ਸੱਚ (ਕਵਿਤਾ)

ਸਾਧੂ ਰਾਮ ਲੰਗਿਆਣਾ (ਡਾ.)   

Email: dr.srlangiana@gmail.com
Address: ਪਿੰਡ ਲੰਗੇਆਣਾ
ਮੋਗਾ India
ਸਾਧੂ ਰਾਮ ਲੰਗਿਆਣਾ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮਿੱਟੀ ਦੇ ਘਰ ਵਾਂਗੂ ਪਲਾਂ ਵਿੱਚ ਢਹਿ ਜਾਏਂਗਾ
ਐਨਾਂ ਸੱਚ ਨਾਂ ਬੋਲ ਤੂੰ ਕੱਲਾ ਰਹਿ ਜਾਏਂਗਾ
ਹਾਏ ! ਐਨਾਂ ਸੱਚ ਨਾਂ ਬੋਲ ਤੂੰ ਕੱਲਾ ਰਹਿ ਜਾਏਂਗਾ। 

ਹਰਦਮ ਗੱਲਾਂ ਨੇਕੀ ਦੀਆਂ ਕਰਦੈਂ, ਹਾਮੀਂ ਥਾਂ- ਥਾਂ ਸੱਚ ਦੀ ਭਰਦੈਂ 
ਤੂੰ ਬਣਿਆਂ ਫਿਰੇਂ ਅਡੋਲ, ਕੰਡਿਆਂ ਨਾਲ ਖਹਿ ਜਾਏਂਗਾ
ਐਨਾਂ ਸੱਚ ਨਾਂ ਬੋਲ ਤੂੰ ਕੱਲਾ ਰਹਿ ਜਾਏਂਗਾ। 

ਜੇ ਸੱਚ ਦੀ ਕ਼ਲਮ ਚਲਾਈ, ਸਮਝ ਲੈ ਜਾਨ ਮੁੱਠੀ ਵਿੱਚ ਆਈ
ਸਭ ਛੱਡ ਜਾਣਗੇ ਭੈਣ ਤੇ ਭਾਈ, ਸੋਚਾਂ ਵਿੱਚ ਪੈ ਜਾਏਂਗਾ
ਐਨਾਂ ਸੱਚ ਨਾਂ ਬੋਲ ਤੂੰ ਕੱਲਾ ਰਹਿ ਜਾਏਂਗਾ।

ਕੀ ਕਰੇਂਗਾ ਗੱਲ ਤੂੰ ਜੱਗ ਦੀ, ਫਾਂਸੀ ਵੀ ਹੈ ਸੱਚ ਨੂੰ ਲੱਗਦੀ
ਸੱਚੀ ਗੱਲ ਸਦਾ ਕੌੜੀ ਲੱਗਦੀ, ਨੱਕੋਂ- ਬੁੱਲੋਂ ਲਹਿ ਜਾਏਂਗਾ
ਐਨਾਂ ਸੱਚ ਨਾਂ ਬੋਲ ਤੂੰ ਕੱਲਾ ਰਹਿ ਜਾਏਂਗਾ।

ਸੱਚੀ ਗੱਲ ਨਹੀਂ ਕਿਸੇ ਨੇ ਸਹਿਣੀਂ, ਆਖਰ ਤੇਰੇ ਮੂੰਹ ਵਿੱਚ ਪੈਣੀਂ
ਚਾਪਲੂਸਾਂ ਦੀ ਇੱਥੇ ਰਹਿਣੀਂ - ਬਹਿਣੀਂ, ਮੱਥਾ ਫੜ੍ਹ ਬਹਿ ਜਾਏਂਗਾ 
ਐਨਾਂ ਸੱਚ ਨਾਂ ਬੋਲ ਤੂੰ ਕੱਲਾ ਰਹਿ ਜਾਏਂਗਾ।

ਜਿਸਨੇ ਵੀ ਗੱਲ ਸੱਚ ਸੁਣਾਈ, ਉਹੋ ਹੀ ਪਾਉਂਦਾ ਫ਼ਿਰੇ ਦੁਹਾਈ
ਫ਼ੇਰ ਮੁਆਫ਼ੀ ਮੰਗ ਕੇ ਗੈਰ ਛੁਡਾਈ, ਤੂੰ ਲੀਹੋਂ ਲਹਿ ਜਾਏਂਗਾ
ਐਨਾਂ ਸੱਚ ਨਾਂ ਬੋਲ ਤੂੰ ਕੱਲਾ ਰਹਿ ਜਾਏਂਗਾ।

'ਸਾਧੂ' ਉਲਟ ਜ਼ਮਾਨਾ ਆਇਆ, ਹੱਕ- ਸੱਚ ਨੂੰ ਤਾਲਾ ਲਾਇਆ
ਜੇ 'ਲੰਗੇਆਣੀਂਆਂ, ਨਾਂ ਤੂੰ ਝੂਠ ਅਪਣਾਇਆ, ਕੁਰਾਹੇ ਪੈ ਜਾਏਂਗਾ
ਐਨਾਂ ਸੱਚ ਨਾਂ ਬੋਲ ਤੂੰ ਕੱਲਾ ਰਹਿ ਜਾਏਂਗਾ
ਹਾਏ! ਐਨਾਂ ਸੱਚ ਨਾਂ ਬੋਲ ਤੂੰ ਕੱਲਾ ਰਹਿ ਜਾਏਂਗਾ।
ਓਹ ਬੰਦਿਆ ਐਨਾਂ ਸੱਚ ਨਾਂ ਬੋਲ ਤੂੰ ਕੱਲਾ ਰਹਿ ਜਾਏਂਗਾ