ਕਹਾਣੀ ਸੰਗ੍ਰਹਿ -- ਖਾਲ਼ਸ
ਲੇਖਕ -- ਅਵਤਾਰ ਸਿੰਘ ਓਠੀ
ਚੇਤਨਾ ਪ੍ਰਕਾਸ਼ਨ ਲੁਧਿਆਣਾ
ਪੰਨੇ –112 ਮੁੱਲ 200 ਰੁਪਏ
ਕਹਾਣੀਕਾਰ ਅਵਤਾਰ ਸਿੰਘ ਓਠੀ ਘਟ ਲਿਖਣ ਵਾਲਾ ਸਮਰਥ ਕਹਾਣੀਕਾਰ ਹੈ ।ਕਹਾਣੀ ਜਗਤ ਨੂੰ ਉਸਨੇ ਪਹਿਲਾ ਕਹਾਣੀ ਸੰਗ੍ਰਹਿ 1999 ਵਿਚ ਲਹੂ ਭਿਜੀ ਦਾਸਤਾਂ ਲਿਖ ਕੇ ਦਿਤਾ ਸੀ । ਤੇ ਹੁਣ 2021 ਵਿਚ ਬਾਈ ਸਾਲ ਬਾਅਦ ਇਸ ਸੰਗ੍ਰਹਿ ਲਿਖ ਕੇ ਹਾਜ਼ਰੀ ਭਰੀ ਹੈ ।ਸੰਗ੍ਰਹਿ ਵਿਚ 8 ਕਹਾਣੀਆਂ ਹਨ ।ਐਨੇ ਲੰਮੇ ਸਮੇਂ ਪਿਛੋਂ ਸੰਗ੍ਰਹਿ ਲਿਖਣ ਦੇ ਕਾਰਨ ਭਾਵੇਂ ਕੁਝ ਵੀ ਹੋਣ ਪਰ ਕਹਾਣੀਆਂ ਦਾ ਮਿਆਰ ਵੇਖ ਪੜ੍ਹ ਕੇ ਜਾਪਦਾ ਹੈ ਕਿ ਕਹਾਣੀਕਾਰ ਨੇ ਜ਼ਿੰਦਗੀ ਨੂੰ ਬਹੁਤ ਨੇੜਿਓਂ ਤਕਿਆ ਤੇ ਸਮਝਿਆ ਹੈ । ਕਹਾਣੀਆਂ ਵਿਚ ਜਾਨ ਧੜਕਦੀ ਹੈ । ਜੀਵਨ ਦੇ ਵਖ ਵਖ ਸਰੋਕਾਰ ਕਹਾਣੀਆਂ ਵਿਚ ਹਨ ।ਪਾਤਰਾਂ ਦੀ ਵੰਨ ਸੁਵੰਨਤਾ ਹੈ, ਵਿਸ਼ਿਆਂ ਦਾ ਪਸਾਰ ਹੈ ਨਵੀਨਤਾ ਹੈ । ਕੁਦਰਤੀ ਪਨ ਹੈ , ਜੀਵਨ ਦੀ ਝ਼ਲਕ ਹੈ । ਕਿਤਾਬ ਦਾ ਮੈਂ ਦੋ ਵਾਰ ਸਹਿਜ ਪਾਠ ਕੀਤਾ ਹੈ ।ਕਹਾਣੀਆਂ ਵਿਚ ਸਿਖ ਇਤਿਹਾਸ ,ਵਰਤਮਾਨ ਸਿਆਸਤ ,ਪਰਵਾਸ ,ਔਰਤ ਦੀ ਹੂਕ ,ਕਿਸਾਨੀ ਮਸਲੇ ,ਪਰਿਵਾਰਾ ਦੀ ਤਿੜਕਣ ,ਟੁਟਦੇ ਬਣਦੇ ਰਿਸ਼ਤੇ , ,ਸੰਨ ਚੁਰਾਸੀ ਦਾ ਸੰਤਾਪ,, ਸਿਖ ਧਰਮ ਵਿਚ ਜਾਤ ਪਾਤ ਦੇ ਵਿਤਕਰੇ, ਬਾਬਾ ਨਾਨਕ ਦੀ ਫਿਲਾਸਫੀ , ਦਸਮੇਸ਼ ਪਿਤਾ ਦੇ ਚੋਜ , ਪੰਜ ਪਿਆਰਿਆਂ ਦੀ ਸਿਰਜਨਾ ਦਾ ਸੰਕਲਪ ,ਅਖੌਤੀ ਬਾਬਿਆਂ ਦੇ ਅੰਧਵਿਸ਼ਵਾਸ਼ ,ਦਲਿਤ ਵਰਗ ਦੀ ਹੌਂਦ ,ਉਚ ਜਾਤੀਆ ਦੀ ਹੇਂਕੜ ,ਸਮਾਜਕ ਮਸਲੇ ,ਪਰਦੇਸ਼ਾਂ ਦੀ ਖਿਚ ਕੋਰੋਨਾ ਸਮੇਂ ਦੀ ਗੰਭਿਰਤਾ ਨੋਟਬਦਲੀ ਦੇ ਚਕਰ ਤੇ ਹੋਰ ਕਈ ਇਤਿਹਾਸਕ ਹਵਾਲੇ ਕਹਾਣੀਆਂ ਵਿਚ ਹਨ । ਸਿਖ ਇਤਿਹਾਸ ਦੀਆ ਮਹਾਨ ਸ਼ਖਸੀਅਤਾ ਦੇ ਦਰਸ਼ਨ ਹੁੰਦੇ ਹਨ ।ਪਹਿਲੀ ਸੰਗ੍ਰਹਿ ਦੀ ਪਹਿਲੀ ਕਹਾਣੀ ਆਪਣਾ ਹਿਸਾ ਵਿਚ ਗੁਰੂ ਘਰ ਚੋਂ ਅਦਬੀ ਕਮੇਟੀ ਦੇ ਨੌਜਵਾਨ ਆ ਕੇ ਗੁਰੂ ਗਰੰਥ ਸਾਹਿਬ ਦੀ ਦੇਹ ਲਿਜਾਣ ਦਾ ਯਤਨ ਕਰਦੇ ਹਨ ,ਇਲਜ਼ਾਮ ਲਾਉਂਦੇ ਹਨ ਕਿ ਸਿਖ ਰਹਿਤ ਮਰਿਆਦਾ ਦੀ ਅਣਦੇਖੀ ਹੁੰਦੀ ਹੈ ਕੁਝ ਲੋਕ ਨਸ਼ੇ ਕਰਕੇ ਗੁਰੂ ਘਰ ਵਿਚ ਆਉਂਦੇ ਹਨ । ਇਸ ਤੇ ਪਿੰਡ ਵਿਚ ਰੋਹ ਪੈਦਾ ਹੁੰਦਾ ਹੈ ।ਦਲਿਤ ਭਈਚਾਰੇ ਦੀ ਸੰਗਤ ਇਕਠੀ ਹੁੰਦੀ ਹੈ । ਲੋਕ ਹੁੰਮ ਹੁਮਾ ਕੇ ਪਹੁੰਚਦੇ ਹਨ ।ਗੁਰਦੁਆਰੇ ਦੇ ਸਪੀਕਰ ਤੋਂ ਪਿੰਡ ਨੂੰ ਸੱਦਾ ਦਿਤਾ ਜਾਂਦਾ ਹੈ । ਅਦਬੀ ਕਮੇਟੀ ਨਾਲ ਤਿਖੀ ਬਹਿਸ ਹੁੰਦੀ ਹੈ ।ਗੁਰੂ ਗਰੰਥ ਸਾਹਿਬ ਦੀ ਪਵਿਤਰ ਬਾਣੀ ਵਿਚੋਂ ਹਵਾਲੇ ਦੇ ਕੇ ਗੁਰਬਾਣੀ ਦੀ ਸਰਵੋਤਮਤਾ ਨੂੰ ਪ੍ਰਮਾਣਤ ਕੀਤਾ ਜਾਂਦਾ ਹੈ ਜਿਸ ਵਿਚ ਬਾਬਾ ਨਾਨਕ ਦਾ ਨੀਵੀ ਜਾਤੀ ਦੇ ਕਿਰਤੀ ਪਰਿਵਾਰਾਂ ਵਿਚ ਜਾਣਾ ਪੰਜ ਪਿਆਰਿਆ ਵਿਚੋਂ ਤਿੰਨ ਪਿਆਰੇ ਸਮਾਜ ਦੇ ਦਲਿਤ ਵਰਗ ਦੇ ਹੋਣੇ ,ਭਗਤਾਂ ਦੀ ਬਾਣੀ ਵਿਚ ਭਗਤ ਰਵਿਦਾਸ ਭਗਤ ਕਬੀਰ ਭਗਤ ਨਾਮਦੇਵ ਦਾ ਨੀਵੀਂ ਜਾਤੀ ਵਿਚੋਂ ਹੋਣਾ ਦੇ ਟਕਸਾਲੀ ਪ੍ਰਮਾਣ ਦੇ ਕੇ ਦਿਲਚਸਪ ਬਹਿਸ ਹੁੰਦੀ ਹੈ। ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੀ ਚਰਚਾ ਪਾਤਰ ਕਰਦੇ ਹਨ ।ਪਰ ਨਾਲ ਹੀ ਸੰਨ ਚੁਰਾਸੀ ਵਿਚ ਦਿਲੀ ਤੋਂ ਦੰਗਾ ਪੀੜਤ ਸਿਖਾਂ ਦਾ ਪੰਜਾਬ ਆਉਣਾ ਆਦਿ ਮਹਤਵਪੂਰਨ ਗੱਲਾਂ ਨਾਲ ਕਹਾਣੀ ਦਾ ਰੰਗ ਨਿਰੋਲ ਇਤਿਹਾਸਕ ਬਣ ਜਾਂਦਾ ਹੈ । ਅਖੀਰ ਤੇ ਗਲ ਤੁਰਦੀ ਤੁਰਦੀ ਦਲਿਤ ਵਰਗ ਦਾ ਵਖਰਾ ਗੁਰਦੁਆਰਾ ਬਨਾਉਣ ਵਲ ਬਹਿਸ ਮੋੜਾ ਕਟਦੀ ਹੈ ।ਸਾਰੇ ਮਿਲ ਕੇ ਅਦਬੀ ਕਮੇਟੀ ਨਾਲ ਪੂਰੇ ਲਹਿੰਦੇ ਹਨ ।ਤੇ ਮਹਾਰਾਜ ਵਿਚੋਂ ਨੀਚੋਂ ਊਚ ਕਰੇ ਮੇਰਾ ਗੋਬਿੰਦ ਵਾਲੀਆਂ ਸਤਰਾਂ ਕਢ ਕੇ ਬਾਕੀ ਹਿੱਸਾ ਲੈ ਜਾਓ ।ਹੁਣ ਸਾਰੇ ਚੁਪ ਅਦਬੀ ਕਮੇਟੀ ਵਾਲੇ ਗੁਰਦੁਆਰੇ ਚੋਂ ਤਿਤਰ ਹੋ ਗਏ । ਇਹ ਕਹਾਣੀ ਸਿਰਜਨਾ ਮੈਗਜ਼ੀਨ ਵਿਚ ਛਪ ਚੁਕੀ ਹੈ ।ਸੰਗਹਿ ਦੀਆ ਬਾਕੀ ਕਹਾਣੀਆ ਵੀ ਉਚ ਕੋਟੀ ਦੇ ਮਿਆਰੀ ਮੈਗਜ਼ੀਨਾਂ ਵਿਚ ਛਪ ਚੁਕੀਆ ਹਨ ।ਇਂਨ੍ਹਾਂ ਵਿਚ ਸਿਰਜਨਾ ਚਿਰਾਗ ਨਵਾਂ ਜ਼ਮਾਨਾ ਮੈਗਜ਼ੀਨ ,ਪ੍ਰਵਚਨ ,ਸਰੋਕਾਰ ਸ਼ਾਂਮਲ ਹਨ । ,ਕਹਾਣੀ ਇਹ ਤਾਂ ਉਹੀ ਸੀ ਕਹਾਣੀ ਦਾ ਪਾਤਰ ਸਜਨ ਸਿੰਘ ਪਤਨੀ ਦੇ ਬਿਮਾਰ ਹੋਣ ਕਰਕੇ ਬਹੁਤ ਪ੍ਰੇਸ਼ਾਂਨ ਹੈ ।ਵਡੀ ਪ੍ਰੇਸ਼ਾਂਨੀ ਇਹ ਹੈ ਕਿ ਜਿਸ ਡਾਕਟਰ ਕੋਲ ਇਲਾਜ ਲਈ ਜਾਂਦਾ ਹੈ ਉਹ ਵਢੀ ਖੌਰ ਹਨ । ਰਿਸ਼ਵਤ ਲੈ ਕੇ ਤੁਰਦੇ ਹਨ ।ਪਰ ਗਰੀਬ ਬੰਦਾ ਮਜ਼ਬੂਰ ਹੈ ਉਸਦਾ ਬੌਸ ਚੰਡੀਗੜ ਇਜ ਪ੍ਰਸਿਧ ਡਾਕਟਰ ਕੋਲ ਇਲਾਜ ਲਈ ਭੇਜਦਾ ਹੈ ।ਵਿਚਾਰਾ ਜਾਂਦਾ ਹੇ ਡਾਕਟਰ ਦੀ ਪਤਨੀ ਸਜਨ ਸਿੰਘ ਨੂੰ ਕੋਠੀ ਦੇ ਪਾਰਕ ਵਿਚ ਕੰਮ ਤੇ ਲਾ ਦਿੰਦੀ ਹੈ ਉਹ ਡਾਕਟਰ ਦਾ ਇਤਜ਼ਾਰ ਕਰਦਾ ਹੈ । ਡਾਕਟਰ ਦਲਬੀਰ ਬਾਰੇ ਜ਼ਿਕਰ ਹੈ ਕਿ ਉਹ ਇਨਕਲਾਬੀ ਵਿਚਾਰਾਂ ਵਾਲਾ ਸ਼ਖਸ ਹੈ ਆਪਣੀ ਤਨਖਾਹ ਵੀ ਪਾਰਟੀ ਦੇ ਕੰਮਾਂ ਵਿਚ ਖਰਚਦਾ ਹੈ ।ਲੋਕਾਂ ਲਈ ਮਸੀਹਾ ਹੈ ਪਰ ਜਦੋਂ ਸਜਨ ਸਿੰਘ ਉਸਨੁੰ ਕੋਠੀ ਵਿਚ ਮਿਲਦਾ ਹੈ ਤਾਂ ਪਤਨੀ ਦੇ ਇਲਾਜ ਬਾਰੇ ਤਾਂ ਗੱਲ ਹੀ ਕਹਾਣੀ ਵਿਚ ਨਹੀ ਹੈ ਦਲਬੀਰ ਡਾਕਟਰ ਤੇ ਸਜਨ ਸਿੰਘ ਦੇ ਸੰਵਾਦ ਦੀ ਕੋਈ ਝਲਕ ਵੀ ਨਹੀ ਮਿਲਦੀ ।ਸਗੋਂ ਵੇਖ ਕੇ ਹੀ ਸਜਨ ਸਿੰਘ ਕਹਿ ਦਿੰਦਾ ਹੈ ਇਹ ਤਾ ਉਹੀ ਡਾਕਟਰ ਸ਼ਰਮਾ ਸੀ ਜਿਸ ਨੇ ਧੰਤੀ ਦੇ ਇਲਾਜ ਲਈ ਪੰਜ ਹਜ਼ਾਰ ਦੀ ਮੰਗ ਕੀਤੀ ਸੀ ।ਕਿਹੜੈ ਵੇਲੇ ? ਕਹਾਣੀ ਚੁਪ ਹੈ ।ਡਾਕਟਰ ਦਲਬੀਰ ਨਾਲ ਉਸ ਨੂੰ ਨਫਰਤ ਹੋ ਜਾਂਦੀ ਹੈ ਡਾਕਟਰ ਦੀ ਪਤਨੀ ਸਾਰਾ ਦਿਨ ਕੰਮ ਕਰਨ ਦੇ ਬਦਲੇ ਦੋ ਸੌ ਰੁਪਏ ਦੇ ਕੇ ਤੋਰ ਦਿੰਦੀ ਹੈ । ਆਪਣੇ ਬੋਸ ਨੂੰ ਸਜਨ ਸਿੰਘ ਸਾਰਾ ਬਿਰਤਾਂਤ ਦਸਦਾ ਹੈ । ਪਾਤਰੀ ਸੰਵਾਦ ਦਿਲਚਸਪ ਹੈ ।ਸੰਗ੍ਰਹਿ ਦੀ ਸਿਰਲੇਖ ਵਾਲੀ ਕਹਾਣੀ ਖਾਲਸ ਆਪਣੇ ਆਪ ਵਿਚ ਬਹੁਤ ਪਿਆਰੀ ਰਚਨਾ ਹੈ । ਪ੍ਰੀਤੂ ਇਕ ਪਾਤਰ ਇਹੋ ਜਿਹਾ ਹੈ ਜਿਸ ਦੇ ਕਈ ਰੂਪ ਵੇਖਣ ਨੂੰ ਮਿਲਦੇ ਹਨ । ਉਸਦੀ ਪਤਨੀ ਸੁੰਦਰ ਤੇ ਜਵਾਨ ਹੈ ।ਕੰਮ ਕਰਨ ਵਾਲੀ ਸਚਿਆਰੀ ਔਰਤ ਹੈ ਘਰ ਵਿਚ ਖੱਡੀ ਲਈ ਹੋਈ ਹੈ ।ਪ੍ਰੀਤੂ ਦੇ ਮਾਂ ਬਾਪ ਖੱਡੀ ਦਾ ਕੰਮ ਕਰਦੇ ਹਨ ।ਜੁਲਾਹੇ ਹਨ ।ਪ੍ਰੀਤੂ ਦਾ ਬਾਪ ਦਲੀਪਾ ਹੈ ਪ੍ਰੀਤੂ ਕੋਲ ਇਕ ਪੁਤਰ ਹੈ ।ਪੁਤਰ ਦੇ ਜਨਮ ਵੇਲੇ ਉਸਦੇ ਚਾਅ ਵੇਖਣ ਵਾਲੇ ਸੀ ।।ਪ੍ਰੀਤੂ ਘਰ ਦਾ ਕੰਮ ਨਹੀ ਕਰਦਾ ।ਸਗੋਂ ਠੈਕੇਦਾਰੀ ਕਰਦਾ ਹੈ ।ਕਈ ਕਈ ਦਿਨ ਘਰ ਨਹੀ ਵੜਦਾ । ਕਰਮਾ ਘਰ ਵਿਚ ਲਗੀ ਖਡੀ ਤੇ ਕੰਮ ਕਰਦਾ ਹੈ ।ਦਲੀਪੇ ਨੇ ਉਸਨੂੰ ਕੰਮ ਲਈ ਰਖਿਆ ਹੈ ।ਇਕ ਦਿਨ ਦਲੀਪਾ ਕਿਤੇ ਕੰਮ ਬਾਹਰ ਜਾਂਦਾ ਹੈ ।।ਪ੍ਰੀਤੂ ਦੀ ਪਤਨੀ ਦੀ ਨੇੜਤਾ ਕਰਮੇ ਨਾਲ ਹੋ ਜਾਂਦੀ ਹੈ ।ਇਹ ਨੇੜਤਾ ਨਿਜ਼ਾਇਜ਼ ਰਿਸ਼ਤੇ ਦੇ ਰੂਪ ਧਾਂਰਨ ਕਰ ਲੈਂਦੀ ਹੈ । ਪ੍ਰੀਤੂ ਦੀ ਪਤਨੀ ਤੇ ਕਰਮੇ ਦੀਆ ਪਿਆਰ ਪੀੰਘਾਂ ਦੀ ਧੁੰਮ ਪੈ ਜਾਂਦੀ ਹੈ ।ਪ੍ਰੀਤੂ ਇਕ ਦਿਨ ਦੋਨਾਂ ਨੂੰ ਰੰਗੇ ਹਥੀ ਫੜ ਲੈਂਦਾ ਹੈ । ੳਹ ਕਰਮੇ ਨੂੰ ਗਲੀ ਦੇ ਮੋੜ ਤੇ ਘਰ ਚੋਂ ਨਿਕਲਦੇ ਵੇਖ ਲੈਂਦਾ ਹੈ । ਉਸਦਾ ਪਾਰਾ ਚੜ੍ਹ ਜਾਂਦਾ ਹੈ ।ਬੰਤੀ ਨੂੰ ਗੁਸੇ ਵਿਚ ਅਵਾ ਤਵਾ ਬੋਲਦਾ ਹੈ –ਕੰਜਰੀਏ ਮੈਨੂੰ ਪਤਾ ਤੈਨੂੰ ਕਾਹਦੀ ਭੁਖ ਆ ਤੈਨੂੰ ਸਾਹਨ ਚਾਹੀਦਾ ਆ ,ਇਹ ਡਾਂਗ ਤੇਰੇ ਲਈ ਖਰੀਦੀ ਆ ਕੁਤੀ ਕਿਸੇ ਥਾਂ ਦੀ ਨਾ ਹੋਵੇ ਤਾਂ । ਬੰਤੀ ਪੰਚਾਇਤ ਕਰਦੀ ਹੈ ਪੇਕੇ ਚਲੀ ਜਾਂਦੀ ਹੈ ਪ੍ਰੀਤੂ ਕਰਮੇ ਦਾ ਕਤਲ ਕਰਦਾ ਹੈ । ਪ੍ਰੀਤੂ ਬਹੁਤ ਗਰਮ ਸੁਭਾਅ ਪਾਤਰ ਹੈ । ਕਹਾਣੀ ਦੇ ਅੰਤ ਵਿਚ ਉਹ ਬੋਲਦਾ ਹੈ ਓਏ ਮੇਂ ਕੋਈ ਦੁਕੀ ਤਿਕੀ ਜਾਤ ਨਹੀ ਮੇਂ ਖਾਲਸ ਕੋਰੋਟਾਣੀਆ ਜੁਲਾਹਾ ਆਂ । ਉਹ ਆਪਣੀ ਜਾਤ ਤੇ ਮਾਣ ਕਰਦਾ ਹੈ ।ਭਾਂਵੇਂ ਉਸਦੇ ਧੁਰ ਅੰਦਰ ਜਾਤ ਦੇ ਪਛੜੇਵੇਂ ਦਾ ਅਹਿਸਾਸ ਹੈ ਪਰ ਉਸ ਜਾਤ ਦਾ ਖਾਲਸ ਹੋਣਾ ਹੀ ਉਸ ਲਈ ਮਾਣ ਵਾਲੀ ਗਲ ਹੈ । ਆਪਣਾ ਹਿਸਾ ਵੀ ਜਾਤ ਆਧਾਂਰਿਤ ਰਚਨਾ ਹੈ ਤੇ ਇਸ ਕਹਾਣੀ ਦਾ ਦਲਿਤ ਪਾਤਰ ਵੀ ਜਾਤੀ ਦਾ ਮਾਣ ਕਰਦਾ ਹੈ । ਜਾਤੀ ਵਾਦ ਤੋਂ ਬਿਨਾ ਕਹਾਣੀਆਂ ਵਿਚ ਪਰਵਾਸ ਦਾ ਮਸਲਾ ਵੀ ਉਭਾਂਰਿਆ ਗਿਆ ਹੈ ।ਮੋਹ ਕਹਾਣੀ ਦੀ ਪਿੰਕੀ ਕਿਸਾਨ ਪਰਿਵਾਰ ਦੀ ਨੂੰਹ ਹੈ । ਇਕ ਉਸਦੀ ਦੀ ਧੀ ਹੈ ।ਪਤੀ(ਰੂਪ ) ਵਿਹਲਾ ਹੈ ਖੇਤੀ ਦਾ ਵੀ ਕੰਮ ਨਹੀ ਕਰਦਾ ।ਸ਼ਰੀਕੇ ਦੀ ਵੇਖਾ ਵੇਖੀ ਇਟਲੀ ਜਾਣ ਲਈ ਬਜ਼ਿਦ ਹੈ ।ਧੋਖੇਬਾਜ਼ ਏਜੰਟ ਦੇ ਅੜਿਕੇ ਚੜ੍ਹ ਜਾਂਦਾ ਹੈ । ਜ਼ਮੀਂ ਵਿਕਦੀ ਜਾਂਦੀ ਹੈ ਜ਼ਮੀਨ ਨਾਲ ਤਾਂ ਜੱਟ ਦਾ ਮੋਹ ਹੈ ।ਘਟਦੀ ਜ਼ਮੀਨ ਵੇਖ ਕੇ ਪਿੰਕੀ ਉਦਾਸ ਹੈ ।ਉਸਨੂੰ ਵਿਦੇਸ਼ਾਂ ਦੇ ਡਾਲਰਾਂ ਦਾ ਲਾਲਚ ਦਿਤਾ ਜਾਂਦਾ ਹੈ । ਬੈਕਾਂ ਵਿਚ ਕਿਸਾਨ ਬਾਪ ਧਕੇ ਖਾਂਦਾ ਹੈ ਕਰਜ਼ਾਈ ਹੋ ਜਾਂਦਾ ਹੈ ।ਉਧਰ ਰੂਪ ਨੂੰ ਗਲਤ ਪਰਵਾਸ ਹੋਣ ਕਰਕੇ ਜੇਲ੍ਹ ਹੋ ਜਾਂਦੀ ਹੈ ।ਪਰਿਵਾਰ ਦੁਖੀ ਹੈ ।ਮਜ਼ਬੂਰ ਕਿਸਾਨ ਪਰਿਵਾਰ ਬਾਬਾ ਬੁਢਾ ਜੀ ਦੇ ਪਾਵਨ ਦਰ ਤੇ ਜਾ ਕੇ ਅਰਦਾਸਾਂ ਕਰਦੇ ਹਨ ਕਿਵੇਂ ਨਾ ਕਿਵੇਂ ਪੁਤਰ ਰੂਪ ਜੇਲ੍ਹ ਵਿਚੋਂ ਛੁਟ ਜਾਵੇ । ਇਹੋ ਜਿਹੇ ਨਿਰਾਸ਼ਾਂ ਵਾਲੇ ਮਾਹੌਲ ਵਿਚ ਕਹਾਣੀ ਅਗੇ ਤੁਰਦੀ ਹੈ ।ਕਹਾਣੀ ਵਿਚ ਤਣਾਅ ਹੈ ਪਾਤਰ ਦੁਖ ਭੋਗਦੇ ਹਨ ।ਇਹ ਦੁਖ ਵਿਦੇਸ਼ ਜਾਣ ਦੀ ਲਾਲਸਾ ਵਿਚੋਂ ਨਿਕਲਦੇ ਹਨ ।ਕਹਾਣੀ ਦੇ ਦ੍ਰਿਸ਼ ਪੜ੍ਹ ਕੇ ਪਾਠਕ ਨੂੰ ਪਾਤਰਾਂ ਨਾਲ ਹਮਦਰਦੀ ਦੇ ਭਾਵ ਉਪਜਦੇ ਹਨ । ਕਥਾਂ ਰਸ ਤੇ ਸਸਪੈਂਸ ਕਹਾਣੀ ਦੀ ਮੁਖ ਚੂਲ ਹਨ ।ਪਰ ਕਹਾਣੀਕਾਰ ਕਈ ਗਲਾਂ ਪਾਠਕ ਦੇ ਜ਼ਿਹਨ ਵਿਚ ਪਾ ਕੇ ਕਹਾਣੀ ਖਤਮ ਕਰ ਦਿੰਦਾ ਹੈ ਮਸਲਨ ਪਿੰਕੀ ਤੇ ਰੂਪ ਦੇ ਬਾਪ ਦਾ ਕੀ ਬਣਿਆ ? ਰੂਪ ਦੀ ਰਿਹਾਈ ਹੋਈ ਕਿ ਨਹੀ ? ਕਹਾਣੀ ਚੁਪ ਹੈ ।ਪਿੰਕੀ ਤਾਂ ਪਤੀ ਦੇ ਵਿਛੋੜੇ ਵਿਚ ਇਕ ਰਾਤ ਸੁਪਨੇ ਵਿਚ ਆਪਣੀ ਲਾਡਲੀ ਮਾਸੂਮ ਧੀ ਨੂੰ ਮਾਰਨ ਦਾ ਵੀ ਸੋਚਦੀ ਹੈ ।ਪਰ ਪਾਠਕ ਇਹ ਪੜ੍ਹ ਕੇ ਸ਼ੁਕਰ ਕਰਦਾ ਹੈ ਕਿ ਧੀ ਨੂੰ ਮਾਰਨ ਵਾਲੀ ਗਲ ਸੁਪਨਾ ਹੀ ਸੀ। ਯਥਾਂਰਥ ਨਹੀ ਸੀ । ਪਰ ਇਹ ਮਾਰੈ ਦ੍ਰਿਸ਼ ਪਾਠਕ ਦੀ ਮਾਨਸਿਕਤਾ ਨੂੰ ਟੁੰਭ ਜਾਂਦਾ ਹੈ ਕਹਾਣੀਕਾਰ ਦੀ ਇਹੋ ਕਾਮਯਾਬੀ ਹੈ ।ਰੂਪ ਦੀ ਜ਼ਿਦ ਬਾਰੇ ਬਾਪ ਦੇ ਬੋਲ ਵੇਖੋ –ਲਾਦ ਨਾ ਕਿਸੇ ਦੀ ਆਪਹੁਦਰੀ ਹੋਵੇ ਮਾੜੀ ਲਾਦ ਨੇ ਮੇਰ ਜ਼ਿੰਦਗੀ ਤੇ ਜ਼ਮੀਨ ਖੇਹ ਖਰਾਬ ਕਰ ਦਿਤੀ ।ਮੈਂ ਮਰ ਕਿਉਂ ਨਾ ਗਿਆ ਰੱਬਾ !(ਪੰਨਾ 72)
ਕਹਾਣੀ ਖੇਤਰਪਾਲ ਵਿਚ ਅਖੌਤੀ ਬਾਬਿਆਂ ਦਾ ਪੁਛਾਂ ਦੇਣ ਦਾ ਪ੍ਰਸੰਗ ਹੈ ।ਬਾਬਾ ਪਾਤਰ ਨੂੰ ਖੇਤਰਪਾਲ ਬਾਬੇ ਦਾ ਸਾਇਆ ਪੈਣ ਦਾ ਡਰ ਪਾਉਂਦਾ ਹੈ ।ਇਕ ਦਿਨ ਚੌਕੀ ਕੇ ਬੀਬੀਆਂ ਦੇ ਕਈ ਸਵਾਲਾਂ ਦੀਆਂ ਪੁਛਾਂ ਦੇਣ ਵੇਲੇ ਕਿਸੇ ਅਖੌਤੀ ਡੇਰੇ ਦੀ ਤਸਵੀਰ ਉਭਰਦੀ ਹੈ ।ਪਰ ਕਹਾਣੀ ਦਾ ਪਾਤਰ ਗੁਰਦੀਪ ਉਸਾਰੂ ਤੇ ਤਰਕਸੀਲ ਵਿਚਾਰਾਂ ਦਾ ਕਹਾਣੀ ਵਿਚ ਛੱਟਾ ਦਿੰਦਾ ਹੈ ਕਿ ਕਹਾਣੀਕਾਰ ਆਪਣੇ ਮੰਤਵ ਵਿਚ ਸਫਲ ਹੋ ਜਾਂਦਾ ਹੈ ।ਕਹਾਣੀ ਅੰਧਵਿਸ਼ਵਾਸ਼ਾਂ ਦਾ ਖੰਡਨ ਕਰਦੀ ਹੈ ।ਗਿਆਨ ਦੀ ਰੌਸ਼ਨੀ ਫੈਲਦੀ ਪਾਠਕ ਮਹਿਸੂਸ ਕਰਦਾ ਹੈ ।ਕਹਾਣੀ ਨਿਉਂਦਾ ਵਿਚ ਵੀ ਪਰਵਾਸ ਦੇ ਮਸਲੇ ਨਾਲ ਕਿਸਾਨ ਪਰਿਵਾਰ ਨੂੰ ਦੋ ਜਵਾਨ ਧੀਆ ਦੇ ਵਿਆਹ ਦੀ ਚਿੰਤਾ ਹੈ ।ਪੁੱਤ ਸ਼ੇਰੇ ਨੂੰ ਵਿਦੇਸ਼ ਅਮਰੀਕਾ ਵਿਚ ਭੇਜ ਕੇ ਆਰਥਿਕ ਸੰਕਟ ਵਿਚੋਂ ਨਿਕਲਣ ਦਾ ਰਾਹ ਤਲਾਸ਼ਿਆ ਜਾਂਦਾ ਹੈ ਪਰ ਸ਼ੇਰੇ ਨਾਲ ਅਮਰੀਕਾ ਵਿਚ ਉਹੀ ਹੁੰਦੀ ਹੈ ਝੋ ਮੋਹ ਕਹਾਣੀ ਵਿਚ ਰੂਪ ਨਾਲ ਹੁੰਦੀ ਹੈ ਭਾਵ ਜੇਲ੍ਹ ਦੀ ਯਾਂਤਰਾ । ਗਲਤ ਏਜੰਟ ਮੈਕਸੀਕੋ ਰਾਹੀਂ ਸਰਹਦ ਤੋਂ ਗਲਤ ਢੰਗ ਨਾਲ ਪਾਰ ਕਰਾਉਣ ਦੇ ਯਤਨ ਕਰਦਾ ਹੈ ।। ਫੌਨ ਤੇ ਜਦੋਂ ਇਸ ਗਲ ਦਾ ਪਤਾ ਲਗਦਾ ਹੈ ਤਾਂ ਪਰਿਵਾਰ ਚਿੰਤਾ ਵਿਚ ਡੁਬ ਜਾਂਦਾ ਹੈ । ਕਹਾਣੀਕਾਰ ਦੋ ਧੀਆਂ ਤੋਂ ਪਿਛੋਂ ਦੋ ਗਰਭਪਾਤ ਫਿਰ ਪੰਜਵੀਂ ਵਾਰ ਪੁਤ ਦ ਜੰਮਣ ਦੀ ਖੁਸ਼ੀ ਕਰਦਾ ਹੈ ਪਰ ਸੁਖਾਂ ਸੁਖ ਕੇ ਲਿਆ ਇਕਲੌਤਾ ਪੁਤ ਡਾਲਰਾਂ ਦੀ ਲਾਲਸਾ ਵਿਚ ਵਿਦੇਸ਼ਾਂ ਦੀ ਜੇਲ੍ਹ ਭੁਗਤਦਾ ਹੈ ।ਕਹਾਣੀ ਵਿਚ ਸੰਕਟਮਈ ਸਥਿਤੀਆਂ ਹਨ ।ਕਹਾਣੀਕਾਰ ਇਸ ਕਿਸਮ ਦੀ ਸਥਿਤੀ ਨੂੰ ਬਹੁਤ ਸ਼ਿਦਤ ਨਾਲ ਲਿਖਦਾ ਹੈ । ਨਾਲ ਹੀ ਗਲਤ ਏਜੰਟਾ ਤੋਂ ਪਾਠਕਾ ਨੂੰ ਚੌਕਸ ਕਰਦਾ ਹੈ {।ਕਿਸਾਨੀ ਸੋਚ ਨੂੰ ਵੀ ਉਲੀਕਣ ਵਿਚ ਕਾਮਯਾਂਬ ਹੈ ।ਪਰ ਸਵਾਲ ਹੈ ਕਿ ਕਿਸਾਨ ਪੰਜਾਬ ਦੇ ਵਰਤਮਾਨ ਮਾਹੌਲ ਤੋਂ ਮਾਯੂਸ ਕਿਉਂ ਹੈ ? ਪੰਜਾਬ ਵਿਚ ਵਿਦੇਸ਼ਾਂ ਦਾ ਰੁਝਾਂਨ ਦਿਨੋ ਦਿਨ ਵਧੀ ਜਾ ਰਿਹਾ ਹੈ ।ਕੋਣ ਜ਼ਿਮੇਵਾਰ ਹੈ ਇਸ ਲਈ ? ਕਹਾਣੀਕਾਰ ਪਾਠਕਾਂ ਨੂੰ ਤੇ ਸਰਕਾਰਾਂ ਨੂੰ ਚੌਕਸ ਕਰਦਾ ਹੈ ਇਹ ਕਹਾਣੀਕਾਰ ਦੀ ਵਡੀ ਕਾਮਯਾਬੀ ਕਹੀ ਜਾ ਸਕਦੀ ਹੈ ।ਸੰਗ੍ਰਹਿ ਦੀਆਂ ਦੋ ਕਹਾਣੀਆਂ ਦੇ ਵਿਸ਼ੇ ਬਹੁਤ ਕਮਾਲ ਦੇ ਹਨ ।ਪੱਲਾ ਤੇ ਸਤੇ ਪਹਿਰ । ਪੱਲਾ ਕਹਾਣੀ ਦੀ ਜੋਤੀ ਦਾ ਵਿਆਹ ਹੈ ।ਮਾਂ ਨੂੰ ਚਿੰਤਾ ਹੈ ਕਿ ਉਸਦਾ ਬਾਪ ਕੌਣ ਹੈ ੳਹ ਧੀ ਨੂੰ ਲੰਮਾ ਸਮਾਂ ਨਹੀ ਸੀ ਦਸ ਸਕੀ ।ਪਰ ਹੁਣ ਤਾਂ ਬਹੁਤ ਸਮਾਂ ਲੰਘ ਗਿਆ । ਜਵਾਨੀ ਵੇਲੇ ਮਾਂ ਇਕ ਡੇਰੇ ਤੇ ਜਾਂਦੀ ਸੀ ਡੇਰੇ ਤੇ ਉਸਦਾ ਸ਼ੋਸ਼ਣ ਹੁੰਦਾ ਹੈ {ਡੇਰੇ ਦਾ ਇਕ ਮਹੰਤ ਉਸ ਨਾਲ ਬਲਾਤਕਾਰ ਕਰਦਾ ਹੈ ।ਤਿੰਨ ਮਹੀਨੇ ਚਿੰਤਾ ਵਿਚ ਲੰਘਦੇ ਹਨ ।ਇਸ ਗਲ ਦਾ ਜਦੋਂ ਵਡੇ ਮਹਾਰਾਜ ਨੂੰ ਪਤਾ ਲਗਦਾ ਹੈ । ਉਹ ਕਾਹਲੀ ਨਾਲ ਕੰਵਲਜੀਤ ਦਾ ਵਿਆਹ ਕਰਾ ਦਿੰਦਾ ਹੈ ੳਹ ਆਪਣੇ ਪਤੀ ਬੀਰ ਸਿੰਘ ਨੂੰ ਸਭ ਕੁਝ ਦਸ ਦਿੰਦੀ ਹੈ {ਸੱਤ ਮਹੀਨੇ ਪਿਛੋਂ ਕੰਵਲਜੀਤ ਇਕ ਧੀ ਨੂੰ ਜਨਮ ਦਿੰਦੀ ਹੈ ਉਸਦਾ ਅਸਲ ਬਾਪ ਡੇਰੇ ਦਾ ਮਹੰਤ ਹਰਦਾਸ ਹੈ । ਬੀਰ ਸਿੰਘ ਤਾਂ ਲੋਕਾਚਾਰੀ ਦਾ ਪਤੀ ਹੈ ਉਸਦੀ ਮੌਤ ਵੀ ਕੁਝ ਸਮੇਂ ਪਿਛੋਂ ਹੋ ਜਾਂਦੀ ਹੈ । ਕਹਾਣੀ ਦਾ ਵਧੇਰੇ ਭਾਗ ਪਿਛਲ ਝਾਤ ਵਿਧੀ ਵਿਚ ਹੈ । ਹੁਣ ਜੋਤੀ ਦੇ ਆਨੰਦ ਕਾਰਜ ਵੇਲੇ ਕੁੜੀ ਦਾ ਪਲਾ ਫੜਾਂਉਣ ਦੀ ਰਸਮ ਲਈ ਕੁੜੀ ਦੇ ਬਾਪ ਨੂੰ ਆਵਾਜ਼ ਪੈਂਦੀ ਹੈ {ਤਾਂ ਜੋਤੀ ਝਟ ਬੋਲਕੇ ਸੰਗਤ ਨੂੰ ਹੈਰਾਨ ਕਰ ਦਿੰਦੀ ਹੈ ---ਮਾਸੜ ਜੀ, ਮੈਨੂੰ ਪੱਲਾ ਮਹਾਰਾਜ ਫੜਾਉਣਗੇ । ਤੇ ਕਹਾਣੀ ਖਤਮ ਹੋ ਜਾਂਦੀ ਹੈ ਪਾਠਕ ਸਾਰੀ ਗਲ ਆਪ ਹੀ ਸਮਝ ਜਾਂਦਾ ਹੈ ।ਜੋਤੀ ਨੂੰ ਆਪਣੇ ਬਾਪ ਦਾ ਕਿਵੇਂ ਤੇ ਕਦੋਂ ਪਤਾ ਲਗਾ ਜੋ ਗਲ ਸਾਰੀ ਉਮਰ ਮਾਂ ਆਪਣੀ ਧੀ ਤੋਂ ਲੁਕਾਉੰਦੀ ਰਹੀ ਉਹ ਇਕੋ ਵਾਕ ਨੇ ਖੌਲ੍ਹ ਕੇ ਰਖ ਦਿਤੀ ।ਕਹਾਣੀ ਨਾਟਕੀ ਹੈ । ਟੀਵੀ ਚੈਨਲ ਵਾਸਤੇ ਵਧੀਆ ਨਾਟਕੀ ਰੂਪ ਕਹਾਣੀ ਤੇ ਬਣ ਸਕਦਾ ਹੈ । ਸੰਗ੍ਰਹਿ ਦੀ ਅੰਤਮ ਕਹਾਣੀ ਸੱਤ ਪਹਿਰ ਹੋਰ ਵੀ ਜ਼ਬਰਦਸਤ ਕਹਾਣੀ ਹੈ ।ਕੁੜੀ ਦਾ ਤਾਇਆ ਕੁੜੀ ਦੇ ਵਿਆਹ ਲਈ ਕਾਹਲਾ ਹੈ। ਕੁੜੀ ਨਰਸ ਹੈ ਸਰਕਾਰੀ ਨੌਕਰੀ ਕਰਦੀ ਹੈ ਤਾਇਆ ਵਿਦੇਸ਼ ਤੋਂ ਆਏ ਛੇਵੀਂ ਪਾਸ ਮੁੰਡੇ ਨਾਲ ਕਰਨਾ ਚਾਹੁੰਦਾ ਹੈ ਕਈ ਸ਼ਬਜ਼ਬਾਗ ਵਿਖਾਉਂਦਾ ਹੈ {।ਸਟਾਫ ਨਰਸ ਕੁੜੀ ਆਪਣੇ ਹਾਣੀ ਫਰਮੇਸਿਸਟ ਮੁੰਡੇ ਨੂੰ ਪਿਆਰ ਕਰਦੀ ਹੈ ।ਮੁੰਡਾ ਧਾਂਰਮਿਕ ਖਿਆਲਾਂ ਦਾ ਹੈ ।ਕੁੜੀ ਦੇ ਦਿਲ ਦਾ ਰਾਜਾ ਬਣ ਚੁਕਾ ਹੈ ਪਰ ਤਾਇਆ ਪੇਸ਼ ਨਹੀ ਜਾਣ ਦਿੰਦਾ ।ਕੁੜੀ ਮਜ਼ਬੂਰ ਹੈ ਪਰ ਕਹਾਣੀਕਾਰ ਨੇ ਵਿਆਹ ਵਾਲੀ ਰਾਤ ਚਮਤਕਾਰ ਕਰ ਦਿਤਾ ਹੈ। ਘਰ ਵਿਚ ਸ਼ਰੀਕਾ ਆਉੰਦਾ ਹੈ ।ਤਾਂ ਬਜ਼ੁਰਗ ਤਾਈ ਇਹ ਭੇਤ ਖੌਲ੍ਹਦੀ ਹੈ ਕਿ ਸੱਤੀ ਦਾ ਅਸਲ ਬਾਪ ਕੁੜੀ ਦਾ ਤਾਇਆ ਹੀ ਹੈ । ਕਹਾਣੀ ਵਿਚ ਪਿਛਲਝਾਤ ਵਿਧੀ ਹੈ ।ਵਧੇਰੇ ਦ੍ਰਿਸ਼ ਨਾਟਕੀ ਹਨ । ਕਹਾਣੀ ਵਿਚ ਜਦੋਂ ਸਾਰੀ ਗਲ ਕੁੜੀ ਸੁਣ ਲੈਂਦੀ ਹੈ ਤਾਂ ਤਾਇਆ ਉਸਦੇ ਲਈ ਜਲਾਦ ਦਾ ਰੂਪ ਬਣ ਜਾਂਦਾ ਹੈ ।ੳਹ ਗੁਸੇ ਨਾਲ ਇਕ ਸਫੇ ਤੇ ਪਾਪਾ ਮਾਫ ਕਰਨਾ ਲਿਖਦੀ ਹੈ ਤੇ ਚੂੜ੍ਹਾ ਲਾਹ ਕੇ ਸਰਹਾਣੇ ਥਲੇ ਰਖ ਦਿੰਦੀ ਹੈ {ਸਾਫ ਹੈ ਕਿ ਉਹ ਇਸ ਵਿਆਹ ਤੋਂ ਇਨਕਾਰੀ ਹੈ । ਪਾਠਕ ਇਕ ਮਿੰਟ ਲਈ ਰੁਕ ਜਾਂਦਾ ਹੈ ਕਹਾਣੀਕਾਰ ਪਾਠਕ ਨੂੰ ਝਟਕਾ ਦਿੰਦਾ ਹੈ ਇਹ ਉਸਦੀ ਸਾਹਿਤਕ ਕਲਾ ਹੈ { ਇਹ ਕਹਾਣੀ ਸਰੋਕਾਰ ਮੈਗਜ਼ੀਨ ਵਿਚ ਛਪ ਚੁਕੀ ਹੈ ।ਇਸ ਤਰਾਂ ਦੀਆ ਕਲਾਤਮਕ ਕਹਾਣੀਆਂ ਪੰਜਾਬੀ ਕਹਾਣੀ ਦਾ ਵਡਾ ਹਾਸਲ ਹਨ ।ਕਹਾਣੀਆ ਦੇ ਇਹ ਪਾਤਰ ਯਾਂਦਗਾਰੀ ਹਨ ।ਸੰਗ੍ਰਹਿ ਦਾ ਮੁਖ ਬੰਦ ਕਰਮਜੀਤ ਸਿੰਘ (ਡਾ ) ਨੇ ਭਾਂਵਪੂਰਤ ਲਿਖਿਆ ਹੈ ।ਕਹਾਣੀ ਸੰਗ੍ਰਹਿ ਪੜ੍ਹਨ ਵਾਲਾ ਹੈ ।