ਹੱਕ ਸੱਚ ਤੇ ਏਕੇ ਦਾ ਹੋਕਾ ਲੈ ਆਏ ਗੁਰੂ ਰਵਿਦਾਸ,
ਕ੍ਰਾਂਤੀ ਦਾ ਸੂਰਜ ਚੜਿਆ ਮਿਟ ਗਈ ਭੁੱਖ ਤੇ ਪਿਆਸ,
ਸਭ ਲੋਕਾਂ ਦੇ ਭਰਮ ਭੁਲੇਖੇ ਦੂਰ ਕਰੇ ਨੂਰੀ ਪ੍ਰਕਾਸ਼ ਨੇ,
ਸੁੱਤਾ ਪਿਆ ਸਮਾਜ ਜਗਾਇਆ ਮੇਰੇ ਗੁਰੂ ਰਵਿਦਾਸ ਨੇ।
ਬਾਣੀ ਉਹਨਾਂ ਦੀ ਸਭ ਨੂੰ ਭਵਸਾਗਰ ਤੋਂ ਤਾਰਦੀ ਏ,
ਆਕੜ ਭਰੀਆਂ ਰੂਹਾਂ ਨੂੰ ਸ਼ਬਦਾਂ ਦੇ ਨਾਲ ਠਾਰਦੀ ਏ,
ਧਰਤੀ ਵੀ ਗਦ ਗਦ ਹੋਈ ਫੁੱਲ ਬਰਸਾਏ ਆਕਾਸ਼ ਨੇ,
ਸੁੱਤਾ ਪਿਆ ਸਮਾਜ ਜਗਾਇਆ ਮੇਰੇ ਗੁਰੂ ਰਵਿਦਾਸ ਨੇ।
ਰਾਜੇ ਰਾਣੇ ਸੰਤ ਮਹਾਤਮਾਂ ਸਭ ਉਹਨਾਂ ਨੂੰ ਮੰਨਦੇ ਸੀ,
ਮਿਹਨਤ ਵਾਲਾ ਸਬਕ ਦੇ ਗਏ ਲੋਭੀ ਨਾ ਉਹ ਧੰਨ ਦੇ ਸੀ,
ਨਾਮ ਹਮੇਸ਼ਾ ਲੈਂਦੇ ਰਹੀਏ ਜਦ ਤੱਕ ਤਨ ਵਿੱਚ ਸਵਾਸ ਨੇ,
ਸੁੱਤਾ ਪਿਆ ਸਮਾਜ ਜਗਾਇਆ ਮੇਰੇ ਗੁਰੂ ਰਵਿਦਾਸ ਨੇ।
ਜੂਨ ਸੁਧਰ ਗਈ ਉਸਦੀ ਜਿਸ ਦੇ ਰੋਮ ਰੋਮ ਉਹ ਰਸਿਆ ਏ,
ਕੱਖ ਤੋਂ ਲੱਖ ਦਾ ਹੋ ਗਿਆ ਜਿਹਦੇ ਮਨ ਮੰਦਿਰ ਉਹ ਵਸਿਆ ਏ,
ਲੈਹੜੀਆਂ ਵਾਲਾ ਮੋਨੂੰ ਤਾਰਿਆ ਉਸਨੂੰ ਨੂੰ ਕੀਤੀ ਅਰਦਾਸ ਨੇ,
ਸੁੱਤਾ ਪਿਆ ਸਮਾਜ ਜਗਾਇਆ ਮੇਰੇ ਗੁਰੂ ਰਵਿਦਾਸ ਨੇ।