ਮਾਂ ਗੁਜਰੀ ਇਸ ਧਰਤੀ ਨੂੰ,
ਤੂੰ ਕੈਸੇ ਪੁੱਤ ਨਾਲ ਨਵਾਜਿਆ ਏ,
ਚਿੜੀਆਂ ਨੂੰ ਜਿਹਨੇ ਬਾਜ਼ ਬਣਾਇਆ,
ਜਿਹਨੇ ਪੰਥ ਖਾਲਸਾ ਸਾਜਿਆ ਏ।
ਉਹਦਾ ਇੱਕ-ਇੱਕ ਸਿੱਖ ਸਵਾ ਲੱਖ ਨਾਲ,
ਕਿੰਝ ਸ਼ੇਰਾਂ ਵਾਂਗੂੰ ਭਿੜਿਆ ਏ,
ਮਾਂ ਗੁਜਰੀ ਤੇਰੀ ਗੋਦੜੀ ਚ,
ਇਹ ਕਿਹੋ ਜਿਹਾ ਫੁੱਲ ਖਿੜਿਆ ਏ।
ਉਹਨੇ ਮਹਿਕ ਖਿਲਾਰੀ ਸਿੱਖੀ ਦੀ,
ਉਹਦਾ ਸਿੰਘ ਲੱਖਾਂ ਵਿੱਚ ਦਿਸਦਾ ਏ,
ਮਾਂ ਗੁਜਰੀ ਪੂਰੀ ਦੁਨੀਆਂ ਤੇ,
ਤੇਰੇ ਪੁੱਤ ਵਰਗਾ ਪੁੱਤ ਕਿਸਦਾ ਏ।
ਉਹਨੇ ਪਿਤਾ ਤੋਰਕੇ ਦਿੱਲੀ ਨੂੰ,
ਆਂਚ ਆਉਣ ਨਾ ਦਿੱਤੀ ਜੰਜੂਆਂ ਤੇ,
ਬਾਰੋ-ਬਾਰੀ ਪੁੱਤ ਤੋਰ ਦਿੱਤੇ,
ਕਿਵੇਂ ਰੋਕ ਲਗਾਈ ਹੰਝੂਆਂ ਤੇ।
ਉਹਦੀ ਤਕਲੀਫ ਸੀ ਰਾਜਿਆਂ ਨੂੰ,
ਕਿਉਂ ਨੀਵਿਆਂ ਨੂੰ ਉੱਤੇ ਚੱਕਦਾ ਏ,
ਉਹਨਾਂ ਦੇ ਸਿਰ ਤੇ ਰੱਖ ਪਗੜੀ,
ਕਿਉਂ ਰਾਜਿਆਂ ਵਾਂਗ ਰੱਖਦਾ ਏ।
ਉਹ ਲੜਿਆ ਨਾ ਦੌਲਤ ਸ਼ੋਹਰਤ ਲਈ,
ਨਾ ਕਿਸੇ ਧਰਮ ਦਾ ਵੈਰੀ ਸੀ,
ਨਾ ਰਾਜ ਸੱਤਾ ਦੀ ਭੁੱਖ ਉਸਨੂੰ,
ਨਾ ਉਹਦੇ ਲਈ ਕੋਈ ਗੈਰੀ ਸੀ।
ਇਹ ਕੈਸਾ ਮਰਦ ਦਲੇਰ ਬਹਾਦਰ,
ਇਹ ਕੈਸਾ ਕਵੀ ਵਿਦਵਾਨ ਹੋਇਆ,
ਔਰੰਗਜ਼ੇਬ ਪੜ੍ਹਕੇ ਜਫਰਨਾਮਾ ਜਿਸਦਾ,
ਸਿੱਧਾ ਦਫਨ ਕਬਰਿਸਤਾਨ ਹੋਇਆ।
ਮਾਂ ਗੁਜਰੀ ਤੂੰ ਸਭ ਵੇਖਿਆ ਅੱਖੀਂ,
ਕਿੰਨਾ ਜਿਗਰਾ ਤੇਰਾ ਵਿਸ਼ਾਲ ਹੋਣਾ,
ਪਰਿਵਾਰ ਉੱਜੜਦਾ ਵੇਖ ਤੇਰਾ,
ਰੱਬ ਵੀ ਹੋਇਆ ਬੇਹਾਲ ਹੋਣਾ।
ਮੇਰੀ ਕਲਮ ਹੈ ਕੰਬ-ਕੰਬ ਲਿਖ ਰਹੀ,
ਉਹਦੀ ਕਲਮ ਅੱਗੇ ਸਭ ਬੋਨਾ ਏ,
ਮਾਂ ਗੁਜਰੀ ਤੇਰੇ ਪੁੱਤ ਜਿਹਾ ਪੁੱਤ,
ਨਾ ਜੰਮਿਆਂ ਨਾ ਕਦੇ ਹੋਣਾ ਏ ।