ਉਂਜ ਕਹੇ ਉਹ ਮੇਰੇ ਨਾ' ਚੱਲ,
ਪਰ ਦੱਸੇ ਨਾ ਉਹ ਵਿੱਚਲੀ ਗੱਲ।
ਦੋ ਪੁੱਤਾਂ ਦੇ ਝਗੜੇ ਦੇ ਵਿੱਚ,
ਦੱਸੋ ਮਾਂ ਹੋਵੇ ਕਿਸ ਦੇ ਵੱਲ?
ਏਦਾਂ ਚੁੱਪ ਕਰਕੇ ਕੁੱਝ ਨ੍ਹੀ ਬਣਨਾ,
ਸੋਚ ਕੇ ਲੱਭੋ ਕੋਈ ਤਾਂ ਹੱਲ।
ਉਹਨਾਂ ਨੇ ਗੁੱਸੇ ਹੋਣਾ ਹੀ ਹੈ,
ਜੇ ਕੱਟਣੀ ਹੈ ਵੱਡਿਆਂ ਦੀ ਗੱਲ।
ਰੱਬ ਨੂੰ ਸੁਣਦਾ ਹੈ ਸਭ ਕੁੱਝ ਯਾਰੋ,
ਐਵੇਂ ਕਿਉਂ ਖੜਕਾਂਦੇ ਹੋ ਟੱਲ?
ਉਹ ਮਨ ਦਾ ਚੈਨ ਗੁਆ ਬੈਠੇ ਨੇ,
ਜੋ ਹੋਰਾਂ ਦੇ ਘਰ ਬੈਠੇ ਮੱਲ।
ਜਿਹੜੇ ਤੁਰ ਨ੍ਹੀ ਸਕਦੇ ਚੱਜ ਨਾਲ,
ਉਹ ਵੀ ਕਹਿੰਦੇ ਨੇ,"ਅਸੀਂ ਹਾਂ ਮੱਲ।"
ਹੁਣ ਕੱਲੇ ਮਾਂ-ਪਿਉ ਰਹਿਣ ਉਦਾਸ,
ਆਪਣੇ ਧੀਆਂ, ਪੁੱਤ ਕਨੇਡਾ ਘੱਲ।