ਧਰ ਕੇ ਹੱਥ
ਧਾਰਮਿਕ ਕਿਤਾਬ ਉੱਪਰ
ਗੱਜਵੀਂ ਆਵਾਜ਼ ਵਿੱਚ
ਕੁਝ ਅਲਫਾਜ਼ ਉਚਾਰੇ ਗਏ
ਜੋ ਬੋਲਾਂਗਾ ਸੱਚ ਬੋਲਾਂਗਾ
ਸੱਚ ਦੇ ਸਿਵਾਏ ਕੁਝ ਨਹੀਂ ਬੋਲਾਂਗਾ
ਇਹ ਸੁਣਦੇ ਸਾਰ ਹੀ
ਸ਼ਰਮਸਾਰ ਹੋ ਗਏ ਹੱਥ
ਮੁੱਖ ਦੋਸ਼ੀ ਸਨ ਜਿਹੜੇ
ਘਿਨਾਉਣੀ ਵਾਰਦਾਤ ਨੂੰ
ਅੰਜਾਮ ਦੇਣ ਲਈ
ਅੱਖਾਂ ਦੀਆਂ ਪਲਕਾਂ
ਨੀਵੀਆਂ ਪੈ ਗਈਆਂ
ਨਾ ਚਾਹੁੰਦੇ ਹੋਏ ਵੀ
ਨੰਗਿਆਂ ਦੇਖਿਆ ਸੀ
ਸੱਚ ਨੂੰ ਜਿਹਨਾਂ ਨੇ
ਮਿਰਗੀ ਦਾ ਦੌਰਾ ਪੈ ਗਿਆ ਕੰਨਾਂ ਨੂੰ
ਚੀਕ ਚਿਹਾੜੇ ਵਿੱਚ
ਬੇਬਸੀ ਸੁਣੀ ਸੀ ਜਿਹਨਾਂ ਨੇ
ਰੁਕ ਜਾਣਾ ਚਾਹੁੰਦੀ ਸੀ
ਦਿਲ ਦੀ ਧੜਕਨ
ਇਸ ਪਾਪ ਵਿੱਚ ਸ਼ਮੂਲੀਅਤ ਸੀ ਜਿਸਦੀ
ਕੰਬ ਰਿਹਾ ਸੀ ਸਾਰਾ ਸ਼ਰੀਰ
ਪਾਲਾ ਲੱਗ ਰਿਹਾ ਹੋਵੇ ਜਿਵੇਂ
ਆਡਰ ਆਡਰ
ਛਾ ਗਿਆ ਸਨਾਟਾ ਇੱਕਦਮ
ਹੁਕਮ ਸੁਣਾਇਆ ਗਿਆ
ਦੌਲਤ ਅਤੇ ਦੋਸ਼ੀ
ਬੇਦੋਸ਼ੇ ਪਾਏ ਗਏ
ਲੁੱਟੀ ਗਈ ਇੱਜ਼ਤ
ਇੱਕ ਵਾਰ ਫੇਰ
ਜੋ ਲੁੱਟੀ ਜਾਂਦੀ ਹੈ
ਹਰ ਦਿਨ
ਘਰ ਖੇਤ ਥਾਣੇ ਕਚਹਿਰੀ
ਆਫਿਸਾਂ ਵਿੱਚ
ਸਾਡੇ ਧਰਮ ਦਾ ਬੰਦਾ
ਇਹ ਨਹੀਂ ਕਰ ਸਕਦਾ
ਆਖ ਰਹੀਆਂ ਸਨ ਅਖ਼ਬਾਰਾਂ
ਖ਼ਬਰੀ ਚੈਨਲ
ਧਰਮ ਦੇ ਠੇਕੇਦਾਰ
ਧਰਮ ਦਾ ਚਸ਼ਮਾ ਪਹਿਣੀ
ਅੰਨੇ ਬੇਰੋਜ਼ਗਾਰ ਲੋਕ