ਨਵੇਂ ਸਾਲ ਦਾ ਨਵਾਂ ਸਵੇਰਾ, ਗੀਤ ਨਵਾਂ ਕੋਈ ਗਾਈਏ !
ਭੁੱਲ ਭੁਲਾ ਕੇ ਬੀਤੀਆਂ ਗੱਲਾਂ ਸਭ ਨੂੰ ਗਲੇ ਲਗਾਈਏ !
ਪਿਆਰ ਮੁਹੱਬਤ ਵਰਗੀਆਂ ਗੱਲਾਂ ਕਰੀਏ 'ਕੱਠੇ ਬਹਿ ਕੇ,
ਦੁਨੀਆਂ ਬਹੁਤ ਨਿਰਾਲੀ ਇੱਥੋਂ ਕੁਝ ਨਹੀਂ ਜਾਣਾ ਲੈ ਕੇ,
ਦੁੱਖ ਪੀੜ ਦੀਆਂ ਸਾਂਝਾ ਬਹਿ ਕੇ ਆਪਸ ਵਿੱਚ ਵਟਾਈਏ !
ਨਵੇਂ ਸਾਲ ਵਿੱਚ ਆਵੋ ਰਲਕੇ ਬਣੀਏ ਇੱਕ ਤਰਾਨਾ,
ਪਾਈਏ ਸਾਂਝ ਮੁਹੱਬਤ ਵਾਲੀ ਰੱਖੂ ਯਾਦ ਜਮਾਨਾ,
ਪ੍ਰੀਤ ਪ੍ਰੀਤ ਹੋ ਸਾਰੇ ਮਾਨਵ ਸਾਂਝ ਪਿਆਰ ਦੀ ਪਾਈਏ !
ਊਚ ਨੀਚ ਦਾ ਫਰਕ ਮਿਟਾ ਕੇ ਬਣੀਏ ਭਾਰਤ ਵਾਸੀ,
ਹਰ ਇੱਕ ਦਿਲ ਵਿੱਚ ਖੁਸ਼ੀਆਂ ਨੱਚਣ ਹੋਵੇ ਦੂਰ ਉਦਾਸੀ,
ਹਰ ਇੱਕ ਮਨ ਨੂੰ ਖੁਸ਼ੀਆਂ ਦੇ ਕੇ ਸਾਂਝਾਂ ਹੋਰ ਵਧਾਈਏ !
ਸਾਫ ਸਫਾਈ ਆਲੇ ਦੁਆਲੇ ਰੱਖਾਂਗੇ ਸਭ ਰਲਕੇ,
ਕੰਮ ਅੱਜ ਦਾ ਅੱਜੇ ਕਰਨਾ ਕਰਨਾ ਨਹੀਓਂ ਭਲਕੇ,
ਨਵੇ ਸਾਲ ਵਿੱਚ ਨਵੀਆਂ ਗੱਲਾਂ ਕਰਕੇ ਸਭ ਵਿਖਾਈਏ !
ਅਨਪੜ੍ਹ ਦਾ ਅਪਮਾਨ ਨਾ ਕਰੀਏ ਨਾ ਕਿਸੇ ਨੂੰ ਭੰਡੀਏ,
ਵਿੱਦਿਆ ਦਾ ਸਗੋਂ ਚਾਨਣ ਬਣ ਕੇ ਸਭ ਨੂੰ ਵਿੱਦਿਆ ਵੰਡੀਏ,
ਅਨਪੜ੍ਹ ਬੱਚਿਆਂ ਨੂੰ ਵੀ ਸਾਰੇ ਅੱਖਰਾਂ ਸੰਗ ਰੁਸ਼ਨਾਈਏ !
ਨਹੀਂ ਸਾੜਨੀ ਅਸੀਂ ਪਰਾਲੀ ਵਾਤਾਵਰਣ ਬਚਾਉਣਾ,
ਧਰਤੀ, ਪਾਣੀ,ਹਵਾ ਰੁੱਖਾਂ ਨੂੰ ਹੋਰ ਵੀ ਸ਼ੁੱਧ ਬਣਾਉਣਾ,
ਧਰਤੀ ਉੱਤੇ ਰਲਕੇ ਆਪਾਂ ਢੇਰਾਂ ਰੁੱਖ ਲਗਾਈਏ !
ਨਵੇਂ ਵਰ੍ਹੇ ਦੇ ਸਾਰੇ ਦਿਨ ਅਸੀਂ ਚੰਗੀ ਤਰ੍ਹਾਂ ਮਨਾਉਣੇ,
ਕਰਨੇ ਜੋ ਵੀ ਵਾਅਦੇ ਆਪਾਂ ਦਿਲਾਂ ਚੋਂ ਨਹੀਂ ਭੁਲਾਉਣੇ,
ਸਾਰੇ ਭਾਰਤ ਵਾਸੀ ਰਲਕੇ ਆਪਣਾ ਫਰਜ ਨਿਭਾਈਏ !