ਮੈਰਿਜ ਪੈਲੇਸ ਪੁਲਿਸ ਨਾਕਾ
(ਵਿਅੰਗ )
ਓਏ ਅਮਲੀਆ ਅੱਜ ਮੈਂ ਇੱਕ ਨਵੀਂ ਹੈਰਾਨੀਜਨਕ ਜਿਹੀ ਖ਼ਬਰ ਸੁਣਕੇ ਆਇਆਂ ਹਾਂ..!
(ਅੱਗੋਂ ਦੂਜਾ ਅਮਲੀ) ਓਏ ਅਮਲੀਆ ਅਜਿਹਾ ਕੀ ਸੁਣ ਲਿਆ ਤੂੰ, ਜਿਹੜਾ ਬੜੇ ਚਾਅ ਜਿਹੇ ਨਾਲ ਦੱਸਣ ਲੱਗਾ ਹੈਂ, ਕੀ ਹੁਣ ਆਪਣੇ ਦੇਸ਼ ਵਿਚ ਪੋਸਤ ਦੇ ਠੇਕੇ ਖੋਲ੍ਹਣ ਬਾਰੇ ਹੈ। ਕਿ ਕੋਈ ਹੋਰ ਖ਼ਬਰ...?
(ਪਹਿਲਾ ਅਮਲੀ) ਓਏ ਭਰਾਵਾ ਪੋਸਤ ਦੇ ਠੇਕੇ ਆਪਣੇ ਕਰਮਾਂ ਵਿੱਚ ਕਿੱਥੇ ਐ, ਆਪਾਂ ਨੂੰ ਤਾਂ ਅੱਗ- ਸੁਆਹ ਹੀ ਮਿਲਣਾਂ ਏ, ਨਵੀਂ ਖ਼ਬਰ ਇਹ ਐ,ਕਿ ਬਈ ਰੋਡ ਐਕਸੀਡੈਂਟਾਂ ਉਪਰ ਕਾਬੂ ਪਾਉਣ ਲਈ ਹੁਣ ਸਾਰੇ ਮੈਰਿਜ ਪੈਲੇਸਾਂ ਦੇ ਗੇਟਾਂ ਮੂਹਰੇ ਪੁਲਿਸ ਨਾਕਾ ਲੱਗਿਆ ਕਰੂਗਾ ਅਤੇ ਜਿਹੜੇ ਗੱਡੀ ਮਾਲਕ ਜਾਂ ਡਰਾਇਵਰ ਅੰਦਰੋਂ ਸ਼ਰਾਬ ਪੀ ਕੇ ਆਇਆ ਕਰਨਗੇ ਅਤੇ ਜੋ ਡਰਾਇਵਰੀ ਕਰਨਗੇ। ਪੁਲਿਸ ਵਾਲੇ ਉਨ੍ਹਾਂ ਦੀ ਚੈਕਿੰਗ ਕਰਕੇ 10 ਹਜ਼ਾਰ ਤੱਕ ਦਾ ਚਾਲਾਨ ਕੱਟਿਆ ਕਰਨਗੇ।
(ਦੂਜਾ ਅਮਲੀ ) ਹਾ...ਅ, ਹਾ...ਅ, ਹਾਅ....!
(ਪਹਿਲਾ ਅਮਲੀ) ਓਏ ਭਰਾਵਾ ਇਹਦੇ ਚ ਹੱਸਣ ਵਾਲੀ ਕਿਹੜੀ ਗੱਲ ਐ ...?
(ਦੂਜਾ ਅਮਲੀ) ਯਾਰ ਹੱਸਣ ਵਾਲੀ ਗੱਲ ਇਹ ਹੈ। ਕਿ ਤੂੰ ਜ਼ਰਾ ਸੋਚ ਕੇ ਦੇਖ ਕਿ ਡਰਾਇਵਰ ਭਾਈਚਾਰਾ ਤਾਂ ਪੁਲਿਸ ਵਾਲਿਆਂ ਵਿਚਾਰਿਆਂ ਨੂੰ ਆਪਣੇ ਮਨ ਅੰਦਰੋਂ ਪਹਿਲਾਂ ਹੀ ਇਸ ਕਰਕੇ 'ਮਾਮਾ' ਕਹਿਕੇ ਪੁਕਾਰਦੇ ਰਹਿੰਦੇ ਹਨ ਕਿ ਉਨ੍ਹਾਂ ਦੀਆਂ ਗੱਡੀਆਂ ਦੇ ਕਾਗਜ਼ ਆਧੂਰੇ ਹੋਣ ਕਰਕੇ ਇਹ ਚਾਲਾਨ ਕੱਟ ਦਿੰਦਾ ਹਨ ਤੂੰ ਦੇਖਿਆ ਹੈ ਹੋਣਾਂ ਕਿ ਟੈਕਸੀ ਗੱਡੀਆਂ ਵਾਲੇ ਇੱਕ ਦੂਜੇ ਨੂੰ ਡਿਪਰ ਦੇ ਇਸ਼ਾਰੇ ਨਾਲ ਜਾਂ ਗੱਡੀ ਰੋਕ ਕੇ ਕਹਿੰਦੇ ਹਨ। ਕਿ ਬਚ ਕੇ ਜਾਇਓ.. ਕਿਉਂਕਿ ਅੱਗੇ ਮਾਮੇ ਖੜ੍ਹੇ ਹਨ (ਮਤਲਬ ਕਿ ਪੁਲਿਸ ਨਾਕਾ ਲੱਗਾ ਹੋਇਆ ਹੈ) ਅਤੇ ਕੁਝ ਆਪਣੇ ਵਰਗੇ ਬਾਕੀ ਲੋਕ ਵੀ ਉਨ੍ਹਾਂ ਦੀ ਰੀਸ ਨਾਲ ਉਹੀ ਬੋਲੀ ਬੋਲਣ ਦੀ ਆਦੀ ਹੋ ਗਏ ਹਨ। ਪਰ ਹੁਣ ਪੈਲਿਸਾਂ ਵਿੱਚ ਮਿਲਨੀਆਂ ਹੋਣ ਮੌਕੇ ਉਨ੍ਹਾਂ ਵਿਆਹ ਕਰਨ ਆਏ ਲੋਕਾਂ ਨੂੰ ਮੌਜ਼ ਹੋ ਜਾਇਆ ਕਰੂਗੀ, ਜਿੰਨ੍ਹਾਂ ਦੇ ਮਾਮੇ ਮੌਕੇ ਤੇ ਹਾਜ਼ਰ ਨਹੀਂ ਹੋਣਗੇ ਜਾਂ ਜਿੰਨ੍ਹਾਂ ਦੇ ਮਾਮੇ ਗੁੱਸੇ ਮਸਾਲੇ ਜਾਂ ਜਿੰਨ੍ਹਾਂ ਦੇ ਕੁਦਰਤ ਵੱਲੋਂ ਮਾਮੇ ਹੈ ਹੀ ਨਹੀਂ ਹਨ ਅਤੇ ਉਨ੍ਹਾਂ ਲੋਕਾਂ ਨੂੰ ਮਿਲਣੀਂ ਮੌਕੇ ਮਾਮਿਆਂ ਦੀ ਘਾਟ ਨਹੀਂ ਰੜਕੂਗੀ, ਗੇਟ ਚੋਂ ਹੀ ਫਟਾਫਟ ਆਵਾਜ਼ ਮਾਰਿਆ ਕਰਨਗੇ ਅਤੇ ਮਿਲਨੀਂ ਦੀ ਰਸਮ ਕਰਵਾ ਦਿਆ ਕਰਨਗੇ।
(ਪਹਿਲਾ ਅਮਲੀ) ਗੱਲ ਤਾਂ ਅਮਲੀਆ ਤੇਰੀ ਜਮਾਂ ਸੋਲਾਂ ਆਨੇ ਸੱਚ ਹੈ। ਪਰ ਆਪਣੇ ਲੋਕਾਂ ਵੱਲੋਂ ਇਨ੍ਹਾਂ ਨੂੰ ਮਾਮਿਆਂ ਦੇ ਖ਼ਿਤਾਬ ਨਾਲ ਸਮਝਣਾ ਵੀ ਇੱਕ ਗਲਤ ਸਲੂਕ ਹੀ ਹੈ। ਚਲੋ ਕੋਈ ਗੱਲ ਨਹੀਂ, ਉਨ੍ਹਾਂ ਦੀ ਮਰਜ਼ੀ ਐ, ਦੁਖੀ ਹੋਏ ਹੀ ਉਹ ਕਹਿੰਦੇ ਹੋਣਗੇ। ਪਰ ਦੂਜੇ ਪਾਸੇ ਚਿੰਤਾਜਨਕ ਗੱਲ ਇਹ ਵੀ ਹੈ। ਕਿ ਸਾਡੇ ਪੁਲਿਸ ਠਾਣਿਆਂ, ਚੌਂਕੀਆਂ ਵਿਚ ਤਾਂ ਪੁਲਿਸ ਮੁਲਾਜ਼ਮ ਪੂਰੇ ਹੈਨੀਂ ਗੇ,ਇਹ ਤਾਂ ਉਹ ਗੱਲ ਹੋਈ 'ਅਖੇ ਅੱਗਾ ਦੌੜ ਪਿੱਛਾ ਚੌੜ, ਲੋਕ ਤਾਂ ਇਨਸਾਫ਼ ਲੈਣ ਲਈ ਠਾਣਿਆਂ ਵਿਚ ਕਈ- ਕਈ ਦਿਨ ਠੇਡੇ ਖਾਂਦੇ ਫਿਰਦੇ ਰਹਿੰਦੇ ਨੇ, ਕਿਸੇ ਦੀ ਕੋਈ ਸੁਣਵਾਈ ਨਹੀਂ ਹੁੰਦੀ ਅਤੇ ਫਿਰ ਸਾਡੇ ਮੁਲਕ ਦੇ ਨਿੱਤ ਵਿਗੜਦੇ ਜਾ ਰਹੇ ਮਾਹੌਲ ਦਾ ਕੀ ਬਣੂੰਗਾ, ਜਿਹੜੇ ਚਿੱਟੇ ਦੇ ਟੀਕੇ ਲਗਾ- ਲਗਾ ਕੇ ਨੌਜਵਾਨ ਨਿੱਤ ਮਰੀ ਦਾ ਰਹੇ ਹਨ। ਨਾਲੇ ਨਿੱਤ ਠਾਹ- ਠੂਹ ਹੁੰਦੀ ਰਹਿੰਦੀ ਹੈ।
(ਦੂਜਾ ਅਮਲੀ) ਓਏ ਅਮਲੀਆ ਤੂੰ ਐਵੇਂ ਫ਼ਿਕਰ ਨਾ ਕਰ ਉਨ੍ਹਾਂ ਹਾਲਾਤਾਂ ਤੇ ਕਾਰਵਾਈ ਕਰਨ ਵਾਲੀ ਪੁਲਿਸ ਟੀਮ ਵੀ ਹੈਗੀ ਐ।
(ਪਹਿਲਾ ਅਮਲੀ) ਓਏ ਉਹ ਕਿਹੜੀ...?
(ਦੂਜਾ ਅਮਲੀ) ਅਮਲੀਆ ਵੇਖ ਖਾਂ 'ਦਿੱਲੀ ਪੁਲਿਸ ਟੀਮ', ਸਾਡੇ ਵਾਲਿਆਂ ਨੇ ਤਾਂ ਹਜੇ ਦੋਸ਼ੀਆਂ ਦਾ ਪਤਾ ਲਗਾਉਣ ਲਈ ਸੋਚਿਆ ਵੀ ਨਹੀਂ ਹੁੰਦਾ ਤੇ ਦਿੱਲੀ ਪੁਲਿਸ ਟੀਮ' ਦੋਸ਼ੀਆਂ ਨੂੰ ਕਾਬੂ ਕਰਕੇ ਵੀ ਲੈ ਜਾਂਦੀ ਐ। ਇਨ੍ਹਾਂ ਕਾਰਨਾਂ ਕਰਕੇ ਸਾਡੇ ਲੋਕਾਂ ਦਾ ਸਾਡੀ ਹੀ ਪੁਲਿਸ ਤੋਂ ਵਿਸ਼ਵਾਸ ਭੰਗ ਹੁੰਦਾ ਜਾ ਰਿਹਾ ਹੈ। ਕਿਉਂਕਿ ਇਨ੍ਹਾਂ ਕੋਲੋਂ ਤਾਂ ਹੱਥਕੜੀ ਲੱਗੇ ਹੋਏ ਮੁਲਜ਼ਮ ਵੀ ਦਿਨ ਦਿਹਾੜੇ ਹੀ ਫ਼ਰਾਰ ਹੋ ਜਾਂਦੇ ਹਨ।
(ਪਹਿਲਾ ਅਮਲੀ) ਉਂ.. ਅਮਲੀਆ ਇੱਕ ਗੱਲ ਹੋਰ ਵੀ ਐ, ਕਿ ਇਹਦੇ ਨਾਲ ਸਰਕਾਰੀ ਮਿੱਸ ਦਾ ਵੀ ਇੱਕ ਇਹ ਫਾਇਦਾ ਹੋ ਜਾਊਗਾ ਕਿ ਮੈਰਿਜ ਪੈਲੇਸ ਮੂਹਰੇ ਨਾਕੇ ਦੌਰਾਨ ਪਤੰਦਰ ਪੁਲਸੀਆਂ ਦੀ ਤਰ੍ਹਾਂ - ਤਰ੍ਹਾਂ ਦੇ ਗਰਮ - ਗਰਮ ਖਾਣਿਆਂ ਨਾਲ ਪੇਟ ਪੂਜਾ ਵੀ.....।
(ਦੂਜਾ ਅਮਲੀ) ਹਾਅ ...ਹਾਅ...ਹਾਅ ! ਉਏ ਭਰਾਵਾ ਆਹ ਤਾਂ ਤੂੰ ਗੱਲ ਜਮਾਂ ਈ ਸਿਰੇ ਲਾਤੀ।