ਸਾਹਿਤਕ ਸੰਸਥਾ ਸਿਰਜਣਧਾਰਾ ਵਲੋਂ ਕੀਤੀ ਨਵੇਂ ਸਾਲ ਦੀ ਪਲੇਠੀ ਮੀਟਿੰਗ ਵਿੱਚ ਚੱਲਿਆ ਰਚਨਾਵਾਂ ਦਾ ਦੌਰ ਅਤੇ ਕਿਤਾਬ ਲੋਕ ਅਰਪਣ
(ਖ਼ਬਰਸਾਰ)
ਲੁਧਿਆਣਾ -- ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਦੀ ਸੇਵਾ ਵਿੱਚ ਪਿਛਲੇ ਸਾਢੇ ਤਿੰਨ ਦਹਾਕਿਆਂ ਤੋਂ ਲੱਗੀ ਸਾਹਿਤਕ ਸੰਸਥਾ ਸਿਰਜਣਧਾਰਾ ਵਲੋਂ ਨਵੇਂ ਸਾਲ ਦੀ ਪਲੇਠੀ ਮਹੀਨਾਵਾਰ ਮੀਟਿੰਗ ਪੰਜਾਬੀ ਭਵਨ ਲੁਧਿਆਣਾ ਵਿਖੇ ਕੀਤੀ ਗਈ। ਜਿਸ ਦੀ ਪ੍ਰਧਾਨਗੀ ਕਰਮਜੀਤ ਸਿੰਘ ਔਜਲਾ ਅਤੇ ਦਵਿੰਦਰ ਸਿੰਘ ਸੇਖਾ ਨੇ ਕੀਤੀ। ਇਸ ਸਮੇਂ ਨਵੇਂ ਸਾਲ ਦੋ ਹਜ਼ਾਰ ਤੇਈ ਨੂੰ ਖੁਸ਼ਆਮਦੀਦ ਆਖਦੇ ਹੋਏ ਸਭਨਾਂ ਦੀ ਖੁਸ਼ਹਾਲੀ ਅਤੇ ਤੰਦਰੁਸਤੀ ਦੀ ਕਾਮਨਾ ਕੀਤੀ। ਆਏ ਹੋਏ ਸੱਭ ਸਾਹਿਤਕਾਰ ਸਾਹਿਬਾਨਾਂ ਨੇ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਲਈ ਭਰਪੂਰ ਯੋਗਦਾਨ ਪਾਉਣ ਦਾ ਵੀ ਅਹਿਦ ਲਿਆ। ਕਰਮਜੀਤ ਸਿੰਘ ਔਜਲਾ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਜਿੱਥੇ ਕਵੀਜਨਾਂ ਨੂੰ ਸਮੇਂ ਦੇ ਹਾਣੀ ਬਣਨ ਦੀਆਂ ਰਚਨਾਵਾਂ ਲਿਖਣ ਲਈ ਪ੍ਰੇਰਿਆ ਉੱਥੇ ਚੰਗਾ ਸਹਿਤ ਪੜ੍ਹਨ ਦੀ ਵੀ ਗੱਲ ਕੀਤੀ।
ਇਸ ਸਮੇਂ ਉੱਘੇ ਸਾਹਿਤਕਾਰ ਨੈਸ਼ਨਲ ਤੇ ਸਟੇਟ ਐਵਾਰਡੀ ਰਣਜੀਤ ਸਿੰਘ ਵਲੋਂ ਰਚਿਤ ਪੁਸਤਕ "ਗੁਰੂ ਅੰਗਦ ਦੇਵ ਜੀ ਦਾ ਜੀਵਨ ਅਤੇ ਬਾਣੀ (ਅਰਥਾਂ ਸਹਿਤ) ਵੀ ਲੋਕ ਅਰਪਣ ਕੀਤੀ ਗਈ। ਮੰਚ ਸੰਚਾਲਨ ਉੱਘੇ ਗੀਤਕਾਰ ਤੇ ਗਾਇਕ ਅਮਰਜੀਤ ਸ਼ੇਰਪੁਰੀ ਨੇ ਬਾਖੂਬੀ ਕੀਤਾ। ਉਪਰੰਤ ਆਏ ਕਵੀਆਂ ਵੱਲੋਂ ਕਵੀ ਦਰਬਾਰ ਵਿੱਚ ਬਹੁਤ ਹੀ ਸਲਾਹੁਣ ਯੋਗ ਰਚਨਾਵਾਂ ਪੇਸ਼ ਕੀਤੀਆਂ। ਪਹਿਲੀ ਵਾਰ ਆਏ ਬੀਬੀ ਰੁਮਾਨੀ ਅਹੂਜਾ ਸਟੇਟ ਐਵਾਰਡੀ ਨੇ "ਜੋ ਮਾਂਗੇ ਠਾਕੁਰ ਆਪਨੇ ਸੇ" ਸ਼ਬਦ ਬਹੁਤ ਹੀ ਮਧੁਰ ਆਵਾਜ਼ ਵਿੱਚ ਪੇਸ਼ ਕੀਤਾ, ਅਮਰਜੀਤ ਸ਼ੇਰਪੁਰੀ ਨੇ "ਰੁੱਤਾਂ ਵਿਚੋਂ ਰੁੱਤ ਸੁਹਾਣੀ ਰੁੱਤ ਬਸੰਤੀ ਆਈ",ਹਰਦੇਵ ਸਿੰਘ ਕਲਸੀ ਨੇ ਧਾਰਮਿਕ ਰਚਨਾ,ਗਾਇਕ ਗੁਰਵਿੰਦਰ ਸ਼ੇਰਗਿੱਲ ਨੇ "ਮੈਂ ਨੇਤਾ ਭਾਰਤ ਦੇਸ਼ ਦਾ ਹਾਂ", ਗੁਰਸ਼ਰਨ ਸਿੰਘ ਛੀਨਾ ਨੇ" ਸੰਤ ਰਾਮ ਉਦਾਸੀ ਦੀ ਰਚਨਾ "ਡੋਲ੍ਹੀ", ਸੰਪੂਰਨ ਸਨਮ ਸਾਹਨੇਵਾਲ ਨੇ "ਖ਼ੁਦਾ ਕਾ ਨਾਮ ਲੇ", ਮਲਕੀਤ ਮਲੜਾ ਨੇ ਮਨ ਦੇ ਵੱਲਵਲੇ ਪੇਸ਼ ਕੀਤੇ। ਅੰਤ ਵਿੱਚ ਦਵਿੰਦਰ ਸਿੰਘ ਸੇਖਾ ਨੇ ਆਏ ਹੋਏ ਸਾਰੇ ਸਰੋਤਿਆਂ ਅਤੇ ਕਵੀਜਨਾਂ ਦਾ ਧੰਨਵਾਦ ਕੀਤਾ।