ਦੇਸ਼ ਵੰਡ ਸਮੇਂ ਸਿੱਖ ਆਗੂਆਂ ਦੀ ਮਾਨਸਿਕਤਾ (ਪੁਸਤਕ ਪੜਚੋਲ )

ਗੁਰਮੀਤ ਸਿੰਘ ਫਾਜ਼ਿਲਕਾ   

Email: gurmeetsinghfazilka@gmail.com
Cell: +91 98148 56160
Address: 3/1751, ਕੈਲਾਸ਼ ਨਗਰ
ਫਾਜ਼ਿਲਕਾ India
ਗੁਰਮੀਤ ਸਿੰਘ ਫਾਜ਼ਿਲਕਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


 ਪੁਸਤਕ ------ਆਜ਼ਾਦ ਪੰਜਾਬ
ਸੰਪਾਦਕ –ਗਿਆਨੀ ਤ੍ਰਿਲੋਕ ਸਿੰਘ
ਪਹਿਲੀ ਛਾਂਪ ---1944
ਪ੍ਰਕਾਸ਼ਕ ----ਵਾਈਟ ਕਰੋਅ ਪਬਲਿਸ਼ਰਜ਼ ਸਰਦੂਲਗੜ੍ਹ (ਮਾਨਸਾ)
ਪੰਨੇ ---72    ਮੁੱਲ -----130 ਰੁਪਏ (ਪੇਪਰਬੈਕ )

1947 ਦੀ ਦੇਸ਼ ਵੰਡ ਸਮੇਂ ਪੰਜਾਬ ਦੇ ਦੋ ਟੁਕੜੇ  ਹੋ ਗਏ ।ਇਕ ਲਹਿੰਦਾ ਪੰਜਾਬ (ਪਾਕਿਸਤਾਨ ) ਤੇ ਦੂਸਰਾ ਚੜ੍ਹਦਾ ਪੰਜਾਬ (ਹਿਦੋਸਤਾਨ  ) ਸਦੀਆਂ ਪੁਰਾਣੇ  ਪੰਜਾਬ ਦੀ ਘੁੱਗ ਵਸਦੀ ਵਸੋਂ ਵੀ ਵੰਡੀ ਗਈ । ਆਬਾਦੀਆਂ ਦੇ ਇਸ ਤਬਾਦਲੇ ਵਿਚ ਲੱਖਾਂ ਲੋਕ ਮਾਰੇ ਗਏ ।ਫਿਰਕੂ ਹਨੇਰੀ ਨੇ ਭਰਾ ਭਰਾ ਦੂਰ ਕਰ ਦਿਤੇ ।ਵਿਚਕਾਰ ਲਕੀਰ ਖਿਚੀ ਗਈ। 75 ਸਾਲ ਤੋਂ ਇਹ ਵਿਛੋੜੇ ਦੀ ਅੱਗ ਸੁਲਗਦੀ ਆ ਰਹੀ ਹੈ। ਰੌਲਿਆਂ ਵਾਲੇ ਇਸ ਸਾਲ ਨੂੰ ਯਾਦ ਕਰਕੇ ਧੁਰ ਅੰਦਰ ਤਕ ਕਾਂਬਾ ਛਿੜ ਜਾਂਦਾ ਹੈ । ਇਸ ਭਿਆਨਕ ਇਤਿਹਾਸਕ ਵੰਡ ਬਾਰੇ ਮਣਾਂ ਮੂੰਹੀ ਸਾਹਿਤ ਰਚਿਆ ਜਾ ਚੁਕਾ ਹੈ ।ਇਸ ਭਿਆਨਕ ਵੰਡ ਸਮੇਂ ਰਾਜਸੀ ਤੌਰ ਤੇ  ਸਿੱਖਾ ਦੀ ਕੀ ਸਥਿਤੀ ਸੀ। ਇਹ ਪੁਸਤਕ ਇਸ ਬਾਰੇ ਚਾਨਣਾ ਪਾਉਂਦੀ ਹੈ । ਪੁਸਤਕ ਵਿਚ ਉਸ ਵੇਲੇ ਦੇ ਲਿਖੇ ਹੋਏ ਦਸ ਸਿਖ ਆਗੂਆ ਦੇ ਲੇਖ ਹਨ ।  ਸਾਰੇ ਲੇਖ ਗਿਆਨੀ ਤ੍ਰਿਲੋਕ ਸਿੰਘ ਨੇ 1944 ਵਿਚ ਸੰਪਾਦਿਤ ਕੀਤੇ ਸੀ। ਪੁਸਤਕ ਵੀ ਉਸ ਸਾਲ ਪਹਿਲੇ ਅਡੀਸ਼ਨ ਵਿਚ ਛਪੀ ਸੀ । ਹੁਣ ਲੰਮੇ ਸਮੇਂ ਪਿਛੋਂ ਇਸ ਪੁਸਤਕ ਪੇਪਰਬੈਕ ਵਿਚ ਦੂਸ਼ਰੇ ਨਵੇਂ ਐਡੀਸ਼ਨ ਵਿਚ ਛਪ ਕੇ ਆਈ ਹੈ । ਇਧਰਲੇ ਪੰਜਾਬ ਤੇ ਉਧਰਲੇ ਪੰਜਾਬ ਵਿਚ  ਹੁਣ ਤਕ ਬਹੁਤ ਕੁਝ ਵਾਪਰ ਚੁਕਾ ਹੈ ।ਇਧਰਲੇ ਪੰਜਾਬ ਨੇ ਸੰਨ  1966 ਦੀ ਇਕ ਹੋਰ ਵੰਡ ਵੇਖੀ ਹੈ ਜਿਸ ਵਿਚੋਂ ਹਰਿਆਣਾ ਤੇ ਹਿਮਾਚਲ ਬਣ ਗਏ ।  1978-1992 ਦਾ ਸੰਤਾਪ ਝਲਿਆ  ਹੈ। ਵਿਚ 1984 ਦਾ ਸਾਕਾ ਨੀਲਾ ਤਾਰਾ ਦਾ ਦੁਖਾਂਤ, ਦਿੱਲੀ ਵਿਚ ਹੋਈ ਸਿੱਖ  ਨਸਲਕੁਸ਼ੀ ਜਿਹੇ ਗਹਿਰੇ ਜ਼ਖਮ ਅਜੇ ਤਕ ਠੀਕ ਨਹੀ ਹੋਏ । ਜ਼ਖਮੀ ਹੋਇਆ ਪੰਜਾਬ ਇਸ ਵੇਲੇ ਕੇਂਦਰ ਦਾ ਕਰਜ਼ਾਈ ਹੈ।  ਆਏ ਦਿਨ ਕੋਈ ਨਾ ਕੋਈ ਨਵੀ ਗਲ ਸਾਹਮਣੇ ਆਉੰਦੀ ਹੈ। ਗਲ ਕੀ ਪੰਜਾਬ ਪੂਰੀ ਤਰਾਂ  ਬੈਚੈਨ ਹੈ।  ਮਹਿਸੂਸ ਤਾਂ ਇਹ ਵੀ ਕੀਤਾ ਜਾਣ ਲਗਾ ਹੈ ਕਿ ਹੁਣ ਪੰਜਾਬ ਰਹਿਣ ਦੇ ਯੋਗ ਨਹੀ ਹੈ ।॥ਕਈ ਅਲਾਮਤਾਂ ਦਾ ਸ਼ਿਕਾਰ ਹੈ ਇਧਰਲਾ ਪੰਜਾਬ ।।ਸਿਟੇ ਵਜੋਂ ਪੰਜਾਬ ਵਿਚ ਪਰਵਾਸ ਵਧ ਗਿਆ ਹੈ । ਲੋਕ ਖਾਸ ਕਰਕੇ ਨੌਜਵਾਨ ਵਹੀਰਾਂ ਘਤੀ ਵਿਦੇਸ਼ਾਂ ਵਲ ਜਾ ਰਹੇ ਹਨ । ਕੀ ਹੋ ਗਿਆ ਪੰਜਾਬ ਨੂੰ ? ਕਿਧਰ ਜਾ ਰਿਹਾ ਹੈ ਪੰਜਾਬ ? 75 ਸਾਲਾਂ ਵਿਚ ਪੰਜਾਬ ਕੀ ਦਾ ਕੀ ਬਣ ਗਿਆ ? ਕੋਣ ਹੈ ਜ਼ਿੰਮੇਵਾਰ ਇਸ ਦਾ ?  ਪੰਜਾਬ ਦੀ ਇਸ ਗੁਝੀ ਬੁਝਾਰਤ ਨੂੰ ਸਮਝਣ ਲਈ ਪਿਛੋਕੜ ਵਿਚ ਇਸ ਪੁਸਤਕ ਦਾ ਅਧਿਅਨ ਜ਼ਰੂਰੀ ਹੈ । ਕਿਥੇ ਖੁੰਝ ਗਏ ਸਾਡੇ ਲੀਡਰ ਦੇਸ਼ ਵੰਡ ਵੇਲੇ ?ਪੁਸਤਕ ਇਹ ਭੇਤ ਖੋਲ੍ਹਦੀ ਹੈ । ਆਜ਼ਾਦੀ ਪਿਛੋਂ ਜਨਮੀ ਪੀੜ੍ਹੀ ਲਈ ਤਾਂ ਓਹ ਬੁਝਾਰਤ ਸਮਝਨੀ ਹੋਰ ਵੀ ਜ਼ਰੂਰੀ ਹੈ । ਪੁਸਤਕ ਬਾਰੇ ਮਹਿੰਦਰ ਸਿੰਘ ਭਾਟੀਆ ਪ੍ਰਬੰਧਕ ਅਜੀਤ ਬੁਕ ਏਜੰਸੀ ਅੰਮ੍ਰਿਤਸਰ ਨੇ ਭਾਵਪੂਰਤ ਸ਼ਬਦ ਲਿਖੇ ਹਨ । ਅਜੀਤ ਅਖਬਾਰ ਉਸ ਸਮੇਂ ਲਾਹੌਰ ਤੋਂ ਛਪਦਾ ਸੀ ।ਪੁਸਤਕ ਦੇ ਲੇਖਕ /ਲੀਡਰ ਉਸ ਸਮੇ ਅਜੀਤ ਵਿਚ ਆਮ ਛਪਦੇ ਸੀ ।ਡਾ ਸਾਧੂ ਸਿੰਘ ਹਮਦਰਦ ,ਸ ਅਮਰ ਸਿੰਘ  ਦੁਸਾਂਝ ਨੇ ਉਸ ਸਮੇਂ ਸਿਖਾਂ ਦੀ ਕਲਮ ਨਾਲ ਸ਼ਲਾਘਾ ਯੋਗ ਸੇਵਾ ਕੀਤੀ ਸੀ । ਉਹ ਸਮਾਂ ਗੁਰਦੁਆਰਾ ਸੁਧਾਰ ਵਾਸਤੇ ਸੰਘਰਸ਼ਾਂ ਦਾ ਸੀ ।ਤੇ ਸ਼੍ਰੋਮਣੀ ਅਕਾਲੀ ਦਲ ਸੰਘਰਸ਼ਾਂ ਨਾਲ ਜੂਝ ਰਿਹਾ ਸੀ ।ਪੰਜਾਬ ਵਿਚ ਸਿਖ ਰਾਜ 1799-1845 ( ਸ਼ੇਰਿ ਪੰਜਾਬ ਮਹਾਰਾਜਾ ਰਣਜੀਤ ਸਿੰਘ )ਤਕ ਰਿਹਾ ਸੀ ।ਇਸੇ ਕਾਰਨ ਸਿੱਖਾਂ ਵਿਚ   ਆਪਣਾ ਰਾਜ ਪ੍ਰਾਂਪਤ ਕਰਨ ਦੀ ਪ੍ਰਬਲ ਤਾਂਘ ਸੀ ( ਜੋ  ਅਜੇ ਵੀ ਹੈ ) ਪੁਸਤਕ ਵਿਚ ਪੰਥ ਰਤਨ ਮਾਸਟਰ ਤਾਰਾ ਸਿੰਘ ਨੇ ਆਜ਼ਾਦ ਪੰਜਾਬ ਬਨਾਏ ਜਾਣ ਦੇ ਕਈ ਲਾਭ ਲਿਖੇ ਹਨ ।ਇਸ ਸਿਆਸੀ ਮੰਗ ਦਾ ਕਾਰਨ ਲਿਖਿਆ ਹੈ ।ਉਂਨ੍ਹਾਂ ਨਾਲ ਸਿਖ ਲੀਡਰਾਂ ਦੀ ਵਡੀ ਗਿਣਤੀ  ਸੀ ਜਿਸ ਵਿਚ ਸੁੰਦਰ ਸਿੰਘ ਮਜੀਠਿਆ ਸੰਤ ਸਿੰਘ ਐਮ ਐਲ ਏ ਪ੍ਰੋ ਜੋਧ ਸਿੰਘ  ਤੇ ਹੋਰ ਕਈ ਲੀਡਰ ਸਨ । ਅਕਾਲੀ ਲੀਡਰਾਂ ਵਲੋਂ ਚਿਤਵੇ ਆਜ਼ਾਦ ਪੰਜਾਬ ਹਿੰਦੂ ਸਿਖਾਂ ਦੀ ਸਾਂਝੀ ਆਬਾਦੀ ਸੀ ।ਸ ਕਰਤਾਰ ਸਿੰਘ ਐਮ ਏ ਆਜ਼ਾਦ ਪੰਜਾਬ ਤੇ ਮਾਲਵਾ ਲੇਖ ਵਿਚ ਮਾਲਵੇ ਨੂੰ ਹੋਣ ਵਾਲੇ ਲਾਭਾਂ  ਦਾ ਜ਼ਿਕਰ ਕੀਤਾ ਹੈ ;। ਮਾਸਟਰ ਤਾਰਾ ਸਿੰਘ  ਨੇ ਲਿਖਿਆ ਹੈ –ਮਹਾਤਮਾ ਗਾਂਧੀ ਤੇ ਜਵਾਹਰ ਲਾਲ ਨਹਿਰੂ ਨੇ ਸਿਖਾਂ ਲਈ ਇਲਕਾ ਦੇਣ ਦੀ ਗਲ ਲਿਖੀ  ਹੈ ਜਿਸ ਵਿਚ ਉਹ (ਸਿਖ )ਆਪਣੀ ਤਕਦੀਰ ਦਾ ਖੁਦ ਫੈਸਲਾ ਕਰ ਸਕਣ (ਪੰਨਾ 28)ਆਜ਼ਾਦ ਪੰਜਾਬ ਬਨਣ ਨਾਲ ਪੰਜਾਬ ਦਾ ਇਲਾਕਾ ਪਾਕਿਸਤਾਨ ਵਿਚ ਜਾਣ ਤੋਂ ਬਚ ਜਾਣਾ ਸੀ ।ਇਸ ਸੰਬੰਧ ਵਿਚ ਹੋਰ ਕਿਤਾਬਾਂ ਲਿਖੇ ਜਾਣ ਦਾ ਜ਼ਿਕਰ ਹੈ ।ਕੋੰਮੀਅਤ ਵਾਲੇ ਲੇਖ ਵਿਚ  ਸੰਤੋਖ ਸਿੰਘ ਐਮ ਐਲ ਏ ਨੇ ਸਪਸ਼ਟ ਲਿਖਿਆ ਹੈ ਕਿ ਸਿਖ ਕਿਸੇ ਫਿਰਕੇ ਦੇ ਗਲਬੇ ਹੇਠ  ਨਹੀ ਰਹਿ ਸਕਦੇ । ਆਜ਼ਾਦ ਪੰਜਾਬ ਦੇ ਹੱਕ ਵਿਚ ਦਲੀਲਾਂ ਲਿਖੀਆਂ ਹਨ । ਆਜ਼ਾਦ ਪੰਜਾਬ ਦਾ ਮਸਲਾ ਉਸ ਸਮੇਂ ਸਾਰੀਆ ਧਿਰਾਂ ਦੇ ਏਜੰਡੇ ਤੇ ਸੀ ।ਵਡੀ ਗਲ ਹੈ ਕਿ ਪਾਕਿਸਤਾਨ ਦੇ ਹਕ ਵਿਚ ਬੋਲਣ ਵਾਲੇ ਲੋਕ ਆਜ਼ਾਦ ਪੰਜਾਬ ਦੇ ਵਿਰੁਧ ਸਨ । ਮੁਸਲਮਾਨ ਆਗੂ ਜਿਨਾਹ ਦੀ ਰਾਇ ਆਜ਼ਾਦ ਪੰਜਾਬ ਦੇ ਵਿਰੁਧ ਸੀ ਕਿਉਂ ਕਿ ਉਸ ਨਾਲ ਪਾਕਿਸਤਾਨ ਦੀ ਹੋਂਦ ਖਤਰੇ ਵਿਚ ਪੈਂਦੀ ਲਗਦੀ ਸੀ ।,ਪੁਸਤਕ ਵਿਚ ਆਜ਼ਾਦ ਪੰਜਾਬ ਦੀਆਂ ਹੱਦਾਂ ਦਾ ਜ਼ਿਕਰ ਹੈ ।ਗਿਆਨੀ ਕਰਤਾਰ ਸਿੰਘ ਨੇ ਪ੍ਰਸ਼ਨ ਉਤਰ ਲਿਖਕੇ ਕਈ ਸ਼ੰਕੇ ਦੂਰ ਕੀਤੇ ਹਨ ।ਕਾਂਗਰਸ ਪਾਕਿਸਤਾਨ ਬਨਣ ਦੀ ਸੂਰਤ ਵਿਚ ਆਜ਼ਾਦ ਪੰਜਾਬ ਨੂੰ ਹਿਦੋਸਤਾਨ ਵਿਚ ਰਖਣ ਦੀ ਗਲ ਕਰਦੀ ਸੀ । ਹਦਬੰਦੀ ਸਮੇਂ ਸਿਖ ਲੀਡਰ ਮੁਸਲਿਮ ਬਹੁਗਿਣਤੀ ਵਾਲੇ ਇਲਾਕੇ ਆਜ਼ਾਦ ਪੰਜਾਬ ਤੋਂ ਬਾਹਰ ਰਖਣ ਦੇ ਚਾਹਵਾਨ ਸਨ ।ਇਸ ਸੰਦਰਭ ਵਿਚ 1929-1947 ਤਕ ਦਾ ਵੇਰਵਾ ਪੁਸਤਕ ਵਿਚ ਹੈ ।ਉਪਰੋਕਤ ਤੋਂ ਇਲਾਵਾ ਪੁਸਤਕ ਵਿਚ ਇੰਦਰਜੀਤ ਸਿੰਘ ਕਾਹਨਪੁਰ ,ਸਰਦਾਰ ਹਰਨਾਮ ਸਿੰਘ ਐਡਵੋਕੇਟ (ਹਦਬੰਦੀ ਆਜ਼ਾਦ ਪੰਜਾਬ )ਗਿਆਨੀ ਕਰਤਾਰ ਸਿੰਘ (ਇਤਰਾਜ਼ਾ ਦੇ ਜਵਾਬ )ਗੁਰਬਖਸ਼ ਸਿੰਘ ਐਡਵੋਕੇਟ ਲਾਇਲਪੁਰ ,ਗਿਆਨੀ ਸ਼ੇਰ ਸਿੰਘ *(ਸਾਡਾ ਹਕ ਹੈ )ਗਿਆਨੀ ਬਾਦਲ ਸਿੰਘ ਬੀ ਏ(ਆਜ਼ਾਦ ਪੰਜਾਬ ਤੇ ਸਿਖੀ ਪ੍ਰਚਾਰ )ਸਰਦਾਰ ਰਵੇਲ ਸਿੰਘ ਨੇ ਪੰਜਾਬ ਤੇ ਹਿੰਦੁਸਤਾਨ ਵਿਚ ਸਾਡੀ ਪੁਜ਼ੀਸ਼ਨ )ਵਿਸ਼ਿਆਂ ਤੇ ਉਸ ਸਮੇਂ ਦੀ ਸਿਖ ਮਾਨਸਿਕਤਾ ਦਾ ਅਨੁਭਵ ਹੁੰਦਾ ਹੈ । ਆਜ਼ਾਦ ਪੰਜਾਬ ਦੇ ਹੱਕ ਵਿਚ ਵਖ ਵਖ ਜਥੇਬੰਦੀਆਂ ਵਲੋਂ ਪਾਏ ਗਏ ਮਤੇ (51) ਮਿਤੀ ਸਮੇਤ ਲਿਖੇ ਗਏ ਹਨ । ਜਿਸ ਤੋਂ ਸਾਂਝੇ ਪੰਜਾਬ ਦੀ  ਜਨਤਾ ਦੀ ਰਾਇ ਦਾ ਅਹਿਸਾਸ ਹੁੰਦਾ ਹੈ ਪਰ ਇਸ ਸਭ ਕੁਝ ਦੇ ਬਾਵਜੂਦ ਦੁਨੀਆਂ ਦੇ ਨਕਸ਼ੇ ਤੇ ਆਜ਼ਾਦ ਪੰਜਾਬ?  ਦਾ ਖਿੱਤਾ  ਨਾ ਹੋਣਾ  ਸਿੱਖ ਕੌਮ ਦੀ ਜ਼ਖਮੀ  ਮਾਨਸਿਕਤਾ ਦਾ ਇਕ ਕਾਰਨ ਹੈ । ਆਜ਼ਾਦੀ ਪਿਛੋਂ ਪੰਜਾਬ ਨਾਲ ਧੱਕਿਆ ਦੀ ਦਾਸਤਾਨ ਇਸ ਤੋਂ ਵਖਰੀ ਹੈ ।। ਸਿਟੇ  ਵਜੋਂ ਪੰਜਾਬ ਦੀ ਵਰਤਮਾਨ  ਬੇਚੈਨੀ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ । ਮੋਢੀ ਸਿਖ ਆਗੂਆਂ ਦੇ ਗੰਭੀਰ ਵਿਚਾਰਾਂ ਵਾਲੀ ਇਤਿਹਾਸਕ ਪੁਸਤਕ ਦਾ ਸਵਾਗਤ ਹੈ ।