ਰਾਂਤਾਂ ਦੀ ਨੀਂਦਰ ਜਦ ਵੀ
ਰਾਹ ਆਪਣੇ ਭੁੱਲ ਜਾਵੇ
ਖੁੱਲੀਆਂ ਅੱਖਾਂ ਨਾਲ ਸੁਹਾਵਣੇ
ਸੁਪਨੇ ਬੁਣ ਲੈਂਦਾ ਹਾਂ
ਢਲਦੇ ਹੋਏ ਸੂਰਜ ਕੋਲੋਂ
ਲੈ ਕੇ ਕੁਝ ਰੰਗ ਉਧਾਰੇ
ਹਨੇਰ ਭਰੀ ਜਿੰਦਗੀ ਵਿੱਚ
ਰੰਗ ਸੂਹੇ ਭਰ ਲੈਂਦਾ ਹਾਂ
ਸਮੇਂ ਦਿਆਂ ਕਦਮਾਂ ਦੇ ਨਾਲ
ਕਦਮ ਜਦ ਨਹੀਂ ਮਿਲਦੇ
ਸਮੇਂ ਨੂੰ ਪਿੱਛੇ ਮੋੜਨ ਲਈ
ਕਿਤਾਬਾਂ ਪੜੵ ਲੈਂਦਾ ਹਾਂ
ਅੱਖੀਆਂ ਦੀ ਬਾਰਿਸ਼ ਦੇ ਵਿੱਚ
ਰੁੜ ਜਾਂਦੇ ਜਦ ਖੁਆਬ ਪਿਆਰੇ
ਬਣਾ ਕੇ ਆਸਾਂ ਦੀ ਕਿਸ਼ਤੀ
ਦਰਿਆ ਪਾਰ ਕਰ ਲੈਂਦਾ ਹਾਂ
ਪੱਤਝੜ ਦੇ ਪੱਤਿਆਂ ਵਾਂਗਰ
ਜਦ ਵੀ ਕਦੀ ਟੁੱਟ ਜਾਵਾਂ
ਢਹਿ ਢੇਰੀ ਹੋਣ ਤੋਂ ਬੇਹਤਰ
ਕਲਮਾਂ ਚੁੱਕ ਲੈਂਦਾ ਹਾਂ।