ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਕੌਮਾਂਤਰੀ ਕਵੀ ਦਰਬਾਰ ਕਰਾਏ ਗਏ
(ਖ਼ਬਰਸਾਰ)
ਕੈਲਗਰੀ: ਈ- ਦੀਵਾਨ ਸੋਸਾਇਟੀ ਕੈਲਗਰੀ ਵਲੋਂ, 10 ਤੇ 17 ਦਸੰਬਰ ਨੂੰ, ਆਪਣੇ ਹਫਤਾਵਾਰ ਸਮਾਗਮਾਂ ਵਿੱਚ, ਮਾਤਾ ਗੁਜਰੀ ਜੀ ਤੇ ਸਾਹਿਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਨ ਹਿੱਤ, ਔਨਲਾਈਨ ਕੌਮਾਂਤਰੀ ਕਵੀ ਦਰਬਾਰ ਕਰਾਏ ਗਏ- ਜਿਹਨਾਂ ਵਿੱਚ ਦੇਸ਼ ਵਿਦੇਸ਼ ਤੋਂ ਮਹਾਨ ਪੰਥਕ ਕਵੀ/ ਕਵਿੱਤਰੀਆਂ ਨੇ ਸ਼ਿਰਕਤ ਕੀਤੀ। ਇਹ ਸੰਸਥਾ, ਸਿੱਖ ਇਤਿਹਾਸ ਦੇ ਖਾਸ ਦਿਹਾੜਿਆਂ ਤੇ ਕਵੀ ਦਰਬਾਰ ਕਰਾ ਕੇ, ਦਸ਼ਮੇਸ਼ ਪਿਤਾ ਦੀ ਚਲਾਈ ਹੋਈ ਇਸ ਪਰੰਪਰਾ ਨੂੰ ਅੱਗੇ ਤੋਰਨ ਵਿੱਚ ਵਿਸ਼ੇਸ਼ ਯੋਗਦਾਨ ਪਾ ਰਹੀ ਹੈ।
ਪਹਿਲੇ ਦਿਨ ਦੇ ਕਵੀ ਦਰਬਾਰ ਵਿੱਚ, ਸੰਸਥਾ ਦੇ ਸੰਸਥਾਪਕ ਤੇ ਸੰਚਾਲਕ- ਡਾ. ਬਲਰਾਜ ਸਿੰਘ ਜੀ ਦੂਰੋਂ ਨੇੜਿਉਂ ਪਹੁੰਚੇ, ਸਮੂਹ ਕਵੀ ਸਾਹਿਬਾਨ ਨੂੰ ‘ਜੀ ਆਇਆਂ’ ਕਹਿੰਦਿਆਂ ਹੋਇਆਂ, ਟੋਰੰਟੋ ਵਾਲੇ ਬੱਚਿਆਂ ਨੂੰ ਸ਼ਬਦ ਪੜ੍ਹਨ ਲਈ ਬੇਨਤੀ ਕੀਤੀ। ਬੱਚੀਆਂ ਅਮਿਤੋਜ਼ ਕੌਰ ਤੇ ਅਨੁਰੀਤ ਕੌਰ ਨੇ, ਬਹੁਤ ਹੀ ਸੁਰੀਲੀ ਆਵਾਜ਼ ਵਿੱਚ ਸ਼ਬਦ ਸਰਵਣ ਕਰਾਇਆ। ਉਸ ਤੋਂ ਬਾਅਦ ਗੁਰਦੀਸ਼ ਕੌਰ ਗਰੇਵਾਲ ਨੇ, ਮੰਚ ਸੰਚਾਲਨ ਦੀ ਸੇਵਾ ਸੰਭਾਲੀ ਤੇ ਕਵੀਆਂ ਦੀ ਜਾਣ ਪਛਾਣ ਕਰਾਉਂਦਿਆਂ, ਵਾਰੋ ਵਾਰੀ ਸਭ ਨੂੰ ਮੰਚ ਤੇ ਸੱਦਾ ਦਿੱਤਾ। ਲੁਧਿਆਣੇ ਤੋਂ ਪਹੁੰਚੇ, ਗੀਤਕਾਰ ਤੇ ਗਾਇਕ ਕਰਮਜੀਤ ਸਿੰਘ ਗਰੇਵਾਲ ਨੇ ‘ਦਾਦੀ ਤੋਂ ਪੁੱਛਦੇ ਬੱਚੇ.’ ਸੁਰੀਲੀ ਆਵਾਜ਼ ਵਿੱਚ ਸੁਣਾ ਕੇ ਕਵੀ ਦਰਬਾਰ ਦੀ ਸ਼ੁਰੂਆਤ ਕੀਤੀ। ਜੈਪੁਰ ਤੋਂ ਆਏ ਬ੍ਰਿਜਮਿੰਦਰ ਕੌਰ ਨੇ ਵੀ ਮਾਤਾ ਗੁਜਰੀ ਦੀ ਕਵਿਤਾ ਨਾਲ ਸਾਂਝ ਪਾਈ। ਲੁਧਿਆਣੇ ਤੋਂ ਹੀ ਆਏ ਉਸਤਾਦ ਸ਼ਾਇਰ, ਡਾ. ਹਰੀ ਸਿੰਘ ਜਾਚਕ ਨੇ- ‘ਗੋਬਿੰਦ ਜਿਹਾ ਨਹੀਂ ਕਿਸੇ ਦਾ ਪੁੱਤ ਹੋਣਾ, ਗੁਜਰੀ ਜਿਹੀ ਨਹੀਂ ਕਿਸੇ ਦੀ ਮਾਂ ਹੋਣੀ’ ਕਵਿਤਾ ਬੁਲੰਦ ਆਵਾਜ਼ ਵਿੱਚ ਸੁਣਾ ਕੇ ਵਾਹਵਾ ਖੱਟੀ। ਲਹੌਰ ਤੋਂ ਪੁਹੰਚੇ, ਨਨਕਾਣਾ ਸਾਹਿਬ ਦੇ ਜੰਮਪਲ, ਰੀਸਰਚ ਸਕੌਲਰ ਡਾ. ਕਲਿਆਣ ਸਿੰਘ ਕਲਿਆਣ ਨੇ ਭਾਵਪੂਰਤ ਛੋਟੀ ਨਜ਼ਮ ਨਾਲ ਹਾਜ਼ਰੀ ਭਰੀ। ਉਹਨਾਂ ਨਨਕਾਣਾ ਸਾਹਿਬ ਦੇ ਹੈੱਡ ਗਰੰਥੀ ਰਹੇ ਆਪਣੇ ਪਿਤਾ ਜੀ ਦੀ ਗੱਲ ਕਰਦਿਆਂ ਦੱਸਿਆ ਕਿ- ਸੰਤਾਲੀ ਵੇਲੇ ਭਾਵੇਂ ਸਾਡੇ ਪਰਿਵਾਰ ਨੇ ਬਹੁਤ ਔਖਾ ਸਮਾਂ ਕੱਟਿਆ, ਪਰ ਉਹ ਕਹਿੰਦੇ ਹਨ ਕਿ- ‘ਮੈਥੋਂ ਨਨਕਾਣਾ ਸਾਹਿਬ ਨੂੰ ਬੇਦਾਵਾ ਨਹੀਂ ਦੇ ਹੋਇਆ!’ ਗੁਰਦਾਸਪੁਰ ਤੋਂ ਆਏ, ਹਰਮੀਤ ਕੌਰ ਮੀਤ ਨੇ ‘ਦਾਦੀ ਵਲੋਂ ਪੋਤਿਆਂ ਨੂੰ’ ਗੀਤ ਸੁਣਾ ਕੇ ਰੰਗ ਬੰਨ੍ਹ ਦਿੱਤਾ। ਚੰਡੀਗੜ੍ਹ ਤੋਂ ਪਹੁੰਚੀ, ਸਿਮਰਜੀਤ ਕੌਰ ਗਰੇਵਾਲ ਨੇ ਸਾਹਿਬਜ਼ਾਦਿਆਂ ਤੇ ਗੀਤ ਸੁਣਾ ਕੇ ਮਹੌਲ ਸੁਰਮਈ ਬਣਾ ਦਿੱਤਾ। ਯਮੁਨਾਨਗਰ ਤੋਂ ਆਏ ਪੰਥਕ ਸ਼ਾਇਰ, ਗੁਰਦਿਆਲ ਸਿੰਘ ਨਿਮਰ ਨੇ ਆਪਣੀ ਬੇਹਤਰੀਨ ਰਚਨਾ ਰਾਹੀਂ, ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਨੂੰ ਸਿਜਦਾ ਕੀਤਾ। ਸਿਆਟਲ ਤੋਂ ਆਏ, ਨਾਮਵਰ ਬਜ਼ੁਰਗ ਸ਼ਾਇਰ ਗੁਰਦਿਆਲ ਸਿੰਘ ਚੀਮਾ ਨੇ, ਆਪਣੀਆਂ ਦੋ ਛੋਟੀਆਂ ਭਾਵਪੂਰਤ ਰਚਨਾਵਾਂ ਸੰਗਤ ਨਾਲ ਸਾਂਝੀਆਂ ਕੀਤੀਆਂ। ਦੁਨੀਆਂ ਦੀ ਪਹਿਲੀ ਔਰਤ ਹੈੱਡ ਗਰੰਥੀ ਰਹੀ, ਬੀਬੀ ਸੁਰਜੀਤ ਕੌਰ ਸੈਕਰਾਮੈਂਟੋ ਨੇ ਦੋ ਕਬਿੱਤ ਤੇ ਇਕ ਨਜ਼ਮ ਦੀ ਵਧੀਆ ਪੇਸ਼ਕਾਰੀ ਨਾਲ ਜੈਕਾਰੇ ਖੱਟੇ। ਟੋਰੰਟੋ ਤੋਂ ਆਏ, ਪਰਮਜੀਤ ਸਿੰਘ ਜੀ ਨੇ ਆਪਣੀਆਂ ਬੇਟੀਆਂ ਨਾਲ, ਗੁਰਦੀਸ਼ ਕੌਰ ਦਾ ਲਿਖਿਆ ਗੀਤ- ‘ਧੰਨ ਮਾਤਾ ਗੁਜਰੀ’ ਹਰਮੋਨੀਅਨ ਤੇ ਸੁਣਾ ਕੇ, ਮਹੌਲ ਸੰਗੀਤਮਈ ਬਣਾ ਦਿੱਤਾ। ਟੋਰੰਟੋ ਤੋਂ ਸੁਜਾਨ ਸਿੰਘ ਸੁਜਾਨ, ਸਿਹਤ ਠੀਕ ਨਾ ਹੋਣ ਕਾਰਨ, ਹਾਜ਼ਰ ਨਹੀਂ ਹੋ ਸਕੇ। ਅੰਤ ਤੇ ਜਗਬੀਰ ਸਿੰਘ ਨੇ ਸਮੂਹ ਕਵੀਆਂ ਦਾ, ਸਹਿਯੋਗ ਦੇਣ ਲਈ ਧੰਨਵਾਦ ਕੀਤਾ ਤੇ ਹੋਸਟ ਗੁਰਦੀਸ਼ ਕੌਰ ਨੂੰ ਵੀ ਆਪਣੀ ਕਵਿਤਾ ਦੀ ਸਾਂਝ ਪਾਉਣ ਲਈ ਕਿਹਾ। ਗੁਰਦੀਸ਼ ਕੌਰ ਨੇ ਆਪਣੀ ਸੱਜਰੀ ਲਿਖੀ ਛੋਟੀ ਬਹਿਰ ਦੀ ਕਵਿਤਾ, ‘ਸੂਬੇ ਦੀ ਕਚਹਿਰੀ’ ਸੰਗਤ ਨਾਲ ਸਾਂਝੀ ਕੀਤੀ।
17 ਦਸੰਬਰ ਦੇ ਕਵੀ ਦਰਬਾਰ ਵਿੱਚ 11 ਕਵੀਆਂ ਨੇ ਭਾਗ ਲਿਆ। ਇਸ ਵਿੱਚ ਮੰਚ ਸੰਚਾਲਨ ਦੀ ਸੇਵਾ- ਡਾ. ਬਲਰਾਜ ਸਿੰਘ, ਕਰਮਜੀਤ ਸਿੰਘ ਨੂਰ ਤੇ ਜਗਬੀਰ ਸਿੰਘ ਨੇ ਰਲ਼ ਕੇ ਨਿਭਾਈ। ਪ੍ਰੋਗਰਾਮ ਦੀ ਆਰੰਭਤਾ, ਸ਼ਬਦ ਗਾਇਨ ਨਾਲ ਕੀਤੀ ਗਈ। ਉਪਰੰਤ ਇੰਡੀਆ, ਟੋਰੰਟੋ, ਕੈਲਗਰੀ ਤੇ ਵਿਨੀਪੈੱਗ ਤੋਂ ਆਏ ਕਵੀ ਕਵਿੱਤਰੀਆਂ ਨੇ ਮਾਤਾ ਗੁਜਰੀ ਜੀ ਤੇ ਸਾਹਿਜ਼ਾਦਿਆਂ ਦੀ ਸ਼ਹਾਦਤ ਦਾ ਸਫਰ ਸਾਂਝਾ ਕਰਦੇ ਹੋਏ, ਆਪਣੀਆਂ ਬਾਕਮਾਲ ਕਵਿਤਾਵਾਂ ਤੇ ਗੀਤਾਂ ਰਾਹੀਂ, ਇਸ ਕਵੀ ਦਰਬਾਰ ਦੀ ਸ਼ੋਭਾ ਵਧਾਈ। ਜਿਸ ਵਿੱਚ ਨਾਮਵਰ ਪੰਥਕ ਸ਼ਾਇਰ- ਇੰਜ. ਕਰਮਜੀਤ ਸਿੰਘ ਨੂਰ ਜਲੰਧਰ, ਗੁਰਸ਼ਰਨ ਸਿੰਘ ਪਰਵਾਨਾ ਸ਼ਾਹਬਾਦ ਮਾਰਕੰਡਾ, ਸਰਬਜੀਤ ਕੌਰ ਸਰਬ ਉਤਰਾਖੰਡ, ਅੰਮ੍ਰਿਤਪਾਲ ਕੌਰ ਜਲੰਧਰ, ਇੰਜ. ਡੀ. ਐਮ. ਸਿੰਘ ਲੁਧਿਆਣਾ, ਸੁੰਦਰਪਾਲ ਕੌਰ ਰਾਜਾਸਾਂਸੀ ਟੋਰੰਟੋ, ਪਰਮਜੀਤ ਸਿੰਘ ਟੋਰੰਟੋ, ਡਾ. ਪ੍ਰਿਤਪਾਲ ਕੌਰ ਚਾਹਲ ਵਿਨੀਪੈਗ ਅਤੇ ਜਸਵੀਰ ਕੌਰ ਗਿੱਲ ਕੈਲਗਰੀ ਤੋਂ ਸ਼ਾਮਲ ਹੋਏ।
ਦੋਵੇਂ ਦਿਨ, ਸੰਗਤ ਨੇ ਜੈਕਾਰਿਆਂ ਰਾਹੀਂ ਇਸ ਕਵੀ ਦਰਬਾਰ ਨੂੰ ਭਰਪੂਰ ਹੁੰਗਾਰਾ ਦਿੱਤਾ। ਡਾ. ਸੁਰਜੀਤ ਸਿੰਘ ਭੱਟੀ ਨੇ ਦੂਰੋਂ ਨੇੜਿਉਂ ਪਹੁੰਚੇ ਸਮੂਹ ਕਵੀ ਸਾਹਿਬਾਨ ਦਾ ਸੰਗਤ ਵਲੋਂ ਧੰਨਵਾਦ ਕੀਤਾ ਅਤੇ ਇਸ ਸੰਸਥਾ ਵਲੋਂ ਸ਼ੁਰੂ ਕੀਤੇ ਔਨਲਾਈਨ ਮੈਗਜ਼ੀਨ ‘ਸਾਂਝੀ ਵਿਰਾਸਤ’ ਦੀ ਜਾਣਕਾਰੀ ਦਿੰਦਿਆਂ ਹੋਇਆਂ, ਸਾਰੇ ਕਵੀਆਂ ਨੂੰ ਆਪਣੀਆਂ ਰਚਨਾਵਾਂ ਲਿਖਤੀ ਰੂਪ ਵਿੱਚ, ਇਸ ਮੈਗਜ਼ੀਨ ਲਈ ਭੇਜਣ ਦੀ ਬੇਨਤੀ ਕੀਤੀ।