ਜਿਹੜੀ ਤੀਵੀਂ ਆਪਣੇ ਪਤੀ ਤੇ ਬਹੁਤਾ ਕਰਦੀ ਸ਼ੱਕ,
ਉਸ ਦੀ ਉਸ ਦੇ ਨਾ' ਨਿਭ ਨ੍ਹੀ ਸਕਦੀ ਲੰਬੇ ਸਮੇਂ ਤੱਕ।
ਕਹਿੰਦੇ ਰੋਏ ਬਿਨ ਮਾਂ ਵੀ ਪੁੱਤ ਨੂੰ ਦੇਵੇ ਨਾ ਦੁੱਧ,
ਤਾਂ ਲੋਕੀਂ ਨਾਅਰੇ ਲਾਂਦੇ ਲੈਣ ਲਈ ਆਪਣੇ ਹੱਕ।
ਉਸ ਨੂੰ ਸੌਣ ਲਈ ਗੋਲੀ ਖਾਣ ਦੀ ਪੈਂਦੀ ਨ੍ਹੀ ਲੋੜ,
ਸਾਰਾ ਦਿਨ ਕੰਮ ਕਰਕੇ ਜਿਹੜਾ ਬੰਦਾ ਜਾਵੇ ਥੱਕ।
ਚੀਜ਼ਾਂ ਦੇ ਭਾਅ ਜਾਵੇ ਵਧਾਈ ਉੱਨਾ ਚਿਰ ਸਰਕਾਰ,
ਜਿੰਨਾ ਚਿਰ ਲੋਕੀਂ ਇਸ ਤੋਂ ਯਾਰੋ, ਜਾਂਦੇ ਨ੍ਹੀ ਅੱਕ।
ਬਹੁਤੇ ਕੁੜੀਆਂ ਵਾਲੇ ਦਿੰਦੇ ਨੇ ਇਸ ਕਰਕੇ ਦਾਜ,
ਤਾਂ ਕਿ ਸਮਾਜ 'ਚ ਉਹਨਾਂ ਦਾ ਵੱਢਿਆ ਜਾਏ ਨਾ ਨੱਕ।
ਨਸ਼ਿਆਂ ਦੇ ਵਿੱਚ ਪੈ ਕੇ ਗੁਆਈ ਏ ਜਿਸ ਪੁੱਤ ਨੇ ਜਾਨ,
ਉਹ ਆਪਣੇ ਬੁੱਢੇ ਮਾਂ-ਪਿਉ ਦਾ ਤੋੜ ਗਿਆ ਏ ਲੱਕ।
ਵਾਰਿਸ਼ ਤੋਂ ਉਸ ਵੇਲੇ ਬੜਾ ਹੀ ਡਰਦੇ ਨੇ ਕਿਰਸਾਨ,
ਜਦ ਖੇਤਾਂ ਵਿੱਚ ਫਸਲਾਂ ਯਾਰੋ, ਪੂਰੀਆਂ ਜਾਵਣ ਪੱਕ।