ਪੈਂਤੀ ਅੱਖਰੀ ਚੌਕੇ (ਕਵਿਤਾ)

ਜਸਵੀਰ ਸ਼ਰਮਾ ਦੱਦਾਹੂਰ   

Email: jasveer.sharma123@gmail.com
Cell: +91 94176 22046
Address:
ਸ੍ਰੀ ਮੁਕਤਸਰ ਸਾਹਿਬ India
ਜਸਵੀਰ ਸ਼ਰਮਾ ਦੱਦਾਹੂਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ੳ:ਉੱਘ ਦੀਆਂ ਪਤਾਲ ਜੋ ਲੇਖਕ ਮਾਰਨ,
    ਓਹ  ਨਹੀਂ  ਚੰਡੇ  ਹੁੰਦੇ  ਉਸਤਾਦਾਂ ਦੇ।
    ਇਤਰਾਜ਼ ਯੋਗ ਜੋ ਲਿਖ ਦੇਣ ਗੱਲਾਂ,
    ਵਿੱਚ ਘਿਰੇ ਓਹ ਰਹਿਣ ਵਿਵਾਦਾਂ ਦੇ।
ਅ: ਅੱਖਰਾਂ  ਵਿੱਚ ਹੁੰਦੀ ਕਿੰਨੀ ਤਾਕਤ ,
    ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੱਸਿਆ।
    ਔਰੰਗਜ਼ੇਬ ਜ਼ਫ਼ਰਨਾਮਾ ਪੜ੍ਹ ਕੇ ਵੇਖੋ,
    ਵਿੱਚ  ਕਾਲ  ਦੇਸ਼   ਜਾਅ  ਵਸਿਆ।
ੲ: ਇੱਕੋ  ਰਚਨਾ  ਨਾਲ  ਹੀ   ਵੀਰਨੋ,
    ਲੇਖਕ  ਦੀ  ਜਾਵੇ  ਬਣ ਪਹਿਚਾਣ।
    ਓਹ  ਵਿੱਚ ਸਮਾਜ ਦੇ  ਵਿਚਰਦਿਆਂ,
    ਸੱਚ   ਮੁੱਚ   ਉੱਚਾ   ਰੁਤਬਾ   ਪਾਣ।
ਸ: ਸਚਾਈ ਭਰਪੂਰ ਗੱਲਾਂ ਲਿਖਣੀਆਂ,
   ਬਣਦੈ ਹਰ  ਇੱਕ  ਲੇਖਕ ਦਾ ਫਰਜ਼,
   ਉੱਚਾ  ਰੁਤਬਾ  ਦੋਸਤੋ  ਓਹੀ  ਪਾਂਵਦਾ, 
   ਜੋ   ਲੇਖਕ  ਲਿਖਦਾ  ਹੈ  ਬੇ  ਗਰਜ਼।
ਹ: ਹੱਕਾਂ  ਖਾਤਰ  ਲਿਖ  ਲਿਖ ਪਾਈਏ,
    ਦੋਸਤੋ  ਜੇਕਰ   ਬਣਦਾ  ਯੋਗਦਾਨ।
    ਵਿੱਚ    ਸਮਾਜ   ਦੇ   ਹੋ  ਜਾਂਦਾ  ਹੈ,
    ਓਹ    ਹਰ    ਇੱਕ   ਨੂੰ   ਪ੍ਰਵਾਨ।
ਕ:ਕਲ਼ਮ ਹਥਿਆਰ  ਵਰਗਾ  ਨਹੀਂਓਂ,
     ਕੋਈ   ਦੂਜਾ    ਹੋਰ    ਹਥਿਆਰ।
     ਇਸ ਦਾ ਡੰਗਿਆ ਪਾਣੀ ਨਾ ਮੰਗੇ
     ਜੇ ਸਹੀ ਟਿਕਾਣੇ ਲੱਗ ਜਾਏ ਵਾਰ।
ਖ: ਖੰਭਾਂ  ਦੀਆਂ  ਬਣ  ਜਾਵਣ ਡਾਰਾਂ,
     ਜੇ ਕਿਧਰੇ ਲਿਖ਼ਤ ਚ ਰਹੇ ਤਰੁੱਟੀ।
     ਲੇਖਕ ਦੀ ਫਿਰ ਹੋ ਜਾਏ ਨਿੰਦਿਆ,
     ਦੋਸਤੋ   ਸਮਝੋ   ਕਿਸਮਤ   ਫੁੱਟੀ। 
ਗ: ਗੁਮਾਨ ਨਾ  ਲਿਖ਼ਤ ਦਾ ਕਰੇ ਕਦੇ,
     ਜੋ   ਹੈ    ਸਮਝਦਾਰ   ਇਨਸਾਨ।
     ਲੇਖਕ    ਦੋਸਤੋ   ਪਰ੍ਹੇ    ਤੋਂ   ਪਰ੍ਹੇ,
     ਦੁਨੀਆਂ ਚ ਕਲ਼ਮ ਦੇ ਧਨੀ ਮਹਾਨ।
ਘ: ਘਬਰਾਉਣਾ  ਚਾਹੀਦਾ ਨਹੀਂ  ਕਦੇ,
     ਦੋਸਤੋ ਵਜਨ  ਚ ਹੈ  ਜੇ   ਲਿਖ਼ਤ।
     ਚੁਫਿਰਿਓਂ     ਸ਼ਲਾਘਾ    ਹੋਵੇਗੀ,
     ਹਰ    ਕੋਈ    ਕਰੂਗਾ   ਸਿਫ਼ਤ।
ਗਈਆਂ:ਗਈਏਂ  ਵਾਂਗੂੰ  ਲੇਖਕ ਵੀਰੋ,
      ਆਪਣੀ  ਛਵੀ  ਬਣਾਇਆ  ਜੋ।
      ਸਿੱਖ   ਸਿੱਖ   ਉਸਤਾਦਾਂ   ਕੋਲੋਂ,
      ਜੱਗ ਵਿੱਚ ਨਾਮ ਕਮਾਇਆ ਜੋ।
ਚ:  ਚੋਰੀ ਕਰਕੇ ਕਿਸੇ ਦੀ ਲਿਖਤ ਚ,
      ਜੇਕਰ ਪਾਈਏ ਆਪਣਾ ਨਾਂ ਵੀਰੋ।
      ਇਸ ਤੋਂ ਵੱਡਾ ਸਾਹਿਤਕ ਖੇਤਰ ਚ,
      ਕੋਈ ਵੀ  ਨਹੀਂਓਂ ਗੁਨਾਹ ਵੀਰੋ।
ਛ: ਛਪਵਾਉਣੀ ਚਾਹੀਦੀ ਹਰ ਲੇਖਕ ਨੂੰ,
      ਦੋਸਤੋ  ਆਪਣੀ  ਇੱਕ  ਕਿਤਾਬ।
      ਜੀਹਦੇ  ਵਿੱਚ  ਖੋਲ੍ਹ  ਕੇ ਲਿਖੀਏ,
      ਆਪਣੀ  ਜ਼ਿੰਦਗੀ  ਦੇ   ਖ਼ਵਾਬ।
ਜ:  ਜ਼ਰੂਰਤਮੰਦ  ਪਰਿਵਾਰਾਂ  ਦੀ  ਗੱਲ,
      ਜੇਕਰ ਲਿਖ਼ਤ ਚ ਮੁੱਦਾ ਬਣਾਈਏ।
      ਸਮਾਜ  ਵਿੱਚ  ਵੀ  ਹੋਊ  ਸ਼ਲਾਘਾ,
      ਸਤਿਕਾਰ ਵੀ ਜੱਗ ਵਿੱਚ ਪਾਈਏ।
 ਝ: ਝਈਏਂ   ਵਾਂਗੂੰ  ਅੱਗੇ   ਨਹੀਂ   ਤਾਂ,
      ਆਓ  ਪਿੱਛੇ  ਹੀ  ਲੱਗ  ਜਾਈਏ।
      ਨੁੱਕਤੇ  ਸਿੱਖ  ਕੇ  ਲਿਖਤਾਂ  ਵਾਲੇ ,
      ਮਹਿਫਲੀਂ    ਰੌਣਕਾਂ    ਲਾਈਏ
ਝਈਆਂ:ਝਈਆਂ ਆਖੇ ਲੇਖਕ ਮਿੱਤਰੋ
       ਆਪਾਂ  ਅੱਗੇ ਪਿੱਛੇ  ਹੀ ਰਹਿਣਾ।
       ਆਪਣੀ ਰਹਿਣੀ ਸਦਾ ਹੀ ਚਾਂਦੀ,
       ਸਿਆਣਿਆਂ  ਦਾ  ਸੱਚ ਕਹਿਣਾ।
  ਟ: ਟੁੱਟ   ਜਾਂਦੇ   ਨੇ  ਖਵਾਬ  ਸੱਜਣੋਂ,
     ਬੋਲਿਆਂ ਰਚਨਾ ਠੁੱਕ ਜੇ ਬਝਦੀ ਨੀ
     ਤਾਣਾ ਬਾਣਾ ਹੀ ਉਲਝਿਆ ਰਹਿੰਦਾ,
     ਜੇ   ਤਾੜੀ  ਰੁਕ ਰੁਕ ਵੱਜਦੀ ਨਹੀਂ।
ਠ: ਠਰ੍ਹੰਮੇਂ  ਦੇ  ਨਾਲ  ਲੇਖਕ  ਚਲਦੇ,
      ਦੋਸਤੋ ਜੋ ਚੰਡੇ ਹੁੰਦੇ ਉਸਤਾਦਾਂ ਦੇ।
      ਨਰਮੀਂ  ਰੱਖਣ   ਦਿਲੀਂ  ਹਮੇਸ਼ਾ,
      ਓਹ ਵਿੱਚ ਪੈਂਦੇ ਨਹੀਂ ਫਸਾਦਾਂ ਦੇ।
ਡ:  ਡਿੱਕ  ਡੋਲੇ  ਲਿਖਾਰੀ ਨਹੀਂਓਂ ਖਾਂਦੇ,
      ਅਸੂਲਾਂ  ਉੱਪਰ  ਜੋ ਦਿੰਦੇ ਪਹਿਰਾ।
      ਹਰ ਇੱਕ ਲਿਖਤ ਦਾ ਪੈਂਦਾ ਵੇਖਿਆ,
      ਦੋਸਤੋ  ਅਸਰ ਸਮਾਜ ਤੇ ਗਹਿਰਾ।
 ਢ:   ਢੁੱਕ    ਜਾਂਦੇ    ਸਨਮਾਨਾਂ   ਨੇੜੇ,
       ਲੇਖਕ  ਧੀਮੀ ਗਤੀ ਜੋ ਚਲਦੇ ਨੇ।
       ਲਿਖਤਾਂ  ਨੂੰ ਸਦਾ  ਲੋਕ  ਉਡੀਕਣ,
       ਅਕਸਰ ਪਿੜ ਸੱਚਾ ਓਹ ਮੱਲਦੇ ਨੇ
  ਣ:  ਣਾਣਾ  ਆਖੇ  ਕਲਮ  ਦੇ  ਧਨੀਓਂ,
       ਤੁਸੀਂ ਬਣਾਉਣੀ ਮੇਰੀ ਪਹਿਚਾਣ ਹੈ।
       ਮੇਰੀ   ਵਰਤੋਂ   ਰਿਹਾ   ਜੋ  ਕਰਦੇ।
       ਮੈਨੂੰ   ਤੁਹਾਡੇ    ਉੱਪਰ  ਮਾਣ  ਹੈ।
 ਤ: ਤੇਰੀਆਂ  ਸਿਫ਼ਤਾਂ  ਲਿਖੇ  ਜੋ  ਕਾਨੀ,
       ਮਾਲਿਕਾ ਮਾਣ ਤੂੰ ਓਹਦਾ ਵਧਾਵੀਂ।
       ਸ਼ਰਮਾਂ ਦੱਦਾਹੂਰੀਆ ਕਰੇ ਜੋਦੜੀ,
       ਜਰੂਰ ਆਸ ਤੂੰ ਓਹਦੀ ਪੁਗਾਵੀਂ।
ਥ:   ਥੋੜ ਦੇ ਮਾਰੇ ਅਕਸਰ ਲੇਖਕ ਹੁੰਦੇ,
      ਕਿਉਂਕਿ ਲਿਖਤਾਂ ਦਾ ਮੁੱਲ ਪੈਂਦਾ ਨਾ
       ਦੱਦਾਹੂਰੀਆ   ਸ਼ਰਮਾਂ    ਦੋਸਤੋ,
       ਝੂਠ   ਰੱਤੀ  ਭਰ  ਕਹਿੰਦਾ  ਨਾ।
 ਦ:  ਦੁੱਖੀਆਂ  ਦਾ ਦੁੱਖ  ਦਰਦ ਲਿਖਕੇ,
       ਦੋਸਤੋ   ਲੇਖਕ   ਜੋ   ਛਪਵਾਉਂਦੇ।
       ਦੁਖੀਆਂ  ਨੂੰ  ਜਦ  ਮਿਲੇ  ਸਹਾਰਾ,
       ਫਿਰ ਓਹ ਗੁਣ ਲੇਖਕ ਦੇ ਗਾਉਂਦੇ।
ਧ:   ਧੰਨਵਾਦ ਕਰੀਏ ਓਨਾਂ ਕਲਮਾਂ ਦਾ,
       ਜੋ ਧਾਰਮਿਕਤਾ ਨੂੰ ਪ੍ਰਣਾਈਆਂ ਨੇ।
       ਨਿਉਂ  ਕੇ  ਸੀਸ  ਝੁਕਾਈਏ ਦੋਸਤੋ,
       ਦੱਦਾਹੂਰੀਏ  ਸੱਚ  ਸੁਣਾਈਆਂ ਨੇ।
ਨ:  ਨਵੀਆਂ ਕਲਮਾਂ ਨੂੰ ਲਿਖਣ ਸਿਖਾਓ,
      ਪੁਰਾਣੇ ਲੇਖਕੋ ਹੱਥ ਫੜ੍ਹ ਤੋਰੋ ਨਾਲ।
     ਤੁਹਾਡੀ ਹੱਲਾਸ਼ੇਰੀ ਸੰਜੀਵਨੀ ਬਣੂੰਗੀ
      ਸੱਚੇ  ਦਿਲੋਂ  ਜੇ  ਬਣ  ਜਾਓਂ  ਢਾਲ।
ਪ:  ਪੁਰਾਤਨ ਵਿਰਸਾ ਜੋ ਦੋਸਤ ਲਿਖਦੇ,
     ਕਰਾਉਂਦੇ ਪੁਰਖਿਆਂ ਦੀ ਸਦਾ ਯਾਦ।
     ਉਮਰ   ਲੰਬੇਰੀ   ਹੋਵੇ   ਓਨਾਂ   ਦੀ ,
     ਰਲਮਿਲ ਕਰੀਏ ਡਾਢੇ ਨੂੰ ਫਰਿਆਦ
 ਫ:  ਫਰਜ਼ੀ ਗੱਲ ਨਾ  ਲਿਖੀਏ  ਕਦੇ ਵੀ,
      ਸਬੂਤਾਂ  ਸਮੇਤ  ਹੀ  ਮੁੱਲ  ਪੈਂਦਾ  ਹੈ।
      ਸੱਚੀ  ਗੱਲ   ਹੈ   ਲਕੀਰ  ਲੋਹੇ  ਤੇ,
   ਓਹਦਾ ਅਸਰ ਕਾਫੀ ਚਿਰ ਰਹਿੰਦਾ ਹੈ।
ਬ:  ਬਾਣੀ  ਬਾਣੇ  ਦੀ  ਗੱਲ ਜੋ ਲਿਖਦੀ,
      ਓਸ  ਕਾਨੀ  ਨੂੰ  ਸਤਿਕਾਰੀਏ  ਜੀ।
      ਸਤਿਗੁਰ  ਦੀ ਹੈ  ਮਿਹਰ  ਓਸ ਤੇ,
     ਇਹ ਦਿਲ ਵਿੱਚ ਗੱਲ ਵਿਚਾਰੀਏ ਜੀ
ਭ:  ਭਰਮ  ਭੁਲੇਖਿਆਂ ਵਿੱਚ ਨਾ ਪਾਈਏ,
     ਕਲ਼ਮ ਨਾਲ ਕਰਦੇ ਰਹੀਏ ਨਿਤਾਰਾ।
     ਜੋ ਸਚਾਈ ਕਰੇ ਬਿਆਨ ਸਮਾਜ ਦੀ,
     ਓਹ  ਲੇਖਕ  ਹੁੰਦਾ  ਜੱਗੋਂ ਨਿਆਰਾ।
ਮ: ਮਿਹਰਬਾਨੀ  ਓਹਨਾਂ  ਲੇਖਕਾਂ  ਦੀ,
    ਜੋ ਸਮਾਜ ਸੁਧਾਰਕ ਗੱਲਾਂ ਲਿਖਦੇ ਨੇ।
    ਕਈ  ਮੇਰੇ  ਵਰਗੇ  ਅਨਾੜੀ  ਲੇਖਕ,
    ਅਕਸਰ ਰਹਿੰਦੇ ਓਨਾਂ ਤੋਂ ਸਿਖਦੇ ਨੇ।
ਯ: ਯੁੱਗ ਪਲਟਾਉਣ ਦੀਆਂ ਗੱਲਾਂ ਲਿਖ,
     ਲੇਖਕ ਲੀਹ ਨਿਵੇਕਲੀ ਪਾ ਗਏ ਜੋ।
     ਸੱਚੀਂ  ਰਹਿੰਦੀ  ਦੁਨੀਆਂ ਤੱਕ ਦੋਸਤੋ,
     ਪਰਚਮ ਸਾਹਿਤ ਦਾ ਝੁਲਾ ਗਏ ਓਹ।
ਰ: ਰੋਮ   ਰੋਮ   ਵਿੱਚ   ਵਸ  ਜਾਂਦੀ  ਹੈ,
    ਦੋਸਤੋ  ਹੁੰਦੀ  ਜੋ  ਲਿਖ਼ਤ ਪਿਆਰੀ।
    ਮਨ   ਨੂੰ   ਝੂਮਣ   ਲਾ   ਦੇਂਦੀ   ਹੈ,
    ਜਾਂਦੀ  ਹਰ ਖੇਤਰ ਵਿੱਚ ਸਤਿਕਾਰੀ ।
ਲ:  ਲੇਖਕ  ਦਰਪਣ  ਹੁੰਦੇ  ਸਮਾਜ  ਦਾ।
     ਦੋਸਤੋ ਰੱਤੀ ਭਰ ਨਾ ਇਸ ਵਿੱਚ ਸ਼ੱਕ।
     ਮਸਲੇ ਉਜਾਗਰ ਕਰਨ ਲੁਕਾਈ ਦੇ,
     ਇਹ  ਗੱਲ  ਹੈ  ਬਿਲਕੁਲ ਪਰਪੱਕ।
ਵ:  ਵਾਰਾਂ  ਲਿਖ  ਲਿਖ ਯੋਧਿਆਂ ਦੀਆਂ,
     ਲੇਖਕਾਂ ਕਈਆਂ  ਕਮਾਇਆ ਨਾਮ।
     ਰੱਖਿਓ ਸੂਰਮਿਆਂ ਨੂੰ ਯਾਦ ਹਮੇਸ਼ਾਂ,
     ਵੀਰੋ ਦੇਵਣ ਲਿਖਤਾਂ ਰਾਹੀਂ ਪੈਗ਼ਾਮ।
ੜ:  ੜਾੜੇ  ਰਾਹੀਂ  ਸ਼ਰਮਾਂ  ਦੱਦਾਹੂਰੀਆ,
     ਮੰਗਦੈ ਲੇਖਕ ਦੋਸਤਾਂ ਕੋਲੋਂ ਮੁਆਫੀ।
    ਵੱਧ ਘੱਟ ਜੇਕਰ ਗਿਆ ਕੁੱਝ ਲਿਖਿਆ
     ਮੁਆਫ਼ੀ  ਮੰਗੀਏ  ਤਾਂ  ਹੁੰਦੀ   ਕਾਫ਼ੀ।