ਜ਼ਮਾਨਾ ਬਹੁਤ ਬੁਰਾ (ਕਵਿਤਾ)

ਓਮਕਾਰ ਸੂਦ ਬਹੋਨਾ   

Email: omkarsood4@gmail.com
Cell: +91 96540 36080
Address: 2467,ਐੱਸ.ਜੀ.ਐੱਮ.-ਨਗਰ
ਫ਼ਰੀਦਾਬਾਦ Haryana India 121001
ਓਮਕਾਰ ਸੂਦ ਬਹੋਨਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਬਚ ਕੇ ਰਹਿਣਾ ਯਾਰ-ਜ਼ਮਾਨਾ ਬਹੁਤ ਬੁਰਾ!
ਹੈ ਨਹੀਂ ਸੱਚਾ ਪਿਆਰ-ਜ਼ਮਾਨਾ ਬਹੁਤ ਬੁਰਾ!!
ਬਾਲਾਂ ਨੂੰ ਸਮਝਾ ਕੇ ਰੱਖੋ,
ਨੱਥ ਥੋੜ੍ਹੀ ਜਿਹੀ ਪਾ ਕੇ ਰੱਖੋ,
ਮਤਲਬ ਖੋਰੇ ਯਾਰ-ਜ਼ਮਾਨਾ ਬਹੁਤ ਬੁਰਾ!!!
ਬਿਨਾਂ ਛੇੜਿਆਂ ਲੈਂਦੈ ਪੰਗੇ,
ਚਾਵਾਂ ਨੂੰ ਸੂਲੀ ਤੇ ਟੰਗੇ,
ਤੋੜ ਦਏ ਪਰੀਵਾਰ-ਜ਼ਮਾਨਾ ਬਹੁਤ ਬੁਰਾ!!!
ਗੱਲੀਂ-ਗੱਲੀਂ ਲੈਂਦੈ ਸੂਹਾਂ,
ਬੜਾ ਜ਼ਮਾਨਾ ਹੈ ਦੋ-ਮੂੰਹਾਂ,
ਅੰਦਰੋਂ ਰੱਖੇ ਖਾਰ-ਜ਼ਮਾਨਾ ਬਹੁਤ ਬੁਰਾ!!!
ਇਸ ਨੂੰ ਰੋਟੀ ਹਜ਼ਮ ਨਹੀਂ ਹੁੰਦੀ,
ਬੁਰੀ ਬੁਰਾਈ ਖਤਮ ਨਹੀਂ ਹੁੰਦੀ,
ਗੰਦਾ ਜਿਹਾ ਕਿਰਦਾਰ-ਜ਼ਮਾਨਾ ਬਹੁਤ ਬੁਰਾ!!!
ਵੇਖ ਤਰੱਕੀ ਸੜੇ ਜ਼ਮਾਨਾ,
ਕਾਹਵੇ ਵਾਂਗੂੰ ਕੜ੍ਹੇ ਜ਼ਮਾਨਾ,
ਬਣਿਆਂ ਛੱਪੜ-ਗਾਰ-ਜ਼ਮਾਨਾ ਬਹੁਤ ਬੁਰਾ!!!
ਡਿੱਗ ਪਏ ਨੂੰ ਹੋਰ ਮਧੋਲੇ,
ਹੱਸ-ਹੱਸ ਮਿੱਟੀ ਦੇ ਵਿੱਚ ਰੋਲੇ,
ਜਾਂ ਫਿਰ ਲਾਉਂਦੈ ਪਾਰ-ਜ਼ਮਾਨਾ ਬਹੁਤ ਬੁਰਾ!!!
ਨੀਲੀ ਛਤਰੀ ਤੋਂ ਨਹੀਂ ਡਰਦਾ,
ਝੂਠੀ ਮੂਠੀ ਰੱਬ ਰੱਬ ਕਰਦਾ,
ਬੇਮਤਲਬ,ਬੇਕਾਰ-ਜ਼ਮਾਨਾ ਬਹੁਤ ਬੁਰਾ!!!
ਆਪਣੇ ਬਲ ਤੇ ਜੀਣਾ ਸਿੱਖੋ,
ਐਵੇਂ ਨਾ ਗੱਲ-ਗੱਲ ਤੇ ਪਿੱਟੋ,
ਵੱਸੋ ਨਾਲ ਪਿਆਰ-ਜ਼ਮਾਨਾ ਬਹੁਤ ਬੁਰਾ!!!
ਸੂਰਜ ਚੰਨ ਸਿਤਾਰੇ ਜਿੰਨੇ,
ਭਾਵੇਂ ਦੁੱਖ ਆ ਜਾਵਣ ਓਨੇ,
ਹੱਸ ਕੇ ਕਰ ਲਓ ਪਾਰ-ਜ਼ਮਾਨਾ ਬਹੁਤ ਬੁਰਾ!!!
ਦੁੱਖ-ਦਲਿੱਦਰ ਗ਼ਮ ਦੀਆਂ ਗੱਲਾਂ,
ਇਹ ਤਾਂ ਹਨ ਪਾਣੀ ਦੀਆਂ ਛੱਲਾਂ,
ਇਸ ਤੋਂ ਬਾਅਦ ਨਿਖਾਰ-ਜ਼ਮਾਨਾ ਬਹੁਤ ਬੁਰਾ!!!