ੳ: ਉਂਗਲ ਫੜ੍ਹ ਉਠਾ ਲਈਏ,
ਜੇ ਕੋਈ ਡਿਗਦਾ ਟੋਬ੍ਹੇ ਵਿੱਚ।
ਡਿੱਗਣ ਕਦੇ ਵੀ ਦੇਈਏ ਨਾ,
ਬਚਾ ਲਈਏ ਬਾਂਹ ਖਿੱਚ।
ਅ:ਅਣਖ ਇਜ਼ਤ ਨਾ ਮਿਲਦੀ,
ਰੱਖੀਏ ਇਹਨੂੰ ਸੰਭਾਲ।
ਦੋ ਕੌਡੀਆਂ ਪਿੱਛੇ ਕਿਧਰੇ,
ਦੋਸਤੋ ਐਵੇਂ ਨਾ ਲਿਓ ਗਾਲ।
ੲ:ਇਮਾਨਦਾਰ ਇਨਸਾਨ ਤਾਂ,
ਭ੍ਰਿਸ਼ਟਾਚਾਰੀ ਤੋਂ ਰਹੇ ਦੂਰ।
ਹੱਕ ਹਲਾਲ ਦੀ ਕਮਾਈ ਦਾ,
ਸਦਾ ਚੜ੍ਹਿਆ ਰਹੇ ਸਰੂਰ।
ਸ: ਸੁੱਖ ਦੁੱਖ ਭੈਣ ਭਰਾ ਨੇ,
ਇਹ ਆਵਣਗੇ ਜ਼ਰੂਰ।
ਕਰ ਯਾਦ ਬੰਦੇ ਵਾਹਿਗੁਰੂ ਨੂੰ,
ਐਵੇਂ ਰਹੀਂ ਨਾ ਵਿੱਚ ਫਤੂਰ।
ਹ:ਹੁਕਮਰਾਨ ਨਾ ਬਣੀਏ ਕਦੇ,
ਮਿਠਤੁ ਹਲੀਮੀ ਆਉਂਣੀ ਕੰਮ।
ਅੜਬਾਈ ਸਦਾ ਹੀ ਪਾ ਦੇਵੇ,
ਵੀਰੋ ਕੰਮ ਦੇ ਵਿੱਚ ਘੜੰਮ।
ਕ:ਕਰਮ ਕਰਦੇ ਰਹੀਏ ਸਦਾ,
ਬੰਦਿਆ ਇਹੀਓ ਤੇਰਾ ਧਰਮ।
ਹੱਥੀਂ ਮਿਹਨਤ ਕਰਨ ਵਿੱਚ,
ਭਲਾਂ ਦੋਸੋ ਕੀ ਹੈ ਸ਼ਰਮ?
ਖ: ਖਾਮੋਸ਼ੀ ਕਦੇ ਨਾ ਧਾਰੀਏ,
ਗੱਲ ਦਾ ਪੂਰਾ ਜੇਕਰ ਗਿਆਨ।
ਸਦਾ ਪਰ੍ਹੇ ਦੇ ਵਿੱਚ ਸੱਚ ਬੋਲੀਏ,
ਇਸ ਗੱਲ ਦਾ ਰੱਖੀਏ ਧਿਆਨ।
ਗ:ਗੁਰਮੁਖ ਬਣਕੇ ਜੇ ਰਹੀਏ,
ਗੁਰਮਤਿ ਦੀ ਆ ਜਾਏ ਸਮਝ।
ਬਾਣੀ ਟੁੰਬਦੀ ਰਹੇ ਹਮੇਸ਼ਾਂ,
ਬੰਦਿਆ ਪਾ ਗੁਰੂਆਂ ਦੀ ਰਮਜ਼।
ਘ:ਘਰ ਦਾ ਕਲੇਸ਼ ਲੈ ਬਹਿੰਦਾ,
ਅਗਰ ਰਹੇ ਜੇ ਘਰ ਦੇ ਵਿੱਚ।
ਖੜ੍ਹਿਆ ਸੱਥ ਵਿੱਚ ਜਾਏ ਨਾ,
ਦੋਸਤੋ ਬੰਦਾ ਹੋ ਜਾਏ ਜਿੱਚ।
ਗਈਆਂ:ਗਈਏਂ ਨਾਲ ਦੋਸਤੋ,
ਸ਼ੁਰੂ ਘੱਟ ਈ ਕਦੇ ਕੁੱਝ ਹੋਵੇ।
ਮੈਂ ਪਿੱਛੇ ਕਿਉਂ ਰਹਾਂ ਹਮੇਸ਼ਾਂ,
ਓਹ ਦੁੱਖੜੇ ਸਦਾ ਇਹ ਰੋਵੇ।
ਚ:ਚਮਕਦੇ ਰੂੜੀਆਂ ਵਿੱਚ ਵੀ,
ਜਵਾਹਰਾਤ ਤੇ ਮੋਤੀ ਹੀਰੇ।
ਚਮਕ ਕਾਇਮ ਰਹੇ ਹਮੇਸ਼ਾਂ,
ਸਮਝ ਆਉਂਦੀ ਪਰ ਧੀਰੇ।
ਛ:ਛਲ ਕਪਟ ਨੂੰ ਜ਼ਿੰਦਗੀ ਵਿੱਚ,
ਦੋਸਤੋ ਕਦੇ ਵੀ ਨਾ ਅਪਣਾਈਏ।
ਜਿਹੜਾ ਇਨ੍ਹਾਂ ਚ ਲਿਪਤ ਹੈ,
ਨਾ ਓਹ ਦੋਸਤ ਕਦੇ ਬਣਾਈਏ।
ਜ: ਜ਼ਰੂਰੀ ਜੇਕਰ ਕੋਈ ਕੰਮ ਹੈ,
ਤਾਹੀਓਂ ਨਿਕਲੀਏ ਘਰੋਂ ਬਾਹਰ।
ਦੁਨੀਆਂ ਮਤਲਬੀ ਹੋ ਗਈ,
ਕੋਈ ਰਿਹਾ ਨਹੀਂ ਇਤਬਾਰ।
ਝ: ਝੁਰਮਟ ਕਦੇ ਨਾ ਮਾਰੀਏ,
ਕਰ ਲਈਏ ਥੋੜ੍ਹਾ ਜਿਹਾ ਸਬਰ।
ਕੁੱਝ ਵੀ ਹੱਥ ਨਹੀਂ ਆਵਣਾ,
ਵਿਖਾਈਏ ਜੇਕਰ ਜਬਰ।
ਯਈਆਂ:ਯਈਆਂ ਤੜਫ ੨ ਕੇ,
ਕਹਿੰਦਾ ਲੇਖਕ ਨੂੰ ਹੱਥ ਜੋੜ।
ਲਿਖਤਾਂ ਚ ਮੈਨੂੰ ਵਰਤਦੇ ਰਹੋ,
ਦੱਸੋ ਮੇਰੇ ਚ ਕੀ ਹੈ ਥੋੜ?
ਟ:ਟੁੱਟ ਕੇ ਕਦੇ ਵੀ ਜੁੜਦਾ ਨਾ,
ਦਿਲ ਹੁੰਦਾ ਸ਼ੀਸ਼ੇ ਸਮਾਨ।
ਸੋਚ ਸਮਝ ਕੇ ਚੱਲਿਓ ਨਹੀਂ,
ਅਧੂਰੇ ਰਹਿ ਜਾਣੇ ਅਰਮਾਨ।
ਠ:ਠਰੰਮ੍ਹਾ ਤੇ ਹਲੀਮੀ ਹਾਜਮਾ,
ਵੀਰੋ ਹੈ ਜ਼ਿੰਦਗੀ ਦੇ ਗਹਿਣੇ।
ਇਨ੍ਹਾਂ ਨੂੰ ਅਪਣਾਈਏ ਜੇਕਰ,
ਨਹੀਂਓਂ ਪੈਂਦੇ ਦੁੱਖੜੇ ਸਹਿਣੇ।
ਡ:ਡੁੱਬ ਜਾਂਦੇ ਨੇ ਤਾਰੂ ਅਕਸਰ,
ਜੇ ਮਨ ਵਿੱਚ ਆਏ ਗੁਮਾਨ।
ਡਰਦੇ ਰਹਿਣ ਹਮੇਸ਼ ਓਹ,
ਬੰਦੇ ਜੋ ਹੋਵਣ ਅਣਜਾਣ।
ਢ:ਢੋਲ ਗਵਾਰ ਅਨਾੜੀ ਉੱਤੇ,
ਕਦੇ ਕਰੀਏ ਨਾ ਇਤਬਾਰ।
ਭਾਵੇਂ ਕਹੇ ਡਰਾਈਵਰ ਪੱਕਾ ਮੈਂ,
ਨਾ ਹੋਈਏ ਗੱਡੀ ਤੇ ਅਸਵਾਰ।
ਣ: ਣਾਣਾ ਅੱਖਰ ਹੈ ਪੈਂਤੀ ਦਾ,
ਦੋਸਤੋ ਨੰਨੇ ਨਾਲ ਇਹਦੀ ਯਾਰੀ।
ਣਾਣੇ ਦੀ ਥਾਂ ਨੰਨਾ ਵਰਤਦੇ,
ਨਾਲ ਭੁਲੇਖੇ ਕਈ ਲਿਖਾਰੀ।
ਤ: ਤਲਵਾਰ ਦਾ ਫੱਟ ਭਰ ਜਾਂਦਾ,
ਨਹੀਂਓਂ ਪਰ ਬੋਲੀ ਵਾਲਾ ਭਰਦਾ।
ਪਛਤਾਵਾ ਰਹਿੰਦਾ ਉਮਰ ਭਰ ਤੇ,
ਰਹੇ ਸਦਾ ਹੀ ਬੰਦਾ ਡਰਦਾ।
ਥ: ਥੁੱਕ ਕੇ ਕਦੇ ਵੀ ਚੱਟੀਏ ਨਾ,
ਇਹ ਸਿਆਣਿਆਂ ਕੱਢੇ ਤੱਤ।
ਜੇ ਇਜ਼ਤ ਹੋਏ ਖ਼ਰਾਬ ਤਾਂ ਫਿਰ,
ਦੋਸਤੋ ਆਉਂਦੀ ਕਦੇ ਨਾ ਹੱਥ।
ਦ: ਦੁਸ਼ਮਣ ,ਮਿੱਤਰ ਬਣ ਜਾਏ,
ਜੇ ਹੋਵੇ ਬੋਲੀ ਵਿੱਚ ਮਿਠਾਸ।
ਸਬਰ ਸਿਦਕ ਲਈ ਦੋਸਤੋ,
ਥੋੜ੍ਹਾ ਰੱਖਣਾ ਪਊ ਧਰਵਾਸ।
ਧ: ਧਰਮਾਂ ਦਾ ਸਤਿਕਾਰ ਕਰਨਾ,
ਹੈ ਇਨਸਾਨ ਦਾ ਪਹਿਲਾ ਫਰਜ਼।
ਕਿਸੇ ਲਾਲਚ ਮਤਲਬ ਲਈ ਨੀ,
ਦਿਲੋਂ ਸਦਾ ਕਰੀਏ ਜੀ ਬੇਗਰਜ਼।
ਨ:ਨਾਮ ਗੁਰੂ ਦਾ ਹੋਏ ਸਹਾਈ
ਵੀਰੋ ਜਪਦੇ ਰਹੀਏ ਹਮੇਸ਼।
ਸਵਾਸ ਸਵਾਸ ਦੇ ਜਪਣ ਨਾਲ,
ਮਿੱਟ ਜਾਵਣ ਦੁੱਖ ਕਲੇਸ਼।
ਪ:ਪਾਰਖੂ ਨਜ਼ਰ ਹੀ ਪਰਖਦੀ,
ਕੀ ਝੂਠ ਤੇ ਕੀ ਸਚਾਈ ।
ਕਿਹੜੇ ਕੰਮ ਚ ਨੁਕਸਾਨ ਹੋਊ,
ਕੀ ਕਰਨ ਦੇ ਵਿੱਚ ਭਲਾਈ।
ਫ:ਫਰਿਆਦੀ ਬਣ ਗਰਜਵੰਦ,
ਜੋ ਵੀ ਆਉਂਦਾ ਹੈ ਦਵਾਰ।
ਵੀਰੋ ਖਾਲੀ ਕਦੇ ਨਾ ਮੋੜੀਏ,
ਸਦਾ ਭਲੀ ਕਰੂ ਕਰਤਾਰ।
ਬ:ਬਰਾਬਰਤਾ ਦਾ ਪਾਠ ਪੜ੍ਹੀਏ,
ਮੁੰਡੇ ਕੁੜੀ ਚ ਫ਼ਰਕ ਹੈ ਕੋਈ?
ਦੱਸੋ ਕਿਥੇ ਨਹੀਂ ਐਂ ਕੁੜੀਆਂ ਅੱਗੇ,
ਕਿਸੇ ਨੂੰ ਵੀ ਸ਼ੱਕ ਰਿਹਾ ਨਾ ਕੋਈ।
ਭ:ਭਲਾਈ ਕਰ ਤੂੰ ਐ ਇਨਸਾਨਾਂ,
ਹੈ ਇਹੀਓ ਤੇਰਾ ਕਰਮ।
ਇੱਕੋ ਇੱਕ ਸੰਦੇਸ਼ ਇਹ,
ਹਨ ਦਿੰਦੇ ਸਾਰੇ ਈ ਧਰਮ।
ਮ: ਮਖੌਟਾ ਹੋਰ ਨਾ ਪਹਿਨਣਾ,
ਰਹੀਂ ਬੰਦਿਆ ਬਣ ਇਨਸਾਨ।
ਇਸੇ ਜਾਮੇ ਵਿੱਚ ਹੀ ਤੂੰ,
ਕਰ ਸਕਦੈਂ ਕੰਮ ਮਹਾਨ।
ਯ:ਯੋਧੇ ਅਣਖੀ ਮਰਦ ਦਲੇਰ,
ਦੇਸ਼ ਲਈ ਮਰ ਮਿਟ ਜਾਂਦੇ ਨੇ।
ਕੌਮ ਲਈ ਜਾਨ ਤਲੀ ਜੇ ਧਰਕੇ,
ਨਾ ਫਿਰ ਪਿੱਛੇ ਕਦਮ ਹਟਾਂਦੇ ਨੇ।
ਰ: ਅੱਲ੍ਹਾ ਰਾਮ ਖ਼ੁਦਾ ਵਾਹਿਗੁਰੂ,
ਹੈ ਸੱਭ ਇੱਕ ਸ਼ਕਤੀ ਦੇ ਨਾਮ।
ਦੁੱਖ ਕਲੇਸ਼ ਸੱਭ ਦੁਨੀਆਂ ਦੇ,
ਹਨ ਦਿੰਦੇ ਕੱਟ ਤਮਾਮ ।
ਲ:ਲੁੱਕ ਲਪੇਟ ਨਾ ਰੱਖੀਏ ਕਦੇ ਵੀ,
ਸਦਾ ਕਰੀਏ ਮੂੰਹ ਦੇ ਉੱਤੇ ਗੱਲ।
ਭਾਵੇਂ ਮਸਲਾ ਹੋਵੇ ਕਿੱਢ੍ਹਾ ਪਚੀਦਾ,
ਆਖਿਰ ਨਿਕਲ ਆਉਂਦਾ ਹੈ ਹੱਲ।
ਵ:ਵਕਤ ਨਾ ਆਵੇ ਕਿਸੇ ਤੇ ਮਾੜਾ,
ਕਰੀਏ ਰਲਮਿਲ ਕੇ ਅਰਦਾਸ।
ਰੰਗੀਂ ਵਸੇ ਤੇ ਖੁਸ਼ੀਆਂ ਮਾਣੇ,
ਹੈ ਭਾਵੇਂ ਆਮ ਜਾਂ ਕੋਈ ਵੀ ਖਾਸ।
ੜ:ੜਾੜਾ ਆਖੇ ਸੁਣ ਦੱਦਾਹੂਰੀਆ,
ਹੈ ਪੰਜਾਬੀ ਪੈਂਤੀ ਵਿੱਚ ਮੇਰੀ ਥਾਂ।
ਕੁਹਾੜਾ ਪਾੜਾ ਲਿਖੋ ਬਿਨ ਮੇਰੇ?
ਤੁਹਾਨੂੰ ਮੰਨਦਾ ਹਾਂ ਮੈਂ ਤਾਂ?