ਮੈਂ ਮਿੱਟੀ ਤੋਂ ਹਾਂ ਉਪਜਿਆ
ਹੈ ਮਿੱਟੀ ਮੇਰੀ ਜਾਤ
ਮੈਂ ਆਖਿਰ ਮਿੱਟੀ ਹੋ ਜਾਣਾ
ਮੇਰੀ ਇੰਨੀ ਕੁ ਔਕਾਤ
ਮਾੜਾ ਵਕਤ ਮੇਰੇ ਤੇ ਆਇਆ
ਸੀ ਹੋਏ ਮਾੜੇ ਮੇਰੇ ਹਾਲਾਤ
ਮੈਂ ਬੇਗਾਨਿਆਂ ਨੂੰ ਕੀ ਕੋਸਣਾ
ਨਾ ਅਪਣਿਆਂ ਨੇ ਪੁੱਛੀ ਬਾਤ
ਮੈਨੂੰ ਚੜਦਾ ਸੂਰਜ ਸੀ ਆਖਦੇ
ਹੁਣ ਬਣ ਗਿਆ ਕਾਲੀ ਰਾਤ
ਮੈਂ ਅੱਕ ਕੇ ਇੱਕ ਦਿਨ ਬਹਿ ਗਿਆ
ਮਾਰੀ ਆਪਣੇ ਅੰਦਰ ਝਾਤ
ਮੈਨੂੰ ਆਪਣੇ ਵਿੱਚੋਂ ਮਿਲ ਗਈ
ਇੱਕ ਵੱਖਰੀ ਜਿਹੀ ਸੌਗਾਤ
ਮੈਂ ਦੁੱਖਾਂ ਨੂੰ ਕਲਮ ਬਣਾ ਲਿਆ
ਖਿਆਲਾਂ ਦੀ ਬਣਾ ਲਈ ਦਵਾਤ
ਮੈਂ ਵਰਕਿਆਂ ਦੀ ਹਿੱਕ ਨੂੰ ਮੱਲ ਲਿਆ
ਲਿਖੇ ਦਿਲ ਵਿਚਲੇ ਜਜ਼ਬਾਤ
ਹਰ ਇੱਕ ਅੱਖ਼ਰ ਸ਼ੋਰ ਮਚਾਂਵਦਾ
ਆਖੇ ਮਿੱਟੀ ਮੇਰੀ ਜਾਤ
ਮੈਂ ਆਖਿਰ ਮਿੱਟੀ ਹੋ ਜਾਣਾ
ਮੇਰੀ ਇੰਨੀ ਕੁ ਔਕਾਤ
ਇੱਥੇ ਰਾਜੇ ਮਿੱਟੀ ਹੋ ਗਏ
ਦੱਸ ਤੇਰੀ ਕੀ ਔਕਾਤ
ਮੈਂ ਮਿੱਟੀ ਤੋਂ ਹਾਂ ਉਪਜਿਆ
ਹੈ ਮਿੱਟੀ ਮੇਰੀ ਜਾਤ