-ਡਰਦੀ ਆਪਣੀ ਸਹੇਲੀ ਸੁੱਖੀ ਨੂੰ ਫੋਨ ਲਗਾਉਂਦੀ ਹੈ ਤੇ ਸਾਰੀ ਗੱਲ ਉਸਨੂੰ ਦੱਸਦੀ ਹੈ।
ਸੁੱਖੀ ਉਸਦੀ ਗੱਲ ਸੁਣ ਇਕ ਦਮ ਭਬਕ ਜਾਂਦੀ ਹੈ ਤੇ ਖਿਝ ਕੇ ਉਸਨੂੰ ਆਖਦੀ ਹੈ,“ ਸੀਮਾਂ ਤੈਨੂੰ ਪਤਾ ਕੇ ਤੂੰ ਆਪਣਾ ਵਾਅਦਾ ਤੋੜ ਰਹੀ ਹੈਂ। ਕੱਲ ਤੂੰ ਮੇਰੇ ਨਾਲ਼ ਵਾਅਦਾ ਕੀਤਾ ਸੀ ਕਿ ਭਾਂਵੇ ਕੁਝ ਵੀ ਹੋ ਜਾਵੇ ਮੈਂ ਜ਼ਰੂਰ ਜਾਵਾਂਗੀ।”
“ਹਾਂ ਕੀਤਾ ਸੀ ਪਰ ਮੈਂ ਕੀ ਕਰਾਂ…ਮੈਨੂੰ ਮੁਆਫ ਕਰ ਸੁੱਖੀ…ਮੇਰੀ ਵੀ ਅਚਾਨਕ ਮਜ਼ਬੂਰੀ ਹੋ ਗਈ ਹੈ।” ਸੀਮਾਂ ਨੇ ਆਪਣੇ ਵੱਲੋਂ ਸਫਾਈ ਪੇਸ਼ ਕੀਤੀ।
“ਮਜ਼ਬੂਰੀ ਨੂੰ ਕੀ ਹੈ …ਤੂੰ ਕਿਸੇ ਹੋਰ ਨੂੰ ਭੇਜ਼ ਦੇ… ਆਪਣੀ ਨਣਦ ਨਾਲ਼ …ਏਨਾਂ ਵੱਡਾ ਟੱਬਰ ਹੈ ਤੁਹਾਡਾ।ਹੁਣ ਤੂੰ …ਇੰਝ ਨਾ ਕਰ ਸਾਡੇ ਨਾਲ਼।” ਸੁੱਖੀ ਸੀਮਾਂ ਨੂੰ ਪਤਿਆਉਂਦੀ ਹੋਈ ਬੋਲੀ।
“ ਨਹੀਂ ਸੁੱਖੀ… ਮੈਨੂੰ ਤੁਸੀਂ ਸਾਰੀਆਂ ਜਾਣੀਆਂ ਮੁਆਫ ਕਰ ਦਿਓ।ਮੈਂ ਪੰਮੀ ਨੂੰ ਇੰਝ ਛੱਡ ਕੇ ਨਹੀਂ ਜਾ ਸਕਦੀ।”
“ਕਿਉਂ ਨਹੀਂ ਜਾ ਸਕਦੀ,ਜੇਕਰ ਤੂੰ ਜਾਣਾ ਚਾਹੇਂ ਤਾਂ ਜ਼ਰੂਰ ਜਾ ਸਕਦੀ ਹੈਂ।” ਸੁੱਖੀ ਨੇ ਗੱਸੇ ਨਾਲ਼ ਸੀਮਾਂ ਨੂੰ ਕਿਹਾ।
“ਨਹੀਂ ਜਾ ਸਕਦੀ।”
“ਕਿਉਂ?”
“ਕਿਉਂਕਿ ਹਰ ਰਿਸ਼ਤੇ ਦੀ ਇਕ ਆਪਣੀ ਇਕ ਅਹਿਮੀਅਤ ਹੁੰਦੀ ਹੈ ਤੇ ਰਿਸ਼ਤੇ ਵੀ ਫੁੱਲਾਂ ਵਰਗੇ ਹੁੰਦੇ ਹਨ।” ਸੀਮਾਂ ਨੇ ਏਨਾਂ ਆਖ ਫੋਨ ਰੱਖ ਦਿੱਤਾ।
ਉਸਨੇ ਫਟਾ ਫਟ ਆਪਣੇ ਕੱਪੜੇ ਬਦਲੇ।ਕਾਰ ਦੀ ਚਾਬੀ ਚੁੱਕੀ ਤੇ ਪੰਮੀ ਦੇ ਘਰ ਵੱਲ ਨੂੰ ਆਪਣੀ ਕਾਰ ਪਾ ਲਈ।ਉਹ ਰਸਤੇ ਵਿਚ ਕਦੇ ਪੰਮੀ ਤੇ ਹਿਰਖ ਕਰਦੀ ਕਿ ਉਸਨੇ ਉਸਦਾ ਅੱਜ ਬਣਿਆ-ਬਣਾਇਆ ਪਲ਼ੈਨ ਫੇਲ ਕਰ ਦਿੱਤਾ ਹੈ ਤੇ ਕਦੇ ਉਸ ਤੇ ਤਰਸ ਕਰਦੀ ਕਿ ਪਤਾ ਨਹੀ ਵਿਚਾਰੀ ਕਿੰਨੇ ਕੁ ਦਰਦ ਵਿਚ ਦੀ ਲੰਘ ਰਹੀ ਹੋਵੇਗੀ।ਉਸਦਾ ਮਨ ਬਹੁਤ ਉਦਾਸ ਸੀ ਪਰ ਉਹ ਕਿਸੇ ਕੀਮਤ ਤੇ ਪੰਮੀ ਨੂੰ ਵੀ ਇਸ ਹਾਲਤ ਵਿਚ ਇਕੱਲਿਆਂ ਛੱਡ ਨਹੀਂ ਸੀ ਸਕਦੀ।
ਉਹ ਕਾਹਲ਼ੀ-ਕਾਹਲ਼ੀ ਨਾਲ਼ ਕਾਰ ਚਲਾ ਪੰਮੀ ਦੇ ਘਰ ਪਹੁੰਚੀ।ਪੰਮੀ ਦੀ ਦਰਦ ਨਾਲ਼ ਹਾਲਤ ਬਹੁਤ ਖਰਾਬ ਹੋ ਰਹੀ ਸੀ।ਉਸਨੇ ਉਸਨੂੰ ਕਾਰ ਵਿਚ ਬਿਠਾਇਆ ਤੇ ਹਸਪਤਾਲ ਪਹੁੰਚ ਗਈ।ਹਸਪਤਾਲ ਵਿਚ ਜਾਣ ਸਾਰ ਪੰਮੀ ਦੀ ਪੂਰੀ ਚੈੱਕ ਅੱਪ ਕੀਤੀ ਗਈ।ਅਖੀਰ ਡਾਕਟਰ ਨੇ ਸੀਮਾਂ ਕੋਲ਼ ਆ ਕੇ ਕਿਹਾ,“ ਸੀਮਾਂ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਆਪਣੀ ਦੀਦੀ ਨੂੰ ਠੀਕ ਸਮੇਂ ਤੇ ਲੈ ਆਏ ਹੋ ਕਿਉਂਕਿ ਇਹਨਾਂ ਦਾ ਦਰਦ ਅਪੈਂਡਿਕਸ ਦਾ ਦਰਦ ਹੈ।ਜਿਸ ਦੀ ਸਾਨੁੰ ਹੁਣੇ ਹੀ ਸਰਜਰੀ ਕਰਨੀ ਪਵੇਗੀ। ਜੇਕਰ ਤੁਸੀਂ ਕੁਝ ਚਿਰ ਲੇਟ ਹੋ ਜਾਂਦੇ ਤਾਂ ਇਹਨਾਂ ਨੂੰ ਕੁਝ ਵੀ ਹੋ ਸਕਦਾ ਸੀ।”
ਸੀਮਾਂ ਨੇ ਡਾਕਟਰ ਅੱਗੇ ਆਪਣੇ ਹੱਥ ਜੋੜ ਦਿੱਤੇ।ਉਸ ਤੋਂ ਭਰੀਆਂ ਅੱਖਾਂ ਤੇ ਉਦਾਸ ਮਨ ਨਾਲ਼ ਕੁਝ ਨਾ ਬੋਲਿਆ ਗਿਆ।ਪੰਮੀ ਨੂੰ ਅਪ੍ਰੇਸ਼ਨ ਕਰਨ ਲਈ ਅਪਰੇਸ਼ਨ ਥਿਏਟਰ ਵਿਚ ਲਿਜਾਇਆ ਗਿਆ। ਸੀਮਾਂ ਬਾਹਰ ਬੈਠੀ ਉਸਦੀ ਸਿਹਤਯਾਬੀ ਲਈ ਅਰਦਾਸਾਂ ਕਰ ਰਹੀ ਸੀ।ਹੁਣ ਉਸਨੂੰ ਆਪਣੀਆਂ ਸਹੇਲੀਆਂ ਦੇ ਨਾਲ਼ ਨਾਂ ਜਾਣ ਦਾ ਕੋਈ ਗਿਲਾ ਨਹੀਂ ਸੀ ਉਹ ਤਾਂ ਬਲਕਿ ਕੁਦਰਤ ਦਾ ਧੰਨਵਾਦ ਕਰ ਰਹੀ ਸੀ ਕਿ ਉਸਨੇ ਸਮੇਂ ਸਿਰ ਆਪਣੇ ਪਤੀ ਦੀ ਭੈਣ ਨੂੰ ਹਸਪਤਾਲ ਲੈ ਆਂਦਾ ਕਿਸ ਕਾਰਨ ਉਸਦੀ ਜਾਨ ਬਚ ਗਈ।ਉਹ ਦੋਵੇਂ ਹੱਥ ਜੋੜ ਕੁਦਰਤ ਦਾ ਧੰਨਵਾਦ ਕਰਨ ਲੱਗੀ।ਅਚਾਨਕ ਉਸਦੇ ਫੋਨ ਦੀ ਘੰਟੀ ਵੱਜਣੀ ਸ਼ੁਰੂ ਹੋ ਗਈ।ਇਹ ਫੋਨ ਉਸਦੇ ਬੇਟੇ ਸੂਰਜ ਦਾ ਫੋਨ ਸੀ।
“ਮਾਂ ਕਿਵੇਂ ਹੋ,ਕਿੰਨੇ ਕੁ ਐਕਸਾਈਟਡ ਹੋ।” ਸੂਰਜ ਮਾਂ ਨੂੰ ਫੋਨ ਤੇ ਪੁੱਛਣ ਲੱਗਾ।
“ਐਕਸਾਈਟਿਡ…।”
ਸੀਮਾਂ ਸਹਿਜਤਾ ਨਾਲ਼ ਬੋਲ਼ੀ।
“ ਹਾਂ ਫੁੱਲਾਂ ਦਾ ਬਾਗ ਵੇਖਣ ਲਈ।” ਸੂਰਜ ਨੇ ਕਿਹਾ।
“ਨਹੀਂ ਬੇਟਾ।ਮੈਂ ਇਸ ਵਾਰ ਵੀ ਨਹੀਂ ਜਾ ਸਕੀ।” ਸੀਮਾਂ ਨੇ ਧੀਮੀ ਆਵਾਜ਼ ਵਿਚ ਕਿਹਾ।
“ਕਿਉਂ ਮੌਮ?”
“ਬੇਟੇ ਮੈਂਨੂੰ ਤੇਰੇ ਭੂਆ ਜੀ ਨੂੰ ਹਸਪਤਾਲ ਲਿਆਉਣਾ ਪਿਆ।”
“ ਭੂਆ ਜੀ ਨੂੰ ਹਸਪਤਾਲ!”
“ਕਿਉਂ?”
ਸੀਮਾਂ ਨੇ ਸੂਰਜ ਨੂੰ ਸਾਰੀ ਗੱਲ ਫੋਨ ਉੱਤੇ ਦੱਸ ਦਿੱਤੀ।
ਮਾਂ ਦੀ ਗੱਲ ਸੁਣ ਸੂਰਜ ਢਿੱਲੀ ਜਿਹੀ ਆਵਾਜ਼ ਵਿਚ ਕਹਿਣ ਲੱਗਾ,“ਮਾਂ ਤੁਸੀਂ ਭੂਆ ਜੀ ਨੂੰ ਪਾਪਾ ਜੀ ਨਾਲ਼ ਭੇਜ਼ ਦੇਣਾ ਸੀ ਤੇ ਤੁਸੀਂ ਆਪਣੀਆਂ ਸਹੇਲੀਆਂ ਨਾਲ਼ ਇਨਜੁਆਏ ਕਰਨ ਜਾਣਾ ਸੀ।”
“ਨਹੀਂ ਬੇਟਾ, ਭੂਆ ਜੀ ਨਾਲ਼ ਮੇਰਾ ਹੀ ਜਾਣਾ ਜ਼ਰੂਰੀ ਸੀ ਕਿਉਂੁਕ ਇਕ ਔਰਤ ਦਾ ਦਰਦ ਇਕ ਔਰਤ ਹੀ ਸਮਝ ਸਕਦੀ ਹੈ।”
ਸੂਰਜ ਸੀਮਾਂ ਦਾ ਸਭ ਤੋਂ ਵੱਡਾ ਬੇਟਾ ਸੀ ਤੇ ਸੀ ਵੀ ਸੀਮਾਂ ਦੀ ਹੂ ਬ ਹੂ ਕਾਪੀ।ਦੋਨਾਂ ਦਾ ਆਪਸ ਵਿਚ ਬਹੁਤ ਗੂੜ੍ਹਾ ਪਿਆਰ ਸੀ।ਉਹ ਮਾਂ ਦੀ ਪਸੰਦ ਨਾ-ਪਸੰਦ ਸਭ ਜਾਣਦਾ ਸੀ ਤੇ ਮਾਂ ਦਾ ਪੂਰਾ ਖਿਆਲ ਰੱਖਦਾ ਸੀ।ਕਈ ਵਾਰੀ ਉਸਦੇ ਦੂਜੇ ਭੈਣ-ਭਰਾ ਉਸਨੂੰ ਮਾਮਜ਼-ਬੁਆਏ ਆਖ ਕੇ ਵੀ ਛੇੜਦੇ ਸਨ।
ਮਾਂ ਦੀ ਗੱਲ ਸੁਣ ਸੂਰਜ ਨੇ ਓ ਕੇ ਬਾਏ ਆਖ ਕੇ ਫੋਨ ਰੱਖ ਦਿੱਤਾ।ਫੋਨ ਬੰਦ ਕਰ ਸੀਮਾਂ ਪੰਮੀ ਦੇ ਬਾਹਰ ਆਉਣ ਦੀ ਉਡੀਕ ਕਰਨ ਲੱਗੀ।
ਅਪਰੇਸ਼ਨ ਠੀਕ-ਠਾਕ ਹੋ ਗਿਆ ਸੀ।ਪੰਮੀ ਭਾਂਵੇ ਨਿਢਾਲ਼ ਪਈ ਸੀ ਪਰ ਫਿਰ ਵੀ ਉਹ ਵਾਰ-ਵਾਰ ਸੀਮਾਂ ਦਾ ਧੰਨਵਾਦ ਕਰ ਰਹੀ ਸੀ ਕਿ ਉਸਨੇ ਉਸਨੂੰ ਸਮੇਂ ਸਿਰ ਲੈ ਆਂਦਾ ਜਿਸ ਕਾਰਨ ਉਸਦੀ ਜਾਨ ਬਚ ਗਈ ਸੀ।
ਹਸਪਤਾਲ਼ ਵਿਚੋਂ ਪੰਮੀ ਨੂੰ ਛੁੱਟੀ ਮਿਲਣ ਪਿੱਛੋਂ ਸੀਮਾਂ ਘਰ ਆਉਂਦੀ ਹੈ।ਉਸਦਾ ਬੇਟਾ ਸੂਰਜ ਉਸਨੂੰ ਮਿਲ਼ਦਾ ਹੈ।ਉਸ ਕੋਲ਼ ਤਾਜ਼ੇ ਫੁੱਲਾਂ ਦਾ ਗੁਲਦਸਤਾ ਹੁੰਦਾ ਹੈ ਤੇ ੳੇੁਹ ਆਪਣੀ ਮਾਂ ਨੂੰ ਫੜ੍ਹਾਉਂਦਿਆਂ ਹੋਇਆਂ ਆਖਦਾ ਹੈ,“ ਮਾਂ ਇਹ ਤੁਹਾਡੇ ਲਈ ਹਨ।”
“ਮੇਰੇ ਲਈ…!”
“ਹਾਂ”
“ਪਰ ਬੇਟਾ ...ਨਾ ਅੱਜ ਮੇਰਾ ਜਨਮ ਦਿਨ…ਨਾ ਮਦਰਜ਼ ਡੇ ਤੇ ਫਿਰ ਇਹ ਤਾਜ਼ੇ ਫੁੱਲ ਕਿਉਂ?” ਸੀਮਾਂ ਸੂਰਜ ਨੂੰ ਹੈਰਾਨੀ ਨਾਲ਼ ਪੁੱਛਦੀ ਹੈ।
“ ਹਾਂ ,ਮਾਂ ਇਹ ਇਸ ਕਰਕੇ ਹਨ ਕਿਉਂੁਕ ਤਸੀਂ ਬਹੁਤ ਨਾਈਸ ਹੋ ਅਤੇ ਬਹੁਤ ਕੇਅਰਿੰਗ ਹੋ।ਮਾਂ ਮੈਂ ਵੀ ਤੁਹਾਡੇ ਵਰਗਾ ਬਣਨਾ ਚਾਹੁੰਦਾ ਹਾਂ।” ਸੂਰਜ ਨੇ ਮਾਂ ਦੇ ਨਾਲ਼ ਲੱਗਦਿਆਂ ਹੋਇਆਂ ਕਿਹਾ।
ਸੀਮਾਂ ਨੇ ਇਕ ਹੱਥ ਨਾਲ਼ ਫੁੱਲ ਫੜ੍ਹ ਅਤੇ ਦੂਜੇ ਹੱਥ ਨਾਲ਼ ਆਪਣੇ ਸੂਰਜ ਨੂੰ ਗਲਵੱਕੜੀ ਵਿਚ ਲੈ ਲਿਆ।
ਤਾਜ਼ੇ ਫੁੱਲਾਂ ਦੀ ਮਹਿਕ ਦੇ ਨਾਲ਼-ਨਾਲ਼ ਉਸਦੇ ਬੇਟੇ ਦੁਆਰਾ ਬੋਲੇ ਗਏ ਸ਼ਬਦਾਂ ਦੀ ਮਹਿਕ ਨੇ ਉਸਦਾ ਤਨ-ਮਨ ਮਹਿਕਾ ਦਿੱਤਾ ਸੀ ।ਉਸਨੂੰ ਇੰਝ ਮਹਿਸੂਸ ਹੋਇਆ ਜਿਵੇਂ ਫੁੱਲਾਂ ਦਾ ਬਾਗ ਉਸਦੇ ਘਰ ਦੇ ਅੰਦਰ ਹੀ ਹੋਵੇ।