ਅੱਜ ਬੀਜ ਫੁੱਲ-ਫਲਾਂ ਦੇ, ਧਰਤੀ ‘ਤੇ ਉਗਦੇ ਜੋ,
ਹੋਇਆ ਆਗਾਜ਼ ਜਦ ਸੀ, ਰੁੱਖ, ਬੂਟੇ ਕਿਥੋਂ ਆਏ?
ਕਿਸ ਤੋਂ ਸੁਗੰਧੀਆਂ ਲਈਆਂ, ਕਲੀਆਂ ਤੇ ਪੱਤੀਆਂ ਨੇ,
ਕਿਥੋਂ ਆਕਾਰ, ਸ਼ਕਲਾਂ, ਕਿਸ ਨੇ ਇਹ ਰੰਗ ਲਾਏ?
ਅੱਜ ਬੀਜ ਫੁੱਲ ਫਲਾਂ ਦੇ ……।
ਕਿੱਦਾਂ ਖੜ੍ਹੇ ਨੇ ਪਰਬਤ, ਅੰਬਰਾਂ ਨਾਲ਼ ਗੱਲਾਂ ਕਰਦੇ,
ਇਹਨਾਂ ਸਾਗਰਾਂ ‘ਚ ਕਿੱਦਾਂ, ਫਿਰਦੇ ਨੇ ਜੀਵ ਤਰਦੇ?
ਕਿਸ ਨੇ ਇਹ ਸਿੰਗ, ਪੂਛਾਂ, ਖੰਭ, ਸੁੰਡ ਕਿਸ ਬਣਾਏ?
ਅੱਜ ਬੀਜ ਫੁੱਲ ਫਲਾਂ ਦੇ ……।
ਇਹ ਮਾਰੂਥਲਾਂ ਦੇ ਟਿੱਬੇ, ਕਿਧਰੇ ਗਲੇਸ਼ੀਅਰ ਨੇ,
ਕਿਧਰੇ ਨੇ ਔੜਾਂ ਲੱਗੀਆਂ, ਕਿਧਰੇ ਕਿਉਂ ਆਏ ਹੜ੍ਹ ਨੇ?
ਕੋਈ ਖੱਡ, ਘੁਰਨਿਆਂ ‘ਚ ਵਸਦਾ, ਕੋਈ ਰੁੱਖਾਂ ‘ਤੇ ਪੀਘਾਂ ਪਾਏ?
ਅੱਜ ਬੀਜ ਫੁੱਲ ਫਲਾਂ ਦੇ ……।
ਨੈਣਾਂ ‘ਚ ਜੋਤ ਕਿਸਦੀ, ਅੰਦਰੋਂ ਇਹ ਕੌਣ ਬੋਲੇ,
ਮਸਤਕ ਦੇ ਪਿੱਛੇ ਬਹਿ ਕੇ, ਸੋਚਾਂ ਨੂੰ ਕੌਣ ਤੋਲੇ?
ਸਾਹਾਂ ਤੇ ਦਿਲ ਦੇ ਚਰਖੇ, ਘੁੰਮਦੇ ਨੇ ਕਿਸ ਘੁੰਮਾਏ?
ਅੱਜ ਬੀਜ ਫੁੱਲ ਫਲਾਂ ਦੇ ……।
ਚੰਨ, ਸੂਰਜਾਂ ‘ਚ ਭਰਿਆ, ਪ੍ਰਕਾਸ਼ ਇੰਨਾ ਕਿਸਨੇ,
ਹੋਣਾ ਕੋਈ ਖਾਸ ਉਹ ਵੀ, ਧਰਤੀ ਨੂੰ ਚੁੱਕਿਆ ਜਿਸਨੇ!
ਵਸਤਾਂ ‘ਚ ਦੁਨੀਆਂ ਭਰ ਦੇ, ਕਿਸ ਨੇ ਇਹ ਰਸ ਰਚਾਏ?
ਅੱਜ ਬੀਜ ਫੁੱਲ ਫਲਾਂ ਦੇ ……।
ਕੁਦਰਤ ਅਪਾਰ ਉਹਦੀ, ਉਹ ਸਿਰਜਕ ਸ੍ਰਿਸ਼ਟੀਆਂ ਦਾ,
ਵਸਤੂ ਨਹੀਂ ਉਹ ਬਣਿਆ, ਹਾਲੇ ਦ੍ਰਿਸ਼ਟੀਆਂ ਦਾ।
ਇਹ ਰਾਜ਼ ਉਹੀਓ ਜਾਣੇ, ਜਿਸ ਨੇ ਇਹ ਸਭ ਸਜਾਏ।
ਅੱਜ ਬੀਜ ਫੁੱਲ ਫਲਾਂ ਦੇ ……।