ਕਿਸੇ ਵੀ ਸਰਕਾਰ ਦੀਆਂ ਪ੍ਰਾਪਤੀਆਂ ਜਾਂ ਕੁਤਾਹੀਆਂ ਦਾ ਵਿਸ਼ਲੇਸ਼ਣ ਅਤੇ ਬਿਆਨ ਜਿੰਨਾ ਵਧੀਆ ਲਿਖਾਰੀ, ਪੱਤਰਕਾਰ ਅਤੇ ਐਡੀਟੋਰੀਲ ਕਰ ਸਕਦੇ ਹਨ, ਵੱਡੇ-ਵੱਡੇ ਹੋਰਡਿੰਗ ਅਤੇ ਇਸ਼ਤਿਹਾਰਬਾਜ਼ੀ ਨਹੀਂ, ਬਸ਼ਰਤੇ ਕਿ ਵਿਸ਼ਲੇਸ਼ਣ ਕਰਤਾ ਪੱਖ਼ਪਾਤੀ ਨਾ ਹੋਵੇ। ਪਰ ਅਫ਼ਸੋਸ ਅੱਜ ਕੱਲ ਸਰਕਾਰਾਂ ਦੇ ਮੁੱਖੀ ਆਪਣੀਆਂ ਅਧੂਰੀਆਂ ਪ੍ਰਾਪਤੀਆਂ ਨੂੰ ਵਧਾ ਝੜ੍ਹ੍ਹਾਅ ਕੇ ਦਰਸਾਉਣ ਲਈ ਇਸ਼ਤਿਹਾਰਬਾਜ਼ੀ ਉੱਪਰ ਕਰੋੜਾਂ ਰੁਪਏ ਰੋਹੜ ਕੇ ਵਿਕਾਸ ਵਿਚ ਕਟੌਤੀ ਕਰਕੇ ਅਰਥ ਵਿਵਸਥਾ ਉੱਪਰ ਹੋਰ ਬੋਝ ਪਾ ਰਹੇ ਹਨ। ਇਸ ਰੁਝਾਨ ਦਾ ਜਨੂੰਨ ਕੇਂਦਰ ਅਤੇ ਪ੍ਰਾਂਤਕ ਸਰਕਾਰਾਂ ਵਿਚ ਘਰ ਕਰ ਚੁੱਕਾ ਹੈ ਜਿਵੇਂ ਕਿ ਜਨਤਾ ਬੇਖ਼ਬਰ ਮੂਰਖ਼ ਹੀ ਹੋਵੇ।
ਪੰਜਾਬ ਦਾ ਜਿਕਰ ਜੇ ਕਰ ਕੀਤਾ ਜਾਵੇ ਤਾਂ ਇਸ ਉੱਪਰ ਕਰਜ਼ੇ ਦੀ ਪੰਡ ਦਾ ਅਸਿਹ ਭਾਰ ਕਰੀਬ 3 ਲੱਖ ਕਰੋੜ ਹੈ ਅਤੇ ਸਾਰੇ ਵਸੀਲਿਆਂ ਦੀ ਆਮਦਨ ਦਾ 68 % ਚੁੱਕੇ ਹੋਏ ਕਰਜ਼ੇ ਦੇ ਵਿਆਜ ਦੀ ਭੇਂਟ ਹੀ ਚੜ੍ਹ ਜਾਂਦਾ ਹੈ। ਹੁਣ ਹਿਸਾਬ ਲਾਈਏ ਕਿ ਵਿਕਾਸ ਕਾਰਜਾਂ ਲਈ ਬਚਿਆ ਤੇ ਬਚਿਆ ਕੀ-ਛਿੱਕੂ? ਕਿੱਥੇ ਟੰਗਣਾ ਹੈ ਇਸ ਨੂੰ?
ਇਸ ਵਿਚ ਸ਼ੱਕ ਦੀ ਕੋਈ ਗੁਜੰਾਇਸ਼ ਨਹੀਂ ਕਿ ਪਿਛਲੀ ਕਾਂਗਰਸ ਸਰਕਾਰ ਦੇ ਪੰਜ ਸਾਲਾਂ ਵਿਚ ਹੀ ਇਕ ਲੱਖ ਕਰੋੜ ਦਾ ਮਾਮੂਲੀ ਜਿਹਾ ਕਰਜ਼ਾ ਹੀ ਚੜ੍ਹਿਆ ਸੀ। (ਸਰਕਾਰਾਂ ਲਈ ਇੰਨੀ ਰਕਮ ਮਾਮੂਲੀ ਹੀ ਹੁੰਦੀ ਹੈ) ਜੇ ਕਰ ਮਾਮੂਲੀ ਨਾ ਹੁੰਦੀ ਤਾਂ ਕਿਸੇ ਨਾ ਕਿਸੇ ਸਨਮਾਨ ਯੋਗ ਮੰਤਰੀ ਵੱਲੋਂ ਹਾਇ ਤੌਬਾ ਅਵੱਸ਼ ਹੁੰਦੀ। ਬਾਦਲਾਂ ਨੇ 32 ਹਜ਼ਾਰ ਕਰੋੜ ਰੁਪਏ ਦਾ ਕੀ ਕੀਤਾ ਜਿਸ ਕਾਰਣ ਪੰਜਾਬ ਨੂੰ 20 ਸਾਲ ਲਈ ਗਹਿਣੇ ਰੱਖ ਦਿੱਤਾ, ਕਦੇ ਉਹਨਾਂ ਵਲੋਂ ਹਾਲ ਪਾਹਰਿਆ ਦੀ ਅਵਾਜ਼ ਸੁਣਾਈ ਦਿੱਤੀ? ਨਹੀਂ...ਨਹੀਂ। ਵਿਕਾਸ ਅਤੇ ਵਿਨਾਸ਼ ਦੇ ਅੱਖਰਾਂ ਵਿਚ ਬਹੁਤਾ ਫ਼ਰਕ ਨਹੀਂ ਹੈ ਭਾਵੇਂ ਅਰਥਾਂ ਵਿਚ ਜ਼ਮੀਨ ਅਸਮਾਨ ਦਾ ਹੈ। ਜੇ ਫ਼ਰਕ ਹੁੰਦਾ ਤਾਂ ਕਿਸੇ ਨਾ ਕਿਸੇ ਦੇਸ ਭਗਤ ਮੰਤਰੀ ਦੀ ਧੜਕਣ ਅਵੱਸ਼ ਤੇਜ ਹੋਣੀ ਸੀ ਜਾਂ ਦਿਮਾਗ ਦੀ ਨਾੜੀ ਫ਼ੱਟਣੀ ਸੀ ਪਰ ਅਫ਼ਸੋਸ ਕਿ ਉਹਨਾਂ ਦੇ ਹਾਸੇ ਅਤੇ ਨੁਕਤਾਚੀਨੀ ਜਿਉਂ ਦੀ ਤਿਉਂ ਬਰਕਰਾਰ ਹੈ।
ਆਮ ਆਦਮੀ ਪਾਰਟੀ ਆਮ ਆਦਮੀ ਕਲੀਨਿਕ ਨੂੰ ਲੈ ਕੇ ਇਕ ਵੱਡੀ ਮੱਲ ਮਾਰ ਰਹੇ ਹਨ ਜਿੱਥੇ ਨਾ ਆਧੁਨਿਕ ਲੈਬ, ਨਾ ਮਾਹਿਰ ਡਾਕਟਰ ਤੇ ਬਸ ਰੱਬ ਦਾ ਹੀ ਨਾਓਂ ਹੈ। ਬਦ ਤੋਂ ਬਦਤਰ ਸਿਵਿਲ ਹਸਪਤਾਲਾਂ ਦੀ ਨਬਜ਼ ਹੀ ਜੇ ਕਰ ਦਰੁਸਤ ਕਰ ਲੈਂਦੇ ਤਾਂ ਵੀ ਕੋਈ ਪ੍ਰਾਪਤੀ ਗਿਣੀ ਜਾ ਸਕਦੀ ਸੀ ਪਰ ਹੁਣ ਤਾਂ ਨਾ ਖੁਦਾ ਹੀ ਮਿਲਾ ਨਾ ਵਿਸਾਲ-ਏ-ਸਨਮ। ਨਾ ਇਧਰ ਕੇ ਹੂਏ ਨਾ ਊਧਰ ਕੇ ਹੂਏ॥ ਰਹੇ ਦਿਲ ਮੇ ਹਮਾਰੇ ਯੇ ਰੰਜ-ਓ-ਅਲਮ। ਨਾ ਇਧਰ ਕੇ ਹੂਏ ਨਾ ਊਧਰ ਕੇ ਹੂਏ॥
ਐਮ. ਐਲ. ਏ. ਦਾ ਅਚਾਨਕ ਦੌਰਾ ਇਹਨਾਂ ਹਸਪਤਾਲਾਂ ਵਿਚ ਕੋਈ ਸੁਧਾਰ ਨਹੀਂ ਕਰ ਸੱਕਿਆ। ਹਸਪਤਾਲਾਂ ਦਫ਼ਤਰਾਂ ਅਤੇ ਕਚੈਹਿਰੀਆਂ ਵਿਚ ਰਿਸ਼ਵਤ ਬਦਸਤੂਰ ਜਾਰੀ ਹੈ। ਚਪੜਾਸੀ, ਅਰਜ਼ੀ ਨਵੀਸ ਅਤੇ ਚਾਹ ਲਿਆਉਣ ਵਾਲੇ ਰਿਸ਼ਵਤ ਦੇ ਕੋਰੀਅਰ ਹੀ ਤਾਂ ਹਨ, ਜਨਾਬ! ਮਰੀਜ਼ਾਂ ਨੂੰ ਸਾਰੀਆਂ ਦਵਾਈਆਂ ਅੱਜ ਵੀ ਬਾਹਰੋਂ ਲੈਣੀਆਂ ਪੈ ਰਹੀਆਂ ਹਨ। ਮਿਲਾਵਟ ਨੂੰ ਹੀ ਜੇ ਕਰ ਨੱਥ ਪੈ ਜਾਂਦੀ ਤਾਂ ਹਸਪਤਾਲਾਂ ਵਿਚ ਮਰੀਜ਼ਾਂ ਦੇ ਚੱਕਰ ਘੱਟ ਜਾਂਦੇ, ਹਸਪਤਾਲਾਂ ਨੂੰ ਆਪੇ ਸਾਹ ਆ ਜਾਂਦਾ ਤੇ ਤੁਹਾਡੀ ਜੈ ਜੈ ਕਾਰ ਬਗੈਰ ਇਸ਼ਤਿਹਾਰਬਾਜ਼ੀ ਦੇ ਖ਼ਰਚੇ ਤੋਂ। ਕੁਆਲਟੀ ਇੰਸਪੈਕਟਰਾਂ ਦਾ ਮਹੀਨਾ ਕੱਲ ਵੀ ਪੱਕਾ ਸੀ ਤੇ ਅੱਜ ਵੀ ਪੱਕਾ ਹੈ। ਆਪਣੇ ਆਉਣ ਦੀ ਇਤਲਾਹ ਪਹਿਲਾਂ ਹੀ ਦੇ ਦੇਂਦੇ ਹਨ, ਇਸ ਕਰਕੇ ਦੁਕਾਨਾਂ ਦੇ ਸ਼ਟਰ ਠਾਹ-ਠਾਹ ਬੰਦ ਹੋ ਜਾਂਦੇ ਹਨ-ਕਰ ਲਓ ਘਿਓ ਨੂੰ ਭਾਂਹਡਾ!
ਇਹਨਾਂ ਕੁਤਾਹੀਆਂ ਦਾ ਜੇ ਕਰ ਸਰਕਾਰ ਨੂੰ ਇਲਮ ਨਹੀਂ ਤਾਂ ਵਾਕਿਆ ਹੀ ਨਾਲਾਇਕੀ ਹੈ। ਆਪਣੀ ਧੁੰਨ ਵਿਚ ਆਪਣੇ ਹੀ ਸੋਹਿਲੇ ਗਾਈ ਜਾਓ। ਸਰਕਾਰਾਂ ਦੀ ਇਸ ਅਣਦੇਖੀ, ਨਾਕਾਮੀ ਅਤੇ ਬੇ-ਲੋੜੀ ਇਸ਼ਤਿਹਾਰਬਾਜ਼ੀ ਕਾਰਣ ਜਨਤਾ ਦਾ ਗੁੱਸਾ ਜਿਸ ਦਿਨ ਫ਼ੁੱਟ ਪੈਂਦਾ ਹੈ, ਤਖ਼ਤੇ ਪਲਟ ਜਾਂਦੇ ਹਨ ਜਿਵੇਂ ਕਿ ਪਿੱਛੇ ਜਿਹੇ ਮੂੱਖ ਮੰਤਰੀ ਨੂੰ ਸਾਹਮਣਾ ਕਰਨਾ ਪਿਆ ਭਾਂਵੇਂ ਸਿਮਰਨਜੀਤ ਸਿੰਘ ਮਾਨ ਨੇ ਜੋ ਚੰਨ ਪਹਿਲਾਂ ਚੜ੍ਹਾਏ ਅਤ ਚੜ੍ਹਾਉਣੇ ਹਨ, ਕਿਸੇ ਬਸ਼ਰ ਤੋਂ ਗੁੱਝਾ ਨਹੀਂ।
ਇਕ ਛੋਟੀ ਜਿਹੀ ਹਾਸੋ-ਹੀਣੀ ਗੱਲ ਜਨਾਬ-ਏ-ਅਲੀ ਚੰਨੀ ਦੀ ਕਰਕੇ ਵਿਦਾ ਲੈਂਦੇ ਹਾਂ। ਚੋਣਾਂ ਤੋਂ ਐਨ ਪਹਿਲਾਂ ਜਨਾਬ ਨੇ 10 ਰੁਪਏ ਲੀਟਰ ਪੈਟਰੋਲ ਘਟਾ ਕੇ ਪੋਸਟਰ ਹਰ ਗਲੀ ਦੇ ਮੌੜ ਤੇ ਟੰਗਵਾ ਦਿੱਤੇ। ਲੋਕ ਦੇਖ ਕੇ ਪਏ ਹੱਸਣ-ਓ ਪਤੰਦਰੋ, ਜਿਹਨਾਂ ਕੋਲ ਗੱਡੀਆਂ ਹਨ, ਕੀ ਉਹਨਾਂ ਨੂੰ ਇਸ ਦਾ ਪਤਾ ਪੰਪ ਤੋਂ ਨਹੀਂ ਲੱਗੇਗਾ! ਖ਼ਾਹ-ਮ-ਖ਼ਾਹ ਪੋਸਟਰਾਂ ਦਾ ਖ਼ਰਚਾ ਵੀ ਲੋਕਾਂ ਸਿਰ ਮੜ੍ਹ ਦਿੱਤਾ! ਇਨਕਲਾਬ-ਜਿੰਦਾਬਾਦ!